ਉਨ੍ਹਾਂ ਨੇ ਮੈਨੂੰ ਇੱਕਟਕ ਦੇਖਿਆ ਅਤੇ ਖਰ੍ਹਵੇ ਲਹਿਜੇ ਵਿੱਚ ਪੁੱਛਿਆ, ''ਨੀ ਕੁੜੀਏ! ਤੂੰ ਇੱਥੇ ਕੀ ਕਰ ਰਹੀ ਏਂ?''
ਮੈਂ ਫ਼ੌਰਨ ਸਮਝ ਗਈ ਕਿ ਜਿੱਥੇ ਮੇਰੀ ਉਨ੍ਹਾਂ ਨਾਲ਼ ਇਹ ਮੁਲਾਕਾਤ ਹੋਈ, ਉਹ ਇੱਕ ਅਜਿਹੀ ਥਾਂ ਹੈ ਜਿੱਥੇ ਬਹੁਤੇ ਲੋਕ ਨਹੀਂ ਆਉਂਦੇ ਹੋਣੇ।
ਅਨੀਰੁੱਧ ਸਿੰਘ ਪਾਤਰ ਕੰਢੇ ਥਾਣੀ ਹੁੰਦੇ ਹੋਏ ਨਦੀ ਵਿੱਚ ਉੱਤਰਨ ਹੀ ਲੱਗੇ ਸਨ ਅਤੇ ਯਕਦਮ ਰੁੱਕੇ ਅਤੇ ਮੇਰੇ ਵੱਲ ਮੁੜੇ ਅਤੇ ਮੈਨੂੰ ਚੇਤਾਉਣ ਲੱਗੇ: ''ਇੱਥੇ ਲੋਕ ਆਪਣੇ ਪਿਆਰਿਆਂ ਨੂੰ ਸਾੜਦੇ ਹਨ। ਅਜੇ ਕੱਲ੍ਹ ਹੀ ਕੋਈ ਮਰਿਆ ਹੈ। ਚੱਲ, ਹੁਣ ਇੱਥੇ ਖੜ੍ਹੀ ਨਾ ਰਹਿ। ਮੇਰੇ ਮਗਰ ਆ!''
ਉਨ੍ਹਾਂ ਦਾ ਕਿਹਾ ਮੈਨੂੰ ਐਨ ਸਹੀ ਜਾਪਿਆ ਕਿ ਕਿਸੇ ਮਰ ਚੁੱਕੇ ਨੂੰ ਉਹਦੇ ਇਕਾਂਤ ਵਿੱਚ ਰਹਿਣ ਦੇਣਾ ਹੀ ਸਹੀ ਫ਼ੈਸਲਾ ਹੈ।
ਮੈਂ ਉਨ੍ਹਾਂ ਨੂੰ ਪੱਛਮੀ ਬੰਗਾਲ ਦੇ ਪੁਰੂਲਿਆ ਜ਼ਿਲ੍ਹੇ ਦੀ ਕੰਗਸਾਬਤੀ ਨਦੀ ਦੇ ਦੋ ਮੀਟਰ ਡੂੰਘੇ ਪਾਣੀ ਵਿੱਚ ਲੱਥਦਿਆਂ ਅਤੇ ਗੋਡਿਆਂ ਤੀਕਰ ਉਸ ਪਾਣੀ ਅੰਦਰ ਬੜੀ ਸਾਵਧਾਨੀ ਨਾਲ਼ ਵੜ੍ਹਦੇ ਦੇਖਿਆ। ਉਨ੍ਹਾਂ ਨਾਲ਼ ਕਦਮ-ਤਾਲ਼ ਮਿਲਾਉਣ ਦੀ ਕੋਸ਼ਿਸ਼ ਵਿੱਚ, ਮੈਂ ਵੀ ਫ਼ੁਰਤੀ ਨਾਲ਼ ਕੰਢੇ ਤੱਕ ਜਾ ਅਪੜੀ।
ਉਨ੍ਹਾਂ ਦੀ ਇਸ ਫੁਰਤੀ ਨੂੰ ਦੇਖ ਕੇ ਭਾਵੇਂ ਕੋਈ ਉਨ੍ਹਾਂ ਦੀ ਉਮਰ ਨੂੰ ਝੁਠਲਾ ਦੇਵੇ ਪਰ ਉਨ੍ਹਾਂ ਦਾ ਹੁਨਰ ਕਾਬਿਲੇ-ਤਾਰੀਫ਼ ਸੀ। ਮੈਂ ਉਮਰ ਦੇ 50 ਸਾਲਾਂ ਨੂੰ ਢੁੱਕਦੇ ਇਸ ਵਿਅਕਤੀ ਦੀ ਮਦਦ ਤਾਂ ਭਾਵੇਂ ਨਾ ਕਰ ਸਕੀ ਪਰ ਇਹ ਗੱਲ ਵੀ ਪੁੱਛਣੋਂ ਨਾ ਰਹਿ ਸਕੀ,''ਕਾਕਾ, ਤੁਸੀਂ ਨਦੀ ਅੰਦਰ ਕਰ ਕੀ ਰਹੇ ਓ?''
ਅਨੀਰੁੱਧ ਨੇ ਆਪਣੇ ਲੱਕ ਦੁਆਲ਼ੇ ਬੰਨ੍ਹੀ ਪੋਟਲੀ ਨੂੰ ਢਿੱਲਿਆਂ ਕੀਤਾ ਅਤੇ ਬੜੇ ਮਲ੍ਹਕੜੇ ਜਿਹੇ ਇੱਕ ਝੀਂਗੇ ਨੂੰ ਬਾਹਰ ਖਿੱਚਿਆ ਅਤੇ ਕਿਸੇ ਨਿਆਣੇ ਵਾਂਗਰ ਕਿਹਾ,''ਚਿੰਗਰੀ (ਝੀਂਗਾ) ਦਿੱਸਿਆ ਈ?'' ਅੱਜ ਦੁਪਹਿਰ ਖਾਣੇ ਵਿੱਚ ਅਸੀਂ (ਉਹ ਅਤੇ ਉਨ੍ਹਾਂ ਦਾ ਪਰਿਵਾਰ) ਇਹੀ ਖਾਵਾਂਗੇ। ਸ਼ੁਕਨੋ ਲੋਂਕਾ ਅਤੇ ਰੋਸੁਨ ਦੇ ਨਾਲ਼ ਤੜਕਾ ਲਾਉਣ ਤੋਂ ਬਾਅਦ ਇਹ ਝੀਂਗੇ ਗੋਰਮ-ਭਾਤ (ਗਰਮਾਗਰਮ ਚੌਲ਼ਾਂ) ਦੇ ਨਾਲ਼ ਬੜੇ ਲਜ਼ੀਜ ਲੱਗਦੇ ਨੇ।'' ਝੀਂਗਿਆਂ ਨੂੰ ਸੁੱਕੀਆਂ ਲਾਲ ਮਿਰਚਾਂ ਅਤੇ ਲਸਣ ਨਾਲ਼ ਪਕਾਇਆ ਜਾਂਦਾ ਹੈ ਅਤੇ ਫਿਰ ਗਰਮਾ-ਗਰਮ ਚੌਲ਼ਾਂ ਵਿੱਚ ਰਲ਼ਾ-ਰਲ਼ਾ ਕੇ ਖਾਧਾ ਜਾਂਦਾ ਹੈ- ਸੁਣਦਿਆਂ ਹੀ ਮੂੰਹ ਵਿੱਚ ਪਾਣੀ ਭਰ ਗਿਆ।






