"ਨਾ ਮੇਰੇ ਕੋਲ਼ ਅਤੇ ਨਾ ਹੀ ਮੇਰੇ ਪੁਰਖਿਆਂ ਕੋਲ਼ ਪੈਲੀ ਸੀ," ਕਮਲਜੀਤ ਕੌਰ ਦਾ ਕਹਿਣਾ ਹੈ। "ਬਾਵਜੂਦ ਇਹਦੇ, ਮੈਂ ਇੱਥੇ ਹਾਂ ਅਤੇ ਆਪਣੇ ਹੀ ਤਰੀਕੇ (ਛੋਟੇ) ਨਾਲ਼ ਕਿਸਾਨਾਂ ਦੀ ਮਦਦ ਕਰ ਰਹੀ ਹਾਂ, ਕਿਉਂਕਿ ਮੈਨੂੰ ਖ਼ਦਸ਼ਾ ਹੈ ਕਿ ਜੇਕਰ ਮੈਂ ਇੰਝ ਨਾ ਕੀਤਾ, ਤਾਂ ਮੈਨੂੰ ਆਪਣੇ ਬੱਚਿਆਂ ਦੀ ਪਲੇਟ ਵਿੱਚ ਆਖ਼ਰੀ ਬੁਰਕੀ ਬਚਾਉਣ ਖਾਤਰ ਕਾਰਪੋਰੇਟਾਂ ਦੇ ਲਾਲਚ ਨਾਲ਼ ਨਜਿੱਠਣਾ ਪਵੇਗਾ।"
ਕਮਲਜੀਤ, ਉਮਰ 35 ਸਾਲ, ਪੰਜਾਬ ਦੇ ਲੁਧਿਆਣਾ ਸ਼ਹਿਰ ਵਿਖੇ ਅਧਿਆਪਕਾ ਹਨ ਅਤੇ ਇੱਥੇ ਸਿੰਘੂ ਵਿਖੇ ਆਪਣੀਆਂ ਕੁਝ ਸਹੇਲੀਆਂ ਦੇ ਨਾਲ਼ ਛਾਂ-ਦਾਰ ਥਾਂ 'ਤੇ ਬੈਠ ਕੇ ਦੋ ਸਿਲਾਈ ਮਸ਼ੀਨਾਂ ਨਾਲ਼ ਕੰਮ ਚਲਾ ਰਹੀ ਹੈ। ਉਹ ਵਾਰੋ-ਵਾਰੀ ਧਰਨਾ-ਸਥਲ 'ਤੇ ਆਉਂਦੀਆਂ ਹਨ, ਇੱਕ ਵਾਰ ਆ ਕੇ ਤਿੰਨ ਦਿਨ ਰੁਕਦੀਆਂ ਹਨ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਝੱਗਿਆਂ ਦੇ ਟੁੱਟੇ ਬੀੜੇ ਜਾਂ ਪਾਟੇ ਲੀੜਿਆਂ (ਸਲਵਾਰ-ਕਮੀਜ਼) ਦੀ ਮੁਫ਼ਤ ਮੁਰੰਮਤ ਕਰਦੀਆਂ ਹਨ। ਉਨ੍ਹਾਂ ਦੇ ਕੋਲ਼ ਹਰ ਰੋਜ਼ ਕਰੀਬ 200 ਲੋਕ ਸੇਵਾ ਲੈਣ ਆਉਂਦੇ ਹਨ।
ਸਿੰਘੂ ਵਿਖੇ, ਪ੍ਰਦਰਸ਼ਨ ਪ੍ਰਤੀ ਆਪਣੀ ਇਕਜੁਟਤਾ ਦਿਖਾਉਣ ਦੇ ਕਈ ਤਰ੍ਹਾਂ ਦੇ ਤਰੀਕਿਆਂ ਨਾਲ਼ ਇਹ ਸੇਵਾਵਾਂ ਵੰਨ-ਸੁਵੰਨੇ ਰੂਪਾਂ ਵਿੱਚ ਉਪਲਬਧ ਹਨ।
ਉਨ੍ਹਾਂ ਸੇਵਾ ਦੇਣ ਵਾਲਿਆਂ ਵਿੱਚੋਂ ਇੱਕ ਇਰਸ਼ਾਦ (ਪੂਰਾ ਨਾਂਅ ਉਪਲਬਧ ਨਹੀਂ) ਵੀ ਹਨ। ਸਿੰਘੂ ਬਾਰਡਰ ਤੋਂ ਕਰੀਬ ਚਾਰ ਕਿਲੋਮੀਟਰ ਦੀ ਦੂਰੀ 'ਤੇ, ਕੁੰਡਲੀ ਉਦਯੋਗਿਕ ਖੇਤਰ ਵਿੱਚ ਸਥਿਤ ਟੀਡੀਆਈ ਮਾਲ ਦੇ ਬਾਹਰ ਭੀੜੀ ਨੁਕਰੇ, ਉਹ ਸਿੱਖ ਪ੍ਰਦਰਸ਼ਨਕਾਰੀਆਂ ਦੇ ਨੰਗੇ ਸਿਰਾਂ ਦੀ ਮਾਲਸ਼ ਕਰ ਰਹੇ ਹਨ। ਕਈ ਹੋਰ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਇਰਸ਼ਾਦ ਕੁਰੂਕਸ਼ੇਤਰ ਦੇ ਰਹਿਣ ਵਾਲੇ ਨਾਈ ਹਨ ਅਤੇ ਕਹਿੰਦੇ ਹਨ ਕਿ ਸਾਂਝ-ਭਿਆਲੀ (ਬਰਾਦਰੀ) ਦੀ ਭਾਵਨਾ ਸਦਕਾ ਇੱਥੇ ਆਏ ਹਨ।
ਇਸੇ ਰਸਤੇ 'ਤੇ, ਆਪਣੇ ਮਿਨੀ-ਟਰੱਕ ਦੇ ਬਾਹਰ ਸਰਦਾਰ ਗੁਰਮੀਕ ਸਿੰਘ ਵੀ ਬੈਠੇ ਹੋਏ ਹਨ, ਜਿਨ੍ਹਾਂ ਦੇ ਚੁਫੇਰੇ ਮੁਫ਼ਤ ਵਿੱਚ ਮਾਲਸ਼ ਕਰਾਉਣ ਵਾਲਾ ਅਜਿਹਾ ਹਜੂਮ ਜਮ੍ਹਾ ਹੈ, ਜਿਨ੍ਹਾਂ ਦੇ ਪੰਜਾਬ ਤੋਂ ਸਿੰਘੂ ਤੱਕ ਦਾ ਘੰਟਿਆਂ-ਬੱਧੀ ਪੈਂਡਾ ਟਰਾਲੀਆਂ ਦੇ ਮੁਕੰਮਲ ਕਰਨ ਤੋਂ ਪੱਠਿਆਂ ਵਿੱਚ ਪੀੜ੍ਹ ਹੋ ਰਹੀ ਹੈ। "ਇਸ ਸਮੇਂ ਉਹ ਕਈ ਹੋਰ ਤਰ੍ਹਾਂ ਦੀਆਂ ਪੀੜ੍ਹਾਂ ਵਿੱਚੋਂ ਦੀ ਲੰਘ ਰਹੇ ਹਨ..." ਉਨ੍ਹਾਂ ਦਾ ਕਹਿਣਾ ਹੈ ਕਿ ਇਹੀ ਉਹ ਗੱਲ ਹੈ ਜੋ ਉਨ੍ਹਾਂ ਨੂੰ ਇੱਥੇ ਮਦਦ ਵਾਸਤੇ ਖਿੱਚ ਲਿਆਈ ਹੈ।
ਚੰਡੀਗੜ੍ਹ ਦੇ ਡਾਕਟਰ ਸੁਰਿੰਦਰ ਕੁਮਾਰ, ਸਿੰਘੂ ਵਿੱਚ ਹੋਰਨਾਂ ਡਾਕਟਰਾਂ ਨਾਲ਼ ਮਿਲ਼ ਕੇ ਮੈਡੀਕਲ ਕੈਂਪ ਚਲਾ ਕੇ ਆਪਣੀ ਸੇਵਾ ਨਿਭਾਅ ਰਹੇ ਹਨ। ਇਹ ਕੈਂਪ ਧਰਨਾ-ਸਥਲ 'ਤੇ ਮੌਜੂਦ ਕਈ ਮੈਡੀਕਲ ਕੈਂਪਾਂ ਵਿੱਚ ਇੱਕ ਹੈ- ਉਨ੍ਹਾਂ ਵਿੱਚ ਕੁਝ ਤਾਂ ਕੋਲਕਾਤਾ ਜਾਂ ਹੈਦਰਾਬਾਦ ਜਿਹੇ ਦੁਰੇਡੇ ਇਲਾਕਿਆਂ ਤੋਂ ਆਏ ਡਾਕਟਰਾਂ ਦੁਆਰਾ ਚਲਾਏ ਜਾ ਰਹੇ ਹਨ। "ਅਸੀਂ ਡਿਗਰੀ ਕਰਦੇ ਸਮੇਂ ਚੁੱਕੀ ਗਈ ਸਹੁੰ ਦਾ ਪਾਲਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ-ਸਾਡੀ ਕੋਸ਼ਿਸ਼ ਦਿਨੋ-ਦਿਨ ਵੱਧਦੀ ਠੰਡ ਦਾ ਸਾਹਮਣਾ ਕਰ ਰਹੇ ਬਜੁਰਗਾਂ ਦੇ ਸੇਵਾ ਕਰਨ ਦੇ ਰੂਪ ਵਿੱਚ ਹੈ ਜੋ ਖੁੱਲ੍ਹੀਆਂ ਸੜਕਾਂ 'ਤੇ ਆਪਣੇ ਦਿਨ ਕੱਟ ਰਹੇ ਹਨ," ਸੁਰਿੰਦਰ ਕਹਿੰਦੇ ਹਨ।
ਮਨੋਬਲ ਨੂੰ ਉਚੇਰਾ ਰੱਖਣ ਦੀ ਮਦਦ ਵਾਸਤੇ, ਲੁਧਿਆਣਾ ਦੇ ਸਤਪਾਲ ਸਿੰਘ ਅਤੇ ਉਨ੍ਹਾਂ ਦੇ ਦੋਸਤ ਗੰਨਾ ਨਪੀੜਨ (ਪੀਹਣ) ਵਾਲੀ ਭਾਰੀ ਮਸ਼ੀਨ ਨੂੰ ਖੁੱਲ੍ਹੇ ਟਰੱਕ 'ਤੇ ਲੱਦ ਕੇ ਸਿੰਘੂ ਤੱਕ ਲਿਆਏ ਹਨ। ਇਨ੍ਹਾਂ ਮਸ਼ੀਨਾਂ ਦੀ ਵਰਤੋਂ ਆਮ ਤੌਰ 'ਤੇ ਖੰਡ-ਮਿੱਲਾਂ ਵਿੱਚ ਕੀਤੀ ਜਾਂਦੀ ਹੈ- ਧਰਨਾ ਸਥਲ ਵਿਖੇ, ਸਤਪਾਲ ਦੁਆਰਾ ਲਿਆਂਦੀ ਗਈ ਗੰਨਾ-ਨਪੀੜਨ ਮਸ਼ੀਨ ਕੱਢਿਆ ਤਾਜਾ ਜੂਸ ਹਰ ਲੰਘਣ ਵਾਲੇ ਨੂੰ ਪਿਆਇਆ ਜਾਂਦਾ ਹੈ। ਉਹ ਰੋਜਾਨਾ ਇੱਕ ਟਰੱਕ ਗੰਨੇ ਦਾ ਜੂਸ ਕੱਢਦੇ ਹਨ, ਜਿਹਦੀ ਖਰੀਦ ਦੀ ਸੇਵਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਲੀਵਾਲ ਵੱਲੋਂ ਕੀਤੀ ਗਈ ਹੈ।
ਅਤੇ ਕੁੰਡਲੀ ਦੇ ਉਸੇ ਮਾਲ ਦੇ ਮੈਦਾਨ ਵਿੱਚ, ਬਠਿੰਡਾ ਦੇ ਨਿਹੰਗ ਅਮਨਦੀਪ ਸਿੰਘ, ਕਾਲੇ ਘੋੜੇ ਨੂੰ ਨਹਾਉਂਦੇ ਦੌਰਾਨ ਕਹਿੰਦੇ ਹਨ ਕਿ ਉਹ ਪੰਜਾਬ ਦੇ ਖੇਤੀ ਅਰਥਚਾਰੇ ਨੂੰ ਬਚਾਉਣ ਖਾਤਰ ਲਈ ਸਿੰਘੂ ਆਏ ਹਨ। ਮਾਲ ਦੇ ਕੋਲ਼ ਲੱਗੇ ਲੰਗਰ ਵਿੱਚ ਹਰੇਕ ਆਉਣ ਵਾਲੇ ਨੂੰ ਲੰਗਰ ਛਕਾਉਣ ਦੇ ਨਾਲ਼-ਨਾਲ਼ ਅਮਨਦੀਪ ਅਤੇ ਹੋਰ (ਉਹ ਸਾਰੇ ਨਿਹੰਗ, ਜੋ ਸਿੱਖ ਦੀ ਖਾਲਸਾ ਫੌਜ ਨਾਲ਼ ਸਬੰਧਤ ਹਨ) ਸਾਥੀ, ਹਰ ਸ਼ਾਮੀਂ ਕੀਰਤਨ ਕਰਨ ਵਿੱਚ ਮਸ਼ਗੂਲ ਹੋ ਜਾਂਦੇ ਹਨ ਜੋ ਉਹ ਉਨ੍ਹਾਂ ਟੈਂਟਾਂ ਦੇ ਨੇੜੇ ਕਰਦੇ ਹਨ ਜੋ ਉਨ੍ਹਾਂ ਦੁਆਰਾ ਦਿੱਲੀ ਪੁਲਿਸ ਦੁਆਰਾ ਬੈਰੀਕੇਡਾਂ ਵਜੋਂ ਵਰਤੀਂਦੇ ਕੰਟਨੇਰਾਂ ਦੀ ਛਾਵੇਂ ਗੱਡੇ ਗਏ ਹਨ।
ਅੰਮ੍ਰਿਤਸਰ ਦੇ ਰਹਿਣ ਵਾਲੇ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ, ਗੁਰਵੇਜ ਸਿੰਘ ਹੋਰ ਵਿਦਿਆਰਥੀਆਂ ਦੇ ਨਾਲ਼, ਸਿੰਘੂ ਵਿੱਚ ਡਟੇ ਕਿਸਾਨਾਂ ਨੂੰ ਪੰਦਰਵਾੜਾ ਅਖ਼ਬਾਰ, ਟਰਾਲੀ ਟਾਈਮਜ਼ ਵੰਡਦੇ ਹਨ। ਉਨ੍ਹਾਂ ਨੇ ਕੱਪੜਿਆਂ ਅਤੇ ਪਲਾਸਟਿਕ ਦੀਆਂ ਸ਼ੀਟਾਂ ਦੇ ਨਾਲ਼ ਇੱਕ ਵੱਡੀ ਸਾਰੀ ਥਾਂ ਘੇਰ ਰੱਖੀ ਹੈ ਅਤੇ ਅੰਦਰ ਕਾਗ਼ਜ਼ ਅਤੇ ਪੈੱਨ ਰੱਖੇ ਹੋਏ ਹਨ ਤਾਂ ਕਿ ਹਰੇਕ ਆਉਣ ਵਾਲਾ ਪੋਸਟਰਾਂ ਵਾਸਤੇ ਕੋਈ ਨਾ ਕੋਈ ਨਾਅਰਾ ਲਿਖੇ- ਉੱਥੇ ਅਜਿਹੇ ਕਈ ਪੋਸਟਰਾਂ ਦੀ ਪ੍ਰਦਰਸ਼ਨੀ ਲੱਗੀ ਰਹਿੰਦੀ ਹੈ ਅਤੇ ਉਹ ਮੁਫ਼ਤ ਦੀ ਲਾਈਬ੍ਰੇਰੀ ਵੀ ਚਲਾਉਂਦੇ ਹਨ ਅਤੇ ਖੁਦ ਪੋਸਟਰ ਵੀ ਤਿਆਰ ਕਰਦੇ ਹਨ (ਸਭ ਤੋਂ ਉਪਰ ਕਵਰ ਫੋਟੋ ਵਿੱਚ ਦੇਖੋ)।
ਰਾਤ ਪੈਣ 'ਤੇ ਸਾਡੇ ਕੁੰਡਲੀ ਤੋਂ ਸਿੰਘੂ ਬਾਰਡਰ ਪਰਤਣ ਵੇਲੇ, ਖੁਦ ਨੂੰ ਨਿੱਘਾ ਕਰਨ ਲਈ ਅਸੀਂ ਕਈ ਦਫਾ ਅੱਗ ਕੋਲ਼ ਰੁੱਕਦੇ ਹਾਂ, ਜਿਹਦੇ ਚੁਫੇਰੇ ਕਈ ਸਮੂਹ ਇਕੱਠੇ ਹੋ ਕੇ ਬਹਿੰਦੇ ਹਨ।
ਉਸੇ ਸੜਕ 'ਤੇ ਅਸੀਂ ਬਾਬਾ ਗੁਰਪਾਲ ਸਿੰਘ ਨੂੰ ਵੀ ਉਨ੍ਹਾਂ ਦੇ ਟੈਂਟ ਵਿੱਚ ਜਾ ਮਿਲੇ ਅਤੇ ਉਨ੍ਹਾਂ ਦੇ ਹੱਥੋਂ ਚਾਹ ਪੀਤੀ ਜੋ ਉਹ ਸਦਾ ਤਿਆਰ ਰੱਖਦੇ ਹਨ। ਬਾਬਾ ਗੁਰਪਾਲ, ਉਮਰ 86 ਸਾਲ, ਪਟਿਆਲਾ ਦੇ ਕੋਲ਼ ਖਾਨਪੁਰ ਗੋਂਡੀਆ ਗੁਰਦੁਆਰੇ ਵਿੱਚ ਬੈਰਾਗੀ ਅਤੇ ਗ੍ਰੰਥੀ ਹਨ। ਉਹ ਇੱਕ ਵਿਦਵਾਨ ਵਿਅਕਤੀ ਹਨ ਅਤੇ ਸਿੱਖ ਪਛਾਣ-ਅਧਾਰਤ ਸਿਆਸਤ ਦਾ ਇਤਿਹਾਸ ਦੱਸਦੇ ਹਨ ਅਤੇ ਇਹ ਵੀ ਦੱਸਦੇ ਹਨ ਕਿ ਕਿਵੇਂ ਕਿਸਾਨਾਂ ਦਾ ਇਹ ਪ੍ਰਦਰਸ਼ਨ ਉਨ੍ਹਾਂ ਹੱਦਾਂ ਨੂੰ ਪਾਰ ਕਰਕੇ ਸਰਬਤ ਦੇ ਭਲੇ ਦਾ ਕੁੱਲ ਭਾਰਤੀ ਅੰਦੋਲਨ ਬਣ ਗਿਆ ਹੈ।
ਮੈਂ ਬਾਬਾ ਗੁਰਪਾਲ ਤੋਂ ਪੁੱਛਦਾ ਹਾਂ ਕਿ ਉਹ ਆਪਣੇ ਬਜੁਰਗ ਸਾਥੀਆਂ ਦੇ ਨਾਲ਼ ਸਿੰਘੂ ਵਿਖੇ ਸੇਵਾ ਕਿਉਂ ਨਿਭਾਅ ਰਹੇ ਹਨ, ਦਿਨ ਦੇ ਅੱਠ ਘੰਟੇ ਸਾਰਿਆਂ ਨੂੰ ਚਾਹ ਕਿਉਂ ਵਰਤਾਉਂਦੇ ਹਨ। ਰਾਤ ਵੇਲੇ ਉਸ ਸਾਂਝੀ ਅੱਗ ਅਤੇ ਧੂੰਏ ਦੀ ਬੱਦਲ ਨੂੰ ਦੇਖਦਿਆਂ, ਉਨ੍ਹਾਂ ਨੇ ਜਵਾਬ ਦਿੱਤਾ,"ਇਹ ਸਾਡੇ ਸਾਰਿਆਂ ਲਈ ਘਰੋਂ ਬਾਹਰ ਨਿਕਲ਼ਣ ਅਤੇ ਆਪਣਾ ਯੋਗਦਾਨ ਪਾਉਣ ਦਾ ਸਮਾਂ ਹੈ, ਕਿਉਂਕਿ ਇਹ ਹੁਣ ਚੰਗਿਆਈ ਅਤੇ ਬੁਰਾਈ ਦਰਮਿਆਨ ਸਿੱਧੀ ਲੜਾਈ ਬਣ ਗਈ ਹੈ। ਕੁਰੂਕਸ਼ੇਤਰ ਦੇ ਯੁੱਧ (ਮਹਾਂਭਾਰਤ) ਵਿੱਚ ਵੀ ਇਹੀ ਹੋਇਆ ਸੀ।"
ਤਰਜਮਾ: ਕਮਲਜੀਤ ਕੌਰ