''ਵੀਰ ਨਰਾਇਣ ਸਿੰਘ?'' ਛੱਤੀਸਗੜ੍ਹ ਦੇ ਸੋਨਾਖਨ ਪਿੰਡ ਦੇ ਸਹਿਸਰਾਮ ਕੰਵਰ ਕਹਿੰਦੇ ਹਨ। ''ਉਹ ਇੱਕ ਲੁਟੇਰਾ ਸੀ, ਇੱਕ ਡਾਕੂ। ਕੁਝ ਲੋਕਾਂ ਨੇ ਉਹਨੂੰ ਮਹਾਨ ਵਿਅਕਤੀ ਬਣਾ ਦਿੱਤਾ ਪਰ ਅਸੀਂ ਨਹੀਂ ਮੰਨਦੇ।'' ਨੇੜੇ-ਤੇੜੇ ਬੈਠੇ ਹੋਏ ਦੋ-ਚਾਰ ਲੋਕ ਸਹਿਮਤੀ ਵਿੱਚ ਮਿਲ਼ਾਉਂਦਿਆਂ ਸਿਰ ਹਿਲਾਉਂਦੇ ਹਨ। ਕੁਝ ਬਾਕੀ ਵੀ ਓਵੇਂ ਹੀ ਸੋਚਦੇ।
ਇਹ ਦਿਲ-ਵਲੂੰਧਰੂ ਗੱਲ ਸੀ। ਅਸੀਂ ਸੋਨਾਖਨ ਦੀ ਖੋਜ ਵਿੱਚ ਕਾਫੀ ਦੂਰੋਂ ਚੱਲ ਕੇ ਆਏ ਸਾਂ। ਇਹ 1850 ਦੇ ਅੱਧ ਦਹਾਕੇ ਵਿੱਚ ਛੱਤੀਸਗੜ੍ਹ ਦੇ ਆਦਿਵਾਸੀ ਵਿਦਰੋਹ ਦਾ ਪ੍ਰਮੁਖ ਕੇਂਦਰ ਸੀ। ਉਹ ਵਿਦਰੋਹ ਜੋ 1857 ਦੇ ਮਹਾਨ ਵਿਦਰੋਹ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਸੀ ਅਤੇ ਜਿਹਨੇ ਇੱਕ ਅਸਲੀ ਲੋਕ-ਨਾਇਕ ਸਿਰਜ ਦਿੱਤਾ ਸੀ।
ਇਹ ਉਹ ਪਿੰਡ ਹੈ, ਜਿੱਥੇ ਵੀਰ ਨਰਾਇਣ ਸਿੰਘ ਨੇ ਅੰਗਰੇਜ਼ਾਂ ਖਿਲਾਫ਼ ਅਵਾਜ਼ ਬੁਲੰਦ ਕੀਤੀ ਸੀ।
1850 ਦੇ ਦਹਾਕੇ ਵਿੱਚ ਇੱਥੇ ਅਕਾਲ ਵਰਗੀ ਹਾਲਤ ਨੇ ਵਿਵਸਥਾ ਨੂੰ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ। ਹਾਲਾਤ ਜਿਓਂ ਹੀ ਖ਼ਰਾਬ ਹੋਏ, ਸੋਨਾਖਨ ਦੇ ਨਰਾਇਣ ਸਿੰਘ ਦਾ ਖੇਤਰੀ ਜਿਮੀਂਦਾਰਾਂ ਨਾਲ਼ ਝਗੜਾ ਸ਼ੁਰੂ ਹੋ ਗਿਆ। ''ਉਹਨੇ ਭੀਖ ਨਹੀਂ ਮੰਗੀ,'' ਆਦਿਵਾਸੀ ਵੱਡ-ਗਿਣਤੀ ਵਾਲ਼ੇ ਇਸ ਪਿੰਡ ਦੇ ਸਭ ਤੋਂ ਬਜ਼ੁਰਗ, ਚਰਨ ਸਿੰਘ ਕਹਿੰਦੇ ਹਨ। ਸ਼ਾਇਦ ਉਹ ਇਕੱਲੇ ਵਿਅਕਤੀ ਹਨ, ਜੋ ਨਰਾਇਣ ਸਿੰਘ ਬਾਰੇ ਸਭ ਤੋਂ ਸਕਾਰਾਤਮਕ ਸੋਚ ਰੱਖਦੇ ਹਨ।
''ਉਹਨੇ ਵਪਾਰੀਆਂ ਅਤੇ ਮਾਲਕਾਂ ਨੂੰ ਕਿਹਾ ਕਿ ਉਹ ਆਪਣੇ ਗੁਦਾਮਾਂ ਦੇ ਬੂਹੇ ਖੋਲ੍ਹ ਦੇਣ ਅਤੇ ਗ਼ਰੀਬਾਂ ਨੂੰ ਰੱਜ ਕੇ ਖਾਣ ਦੇਣ।'' ਪਹਿਲਾਂ ਦੇ ਕਈ ਅਕਾਲਾਂ ਵਾਂਗ ਇਸ ਵਾਰ ਵੀ ਇਹ ਗੁਦਾਮ ਅਨਾਜ ਨਾਲ਼ ਭਰੇ ਹੋਏ ਸਨ। ''ਅਤੇ ਉਹਨੇ ਕਿਹਾ ਕਿ ਜਿਓਂ ਹੀ ਪਹਿਲੀ ਫ਼ਸਲ ਤਿਆਰ ਹੋਵੇਗੀ, ਲੋਕ ਇਸ ਉਧਾਰੀ ਦੇ ਅਨਾਜ ਨੂੰ ਮੋੜ ਦੇਣਗੇ। ਪਰ ਜਦੋਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਤਾਂ ਉਹਨੇ ਆਪਣੀ ਅਗਵਾਈ ਵਿੱਚ ਗੁਦਾਮਾਂ 'ਤੇ ਕਬਜਾ ਕਰਕੇ ਅਨਾਜ ਗਰੀਬਾਂ ਵਿੱਚ ਵੰਡ ਦਿੱਤਾ।'' ਇਹਦੇ ਬਾਅਦ ਜੋ ਅੰਦੋਲਨ ਸ਼ੁਰੂ ਹੋਇਆ, ਉਹ ਪੂਰੇ ਇਲਾਕੇ ਵਿੱਚ ਫੈਲ ਗਿਆ, ਕਿਉਂਕਿ ਆਦਿਵਾਸੀਆਂ ਨੇ ਅੱਤਿਆਚਾਰੀਆਂ 'ਤੇ ਹੱਲ੍ਹਾ ਬੋਲ ਦਿੱਤਾ ਸੀ।
''ਇਹ ਲੜਾਈ 1857 ਦੇ ਵਿਦਰੋਹ ਤੋਂ ਕਾਫੀ ਪਹਿਲਾਂ ਸ਼ੁਰੂ ਹੋਈ ਸੀ,'' ਬਰਤੁੱਲ੍ਹਾ ਯੂਨੀਵਰਸਿਟੀ, ਭੋਪਾਲ ਦੇ ਪ੍ਰੋਫੈਸਰ ਹੀਰਾਲਾਲ ਸ਼ੁਕਲਾ ਦੱਸਦੇ ਹਨ। ਫਿਰ ਵੀ, ਸ਼ੁਕਲਾ ਕਹਿੰਦੇ ਹਨ, ''ਬਾਅਦ ਵਿੱਚ ਇਹ ਲੜਾਈ 1857 ਦੇ ਵਿਦਰੋਹ ਦੇ ਨਾਲ਼ ਹੀ ਜੁੜ ਗਈ।'' ਮਤਲਬ, ਛੱਤੀਸਗੜ੍ਹ ਦੇ ਆਦਿਵਾਸੀ ਉਸ ਸਮੇਂ ਕੁਰਬਾਨੀ ਦੇ ਰਹੇ ਸਨ ਜਦੋਂ ਬੰਬੇ ਅਤੇ ਕਲਕੱਤਾ ਦੇ ਕੁਲੀਨ ਅੰਗਰੇਜ਼ਾਂ ਦੀ ਸਫ਼ਲਤਾ ਲਈ ਪ੍ਰਾਰਥਨਾ ਸਭਾਵਾਂ ਕਰ ਰਹੇ ਸਨ।
ਅੰਗਰੇਜ਼ਾਂ ਨੇ ਨਰਾਇਣ ਸਿੰਘ ਨੂੰ, 1857 ਵਿੱਚ, ਰਾਇਪੁਰ ਵਿੱਚ ਫਾਹੇ ਟੰਗ ਦਿੱਤਾ।
ਸੋਨਾਖਨ ਦੇ ਲੋਕ ਉਨ੍ਹਾਂ ਕੁਰਬਾਨੀਆਂ ਦਾ ਮਜਾਕ ਨਹੀਂ ਉਡਾਉਂਦੇ, ਜਿਨ੍ਹਾਂ ਸਦਕਾ ਅਜ਼ਾਦੀ ਮਿਲ਼ੀ। ਕਈ ਕੁਰਬਾਨੀਆਂ ਤਾਂ ਉਨ੍ਹਾਂ ਨੇ ਖੁਦ ਵੀ ਦਿੱਤੀਆਂ ਹਨ। ਜੈ ਸਿੰਘ ਪੈਕਰਾ ਨਾਮ ਦੇ ਇੱਕ ਗ਼ਰੀਬ ਕਿਸਾਨ ਦਾ ਮੰਨਣਾ ਹੈ ਕਿ ''ਅੰਗਰੇਜ਼ਾਂ ਨਾਲ਼ ਲੜਨਾ ਸਹੀ ਸੀ। ਇਹ ਸਾਡਾ ਦੇਸ਼ ਹੈ।'' ਉਹ ਪਿਛਲੇ 50 ਵਰ੍ਹਿਆਂ ਦਾ ਮੁਲਾਂਕਣ ਕਰਦੇ ਹਨ,''ਹਾਲਾਂਕਿ ਗ਼ਰੀਬਾਂ ਨੂੰ ਇਸ ਅਜ਼ਾਦੀ ਤੋਂ ਬੜਾ ਘੱਟ ਲਾਭ ਮਿਲ਼ਿਆ।''
ਸੋਨਾਖਨ ਵਿੱਚ ਭੁੱਖਮਰੀ ਹਾਲੇ ਵੀ ਇੱਕ ਮਸਲਾ ਹੈ-ਹਾਲਾਂਕਿ ਸੋਨਾਖਨ ਦੇ ਅਸਲੀ ਮਤਲਬ 'ਸੋਨੇ ਦੀ ਖਾਨ' ਹੁੰਦਾ ਹੈ ਪਰ ਇੱਥੇ ਤਾਂ ਗੱਲ ਭੁੱਖ 'ਤੇ ਅੜ ਜਾਂਦੀ ਹੈ- ਕਿਉਂਕਿ ਛੱਤੀਸਗੜ੍ਹ ਦੇ ਕਈ ਆਦਿਵਾਸੀ ਅਤੇ ਗੈਰ-ਆਦਿਵਾਸੀ ਇਲਾਕਿਆਂ ਦੇ ਲੋਕ ਗਰੀਬੀ ਨਾਲ਼ ਜੂਝ ਰਹੇ ਹਨ। ''ਅੱਜ ਤੁਸੀਂ ਜਿੰਨੇ ਲੋਕਾਂ ਨੂੰ ਇੱਥੇ ਦੇਖ ਰਹੇ ਹੋ, ਪਿਛਲੇ ਮੌਸਮ ਵਿੱਚ ਉਸ ਤੋਂ ਵੀ ਘੱਟ ਲੋਕ ਦੇਖਣ ਨੂੰ ਮਿਲ਼ਦੇ ਸਨ। ਕਈ ਵਾਰੀ, ਸਾਨੂੰ ਕੁਝ ਨਾ ਕੁਝ ਕਮਾਉਣ ਖਾਤਰ ਸਾਰਿਆਂ ਨੂੰ ਹੀ ਪਲਾਇਨ ਕਰਨਾ ਪੈਂਦਾ ਹੈ।'' ਇੱਥੇ ਸਾਖਰਤਾ ਅਭਿਆਨ ਦੇ ਅਸਫ਼ਲ ਹੋਣ ਦਾ ਇਹ ਵੀ ਇੱਕ ਵੱਡਾ ਕਾਰਨ ਹੈ।
ਸੋਨਾਖਨ, ਜੰਗਲੀ ਜੀਵ ਸੈਨਚੁਰੀ ਦੇ ਐਨ ਵਿਚਕਾਰ ਸਥਿਤ ਹੈ। ਇਸਲਈ, ਬੀਤੇ ਦੇ ਅਤੇ ਅੱਜ ਦੇ ਕਈ ਮਸਲੇ ਅਜੇ ਵੀ ਜੀਵਤ ਹਨ ਜੋ ਜੰਗਲ ਨਾਲ਼ ਜੁੜੇ ਹਨ। ਇਹ ਪੂਰਾ ਇਲਾਕਾ ਮਜ਼ਬੂਤੀ ਦੇ ਨਾਲ਼ ਉਨ੍ਹਾਂ ਸ਼ਕਤੀਆਂ ਦੇ ਕਬਜੇ ਵਿੱਚ ਹੈ, ਜਿਨ੍ਹਾਂ ਖਿਲਾਫ਼ ਕਦੇ ਵੀਰ ਨਰਾਇਣ ਖੜ੍ਹੇ ਹੋਏ ਸਨ- ਜਿਵੇਂ ਸੌਦਾਗਰ, ਸ਼ਾਹੂਕਾਰ, ਜਿਮੀਂਦਾਰ ਆਦਿ। ''ਜਿਊਂਦੇ ਰਹਿਣ ਲਈ ਕਦੇ-ਕਦਾਈਂ ਅਸੀਂ ਆਪਣੀਆਂ ਜ਼ਮੀਨਾਂ ਗਹਿਣੇ ਪਾ ਦਿੰਦੇ ਹਾਂ,'' ਵਿਜੈ ਪਾਕਰਾ ਨਾਮਕ ਕਿਸਾਨਾ ਦਾ ਕਹਿਣਾ ਹੈ।
ਜਦੋਂ ਉਹ ਸਾਰੀਆਂ ਸਮੱਸਿਆਵਾਂ ਅੱਜ ਵੀ ਬਰਕਰਾਰ ਹਨ, ਤਾਂ ਫਿਰ ਵੀਰ ਨਰਾਇਣ ਦੇ ਆਪਣੇ ਹੀ ਪਿੰਡ ਵਿੱਚ ਉਨ੍ਹਾਂ ਦੀ ਯਾਦ ਕਿਉਂ ਮੁਕਦੀ ਜਾ ਰਹੀ ਹੈ?
''ਇਹਦਾ ਜਵਾਬ 1980 ਅਤੇ 90ਵਿਆਂ ਦੇ ਦਹਾਕਿਆਂ ਵਿੱਚ ਮੱਧ ਪ੍ਰਦੇਸ਼ ਦੀ ਰਾਜਨੀਤੀ ਦੀ ਤੁਲਨਾ ਵਿੱਚ ਅਤੀਤ ਨਾਲ਼ ਘੱਟ ਵਾਹ ਦਾ ਪੈਣਾ (ਲੈਣਾ-ਦੇਣਾ) ਹੋ ਸਕਦਾ ਹੈ,'' ਭੋਪਾਲ ਦੇ ਇੱਕ ਅਧਿਕਾਰੀ ਕਹਿੰਦੇ ਹਨ।
ਚਰਨ ਸਿੰਘ ਯਾਦ ਕਰਦਿਆਂ ਕਹਿੰਦੇ ਹਨ,''ਅਰਜਨ ਸਿੰਘ (ਆਪਣੇ ਹੈਲੀਕਪਟਰ 'ਤੇ ਸਵਾਰ ਹੋ ਕੇ) ਕਰੀਬ 13 ਸਾਲ ਪਹਿਲਾਂ ਇੱਥੇ ਆਏ ਸਨ। ਇੱਥੇ ਉਨ੍ਹਾਂ ਨੇ ਇੱਕ ਹਸਪਤਾਲ ਖੋਲ੍ਹਿਆ ਸੀ। ਇਸ ਸਾਲ ਅਪ੍ਰੈਲ ਵਿੱਚ, ਕਈ ਵੱਡੇ ਲੋਕ ਆਏ। (ਹਰਵੰਸ਼ ਸਿੰਘ ਅਤੇ ਕਾਂਤੀਲਾਲ ਭੂਰੀਆ ਵਰਗੇ ਮੰਤਰੀ ਅਤੇ ਵਿਦਿਆ ਚਰਨ ਸ਼ੁਕਲਾ ਵੀ) ਇਹ ਲੋਕ ਵੀ ਹੈਲੀਕਪਟਰ 'ਤੇ ਬਹਿ ਕੇ ਆਏ। ਸਮੇਂ-ਸਮੇਂ ਕਈ ਲੋਕ ਆਉਂਦੇ ਜਾਂਦੇ ਰਹੇ।''
ਰਾਇਪੁਰ ਤੋਂ ਸੋਨਾਖਨ ਦੀ ਸਭ ਤੋਂ ਨੇੜਲੀ ਥਾਂ, ਪਿਥੋੜਾ ਤੱਕ 100 ਕਿਲੋਮੀਟਰ ਦੀ ਦੂਰੀ ਸੜਕ ਰਾਹੀਂ ਤੈਅ ਕਰਨ ਵਿੱਚ ਦੋ ਘੰਟੇ ਲੱਗਦੇ ਹਨ। ਪਰ, ਉੱਥੋਂ ਪਿੰਡ ਤੱਕ ਦੀ 30 ਕਿਲੋਮੀਟਰ ਦੀ ਬਾਕੀ ਦੂਰੀ ਤੈਅ ਕਰਨ ਲਈ ਦੋ ਘੰਟੇ ਤੋਂ ਵੱਧ ਸਮਾਂ ਲੱਗਦਾ ਹੈ। ''ਜੇਕਰ ਕੋਈ ਇੱਥੇ ਗੰਭੀਰ ਬੀਮਾਰ ਪੈ ਜਾਵੇ, ਤਾਂ ਸਾਨੂੰ ਉਹਨੂੰ ਚੁੱਕ ਕੇ 35 ਕਿਲੋਮੀਟਰ ਦਾ ਜੰਗਲੀ ਰਸਤਾ ਤੈਅ ਕਰਨਾ ਪੈਂਦਾ ਹੈ,'' ਜੈ ਸਿੰਘ ਪੈਕਰਾ ਦੱਸਦੇ ਹਨ।
ਪਰ, ਅਰਜੁਨ ਸਿੰਘ ਦੁਆਰਾ ਬਣਵਾਏ ਗਏ ਹਸਪਤਾਲ ਦਾ ਕੀ ਬਣਿਆ? ''13 ਸਾਲ ਪਹਿਲਾਂ ਜਦੋਂ ਇਹਨੂੰ ਬਣਵਾਇਆ ਗਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਕਿਸੇ ਡਾਕਟਰ ਨੂੰ ਨਹੀਂ ਰੱਖਿਆ ਗਿਆ,'' ਪੈਕਰਾ ਦੱਸਦੇ ਹਨ। ਇੱਥੇ ਇੱਕ ਕੰਪਾਊਂਡਰ ਜ਼ਰੂਰ ਹੈ ਜੋ ਖੁਸ਼ੀ-ਖੁਸ਼ੀ ਸਾਡੇ ਲਈ ਨੁਸਖੇ ਝਰੀਟ ਦਿੰਦਾ ਹੈ। ਪਰ, ਦਵਾਈਆਂ ਸਾਨੂੰ ਬਾਹਰੋਂ ਹੀ ਲੈਣੀਆਂ ਪੈਂਦੀਆਂ ਹਨ।
ਫਿਰ ਉਹ ਕਿਹੜੀ ਗੱਲ ਸੀ ਜੋ '' ਬੜੇ ਲੋਗ '' ਇੱਥੇ ਖਿੱਚੇ ਆਏ? ਅਤੇ ਉਨ੍ਹਾਂ ਨੇ ਅਸਲ ਵਿੱਚ ਇੱਥੇ ਕੀ ਕੀਤਾ?
''ਹਰ ਵਾਰ ਉਹ ਇੱਕੋ ਹੀ ਮਕਸਦ ਨਾਲ਼ ਇੱਥੇ ਆਉਂਦੇ ਰਹੇ,'' ਪੈਕਰਾ ਦੱਸਦੇ ਹਨ। ''ਉਹ ਇੱਥੇ ਆ ਕੇ ਨਰਾਇਣ ਸਿੰਘ 'ਤੇ ਭਾਸ਼ਣ ਦਿੰਦੇ ਹਨ ਅਤੇ ਇੱਕ ਪਰਿਵਾਰ ਨੂੰ ਭਾਵ ਉਨ੍ਹਾਂ ਦੇ ਵਾਰਸਾਂ ਨੂੰ ਪੈਸੇ ਅਤੇ ਤੋਹਫੇ ਦਿੰਦੇ ਹਨ।'' ਅਸੀਂ ਉਨ੍ਹਾਂ ਦੇ ਵਾਰਸਾਂ ਨੂੰ ਭਾਲ਼ ਨਾ ਸਕੇ।
''ਉਹ ਇੱਥੇ ਨਹੀਂ ਰਹਿੰਦੇ। ਰੱਬ ਹੀ ਜਾਣਦਾ ਹੈ ਕਿ ਅਸਲੀ ਵਾਰਸ ਉਹੀ ਲੋਕ ਹਨ,'' ਚਰਨ ਸਿੰਘ ਕਹਿੰਦੇ ਹਨ। ''ਉਹ (ਪਰਿਵਾਰ ਵਾਲ਼ੇ) ਕਹਿੰਦੇ ਹਨ ਕਿ ਉਹੀ ਉਨ੍ਹਾਂ ਦੇ ਵਾਰਸ ਹਨ। ਪਰ, ਉਹ ਤਾਂ ਪਿੰਡ ਦੇ ਦੇਵਤਾ ਦੇ ਮੰਦਰ ਵਿੱਚ ਪੂਜਾ ਤੱਕ ਨਹੀਂ ਕਰਦੇ।''
''ਫਿਰ ਵੀ, ਸਾਰਾ ਕੁਝ ਉਨ੍ਹਾਂ ਨੂੰ ਹੀ ਮਿਲ਼ਦਾ ਹੈ,'' ਪੈਕਰਾ ਦੋਸ਼ ਲਾਉਂਦੇ ਹਨ।
ਮੱਧ ਪ੍ਰਦੇਸ਼ ਵਿੱਚ ਰਾਜ ਸਰਕਾਰ ਦੁਆਰਾ ਅਧਿਕਾਰਤ ਤੌਰ 'ਤੇ ਅਜ਼ਾਦੀ ਘੁਲਾਟੀਏ ਦਾ ਜੋ ਰਿਕਾਰਡ ਤਿਆਰ ਕੀਤਾ ਗਿਆ ਹੈ, ਉਹ ਪੂਰੀ ਤਰ੍ਹਾਂ ਸਹੀ ਨਹੀਂ ਹੈ। ਹਜ਼ਾਰਾਂ ਆਦਿਵਾਸੀਆਂ ਨੇ ਅੰਗਰੇਜ਼ਾਂ ਨਾਲ਼ ਲੜਦਿਆਂ ਹੋਇਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ। ਪਰ ਸਰਕਾਰੀ ਸੂਚੀ ਵਿੱਚ ਆਦਿਵਾਸੀਆਂ ਦੇ ਨਾਮ ਲੱਭਣਾ ਲਗਭਗ ਅਸੰਭਵ ਹੈ। ਇੱਥੋਂ ਤੱਕ ਕਿ ਨਾ ਹੀ ਛੱਤੀਸਗੜ੍ਹ ਵਿੱਚ ਅਤੇ ਨਾ ਹੀ ਬਸਤਰ ਵਿੱਚ। ਵੈਸੇ ਮਿਰਧਾਵ, ਸ਼ੁਕਲਾ, ਅਗਰਵਾਲ, ਗੁਪਤਾ, ਦੂਬੇ ਆਦਿ ਨਾਮ ਸੂਚੀ ਅੰਦਰ ਕਾਫੀ ਜਿਆਦਾ ਹਨ। ਇੱਕ ਅਜਿਹਾ ਇਤਿਹਾਸ, ਜੋ ਜੇਤੂਆਂ ਦੁਆਰਾ ਲਿਖਿਆ ਗਿਆ।
1980 ਦੇ ਅੱਧ ਦਹਾਕੇ ਵਿੱਚ, ਮੱਧ ਪ੍ਰਦੇਸ਼ ਦੇ ਤਤਕਾਲੀਨ ਮੁੱਖਮੰਤਰੀ, ਅਰਜੁਨ ਸਿੰਘ, ਆਪਣੇ ਦੋ ਵੱਡੇ ਸਾਨੀਆਂ, ਦੋਵਾਂ ਸ਼ੁਕਲਾ ਭਰਾਵਾਂ ਨੂੰ ਹਾਸ਼ੀਏ 'ਤੇ ਲਿਆਉਣਾ ਚਾਹੁੰਦੇ ਸਨ। ਪਹਿਲਾਂ ਸ਼ਿਆਮ ਚਰਨ ਸ਼ੁਕਲਾ, ਜੋ ਇਸੇ ਰਾਜ ਦੇ ਤਿੰਨ ਵਾਰ ਮੁੱਖ ਮੰਤਰੀ ਬਣੇ। ਦੂਸਰੇ, ਵਿਦਿਆ ਚਰਨ ਸ਼ੁਕਲਾ, ਜੋ ਕਈ ਵਾਰ ਕੇਂਦਰੀ ਮੰਤਰੀ ਬਣੇ। ਛੱਤੀਸਗੜ੍ਹ ਹੀ ਉਨ੍ਹਾਂ ਦੇ ਕੇਂਦਰ ਸੀ ਅਤੇ ਕੁਝ ਹੱਦ ਤੱਕ ਅਜੇ ਵੀ ਹੈ। ਪ੍ਰਦੇਸ਼ ਕਾਂਗਰਸ ਦੇ ਅੰਦਰ ਆਪਣੀ ਹੈਜਮਨੀ ਕਾਇਮ ਕਰਨ ਦੀ ਲੜਾਈ ਵਿੱਚ, ਅਰਜਨ ਸਿੰਘ ਉਨ੍ਹਾਂ ਦੇ ਪਿੱਛੇ ਪਏ ਅਤੇ ਵੀਰ ਨਰਾਇਣ ਦੀ ਨਿਯੁਕਤੀ ਇੱਕ ਸਹਿਯੋਗੀ ਦੇ ਰੂਪ ਵਿੱਚ ਕੀਤੀ ਗਈ।
ਨਰਾਇਣ ਸਿੰਘ ਦਾ ਨਾਮ ਭਾਵੇਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਦਰਜ਼ ਨਾ ਹੋਵੇ, ਪਰ ਉਹ ਇਸ ਇਲਾਕੇ ਵਿੱਚ ਆਪਣੇ ਲੋਕਾਂ ਲਈ ਇੱਕ ਪ੍ਰਮਾਣਿਕ ਨਾਇਕ ਸੀ। ਪਰ ਹੁਣ ਰਾਜ ਨੇ ਉਹਨੂੰ ਅਪਣਾ ਲਿਆ ਹੈ।
ਵੀਰ ਨਰਾਇਣ ਸਿੰਘ ਨੂੰ ਇਸਲਈ ਮਹੱਤਵ ਦਿੱਤਾ ਗਿਆ ਤਾਂਕਿ ਸ਼ੁਕਲਾ ਭਰਾਵਾਂ ਦੇ ਪ੍ਰਭਾਵ ਅਤੇ ਤਾਕਤ ਨੂੰ ਘੱਟ ਕੀਤਾ ਜਾ ਸਕੇ। ਛੱਤੀਸਗੜ੍ਹ ਦੇ ਅਸਲੀ ਹੀਰੋ ਕੌਣ ਸਨ? ਆਦਿਵਾਸੀ ਨੇਤਾ? ਜਾਂ ਅਮੀਰ ਸ਼ੁਕਲਾ? ਛੱਤੀਸਗੜ੍ਹ ਦੀਆਂ ਵਿਰਾਟ ਪਰੰਪਰਾਵਾਂ ਕਿਹਦੀਆਂ ਹਨ? ਸਮਕਾਲੀਨ ਰਾਜਨੀਤਕ ਲੜਾਈਆਂ ਨੇ ਅਤੀਤ ਨੂੰ ਢੱਕ ਲਿਆ ਹੈ। ਵੀਰ ਨਰਾਇਣ ਦੀ ਹਿਮਾਇਤ ਕਰਕੇ ਅਰਜੁਨ ਸਿੰਘ ਸ਼ੁਕਲਾ ਭਰਾਵਾਂ ਖਿਲਾਫ਼ ਲੜਾਈ ਵਿੱਚ ਖੁਦ ਨੂੰ ਆਦਿਵਾਸੀਆਂ ਨਾਲ਼ ਖੜ੍ਹ ਕਰ ਰਹੇ ਸਨ।
ਛੇਤੀ ਹੀ, ਰਾਜ ਦੀ ਸਰਕਾਰੀ ਮਸ਼ੀਨਰੀ ਨਰਾਇਣ ਸਿੰਘ ਦਾ ਅਵਤਾਰ ਮੁੜ ਸਿਰਜ ਰਹੀ ਸੀ। ਇਹਦੇ ਕੁਝ ਸਕਾਰਾਤਮਕ ਨਤੀਜੇ ਵੀ ਨਿਕਲ਼ੇ। ਇੱਕ ਅਜਿਹਾ ਨਾਇਕ, ਜਿਹਦੇ ਬਾਰੇ ਲੋਕ ਘੱਟ ਜਾਣਦੇ ਸਨ, ਨੂੰ ਆਖਰਕਾਰ ਹੁਣ ਸਹੀ ਪਛਾਣ ਮਿਲ਼ਣ ਲੱਗੀ। ਅਤੇ ਕੋਈ ਵੀ ਇਹਨੂੰ ਗ਼ਲਤ ਨਹੀਂ ਠਹਿਰਾ ਸਕਦਾ ਸੀ। ਪਰ, ਇਸ ਮਕਸਦ ਮਗਰ ਆਪਣਾ ਹੀ ਤਰਕ ਸੀ। ਸੋਨਾਖਨ ਦੀ ਵਿਰਾਸਤ ਨੂੰ ਲੈ ਕੇ ਨੇਤਾਵਾਂ ਵਿੱਚ ਮੁਕਾਬਲਾ ਹੋਣ ਲੱਗਾ, ਜਿਹਦੇ ਕਰਕੇ ਉਹ ਇੱਥੇ ਪਹੁੰਚਣ ਲੱਗੇ। ਹਸਪਤਾਲਾਂ ਅਤੇ ਹੋਰਨਾਂ ਇਮਾਰਤਾਂ ਦਾ ਉਦਘਾਟਨ ਹੋਣ ਲੱਗਾ। ਹਾਲਾਂਕਿ, ਨਾ ਤਾਂ ਹਸਪਤਾਲਾਂ ਨੇ ਕਦੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਨਾ ਹੀ ਹੋਰਨਾਂ ਢਾਂਚਿਆਂ ਨੇ ਹੀ। ਨੌਕਰੀਆਂ ਅਤੇ ''ਰਾਹਤ'' ਦਾ ਐਲਾਨ ਕੀਤਾ ਗਿਆ। ਪਾਣੀ ਦੇ ਸੋਮਿਆਂ ਅਤੇ ਬਗੀਚਿਆਂ ਦੇ ਨਾਮ ਵੀਰ ਨਰਾਇਣ ਦੇ ਨਾਮ 'ਤੇ ਰੱਖੇ ਜਾਣ ਲੱਗੇ।
ਪਰ, ਪਿੰਡ ਵਾਲ਼ਿਆਂ ਦੇ ਦੋਸ਼ ਹੈ ਕਿ ਇਸ ਸਭ ਦਾ ਫਾਇਦਾ ਸਿਰਫ਼ ਪਰਿਵਾਰ ਨੂੰ ਹੀ ਮਿਲ਼ਿਆ।
ਨਰਾਇਣ ਸਿੰਘ ਦਾ ਨਾਮ ਹੁਣ ਦੂਸਰੇ ਇਲਾਕਿਆਂ ਵਿੱਚ ਤਾਂ ਫੈਲਣ ਲੱਗਿਆ ਪਰ ਖੁਦ ਉਨ੍ਹਾਂ ਦੇ ਪਿੰਡ ਵਿੱਚ ਲੋਕਾਂ ਦੀ ਨਰਾਜ਼ਗੀ ਵੱਧਦੀ ਰਹੀ। ਸੋਨਾਖਨ ਦਾ ਗੁੱਸਾ ਸ਼ਾਇਦ ਇਸਲਈ ਹੈ ਕਿ ਸਿਰਫ਼ ਇੱਕ ਪਰਿਵਾਰ ਦੀ ਸਹਾਇਤਾ ਕੀਤੀ ਜਾ ਰਹੀ ਹੈ।
ਵੀਰ ਨਰਾਇਣ ਜਿਸ ਵਿਰੋਧੀ ਰਾਜਨੀਤੀ ਦੇ ਪ੍ਰਤੀਕ ਸਨ, ਉਹ ਖਤਮ ਹੋ ਚੁੱਕੀ ਸੀ। ਹੁਣ ਹਮਾਇਤ ਕਰਨ ਵਾਲ਼ੀ ਰਾਜਨੀਤੀ ਨੇ ਉਹਦੀ ਥਾਂ ਲੈ ਲਈ ਸੀ। ਕੁਲੀਨ ਵਰਗ ਦੁਆਰਾ ਅਪਣਾਏ ਜਾਣ ਕਾਰਨ ਇੱਕ ਪ੍ਰਮਾਣਿਕ ਸਥਾਨਕ ਨਾਇਕ ਦੀ ਸ਼ਾਖ ਧੁੰਦਲੀ ਹੋ ਗਈ। ਜਿਸ ਹਮਦਰਦੀ ਨੂੰ ਲੈ ਕੇ ਉਹ ਖੜ੍ਹੇ ਹੋਏ ਸਨ, ਉਹ ਹੁਣ ਕਿਤੇ ਨਜ਼ਰ ਨਹੀਂ ਆਉਂਦੀ। 1980 ਦਾ ਦਹਾਕਾ ਮੁੜ ਆਇਆ ਸੀ।
ਸਾਡੇ ਉੱਥੇ ਰੁਕਣ ਦੇ ਅੰਤਮ ਦਿਨਾਂ ਤੱਕ, ਪਿੰਡ ਵਾਲ਼ੇ ਕੁਝ ਕੁਝ ਨਰਮ ਪੈਣ ਲੱਗੇ। ਉਨ੍ਹਾਂ ਦੀ ਨਰਾਜ਼ਗੀ, ਜਿਹਨੂੰ ਗ਼ਲਤ ਸਮਝਿਆ ਗਿਆ, ਉਹ ਵਾਜਬ ਜਾਪਦੀ ਹੈ। ''ਉਹ ਸੱਚਮੁੱਚ ਭਲੇ ਆਦਮੀ ਸਨ,'' ਵਿਜੈ ਪੈਕਰਾ ਕਹਿੰਦੇ ਹਨ। ''ਉਹ ਤਾਂ ਸਾਡੇ ਸਾਰਿਆਂ ਲਈ ਲੜੇ ਸਨ ਨਾ ਕਿ ਆਪਣੇ ਪਰਿਵਾਰ ਲਈ। ਉਹ ਨਿਰਸਵਾਰਥ ਸਨ। ਫਿਰ ਸਿਰਫ਼ ਇੱਕੋ ਹੀ ਪਰਿਵਾਰ ਨੂੰ ਲਾਭ ਕਿਉਂ ਮਿਲ਼ੇ? ਦੱਸੋ ਸਹੀ ਕਿਹਾ ਨਾ ਮੈਂ?''
ਸੋਨਾਖਨ ਵਿੱਚ ਵੀਰ ਨਰਾਇਣ ਸਿੰਘ ਦੋ ਵਾਰ ਮਰੇ। ਪਹਿਲੀ ਵਾਰ, ਬ੍ਰਿਟਿਸ਼ ਸਰਕਾਰ ਦੇ ਹੱਥੋਂ। ਦੂਸਰੀ ਵਾਰ, ਮੱਧ ਪ੍ਰਦੇਸ਼ ਸਰਕਾਰ ਦੇ ਹੱਥੋਂ। ਹਾਲਾਂਕਿ, ਉਨ੍ਹਾਂ ਨੇ ਜਿੰਨੇ ਵੀ ਮੁੱਦੇ ਚੁੱਕੇ, ਉਹ ਸਾਰੇ ਮੁੱਦੇ ਅੱਜ ਵੀ ਜਿਊਂਦੇ (ਬਰਕਰਾਰ) ਹਨ।
ਇਹ ਕਹਾਣੀ ਸਭ ਤੋਂ ਪਹਿਲੀ ਵਾਰ ' ਟਾਈਮਜ਼ ਆਫ਼ ਇੰਡੀਆ ' ਦੇ 27 ਅਗਸਤ, 1997 ਦੇ ਅੰਕ ਵਿੱਚ ਪ੍ਰਕਾਸ਼ਤ ਹੋਈ।
ਇਸ ਲੜੀ ਵਿੱਚ ਹੋਰ ਕਹਾਣੀਆਂ ਹਨ:
ਜਦੋਂ ਸਾਲੀਹਾਨ ਨੇ ਰਾਜ ਨਾਲ਼ਮੁਕਾਬਲ ਕੀਤਾ
ਪਨੀਮਾਰਾ ਦੀ ਅਜ਼ਾਦੀ ਦੇ ਪੈਦਲਸਿਪਾਹੀ-1
ਪਨੀਮਾਰਾ ਦੀ ਅਜ਼ਾਦੀ ਦੇ ਪੈਦਲਸਿਪਾਹੀ-2
ਗੋਦਾਵਰੀ: ਅਤੇ ਪੁਲਿਸ ਹਾਲੇ ਤੀਕਰ ਹਮਲੇਦੀ ਉਡੀਕ ਵਿੱਚ
ਸ਼ੇਰਪੁਰ: ਵੱਡੀ ਕੁਰਬਾਨੀ, ਛੋਟੀ ਯਾਦ
ਕੈਲੀਅਸਰੀ: ਉਮਰ ਦੇ 50ਵੇਂ ਵਰ੍ਹੇ ਵੀ ਲੜਦੇਹੋਏ
ਤਰਜਮਾ: ਕਮਲਜੀਤ ਕੌਰ