ਸੁਪਾਰੀ ਪੁਤੇਲ ਨੂੰ ਚੰਗੀ ਤਰ੍ਹਾਂ ਯਾਦ ਹੀ ਨਹੀਂ ਕਿ ਉਨ੍ਹਾਂ ਨੇ ਇੱਕ ਦਹਾਕੇ ਵਿੱਚੋਂ ਕਿੰਨਾ ਸਮਾਂ ਹਸਤਪਾਲ ਅੰਦਰ ਗੁਜ਼ਾਰਿਆ ਹੈ।
ਲੰਬੇ ਸਮੇਂ ਤੋਂ, ਉਹ ਆਪਣੇ 17 ਸਾਲਾ ਬੇਟੇ ਦੇ ਇਲਾਜ ਵਾਸਤੇ ਓਡੀਸਾ ਅਤੇ ਛੱਤੀਸਗੜ੍ਹ ਦੇ ਹਸਪਤਾਲਾਂ ਵਿੱਚ ਮਾਰੀ-ਮਾਰੀ ਫਿਰਦੀ ਰਹੀ ਅਤੇ ਫਿਰ ਕੁਝ ਸਮੇਂ ਤੱਕ, ਆਪਣੇ ਪਤੀ ਸੁਰੇਸ਼ਵਰ ਵਾਸਤੇ, ਮੁੰਬਈ ਦੀ ਯਾਤਰਾ ਵੀ ਕੀਤੀ।
2019 ਵਿੱਚ ਚਾਰ ਮਹੀਨੇ ਦੇ ਅੰਦਰ ਹੀ ਦੋਵਾਂ ਦੀ ਮੌਤ ਹੋ ਗਈ, ਜਿਸ ਕਰਕੇ ਸੁਪਾਰੀ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਉਨ੍ਹਾਂ ਦੇ ਪਤੀ ਸ਼ੁਰੇਸ਼ਵਰ ਸਿਰਫ਼ 44 ਸਾਲ ਦੇ ਸਨ। ਸਤੰਬਰ 2019 ਵਿੱਚ, ਉਹ ਅਤੇ ਸੁਪਾਰੀ ਮੁੰਬਈ ਪਲਾਇਨ ਕਰ ਗਏ ਸਨ-ਜੋ ਓਡੀਸਾ ਦੇ ਬਲਾਂਗੀਰ ਜਿਲ੍ਹੇ ਵਿੱਚ ਸਥਿਤ ਉਨ੍ਹਾਂ ਦੇ ਘਰ ਤੋਂ ਕਰੀਬ 1,400 ਕਿਲੋਮੀਟਰ ਦੂਰ ਹੈ। ਮਜ਼ਦੂਰਾਂ ਦੇ ਇੱਕ ਸਥਾਨਕ ਏਜੰਟ ਨੇ ਉਨ੍ਹਾਂ ਨੂੰ ਨਿਰਮਾਣ-ਥਾਂ ਦੀ ਨੌਕਰੀ ਲਈ ਭਰਤੀ ਕੀਤਾ ਸੀ। "ਅਸੀਂ ਆਪਣਾ ਕਰਜ਼ਾ ਲਾਹੁਣ ਅਤੇ ਆਪਣੇ ਘਰ (ਦੀ ਇਮਾਰਤ) ਨੂੰ ਪੂਰਿਆਂ ਕਰਨ ਲਈ ਕੁਝ ਪੈਸੇ ਕਮਾਉਣ ਗਏ ਸਾਂ," ਸੁਪਾਰੀ ਨੇ ਕਿਹਾ। ਦੋਵੇਂ ਰਲ਼ ਕੇ ਬਤੌਰ ਦਿਹਾੜੀ ਮਜ਼ਦੂਰ ਰੋਜ਼ ਦੇ 600 ਰੁਪਏ ਕਮਾਉਂਦੇ ਸਨ।
"ਇੱਕ ਸ਼ਾਮ, ਮੁੰਬਈ ਵਿੱਚ ਨਿਰਮਾਣ ਸਥਲ 'ਤੇ ਕੰਮ ਕਰਦੇ ਸਮੇਂ ਮੇਰੇ ਪਤੀ ਨੂੰ ਤੇਜ਼ ਬੁਖ਼ਾਰ ਹੋ ਗਿਆ," 43 ਸਾਲਾ ਸੁਪਾਰੀ, ਤੁਰੇਕੇਲਾ ਬਲਾਕ ਵਿੱਚ 933 ਲੋਕਾਂ ਦੀ ਅਬਾਦੀ ਵਾਲ਼ੇ ਪਿੰਡ, ਹਿਆਲ ਵਿੱਚ ਆਪਣੇ ਕੱਚੇ ਘਰ ਦੇ ਸਾਹਮਣੇ ਭੁੰਜੇ ਬੈਠੀ, ਯਾਦ ਕਰਦਿਆਂ ਕਹਿੰਦੀ ਹਨ। ਉਹ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਬੰਧ ਮਾਲੀ ਜਾਤੀ ਨਾਲ਼ ਹੈ ਜੋ ਓਬੀਸੀ (OBC.) ਸ਼੍ਰੇਣੀ ਅੰਦਰ ਆਉਂਦੀ ਹੈ।
ਸੁਪਾਰੀ ਅਤੇ ਨਿਰਮਾਣ ਸਥਲ ਦਾ ਸੁਪਰਵਾਈਜ਼ਰ ਸੁਰੇਸ਼ਵਰ ਨੂੰ ਉੱਤਰ-ਮੱਧ ਮੁੰਬਈ ਦੇ ਸਾਇਨ ਸਥਿਤ ਲੋਕਮਾਨਯ ਤਿਲਕ ਮਿਊਂਸੀਪੈਲਿਟੀ ਹਸਪਤਾਲ ਲਿਜਾਣ ਤੋਂ ਪਹਿਲਾਂ ਆਟੋ-ਰਿਕਸ਼ਾ ਅਤੇ ਐਂਬੂਲੈਂਸ ਵਿੱਚ ਪਾ ਕੇ ਸ਼ਹਿਰ ਦੇ ਦਾਇਰੇ (ਘੇਰੇ) ਵਿੱਚ ਆਉਂਦੇ ਤਿੰਨ ਹਸਪਤਾਲਾਂ ਵਿੱਚ ਲੈ ਫਿਰਦੇ ਰਹੇ।
"ਹਰੇਕ ਹਸਪਤਾਲ ਸਾਨੂੰ ਇੱਕ ਹਸਪਤਾਲ ਤੋਂ ਦੂਜੇ ਹਸਤਪਤਾਲ ਭਜਾਉਂਦਾ ਰਿਹਾ ਕਿਉਂਕਿ (ਉਸ ਸਮੇਂ) ਸਾਡੇ ਕੋਲ਼ ਸਾਡੇ ਅਧਾਰ ਕਾਰਡ ਅਤੇ ਹੋਰ ਕਾਗ਼ਜ਼ਾਤ ਨਹੀਂ ਸਨ," ਸੁਪਾਰੀ ਨੇ ਕਿਹਾ। "ਉਨ੍ਹਾਂ ਨੂੰ ਪੀਲੀਆ (ਦੇ ਲੱਛਣ) ਸਨ। ਉਨ੍ਹਾਂ ਦੇ ਲੱਕ ਤੋਂ ਹੇਠਲੇ ਹਿੱਸੇ ਨੂੰ ਲਕਵਾ ਮਾਰ ਗਿਆ ਸੀ, ਇਸਲਈ ਮੈਂ ਉਨ੍ਹਾਂ ਦੇ ਪੈਰਾਂ ਨੂੰ ਪਲੋਸਦੀ ਰਹਿੰਦੀ ਸਨ," ਉਹ ਦੱਸਦੀ ਹਨ, ਪਰ ਬੀਮਾਰੀ ਬਾਰੇ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਸੀ। ਅਗਲੇ ਦਿਨ, 6 ਨਵੰਬਰ, 2019 ਨੂੰ ਸੁਰੇਸ਼ਵਰ ਦੀ ਹਸਪਤਾਲ ਵਿੱਚ ਮੌਤ ਹੋ ਗਈ।








