''ਮੇਰੇ ਦੋ ਵੱਡੇ ਬੇਟਿਆਂ ਨੇ ਦੋ ਦਿਨਾਂ ਤੱਕ ਪਾਟਿਲ (ਖੇਤ ਮਾਲਕ) ਦੇ ਖੇਤਾਂ ਵਿੱਚ ਕੰਮ ਕੀਤਾ ਅਤੇ 150-150 ਰੁਪਏ ਦਿਹਾੜੀ ਕਮਾਈ। ਉਸੇ ਪੈਸੇ ਦੇ ਨਾਲ਼ ਉਨ੍ਹਾਂ ਨੇ ਉਸ ਪਾਸੋਂ ਕੰਨਿਆ (ਚੌਲ਼ਾਂ ਦੀਆਂ ਕਣੀਆਂ) ਖਰੀਦੇ,'' ਵਨੀਤਾ ਭੋਇਰ ਨੇ ਕਿਹਾ। ਉਨ੍ਹਾਂ ਨੇ ਪਲਾਸਿਟਕ ਦੇ ਪੀਲ਼ੇ ਜਿਹੇ ਡੱਬੇ ਦਾ ਢੱਕਣ ਖੋਲ੍ਹਿਆ ਅਤੇ ਆਪਣਾ ਹੱਥ ਪਾ ਕੇ ਮੈਨੂੰ ਦਿਖਾਉਣ ਲਈ ਚੋਲ਼ਾਂ ਦੀਆਂ ਕੁਝ ਕਣੀਆਂ ਬਾਹਰ ਕੱਢੀਆਂ। ਚੌਲ਼ਾਂ ਦੀਆਂ ਕਣੀਆਂ ਉਦੋਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਜਦੋਂ ਵਾਢੀ ਤੋਂ ਬਾਅਦ ਝੋਨੇ ਵਿੱਚੋਂ ਕੱਖ ਵੱਖ ਕਰਨ ਲਈ ਛਟਾਈ ਕੀਤੀ ਜਾਂਦੀ ਹੈ ਅਤੇ ਝੋਨੇ ਵਿੱਚੋਂ ਚੌਲ਼ ਕੱਢੇ ਜਾਂਦੇ ਹਨ। ਇਹ ਦਾਣੇ ਚੌਲ਼ਾ ਦੇ ਅਨਾਜ ਮੁਕਾਬਲੇ ਸਵੱਲੇ ਹੁੰਦੇ ਹਨ। 52 ਸਾਲਾ ਵਨੀਤਾ ਦੇ ਕੱਚੇ ਢਾਰੇ ਦੀ ਰਸੋਈ ਵਿੱਚ ਕੁਝ ਦਿਨਾਂ ਦੇ ਡੰਗ ਜੋਗੀਆਂ ਕਣੀਆਂ ਦੇ ਨਾਲ਼ ਨਾਲ਼ ਲੂਣ, ਮਿਰਚ, ਹਲਦੀ, ਤੇਲ ਅਤੇ ਕੁਝ ਆਲੂ ਮੌਜੂਦ ਸੀ। ਖਾਣ ਦਾ ਇਹ ਸਮਾਨ ਵੀ ਇਸ ਪਰਿਵਾਰ ਨੂੰ ਸਥਾਨਕ ਸਮਾਜਿਕ ਕਾਰਕੁੰਨਾਂ ਨੇ ਹੀ ਦਿੱਤਾ ਸੀ।
''ਜਿਨ੍ਹਾਂ ਕੋਲ਼ ਰਾਸ਼ਨ ਕਾਰਡ ਹੈ, ਉਨ੍ਹਾਂ ਨੂੰ ਸਰਕਾਰ ਦੁਆਰਾ ਅਨਾਜ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਹਰ ਮਹੀਨੇ (ਮਾਰਚ ਤੋਂ ਜਦੋਂ ਤੋਂ ਤਾਲਾਬੰਦੀ ਸ਼ੁਰੂ ਹੋਈ) ਮੁਫ਼ਤ ਵਿੱਚ ਚੌਲ਼ ਵੀ ਮਿਲ਼ੇ। ਪਰ ਮੇਰੇ ਕੋਲ਼ ਰਾਸ਼ਨ ਕਾਰਡ ਹੀ ਨਹੀਂ ਹੈ। ਦੱਸੋ ਹੁਣ ਮੇਰਾ ਪਰਿਵਾਰ ਕਰੇ ਤਾਂ ਕੀ ਕਰੇ?'' ਵਨੀਤਾ ਦੇ ਪਤੀ, 55 ਸਾਲਾ ਨਵਸੂ ਭੋਇਰ ਬੜੇ ਹਿਰਖੇ ਮਨ ਨਾਲ਼ ਪੁੱਛਦੇ ਹਨ। ''ਸਰਕਾਰ ਸਾਡੀ ਮਾਸਾ ਮਦਦ ਨਹੀਂ ਕਰਦੀ। ਸਾਡਾ ਤਾਂ ਕੰਮ ਵੀ ਹੁਣ ਬੰਦ ਹੋ ਗਿਆ ਹੈ। ਦੱਸੋ ਅਸੀਂ ਕੀ ਖਾਈਏ?''
ਨਵਸੂ ਨੇ ਰਾਸ਼ਨ ਕਾਰਡ ਲਈ ਕਦੇ ਬਿਨੈ ਨਹੀਂ ਕੀਤਾ ਕਿਉਂਕਿ, ਉਹ ਕਹਿੰਦੇ ਹਨ ਕਿ ''ਅਸੀਂ ਹਰ ਸਾਲ ਕੰਮ ਦੀ ਭਾਲ਼ ਵਿੱਚ ਪਲਾਇਨ ਕਰਦੇ ਹਾਂ। ਮੈਨੂੰ ਨਹੀਂ ਪਤਾ ਕਿ ਇਹਦੇ ਲਈ ਬਿਨੈ ਕਿਵੇਂ ਕਰਨਾ ਹੈ।'' ਉਹ ਪੜ੍ਹੇ-ਲਿਖੇ ਨਹੀਂ ਹਨ; ਉਨ੍ਹਾਂ ਦੇ ਤਿੰਨਾਂ ਬੱਚਿਆਂ, 18 ਸਾਲਾ ਆਨੰਦ ਅਤੇ 12 ਸਾਲਾ ਸ਼ਿਵਾ ਨੇ ਤੀਜੀ ਜਮਾਤ ਤੋਂ ਬਾਅਦ ਅਤੇ 16 ਸਾਲਾ ਰਾਮਦਾਸ ਨੇ ਚੌਥੀ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ। ਉਨ੍ਹਾਂ ਦੇ ਦੋ ਛੋਟੇ ਬੱਚੇ ਅਜੇ ਵੀ ਸਕੂਲ ਜਾਂਦੇ ਹਨ ਜਿਨ੍ਹਾਂ ਵਿੱਚ 8 ਸਾਲਾ ਕ੍ਰਿਸ਼ਨਾ ਦੂਜੀ ਜਮਾਤ ਵਿੱਚ ਹੈ ਅਤੇ ਸਭ ਤੋਂ ਛੋਟੀ 4 ਸਾਲਾ ਸੰਗੀਤਾ ਸਥਾਨਕ ਆਂਗਨਵਾੜੀ ਜਾਂਦੀ ਹੈ।
ਭੋਇਰ ਪਰਿਵਾਰ ਪਾਲਘਰ ਜ਼ਿਲ੍ਹੇ ਦੇ ਵਾੜਾ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ, ਬੋਰਾਂਡਾ ਪਿੰਡ ਵਿੱਚ ਰਹਿੰਦਾ ਹੈ। ਉਹ ਕਾਤਕਰੀ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੇ ਆਦਿਵਾਸੀਆਂ ਦੀਆਂ ਕਰੀਬ ਅੱਠ ਝੌਂਪੜੀਆਂ ਦੀ ਇਸ ਢਾਣੀ ਵਿੱਚ ਰਹਿੰਦੇ ਹਨ।
ਪਿਛਲੇ ਸਾਲ ਨਵੰਬਰ ਵਿੱਚ, ਮਜ਼ਦੂਰਾਂ ਦਾ ਪਰਿਵਾਰ ਭਿਰੰਡੀ ਤਾਲੁਕਾ ਦੇ ਇੱਟ-ਭੱਠੇ 'ਤੇ ਕੰਮ ਕਰਨ ਚਲਾ ਗਿਆ ਸੀ। ਭੱਠੇ 'ਤੇ ਕੰਮ ਕਰਨ ਦਾ ਮਤਲਬ ਹੈ ਰਾਤ-ਦਿਨ ਮਿਹਨਤ ਕਰਨਾ। ਭੱਠਾ ਮਾਲਕ ਪਾਸੋਂ ਉਨ੍ਹਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਖਰਚੀ (ਖਰਚਾ) ਦੇ ਰੂਪ ਵਿੱਚ 400-500 ਰੁਪਏ ਮਿਲ਼ਦੇ, ਜਿਸ ਨਾਲ਼ ਉਹ ਰਾਸ਼ਨ ਅਤੇ ਹੋਰ ਲੋੜੀਂਦੀ ਸਮੱਗਰੀ ਖਰੀਦ ਲੈਂਦੇ। ਭੱਠੇ 'ਤੇ ਕੰਮ ਦੇ ਮਹੀਨਿਆਂ ਦੇ ਅੰਤ ਵਿੱਚ, ਜਦੋਂ ਉਨ੍ਹਾਂ ਦੀ ਮਜ਼ਦੂਰੀ ਜੋੜੀ ਜਾਂਦੀ ਤਾਂ ਇਹ ਪੈਸੇ (ਜੋ ਹਰ ਹਫ਼ਤੇ ਦਿੱਤੇ ਜਾਂਦੇ) ਕੱਟ ਲਏ ਜਾਂਦੇ। ਜੇ ਪਰਿਵਾਰ ਦੇ ਸਿਰ ਕੋਈ ਕਰਜ਼ਾ ਨਾ ਹੋਵੇ ਤਾਂ ਨਵੰਬਰ ਤੋਂ ਮਈ ਤੱਕ ਦੇ ਸੱਤ ਮਹੀਨੇ ਕੰਮ ਕਰਕੇ ਉਨ੍ਹਾਂ ਦੇ ਹੱਥ ਵਿੱਚ ਕਰੀਬ 10,000-12,000 ਰੁਪਏ ਆ ਜਾਂਦੇ। ਹਰ ਸਾਲ ਇਸੇ ਤਰ੍ਹਾਂ ਹੁੰਦਾ ਰਹਿੰਦਾ ਹੈ।






