''ਮੇਰੇ ਪਰਿਵਾਰ ਨੇ ਮੇਰੇ ਲਈ ਇੱਕ ਅਜਿਹਾ ਘਰ ਲੱਭਿਆ, ਜਿਸ ਵਿੱਚ ਅੰਦਰ ਦਾਖਲ ਹੋਣ ਲਈ ਇੱਕ ਅਲੱਗ ਬੂਹੇ ਵਾਲ਼ਾ ਵੱਖਰਾ ਕਮਰਾ ਸੀ, ਤਾਂਕਿ ਮੈਂ ਖੁਦ ਨੂੰ ਦੂਸਰਿਆਂ ਨਾਲ਼ੋਂ ਅੱਡ ਕਰ ਸਕਾਂ,''ਐੱਸਐੱਨ ਗੋਪਾਲਾ ਦੇਵੀ ਦੱਸਦੀ ਹਨ। ਇਹ ਮਈ 2020 ਦੀ ਗੱਲ ਹੈ, ਜਦੋਂ ਕੁਝ ਪਰਿਵਾਰਾਂ ਨੇ ਪਹਿਲੀ ਵਾਰ ਫੈਸਲਾ ਕੀਤਾ ਕਿ ਉਹ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੂੰ ਬਚਾਉਣ ਲਈ ਵੱਖਰੇ ਇਹਤਿਆਤ ਵਰਤਣਗੇ- ਨਾਲ਼ ਹੀ ਉੱਚ ਖਤਰੇ ਵਾਲ਼ੇ ਉਨ੍ਹਾਂ ਦੇ ਪੇਸ਼ਿਆਂ ਨਾਲ਼ ਜੁੜੇ ਆਪਣੇ ਪਰਿਵਾਰਕ ਮੈਂਬਰਾਂ ਦਾ ਭਾਰ ਘੱਟ ਕਰਨਗੇ।
ਪੰਜਾਹ ਸਾਲਾ ਗੋਪਾਲਾ ਦੇਵੀ ਇੱਕ ਨਰਸ ਹਨ। ਉਹ ਇੱਕ ਉੱਚ ਦਰਜੇ ਦੀ ਸਿਖਲਾਈ ਪ੍ਰਾਪਤ ਪੇਸ਼ੇਵਰ ਹਨ ਜਿਨ੍ਹਾਂ ਕੋਲ਼ 29 ਸਾਲਾਂ ਦਾ ਤਜ਼ਰਬਾ ਹੈ ਅਤੇ ਉਨ੍ਹਾਂ ਨੇ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਚੇਨੱਈ ਦੇ ਰਾਜੀਵ ਗਾਂਧੀ ਸਰਕਾਰ ਜਨਰਲ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਕੰਮ ਕਰਦਿਆਂ ਕਾਫੀ ਸਮਾਂ ਬਿਤਾਇਆ ਹੈ। ਇਸ ਤੋਂ ਇਲਾਵਾ, ਉਹ ਥੋੜ੍ਹੇ ਵਕਫੇ ਲਈ, ਉਸੇ ਸ਼ਹਿਰ ਵਿੱਚ ਗੁਆਂਢ ਵਿੱਚ ਸਥਿਤ ਪੁਲਿਯੰਥੋਪ ਦੇ ਇੱਕ ਖਾਸ ਕੋਵਿਡ ਦੇਖਭਾਲ਼ ਕੇਂਦਰ ਦੀ ਇੰਚਾਰਜ ਵੀ ਸਨ।
ਹੁਣ, ਜਦੋਂਕਿ ਤਾਲਾਬੰਦੀ ਨੂੰ ਪੜਾਅ-ਦਰ-ਪੜਾਅ ਤਰੀਕੇ ਨਾਲ਼ ਹਟਾਇਆ ਜਾ ਰਿਹਾ ਹੈ ਅਤੇ ਕਈ ਗਤੀਵਿਧੀਆਂ ਹੌਲ਼ੀ-ਹੌਲ਼ੀ ਆਮ ਹੋਣ ਲੱਗੀਆਂ ਹਨ, ਉਦੋਂ ਵੀ ਗੋਪਾਲਾ ਦੇਵੀ ਨੂੰ ਕੋਵਿਡ-19 ਵਾਰਡ ਵਿੱਚ ਕੰਮ ਕਰਦੇ ਸਮੇਂ ਅਕਸਰ ਇਕਾਂਤਵਾਸ ਵਿੱਚ ਸਮਾਂ ਬਿਤਾਉਣਾ ਹੋਵੇਗਾ। ''ਮੇਰੇ ਲਈ ਤਾਂ ਤਾਲਾਬੰਦੀ ਜਾਰੀ ਹੈ,'' ਉਹ ਹੱਸਦਿਆਂ ਕਹਿੰਦੀ ਹਨ। ''ਨਰਸਾਂ ਵਾਸਤੇ, ਇਹ ਕਦੇ ਨਹੀਂ ਮੁਕਣੀ।''
ਜਿਵੇਂ ਕਿ ਕਈ ਨਰਸਾਂ ਨੇ ਇਸ ਰਿਪੋਰਟਰ ਨੂੰ ਦੱਸਿਆ: ''ਸਾਡੇ ਲਈ ਤਾਲਾਬੰਦੀ ਅਤੇ ਕੰਮ ਨਾਲ਼ੋ ਨਾਲ਼ ਚੱਲਦੇ ਹਨ।''
''ਸਤੰਬਰ ਵਿੱਚ ਮੇਰੀ ਧੀ ਦਾ ਵਿਆਹ ਸੀ ਅਤੇ ਮੈਂ ਉਸ ਤੋਂ ਇੱਕ ਦਿਨ ਪਹਿਲਾਂ ਹੀ ਛੁੱਟੀ ਲਈ,'' ਗੋਪਾਲਾ ਦੇਵੀ ਕਹਿੰਦੀ ਹਨ। ''ਮੇਰੇ ਪਤੀ ਉਦੈ ਕੁਮਾਰ ਨੇ ਵਿਆਹ ਦੀ ਪੂਰੀ ਜ਼ਿੰਮੇਦਾਰੀ ਆਪਣੇ ਮੋਢਿਆਂ 'ਤੇ ਚੁੱਕੀ ਰੱਖੀ ਸੀ।'' ਕੁਮਾਰ ਚੇਨੱਈ ਦੇ ਹੀ ਇੱਕ ਹੋਰ ਹਸਪਤਾਲ, ਸ਼ੰਕਰਾ ਨੇਤਰਾਲਯ ਦੇ ਅਕਾਊਂਟ ਸੈਕਸ਼ਨ ਵਿੱਚ ਕੰਮ ਕਰਦੇ ਹਨ ਅਤੇ ਉਹ ਕਹਿੰਦੀ ਹਨ,''ਉਹ ਮੇਰੇ ਪੇਸ਼ ਦੀਆਂ ਮਜ਼ਬੂਰੀਆਂ ਨੂੰ ਸਮਝਦੇ ਹਨ।''
ਉਸੇ ਹਸਪਤਾਲ ਵਿੱਚ 39 ਸਾਲਾ ਤਮੀਝ ਸੇਲਵੀ ਵੀ ਕੰਮ ਕਰਦੀ ਹਨ, ਜਿਨ੍ਹਾਂ ਨੇ ਕੋਵਿਡ ਵਾਰਡ ਵਿੱਚ ਬਗੈਰ ਛੁੱਟੀ ਲਏ ਆਪਣੇ ਕੰਮ ਦੇ ਕਾਰਨ ਪੁਰਸਕਾਰ ਜਿੱਤਿਆ। ''ਇਕਾਂਤਵਾਸ ਦੇ ਦਿਨਾਂ ਨੂੰ ਛੱਡ ਕੇ ਮੈਂ ਕਦੇ ਛੁੱਟੀ ਨਹੀਂ ਲਈ ਸੀ। ਛੁੱਟੀ ਦੇ ਦਿਨ ਵੀ ਮੈਂ ਕੰਮ ਕਰਦੀ ਸਾਂ ਕਿਉਂਕਿ ਮੈਂ ਮਸਲੇ ਦੀ ਸੰਜੀਦਗੀ ਨੂੰ ਸਮਝਦੀ ਹਾਂ,'' ਉਹ ਕਹਿੰਦੀ ਹਨ।
''ਆਪਣੇ ਛੋਟੇ ਬੇਟੇ ਸ਼ਾਇਨ ਓਲੀਵਰ ਨੂੰ ਕਈ ਦਿਨਾਂ ਤੱਕ ਇਕੱਲਾ ਛੱਡ ਦੇਣ ਦਾ ਦਰਦ ਕਾਫੀ ਡੂੰਘਾ ਹੈ। ਕਦੇ-ਕਦੇ ਮੈਂ ਦੋਸ਼ੀ ਮਹਿਸੂਸ ਕਰਦੀ ਹਾਂ, ਕਿਉਂਕਿ ਮੈਨੂੰ ਜਾਪਦਾ ਹੈ ਕਿ ਇਸ ਮਹਾਂਮਾਰੀ ਵਿੱਚ ਇਹ ਮਹੱਤਵਪੂਰਨ ਹੈ ਕਿ ਅਸੀਂ ਸਭ ਤੋਂ ਅੱਗੇ ਰਹੀਏ। ਜਦੋਂ ਮੈਨੂੰ ਪਤਾ ਚੱਲਦਾ ਹੈ ਕਿ ਸਾਡੇ ਮਰੀਜ਼ ਵਾਪਸ ਆਪਣੇ ਪਰਿਵਾਰਾਂ ਦੇ ਕੋਲ਼ ਜਾ ਰਹੇ ਹਨ, ਤਾਂ ਉਸ ਸਮੇਂ ਜੋ ਖੁਸ਼ੀ ਮਿਲ਼ਦੀ ਹੈ ਉਹ ਸਾਡੇ ਲਈ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦਾ ਕਾਰਨ ਬਣਦੀ ਹੈ। ਪਰ ਮੇਰੇ ਪਤੀ ਜੋ ਸਾਡੇ 14 ਸਾਲ ਦੇ ਲੜਕੇ ਦੀ ਚੰਗੀ ਤਰ੍ਹਾਂ ਦੇਖਭਾਲ਼ ਕਰਦੇ ਹਨ ਅਤੇ ਮੇਰੀ ਭੂਮਿਕਾ ਨੂੰ ਵੀ ਬਾਖੂਬੀ ਸਮਝਦੇ ਹਨ, ਉਨ੍ਹਾਂ ਦੇ ਸਾਥ ਤੋਂ ਬਗੈਰ ਇਹ ਸਭ ਸੰਭਵ ਹੀ ਨਹੀਂ ਸੀ।''
ਪਰ ਹਰ ਕੋਈ ਇੰਨਾ ਸਮਝਦਾਰ ਨਹੀਂ ਸੀ ਕਿਉਂਕਿ ਕੰਮ ਕਰਨ ਬਾਅਦ ਆਪਣੀਆਂ ਰਿਹਾਇਸ਼ੀ ਇਮਾਰਤਾਂ ਵਿੱਚ ਪਰਤਣ ਵਾਲ਼ੀਆਂ ਨਰਸਾਂ ਨੂੰ ਬੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ।
''ਹਰ ਵਾਰੀ ਜਦੋਂ ਮੈਂ ਇਕਾਂਤਵਾਸ ਤੋਂ ਘਰ ਪਰਤੀ, ਤਾਂ ਮੈੰ ਦੇਖਿਆ ਕਿ ਲੋਕ ਮੇਰੇ ਰਾਹ ਵਿੱਚ ਹਲਦੀ ਅਤੇ ਨੀਮ (ਨਿੰਮ ਦਾ) ਪਾਣੀ ਡੋਲ੍ਹਦੇ ਹਨ। ਮੈਂ ਉਨ੍ਹਾਂ ਦੇ ਡਰ ਨੂੰ ਸਮਝ ਸਕਦੀ ਸਾਂ, ਪਰ ਇਹ ਕਾਫੀ ਤਕਲੀਫ਼ਦੇਹ ਸੀ,'' ਨਿਸ਼ਾ (ਬਦਲਿਆ ਨਾਮ) ਕਹਿੰਦੀ ਹਨ।
ਨਿਸ਼ਾ ਚੇਨੱਈ ਦੇ ਇੱਕ ਸਰਕਾਰੀ ਹਸਪਤਾਲ, ਜਨਾਨਾ ਰੋਗ ਸੰਸਥਾ ਵਿੱਚ ਸਟਾਫ਼ ਨਰਸ ਹਨ। ਉਨ੍ਹਾਂ ਨੇ ਕਰੋਨਾ ਵਾਇਰਸ ਪੌਜੀਟਿਵ ਗਰਭਵਤੀ ਔਰਤਾਂ ਦੀ ਦੇਖਭਾਲ ਦੇ ਕੰਮ 'ਤੇ ਲਗਾਇਆ ਗਿਆ ਸੀ। ''ਇਹ ਬੜਾ ਤਣਾਓਪੂਰਨ ਸੀ ਕਿਉਂਕਿ ਸਾਨੂੰ ਮਾਵਾਂ ਦੇ ਨਾਲ਼-ਨਾਲ਼ ਉਨ੍ਹਾਂ ਦੇ ਬੱਚਿਆਂ ਦੀ ਵੀ ਰੱਖਿਆ ਕਰਨੀ ਪੈਂਦੀ ਸੀ,'' ਅਜੇ ਹੁਣੇ ਜਿਹੇ ਹੀ, ਨਿਸ਼ਾ ਦੀ ਵੀ ਜਾਂਚ ਪੌਜੀਟਿਵ ਆਈ ਸੀ। ਤਿੰਨ ਮਹੀਨੇ ਪਹਿਲਾਂ, ਉਨ੍ਹਾਂ ਦੇ ਪਤੀ ਕੋਵਿਡ-19 ਤੋਂ ਪੀੜਤ ਹੋਏ ਅਤੇ ਬਾਅਦ ਵਿੱਚ ਠੀਕ ਹੋ ਗਏ ਸਨ। ''ਸਾਡੇ ਹਸਪਤਾਲ ਦੀਆਂ ਘੱਟ ਤੋਂ ਘੱਟ 60 ਨਰਸਾਂ ਪਿਛਲੇ ਅੱਠ ਮਹੀਨਿਆਂ ਵਿੱਚ ਕਰੋਨਾ ਵਾਇਰਸ ਦੀ ਚਪੇਟ ਵਿੱਚ ਆ ਚੁੱਕੀਆਂ ਹਨ,'' ਨਿਸ਼ਾ ਦੱਸਦੀ ਹਨ।
''ਕਲੰਕ ਨੂੰ ਦੂਰ ਕਰਨਾ ਵਾਇਰਸ ਨੂੰ ਦੂਰ ਕਰਨ ਦੇ ਮੁਕਾਬਲੇ ਕਿਤੇ ਵੱਧ ਔਖਾ ਹੈ,'' ਉਹ ਕਹਿੰਦੀ ਹਨ।
ਨਿਸ਼ਾ ਦੇ ਪੰਜ ਮੈਂਬਰੀ ਪਰਿਵਾਰ, ਜਿਨ੍ਹਾਂ ਵਿੱਚ ਉਨ੍ਹਾਂ ਦੇ ਪਤੀ, ਦੋ ਬੱਚੇ ਅਤੇ ਸੱਸ ਸ਼ਾਮਲ ਹਨ, ਨੂੰ ਚੇਨੱਈ ਵਿੱਚ ਇੱਕ ਇਲਾਕੇ ਨੂੰ ਛੱਡ ਕੇ ਦੂਸਰੇ ਇਲਾਕੇ ਵਿੱਚ ਜਾਣਾ ਪੈਂਦਾ ਸੀ ਕਿਉਂਕਿ ਉਨ੍ਹਾਂ ਦੇ ਗੁਆਂਢੀ ਡਰ ਅਤੇ ਵੈਰਪੁਣੇ ਕਾਰਨ ਉਨ੍ਹਾਂ ਨੂੰ ਕਿਤੇ ਠਹਿਰਣ ਹੀ ਨਹੀਂ ਦਿੰਦੇ ਸਨ।
ਇੰਝ ਹਰ ਵਾਰੀ ਕੋਵਿਡ-19 ਵਾਰਡ ਵਿੱਚ ਕੰਮ ਕਰਨ ਤੋਂ ਬਾਅਦ ਹਰ ਵਾਰ ਜਦੋਂ ਨਿਸ਼ਾ ਨੂੰ ਕੁਆਰੰਟੀਨ ਹੋਣਾ ਪੈਂਦਾ ਸੀ, ਤਾਂ ਉਨ੍ਹਾਂ ਨੂੰ ਆਪਣੇ ਇੱਕ ਸਾਲ ਦੇ ਦੁੱਧ ਪੀਂਦੇ ਬੱਚੇ ਤੋਂ ਕਈ ਦਿਨਾਂ ਤੀਕਰ ਦੂਰ ਰਹਿਣਾ ਪੈਂਦਾ ਸੀ। ''ਮੈਂ ਜਦੋਂ ਕੋਵਿਡ-19 ਤੋਂ ਸੰਕ੍ਰਮਿਤ ਮਾਵਾਂ ਦੇ ਪ੍ਰਸਵ ਵੇਲ਼ੇ ਉਨ੍ਹਾਂ ਦੀ ਮਦਦ ਕਰ ਰਹੀ ਹੁੰਦੀ ਸਾਂ, ਤਦ ਮੇਰੀ ਸੱਸ ਮੇਰੇ ਬੱਚਿਆਂ ਦੀ ਦੇਖਭਾਲ਼ ਕਰਦੀ ਸਨ,'' ਉਹ ਦੱਸਦੀ ਹਨ। ''ਇਹ ਅਹਿਸਾਸ ਪਹਿਲਾਂ ਵਾਂਗ ਹੀ ਅਜੀਬ ਬਣਿਆ ਹੋਇਆ ਹੈ।''
ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੁੱਧ ਚੁੰਘਾਉਣ ਵਾਲ਼ੀਆਂ ਮਾਵਾਂ ਅਤੇ ਮਹਾਂਮਾਰੀ ਤੋਂ ਪੀੜਤ ਕਰਮਚਾਰੀਆਂ ਨੂੰ ਕੋਵਿਡ-ਵਾਰਡ ਵਿੱਚ ਕੰਮ ਕਰਨ ਤੋਂ ਛੂਟ ਦੇ ਦਿੱਤੀ ਗਈ ਹੈ। ਪਰ ਪੂਰੇ ਰਾਜ ਵਿੱਚ ਨਰਸਾਂ ਦੀ ਭਾਰੀ ਕਿੱਲਤ ਦੇ ਚੱਲਦਿਆਂ ਨਿਸ਼ਾ ਜਿਹੀਆਂ ਨਰਸਾਂ ਦੇ ਕੋਲ਼ ਕੋਈ ਵਿਕਲਪ ਨਹੀਂ ਹੈ। ਦੱਖਣ ਤਮਿਲਨਾਡੂ ਦੇ ਵਿਰੁਧੁਨਗਰ ਜਿਲ੍ਹੇ ਦੀ ਨਿਵਾਸੀ, ਨਿਸ਼ਾ ਕਹਿੰਦੀ ਹਨ ਕਿ ਚੇਨੱਈ ਵਿੱਚ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੈ, ਜਿਹਦੇ ਕੋਲ਼ ਉਹ ਠਹਿਰ ਸਕੇ। ''ਮੈਂ ਤਾਂ ਕਹਾਂਗੀ ਕਿ ਇਹ ਮੇਰੇ ਜੀਵਨ ਦਾ ਸਭ ਤੋਂ ਔਖਾ ਸਮਾਂ ਸੀ।''
ਹਾਲ ਹੀ ਵਿੱਚ ਬਤੌਰ ਇੱਕ ਨਰਸ ਕੰਮ ਸ਼ੁਰੂ ਕਰਨ ਵਾਲ਼ੀ, 21 ਸਾਲਾ ਸ਼ੈਲਾ ਵੀ ਇਸ ਗੱਲ ਨਾਲ਼ ਸਹਿਮਤ ਹਨ। ਅਕਤੂਬਰ 2020 ਵਿੱਚ ਉਨ੍ਹਾਂ ਨੇ ਚੇਨੱਈ ਦੇ ਕੋਵਿਡ-19 ਦੇਖਭਾਲ਼ ਕੇਂਦਰ ਵਿੱਚ ਇੱਕ ਅਸਥਾਈ ਨਰਸ ਦੇ ਰੂਪ ਵਿੱਚ ਦੋ ਮਹੀਨਿਆਂ ਦੀ ਠੇਕੇ ਦੀ ਨੌਕਰੀ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਕੰਮਾਂ ਵਿੱਚ ਦੂਸ਼ਿਤ ਇਲਾਕਿਆਂ ਵਿੱਚ ਘਰ-ਘਰ ਜਾ ਕੇ ਸਵੈਬ ਜਾਂਚ ਕਰਨਾ ਅਤੇ ਮਾਸਕ ਪਾਉਣ ਦੇ ਮਹੱਤਵ ਅਤੇ ਹੋਰ ਸੁਰੱਖਿਆ ਉਪਾਵਾਂ ਨੂੰ ਅਪਣਾਉਣ ਬਾਰੇ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨੀ ਸ਼ਾਮਲ ਸੀ।
''ਕਈ ਥਾਵਾਂ 'ਤੇ, ਲੋਕਾਂ ਨੇ ਜਾਂਚ ਕਰਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਡੇ ਨਾਲ਼ ਬਹਿਸ ਕੀਤੀ,'' ਸ਼ੈਲਾ ਕਹਿੰਦੀ ਹਨ। ਇਸ ਤੋਂ ਇਲਾਵਾ ਸਮਾਜਿਕ ਕਲੰਕ ਵੀ ਝੱਲਣਾ ਪੈਂਦਾ ਸੀ। ''ਮੈਂ ਜਾਂਚ ਕਰਨ ਲਈ ਇੱਕ ਘਰ ਗਈ ਜਿੱਥੇ ਦਾਖਲ ਹੋਣ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਅਸੀਂ ਸਵੈਬ ਜਾਂਚ ਦੀ ਕਿਟ ਦੇ ਨਵੇਂ ਪੈਕਟ ਨੂੰ ਖੋਲ੍ਹਣ ਲਈ ਕੈਂਚੀ ਲਿਆਉਣਾ ਭੁੱਲ ਗਏ ਸਾਂ। ਅਸੀਂ ਉੱਥੋਂ ਦੇ ਲੋਕਾਂ ਪਾਸੋਂ ਕੈਂਚੀ ਮੰਗੀ ਤਾਂ ਉਨ੍ਹਾਂ ਨੂੰ ਸਾਨੂੰ ਬਕਵਾਸ ਕੈਂਚੀ ਫੜ੍ਹਾ ਦਿੱਤੀ। ਉਹ ਇੰਨੀ ਖੁੰਡੀ ਸੀ ਕਿ ਪੈਕਟ ਕੱਟਣਾ ਮੁਸ਼ਕਲ ਹੋ ਗਿਆ। ਅਸੀਂ ਜਿਵੇਂ-ਕਿਵੇਂ ਪੈਕਟ ਕੱਟ ਲਿਆ ਅਤੇ ਕੈਂਚੀ ਵਾਪਸ ਫੜ੍ਹਾਈ ਤਾਂ ਉਨ੍ਹਾਂ ਨੇ ਵਾਪਸ ਲੈਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਇਹਨੂੰ ਸੁੱਟ ਦੇਈਏ।''
ਚੇਨੱਈ ਦੀ ਗਰਮੀ ਅਤੇ ਹੁੰਮਸ ਵਿੱਚ 7 ਤੋਂ 8 ਘੰਟਿਆਂ ਤੱਕ ਪੀਪੀਈ ਕਿੱਟ ਪਾਈ ਰੱਖਣਾ ਦਾ ਮਤਲਬ ਹੈ ਸਿਰੇ ਦੀ ਪਰੇਸ਼ਾਨੀ। ਇਸ ਤੋਂ ਇਲਾਵਾ, ਉਹ ਦੱਸਦੀ ਹਨ,''ਸਾਨੂੰ ਭੋਜਨ ਜਾਂ ਪਾਣੀ ਪੀਤੇ ਬਗੈਰ ਹੀ ਕੰਮ ਕਰਨਾ ਪੈਂਦਾ ਸੀ, ਅਸੀਂ ਲੋਕਾਂ ਦੇ ਘਰਾਂ ਵਿੱਚ ਪਖਾਨੇ ਤੱਕ ਦੀ ਵਰਤੋਂ ਵੀ ਨਹੀਂ ਕਰ ਸਕਦੇ ਸਾਂ।''
ਫਿਰ ਵੀ, ਉਨ੍ਹਾਂ ਨੂੰ ਆਪਣੇ ਕੰਮ 'ਤੇ ਫ਼ਖਰ ਹੈ। ''ਮੇਰੇ ਪਿਤਾ ਦਾ ਸੁਪਨਾ ਸੀ ਕਿ ਮੈਂ ਡਾਕਟਰ ਬਣਾਂ। ਇਸਲਈ ਜਦੋਂ ਮੈਂ ਪਹਿਲੀ ਵਾਰ ਨਰਸ ਦੀ ਵਰਦੀ ਅਤੇ ਪੀਪੀਈ ਕਿੱਟ ਪਾਈ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਅਸੁਵਿਧਾ ਦੇ ਬਾਵਜੂਦ ਉਨ੍ਹਾਂ ਦੇ ਸੁਪਨੇ ਨੂੰ ਪੂਰਿਆਂ ਕਰਨ ਦੇ ਨੇੜੇ ਹੀ ਹਾਂ,'' ਉਹ ਕਹਿੰਦੀ ਹਨ। ਸ਼ੈਲਾ ਦੇ ਪਿਤਾ ਸਫਾਈ ਕਰਮੀ ਸਨ, ਜਿਨ੍ਹਾਂ ਦੀ ਮੌਤ ਸੈਪਟਿਕ ਟੈਂਕ ਦੀ ਸਫਾਈ ਕਰਦੇ ਸਮੇਂ ਹੋਈ ਸੀ।
ਜੋਖਮ ਅਤੇ ਕਲੰਕ ਤੋਂ ਇਲਾਵਾ, ਨਰਸਾਂ ਤੀਸਰੇ ਮੋਰਚੇ 'ਤੇ ਵੀ ਲੜ ਰਹੀਆਂ ਹਨ। ਕੰਮ ਦੀ ਮੰਦਹਾਲੀ ਹਾਲਤ ਅਤੇ ਨਿਗੂਣੀ ਤਨਖਾਹ। ਉਨ੍ਹਾਂ ਦੋ ਮਹੀਨਿਆਂ ਵਿੱਚੋਂ ਹਰੇਕ ਵਿੱਚ, ਸ਼ੈਲਾ ਨੇ ਕੁੱਲ 14,000 ਰੁਪਏ ਕਮਾਏ। ਨਿਸ਼ਾ 10 ਸਾਲ ਤੱਕ ਨਰਸ ਦੇ ਰੂਪ ਵਿੱਚ ਕੰਮ ਕਰਨ ਦੇ ਬਾਅਦ, ਜਿਸ ਵਿੱਚ ਇੱਕ ਸਰਕਾਰੀ ਸੰਸਥਾ ਵਿੱਚ ਠੇਕੇ 'ਤੇ ਛੇ ਸਾਲ ਤੱਕ ਕੰਮ ਕਰਨਾ ਵੀ ਸ਼ਾਮਲ ਹੈ, 15,000 ਰੁਪਏ ਕਮਾ ਪਾਉਂਦੀ ਹਨ। ਤਿੰਨ ਦਹਾਕਿਆਂ ਦੀ ਸੇਵਾ ਤੋਂ ਬਾਅਦ, ਗੋਪਾਲਾ ਦੇਵੀ ਦੀ ਕੁੱਲ ਤਨਖਾਹ 45,000 ਰੁਪਏ ਹੈ- ਜੋ ਰਾਸ਼ਟੀਕ੍ਰਿਕ ਬੈਂਕ ਦੇ ਐਂਟਰੀ- ਲੈਵਲ ਕਲਰਕ ਦੇ ਮੁਕਾਬਲੇ ਬਹੁਤ ਜ਼ਿਆਦਾ ਨਹੀਂ ਹੈ।
ਤਮਿਲਨਾਡੂ ਵਿੱਚ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਕੰਮ ਕਰਨ ਵਾਲ਼ੀਆਂ ਨਰਸਾਂ ਬਾਰੇ ਅਧਿਕਾਰਕ ਅੰਕੜੇ ਉਪਲਬਧ ਨਹੀਂ ਹਨ, ਪਰ ਸਿਹਤ ਕਰਮੀਆਂ ਦੇ ਅਨੁਸਾਰ ਇਹ ਗਿਣਤੀ 30,000 ਤੋਂ 80,000 ਵਿਚਕਾਰ ਹੈ। ਨਰਸਾਂ ਦੀਆਂ ਪਰੇਸ਼ਾਨੀਆਂ ਨੂੰ ਪ੍ਰਵਾਨ ਕਰਦਿਆਂ ਤਮਿਲਨਾਡੂ ਵਿੱਚ ਭਾਰਤੀ ਮੈਡੀਕਲ ਪਰਿਸ਼ਦ (ਆਈਐੱਮਸੀ) ਦੇ ਪ੍ਰਧਾਨ ਡਾਕਟਰ ਸੀ.ਐੱਨ. ਰਾਜਾ ਕਹਿੰਦੇ ਹਨ ਕਿ ਆਈਐੱਮਸੀ ਨੇ ਉਨ੍ਹਾਂ ਲਈ ਕਾਊਂਸਲਿੰਗ ਦਾ ਬੰਦੋਬਸਤ ਕਰਨ ਦਾ ਯਤਨ ਕੀਤਾ ਸੀ। ''ਖਾਸ ਰੂਪ ਨਾਲ਼ ਉਨ੍ਹਾਂ ਲਈ ਜੋ ਆਈਸੀਯੂ ਵਿੱਚ ਕੰਮ ਕਰਦੀਆਂ ਹਨ। ਉਹ ਪੂਰੀ ਤਰ੍ਹਾਂ ਨਾਲ਼ ਇਹ ਜਾਣਦੇ ਹੋਏ ਕਿ ਉਹ ਅਸੁਰੱਖਿਅਤ ਹਨ, ਆਪਣੇ ਕਰਤੱਵਾਂ ਦਾ ਪਾਲਣ ਕਰਨ ਲਈ ਅੱਗੇ ਆਉਂਦੀਆਂ ਹਨ ਅਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਦੀ ਚੰਗੀ ਦੇਖਭਾਲ਼ ਕਰਨੀ ਚਾਹੀਦੀ ਹੈ।''
ਨਰਸਾਂ ਨੂੰ ਨਹੀਂ ਜਾਪਦਾ ਕਿ ਉਨ੍ਹਾਂ ਦੀ ਚੰਗੀ ਦੇਖਭਾਲ਼ ਕੀਤੀ ਜਾ ਰਹੀ ਹੈ।
''ਇਸ ਰਾਜ ਵਿੱਚ, 15,000 ਤੋਂ ਵੱਧ ਅਸਥਾਈ ਨਰਸਾਂ ਹਨ,'' ਕੱਲਾਕੁਰਿਚੀ ਜਿਲ੍ਹੇ ਦੇ ਇੱਕ ਪੁਰਸ਼ ਨਰਸ ਅਤੇ ਤਮਿਲਨਾਡੂ ਸਰਕਾਰੀ ਨਰਸ ਐਸੋਸੀਏਸ਼ਨ ਦੇ ਪ੍ਰਧਾਨ ਦੇ ਸ਼ਕਤੀਵੇਲ ਕਹਿੰਦੇ ਹਨ। ''ਸਾਡੀਆਂ ਮੁੱਖ ਮੰਗਾਂ ਵਿੱਚੋਂ ਇੱਕ ਹੈ ਢੁੱਕਵੀਂ ਤਨਖਾਹ। ਇੰਡੀਅਨ ਨਰਸਿੰਗ ਕਾਊਂਸਿਲ ਦੇ ਮਿਆਰਾਂ ਮੁਤਾਬਕ ਨਾ ਤਾਂ ਭਰਤੀਆਂ ਕੀਤੀਆਂ ਜਾਂਦੀਆਂ ਹਨ ਅਤੇ ਨਾ ਹੀ ਤਰੱਕੀ ਕੀਤੀ ਜਾਂਦੀ ਹੈ।''
''18,000 ਅਸਥਾਈ ਨਰਸਾਂ ਵਿੱਚੋਂ ਸਿਰਫ਼ 4,500 ਨੂੰ ਪੱਕਾ ਕੀਤਾ ਗਿਆ ਹੈ,'' ਹੈਲਥ ਵਰਕਸਰ ਫੈਡਰੇਸ਼ਨ ਦੀ ਮਹਾਂਸਕੱਤਰ, ਡਾਕਟਰ ਏ.ਆਰ. ਸ਼ਾਂਤੀ ਕਹਿੰਦੀ ਹਨ। ਇਹ ਫੈਡਰੇਸ਼ਨ ਤਮਿਲਨਾਡੂ ਵਿੱਚ ਸਿਹਤ ਕਰਮੀਆਂ ਦਾ ਇੱਕ ਸਮੂਹਿਕ ਸੰਗਠਨ ਹੈ। ''ਬਾਕੀ ਨਰਸਾਂ ਵੀ ਓਨਾ ਹੀ ਕੰਮ ਕਰਦੀਆਂ ਹਨ ਜਿੰਨਾ ਕਿ ਸਥਾਈ ਨਰਸਾਂ, ਪਰ ਉਨ੍ਹਾਂ ਨੂੰ ਹਰ ਮਹੀਨੇ ਸਿਰਫ਼ 14,000 ਰੁਪਏ ਮਿਲ਼ਦ ਹਨ। ਉਹ ਪੱਕੀਆਂ ਨਰਸਾਂ ਵਾਂਗ ਛੁੱਟੀ ਵੀ ਨਹੀਂ ਲੈ ਸਕਦੀਆਂ। ਜੇਕਰ ਉਨ੍ਹਾਂ ਨੂੰ ਐਮਰਜੈਂਸੀ ਛੁੱਟੀ ਲੈਣੀ ਵੀ ਪੈਂਦੀ ਹੈ ਤਾਂ ਉਨ੍ਹਾਂ ਦੀ ਤਨਖਾਹ ਦਾ ਨੁਕਸਾਨ ਹੁੰਦਾ ਹੈ।''
ਅਜੇ ਇਹ ਹਾਲਤ ਚੰਗੇ ਦਿਨਾਂ ਦੀ ਹੈ।
ਸਰਕਾਰੀ ਅਤੇ ਨਿੱਜੀ ਦੋਵਾਂ ਹਸਪਤਾਲਾਂ ਵਿੱਚ ਕੰਮ ਕਰ ਚੁੱਕੀ ਤਜ਼ਰਬੇਕਾਰ ਨਰਸ, ਗੋਪਾਲਾ ਦੇਵੀ ਕਹਿੰਦੀ ਹਨ ਕਿ ਲਗਭਗ ਇੱਕ ਸਾਲ ਦੇ ਅੰਦਰ ਅੰਦਰ ਕੋਵਿਡ-19 ਨੇ ਅਜਿਹੀ ਹਾਲਤ ਪੈਦਾ ਕਰ ਦਿੱਤੀ ਹੈ, ਜੋ ਪਹਿਲਾਂ ਕਦੇ ਨਹੀਂ ਦੇਖੀ ਗਈ। ''ਭਾਰਤ ਦਾ ਪਹਿਲਾ ਐੱਚਆਈਵੀ ਮਾਮਲਾ (1986 ਵਿੱਚ) ਚੇਨੱਦੀ ਦੇ ਮਦਰਾਸ ਮੈਡੀਕਲ ਕਾਲਜ (ਰਾਜੀਵ ਗਾਂਧੀ ਹਸਪਤਾਲ ਨਾਲ਼ ਜੁੜਿਆ) ਪਾਇਆ ਗਿਆ ਸੀ,'' ਉਹ ਚੇਤੇ ਕਰਦੀ ਹਨ। ''ਪਰ ਐੱਚਆਈਵੀ ਰੋਗੀਆਂ ਦਾ ਇਲਾਜ ਕਰਦੇ ਵੇਲ਼ੇ ਵੀ, ਅਸੀਂ ਇਸ ਬਾਰੇ ਚਿੰਤਤ ਨਹੀਂ ਸਾਂ। ਸਾਨੂੰ ਕਦੇ ਵੀ ਪੂਰੀ ਤਰ੍ਹਾਂ ਨਾਲ਼ ਖੁਦ ਨੂੰ ਪੂਰੀ ਤਰ੍ਹਾਂ ਢੱਕਣਾ ਨਹੀਂ ਪਿਆ। ਕੋਵਿਡ-19 ਕਿਤੇ ਵੱਧ ਅਣਕਿਆਸਿਆ ਹੈ ਅਤੇ ਇਹਦੇ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ।''
ਮਹਾਂਮਾਰੀ ਨਾਲ਼ ਲੜਾਈ ਨੇ ਜੀਵਨ ਨੂੰ ਉਲਟਾ ਕੇ ਰੱਖ ਦਿੱਤਾ ਹੈ, ਉਹ ਕਹਿੰਦੀ ਹਨ। ''ਜਦੋਂ ਪੂਰੀ ਦੁਨੀਆ ਤਾਲਾਬੰਦੀ ਦੇ ਕਾਰਨ ਬੰਦ ਸੀ, ਤਦ ਅਸੀਂ ਕੋਵਿਡ-19 ਦੇ ਵਾਰਡਾਂ ਵਿੱਚ ਪਹਿਲਾਂ ਤੋਂ ਕਿਤੇ ਵੱਧ ਰੁਝੇ ਹੋਏ ਸਾਂ। ਇੰਝ ਨਹੀਂ ਹੈ ਕਿ ਤੁਸੀਂ ਜਿਸ ਹਾਲਤ ਵਿੱਚ ਹੋ ਉਸੇ ਵਿੱਚ ਹੀ ਵਾਰਡ ਅੰਦਰ ਪ੍ਰਵੇਸ਼ ਕਰ ਸਕਦੇ ਹੋ। ਜੇਕਰ ਮੇਰੀ ਡਿਊਟੀ ਸਵੇਰੇ 7 ਵਜੇ ਦੀ ਹੈ ਤਾਂ ਮੈਨੂੰ 6 ਵਜੇ ਤੋਂ ਹੀ ਤਿਆਰ ਰਹਿਣਾ ਪਵੇਗਾ। ਪੀਪੀਈ ਸੂਟ ਪਾਉਣ ਅਤੇ ਇਹ ਯਕੀਨੀ ਬਣਾਉਣਾ ਕਿ ਜਦੋਂ ਤੱਕ ਮੈਂ ਵਾਰਡ ਤੋਂ ਬਾਹਰ ਨਾ ਆ ਜਾਵਾਂ, ਉਦੋਂ ਤੱਕ ਮੇਰਾ ਢਿੱਡ ਭਰਿਆ ਰਹੇਗਾ- ਮੈਂ ਪੀਪੀਈ ਸੂਟ ਵਿੱਚ ਨਾ ਤਾਂ ਪਾਣੀ ਪੀ ਸਕਦੀ ਹਾਂ ਅਤੇ ਨਾ ਹੀ ਕੁਝ ਖਾ ਹੀ ਸਕਦੀ ਹਾਂ- ਕੰਮ ਉੱਥੋਂ ਹੀ ਸ਼ੁਰੂ ਹੋ ਜਾਂਦਾ ਹੈ।''
''ਇਹ ਇਸ ਤਰ੍ਹਾਂ ਨਾਲ਼ ਹੁੰਦਾ ਹੈ,'' ਨਿਸ਼ਾ ਦੱਸਦੀ ਹਨ। ''ਤੁਸੀਂ ਕੋਵਿਡ ਵਾਰਡ ਵਿੱਚ ਸੱਤ ਦਿਨ ਕੰਮ ਕਰਦੇ ਹੋ ਅਤੇ ਸੱਤ ਦਿਨਾਂ ਲਈ ਖੁਦ ਨੂੰ ਅਲੱਗ ਕਰ ਲੈਂਦੇ ਹੋ। ਸਾਡੇ ਵਾਰਡ ਵਿੱਚ ਕਰੀਬ 60-70 ਨਰਸਾਂ ਵਾਰੋ-ਵਾਰੀ ਕੰਮ ਕਰਦੀਆਂ ਹਨ। ਮਰੀਜਾਂ ਦੀ ਗਿਣਤੀ ਦੇ ਅਧਾਰ 'ਤੇ, ਇੱਕ ਹਫ਼ਤੇ ਤੱਕ 3 ਤੋਂ 6 ਨਰਸਾਂ ਕੰਮ ਕਰਦੀਆਂ ਹਨ। (ਜਿਹਦਾ ਮਤਲਬ ਇਹ ਹੈ ਕਿ 3 ਤੋਂ 6 ਹੋਰ ਨਰਸਾਂ ਓਨੇ ਹੀ ਸਮੇਂ ਤੱਕ ਇਕਾਂਤਵਾਸ ਵਿੱਚ ਹੁੰਦੀਆਂ ਹਨ)। ਮੋਟਾ ਮੋਟੀ ਸਾਡੇ ਵਿੱਚੋਂ ਹਰੇਕ ਨੂੰ 50 ਦਿਨਾਂ ਵਿੱਚ ਇੱਕ ਵਾਰ ਕੋਵਿਡ ਡਿਊਟੀ 'ਤੇ ਰੱਖਿਆ ਜਾਂਦਾ ਰਿਹਾ।''
ਇਹਦਾ ਮਤਲਬ ਹੈ ਕਿ ਨਰਸ ਦੇ ਹਰ ਸੱਤ ਦਿਨਾਂ ਦੇ ਕਲੈਂਡਰ ਵਿੱਚ ਦੋ ਹਫ਼ਤੇ ਕੋਵਿਡ-19 ਦੇ ਖਿਲਾਫ਼ ਲੜਾਈ ਦੇ ਉੱਚ-ਜੋਖਮ ਵਾਲ਼ੇ ਹਿੱਸੇ ਦੇ ਰੂਪ ਵਿੱਚ ਬਿਤਾਏ ਜਾਂਦੇ ਹਨ। ਨਰਸਾਂ ਦੀ ਘਾਟ ਅਤੇ ਸੰਕਟ ਦੀ ਹਾਲਤ ਉਸ ਬੋਝ ਨੂੰ ਬਦ ਤੋਂ ਬਦਤਰ ਬਣਾ ਸਕਦੀ ਹੈ। ਕੋਵਿਡ ਡਿਊਟੀ ਕਰਨ ਵਾਲ਼ੀਆਂ ਨਰਸਾਂ ਨੂੰ ਸਰਕਾਰ ਦੁਆਰਾ ਕੁਆਰੰਟੀਨ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀ ਜਾਂਦੀਆਂ ਹਨ।
ਤਕਨੀਕੀ ਤੌਰ 'ਤੇ ਕੰਮ ਕਰਨ ਦੀ ਸੀਮਾ 6 ਘੰਟੇ ਹੈ, ਪਰ ਬਹੁਤੇਰੀਆਂ ਨਰਸਾਂ ਉਸ ਨਾਲ਼ੋਂ ਦੁਗਣਾ ਕੰਮ ਕਰਦੀਆਂ ਹਨ। ''ਰਾਤ ਦੀ ਸ਼ਿਫਟ, ਲਾਜ਼ਮੀ ਰੂਪ ਨਾਲ਼ 12 ਘੰਟੇ ਦੀ ਹੁੰਦੀ ਹੈ- ਸ਼ਾਮੀਂ 7 ਵਜੇ ਤੋਂ ਸਵੇਰੇ 7 ਵਜੇ ਤੱਕ। ਪਰ ਦੂਸਰੀ ਸ਼ਿਫਟ ਵਿੱਚ ਵੀ, ਸਾਡਾ ਕੰਮ ਛੇ ਘੰਟਿਆਂ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ। ਜ਼ਿਆਦਾਤਰ, ਕੋਈ ਵੀ ਸ਼ਿਫਟ ਘੱਟ ਤੋਂ ਘੱਟ ਇੱਕ ਜਾਂ ਦੋ ਘੰਟੇ ਤੋਂ ਵੱਧ ਹੀ ਖਿੱਚੀ ਜਾਂਦੀ ਹੈ,'' ਨਿਸ਼ਾ ਕਹਿੰਦੀ ਹਨ।
ਭਰਤੀ ਦੇ ਦੋਸ਼ ਭਰੇ ਤਰੀਕਿਆਂ ਕਰਕੇ ਹਰੇਕ ਦਾ ਬੋਝ ਵੱਧ ਜਾਂਦਾ ਹੈ।
ਜਿਵੇਂ ਕਿ ਡਾਕਟਰ ਸ਼ਾਂਤੀ ਦੱਸਦੀ ਹਨ: ''ਨਵੀਂ ਨਰਸਾਂ ਦੀ ਭਰਤੀ ਕਰਨ ਦੀ ਬਜਾਇ, ਨਵੇਂ (ਕੋਵਿਡ) ਕੇਂਦਰ ਉਨ੍ਹਾਂ ਨੂੰ ਦੂਸਰੇ ਹਸਪਤਾਲਾਂ ਤੋਂ ਭਰਤੀ ਕਰਦੇ ਹਨ। ਅਜਿਹੇ ਸਮੇਂ ਵਿੱਚ, ਤੁਹਾਨੂੰ ਬਹੁਤ ਸਮਝੌਤਾ ਕਰਨਾ ਪੈਂਦਾ ਹੈ। ਜੇਕਰ ਇੱਕ ਸ਼ਿਫਟ ਵਿੱਚ ਛੇ ਨਰਸਾਂ ਦੀ ਲੋੜ ਹੈ, ਤਾਂ ਕਈ ਹਸਪਤਾਲਾਂ ਨੂੰ ਸਿਰਫ਼ ਦੋ ਨਾਲ਼ ਹੀ ਕੰਮ ਚਲਾਉਣਾ ਪੈ ਰਿਹਾ ਹੈ। ਇਸ ਤੋਂ ਇਲਾਵਾ, ਕੋਵਿਡ ਆਈਸੀਯੂ ਵਿੱਚ ਇੱਕ ਮਰੀਜ਼ 'ਤੇ ਇੱਕ ਨਰਸ ਹੋਣਾ ਲਾਜਮੀ ਤਾਂ ਹੈ ਪਰ ਚੇਨੱਈ ਨੂੰ ਛੱਡ ਕੇ, ਕਿਸੇ ਵੀ ਜਿਲ੍ਹੇ ਵਿੱਚ ਕੋਈ ਵੀ ਹਸਪਤਾਲ ਇਹਦਾ ਪਾਲਣ ਨਹੀਂ ਕਰ ਰਿਹਾ ਹੈ। ਪਰੀਖਣਾਂ ਵਿੱਚ ਜਾਂ ਬੈੱਡ ਹਾਸਲ ਕਰਨ ਵਿੱਚ ਦੇਰੀ ਬਾਰੇ ਤੁਸੀਂ ਜੋ ਵੀ ਸ਼ਿਕਾਇਤਾਂ ਸੁਣ ਰਹੇ ਹੋ, ਉਹ ਖਾਸ ਰੂਪ ਨਾਲ਼ ਇਹਦੇ ਨਾਲ਼ ਜੁੜੀਆਂ ਹਨ।''
ਜੂਨ 2020 ਵਿੱਚ, ਰਾਜ ਸਰਕਾਰ ਨੇ ਚਾਰ ਜਿਲ੍ਹਿਆਂ- ਚੇਨੱਈ, ਚੇਂਗਲਪੱਟੂ, ਕਾਂਚੀਪੁਰਮ ਅਤੇ ਥਿਰੂਵਾਲੌਰ- ਖਾਸ ਰੂਪ ਨਾਲ਼ ਕੋਵਿਡ ਡਿਊਟੀ ਲਈ, 14,000 ਰੁਪਏ ਮਹੀਨੇਵਾਰ ਤਨਖਾਹ 'ਤੇ ਲਈ 2,000 ਨਰਸਾਂ ਦੀ ਭਰਤੀ ਕੀਤੀ ਸੀ। ਇਹ ਸੰਖਿਆ ਕਿਸੇ ਵੀ ਤਰ੍ਹਾਂ ਕਾਫੀ ਨਹੀਂ ਹੈ, ਡਾਕਟਰ ਸ਼ਾਂਤੀ ਕਹਿੰਦੀ ਹਨ।
29 ਜਨਵਰੀ ਨੂੰ, ਪੂਰੇ ਰਾਜ ਵਿੱਚ ਨਰਸਾਂ ਨੇ ਇੱਕ ਦਿਨ ਦਾ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀਆਂ ਮੰਗਾਂ ਵਿੱਚ ਸ਼ਾਮਲ ਸੀ-ਕੇਂਦਰ ਸਰਕਾਰ ਦੇ ਨਾਲ਼ ਕੰਮ ਕਰਨ ਵਾਲ਼ੀਆਂ ਨਰਸਾਂ ਦੇ ਬਰਾਬਰ ਤਨਖਾਹ ਦਾ ਹੋਣਾ; ਸੰਕਟ ਮੌਕੇ ਕੋਵਿਡ ਵਾਰਡਾਂ ਵਿੱਚ ਕੰਮ ਕਰਨ ਵਾਲ਼ੀਆਂ ਨਰਸਾਂ ਲਈ ਬੋਨਸ; ਅਤੇ ਡਿਊਟੀ ਦੌਰਾਨ ਮਰਨ ਵਾਲ਼ੀਆਂ ਨਰਸਾਂ ਦੇ ਪਰਿਵਾਰਾਂ ਨੂੰ ਮੁਆਵਜਾ।
ਸਿਹਤ ਕਰਮੀ ਹੋਰ ਵਾਰਡਾਂ ਵਿੱਚ ਕੰਮ ਕਰਨ ਵਾਲ਼ੀਆਂ ਨਰਸਾਂ ਦੇ ਲਈ ਇੱਕੋ ਜਿਹੀ ਚਿੰਤਾ ਰੱਖਦੇ ਹਨ। ''ਖਤਰੇ ਦਾ ਪੱਧਰ ਵੱਖ-ਵੱਖ ਹੋ ਸਕਾ ਹੈ, ਪਰ ਗੈਰ-ਕੋਵਿਡ ਵਾਰਡ ਵਿੱਚ ਕੰਮ ਕਰਨ ਵਾਲ਼ਿਆਂ ਨੂੰ ਵੀ ਖ਼ਤਰਾ ਹੈ। ਮੇਰਾ ਮੰਨਣਾ ਹੈ ਕਿ ਕੋਵਿਡ-ਡਿਊਟੀ 'ਤੇ ਕੰਮ ਕਰਨ ਵਾਲ਼ੀਆਂ ਨਰਸਾਂ ਮੁਕਾਬਲਤਨ ਬੇਹਤਰ ਹਾਲਤ ਵਿੱਚ ਹਨ ਕਿਉਂਕਿ ਉਨ੍ਹਾਂ ਨੂੰ ਘੱਟੋ-ਘੱਟ ਪੀਪੀਈ ਸੂਟ ਅਤੇ ਐੱਨ95 ਮਾਸਕ ਤਾਂ ਮਿਲ਼ਦੇ ਹਨ- ਉਹ ਇਹਦੀ ਮੰਗ ਵੀ ਕਰ ਸਕਦੀਆਂ ਹਨ, ਇਹ ਉਨ੍ਹਾਂ ਦਾ ਅਧਿਕਾਰ ਹੈ। ਪਰ ਹੋਰ ਲੋਕ ਸਪੱਸ਼ਟ ਰੂਪ ਨਾਲ਼ ਇੰਝ ਨਹੀਂ ਕਰ ਸਕਦੇ,'' ਡਾਕਟਰ ਸ਼ਾਂਤੀ ਕਹਿੰਦੀ ਹਨ।
ਕਈ ਲੋਕ ਰਾਮਨਾਥਪੁਰਮ ਜਿਲ੍ਹੇ ਦੇ ਮੰਡਪਮ ਕੈਂਪ, ਜਿੱਥੇ ਕੋਵਿਡ ਰੋਗੀਆਂ ਦਾ ਇਲਾਜ ਚੱਲ ਰਿਹਾ ਸੀ, ਵਿੱਚ ਨਰਸਿੰਗ ਨਿਗਰਾਨ ਦੇ ਰੂਪ ਵਿੱਚ ਕੰਮ ਕਰਨ ਵਾਲ਼ੀ 55 ਸਾਲਾ ਐਂਥੋਨਿਯੰਮਲ ਅਮੀਰਤਾਸੇਲਵੀ ਦੀ ਮਿਸਾਲ ਦਿੰਦੇ ਹਨ। 10 ਅਕਤੂਬਰ ਨੂੰ, ਕੋਵਿਡ-19 ਨੇ ਕਾਰਡੀਓ ਦੇ ਰੋਗੀ ਅਮੀਰਤਾਸੇਲਵੀ ਦੀ ਜਾਨ ਲੈ ਲਈ। ''ਜਦੋਂ ਉਹ ਥੋੜ੍ਹੀ ਜਿਹੀ ਵੀ ਬੀਮਾਰ ਹੁੰਦੀ ਤਾਂ ਵੀ ਆਪਣਾ ਕੰਮ ਕਰਦੀ ਰਹਿੰਦੀ ਸਨ,'' ਉਨ੍ਹਾਂ ਦੇ ਪਤੀ ਏ. ਗਨਾਨਰਾਜ ਕਹਿੰਦੇ ਹਨ। ''ਉਹਨੇ ਸੋਚਿਆ ਕਿ ਇਹ ਆਮ ਬੁਖਾਰ ਹੈ, ਪਰ ਉਹਦੀ ਕੋਵਿਡ-19 ਜਾਂਚ ਪੌਜੀਟਿਵ ਆਈ ਅਤੇ ਉਹਦੇ ਬਾਅਦ ਕੁਝ ਵੀ ਨਹੀਂ ਕੀਤਾ ਜਾ ਸਕਿਆ।'' ਅਮੀਰਤਾਸੇਲਵੀ ਨੂੰ ਮਦੁਰਈ ਜਨਰਲ ਹਸਪਤਾਲ ਤੋਂ ਮੰਡਪਮ ਕੈਂਪ ਵਿੱਚ ਇੱਕ ਸਾਲ ਪਹਿਲਾਂ ਤਬਦੀਲ ਕੀਤਾ ਗਿਆ ਸੀ।
ਇੰਨਾ ਹੀ ਨਹੀਂ ਕਲੰਕ ਵੀ ਝੱਲਣਾ ਪੈਂਦਾ ਹੈ- ਜੋ ਦਲਿਤ ਨਰਸਾਂ ਲਈ ਇੱਕ ਦੂਹਰੀ ਮਾਰ ਹੈ।
ਪੁਰਸਕਾਰ ਜੇਤੂ ਤਮੀਝ ਸੇਲਵੀ (ਸਭ ਤੋਂ ਉੱਪਰ ਕਵਰ ਫੋਟੋ ਵਿੱਚ) ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਉਹ ਮੂਲ਼ ਰੂਪ ਨਾਲ਼ ਰਾਨੀਪੇਟ (ਪਹਿਲਾਂ ਵੈਲੌਰ) ਜਿਲ੍ਹੇ ਦੇ ਵਾਲਜਾਹਪੇਟ ਤਾਲੁਕ ਦੇ ਲਾਲਪੇਟ ਪਿੰਡ ਦੇ ਇੱਕ ਦਲਿਤ ਪਰਿਵਾਰ ਨਾਲ਼ ਸਬੰਧਤ ਹਨ। ਪਰਿਵਾਰ ਨੇ ਸਦਾ ਪੱਖਪਾਤ ਦਾ ਸਾਹਮਣਾ ਕੀਤਾ ਹੈ।
ਕੋਵਿਡ-19 ਨਾਲ਼ ਲੜਨ ਵਾਲ਼ੀ ਇੱਕ ਨਰਸ ਹੋਣ ਦੇ ਨਾਤੇ ਹੁਣ ਕਲੰਕ ਦਾ ਇੱਕ ਨਵਾਂ ਪੱਧਰ ਝੱਲਣਾ ਪੈ ਰਿਹਾ ਹੈ। ''ਕੁਆਰੰਟੀਨ ਦੇ ਬਾਅਦ ਝੌਲਾ ਚੁੱਕੀ ਘਰ ਮੁੜਦੇ ਸਮੇਂ,'' ਤਮੀਝ ਸੇਲਵੀ ਕਹਿੰਦੀ ਹਨ,''ਜਿਸ ਪਲ ਮੈਂ ਆਪਣੀ ਗਲ਼ੀ ਵਿੱਚ ਪੈਰ ਰੱਖਦੀ ਹਾਂ, ਜਾਣ-ਪਛਾਣ ਵਾਲ਼ੇ ਲੋਕ ਵੀ ਮੈਨੂੰ ਦੇਖ ਦੇ ਆਪਣੇ ਬੂਹੇ ਬੰਦ ਕਰ ਲੈਂਦੇ ਹਨ। ਮੈਨੂੰ ਬੜਾ ਬੁਰਾ ਲੱਗਦਾ ਹੈ, ਪਰ ਮੈਂ ਸਮਝਣ ਦੀ ਕੋਸ਼ਿਸ਼ ਕਰਦੀ ਹਾਂ ਕਿ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।''
ਤਮਿਲ ਕਵਿਤਰੀ ਅਤੇ ਤਮੀਝ ਸੇਲਵੀ ਦੀ ਭੈਣ, ਸੁਕਿਰਤਾਰਾਣੀ ਦੱਸਦੀ ਹਨ ਕਿ ਉਨ੍ਹਾਂ ਦੀਆਂ ਤਿੰਨੋਂ ਭੈਣਾਂ ਨੇ ਨਰਸਿੰਗ ਨੂੰ ਆਪਣਾ ਕੈਰੀਅਰ ਕਿਉਂ ਚੁਣਿਆ: ''ਇਹ ਸਿਰਫ਼ ਸਾਡੀ ਗੱਲ ਨਹੀਂ ਹੈ, ਦਲਿਤ ਪਰਿਵਾਰਾਂ ਦੇ ਕਈ ਲੋਕਾਂ ਨੇ ਨਰਸ ਬਣਨ ਦਾ ਵਿਕਲਪ ਚੁਣਿਆ ਹੈ। ਜਦੋਂ ਮੇਰੀ ਸਭ ਤੋਂ ਵੱਡੀ ਭੈਣ ਨਰਸ ਬਣੀ ਤਾਂ ਜੋ ਲੋਕ ਪਹਿਲਾਂ ਸਾਡੇ ਘਰ ਆਉਣੋਂ ਝਿਜਕਦੇ ਸਨ, ਉਹ ਵੀ ਮਦਦ ਮੰਗਣ ਸਾਡੇ ਘਰ ਆਉਣ ਲੱਗੇ। ਊਰ ਦੇ ਕਾਫੀ ਲੋਕ ਚੇਰੀ ਵਿੱਚ ਸਾਡੇ ਘਰ ਵੱਲ ਇਸ਼ਾਰਾ ਕਰਕੇ ਕਹਿੰਦੇ ਸਨ ਕਿ ਉਹ ਵੀ ਆਪਣੇ ਬੱਚਿਆਂ ਨੂੰ ਉਸੇ ਤਰ੍ਹਾਂ ਸਿੱਖਿਅਤ ਕਰਨਾ ਚਾਹੁੰਦੇ ਹਨ ਜਿਵੇਂ ਮੇਰੇ ਪਿਰਾਤ ਸ਼ਨਸੁਗਮ ਨੇ ਕੀਤਾ ਸੀ। (ਪਰੰਪਰਾਗਤ ਤੌਰ 'ਤੇ ਤਮਿਲਨਾਡੂ ਦੇ ਪਿੰਡ ਊਰ ਅਤੇ ਚੇਰੀ ਵਿੱਚ ਵੰਡੇ ਹੋਏ ਹਨ, ਊਰ ਵਿੱਚ ਪ੍ਰਮੁੱਖ ਜਾਤੀਆਂ ਰਹਿੰਦੀਆਂ ਹਨ ਜਦੋਂ ਕਿ ਚੇਰੀ ਵਿੱਚ ਦਲਿਤ ਰਹਿੰਦੇ ਹਨ)। ਮੈਂ ਖੁਦ ਇੱਕ ਸਕੂਲ ਟੀਚਰ ਹਾਂ ਅਤੇ ਮੇਰਾ ਇੱਕ ਹੋਰ ਭਰਾ ਵੀ ਟੀਚਰ ਹੈ। ਮੇਰੀਆਂ ਭੈਣਾਂ ਨਰਸਾਂ ਹਨ।
''ਇੱਕ ਭਰਾ ਨੂੰ ਛੱਡ ਕੇ ਜੋ ਇੰਜੀਨੀਅਰ ਹੈ, ਬਾਕੀ ਅਸੀਂ ਸਾਰੇ ਜਣੇ ਹੀ ਸਮਾਜ ਨੂੰ ਸਹੀ ਦਿਸ਼ਾ ਵਿੱਚ ਲਿਆਉਣ ਵਾਲ਼ੀ ਡਿਊਟੀ ਕਰਦੇ ਹਾਂ। ਸਾਡੇ ਪਿੱਠਭੂਮੀ ਦੇ ਹਿਸਾਬ ਨਾਲ਼, ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ। ਜਦੋਂ ਮੇਰੀ ਸਭ ਤੋਂ ਵੱਡੀ ਭੈਣ ਨੇ ਨਰਸ ਦੀ ਵਰਦੀ ਪਾਈ ਤਾਂ ਇਸ ਨਾਲ਼ ਉਨ੍ਹਾਂ ਨੂੰ ਰੁਤਬਾ ਅਤੇ ਸਨਮਾਨ ਮਿਲ਼ਿਆ। ਪਰ ਇਹ ਉਨ੍ਹਾਂ ਦੇ ਨਰਸ ਬਣਨ ਦੇ ਕਾਰਨਾਂ ਵਿੱਚੋਂ ਸਿਰਫ਼ ਇੱਕ ਕਾਰਨ ਸੀ। ਸੱਚਾਈ ਇਹ ਹੈ ਕਿ ਡਾ. ਬਾਬਾ ਸਾਹੇਬ ਅੰਬੇਦਕਰ ਵਾਂਗ ਅਸੀਂ ਪੂਰੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹਾਂ।''
ਭਾਵੇਂ ਇਹਦਾ ਮਤਲਬ ਕੁਝ ਚਿੰਤਾਜਨਕ ਪਲਾਂ ਦਾ ਹੋਣਾ ਹੋਵੇ ਜਦੋਂ ਨਰਸ ਤਮੀਝ ਸੇਲਵੀ ਵਾਰਡ ਵਿੱਚ ਡਿਊਟੀ ਤੋਂ ਬਾਅਦ ਕੋਵਿਡ-19 ਜਾਂਚ ਵਿੱਚ ਪੌਜੀਟਿਵ ਆਈ ਸਨ। ''ਮੈਨੂੰ ਇਸ ਗੱਲ ਦੀ ਵੱਧ ਚਿੰਤਾ ਸੀ ਕਿ ਉਹ ਆਪਣੀ ਡਿਊਟੀ ਨਹੀਂ ਕਰ ਪਾਵੇਗੀ,'' ਸੁਕਿਰਤਾਰਾਣੀ ਮੁਸਕਰਾਉਂਦਿਆਂ ਕਹਿੰਦੀ ਹਨ। ''ਪਰ ਠੀਕ ਹੈ, ਅਸੀਂ ਪਹਿਲਾਂ ਇੱਕ-ਦੋ ਵਾਰ ਚਿੰਤਤ ਹੋਏ, ਹੁਣ ਸਾਨੂੰ ਇਹਦੀ ਆਦਤ ਹੋ ਗਈ ਹੈ।''
''ਕੋਵਿਡ ਦੀ ਡਿਊਟੀ ਵਿੱਚ ਪੈਰ ਰੱਖਣਾ ਅੱਗ ਵਿੱਚ ਤੁਰਨ ਜਿਹਾ ਹੈ, ਉਹਦੇ ਖਤਰੇ ਨੂੰ ਜਾਣਨ ਦੇ ਬਾਵਜੂਦ ਵੀ,'' ਗੋਪਾਲਾ ਦੇਵੀ ਕਹਿੰਦੀ ਹਨ। ''ਪਰ ਜਦੋਂ ਅਸੀਂ ਨਰਸਿੰਗ ਕਰਨ ਦਾ ਫੈਸਲਾ ਕਰ ਹੀ ਲਿਆ ਸੀ ਤਦ ਸਾਡੀ ਇਹ ਚੋਣ ਵੀ ਸੁਭਾਵਕ ਹੀ ਹੈ। ਇਹ ਸਮਾਜ ਦੀ ਸੇਵਾ ਕਰਨਾ ਦਾ ਸਾਡਾ ਤਰੀਕਾ ਹੈ।''
ਕਵਿਤਾ ਮੁਰਲੀਧਰਨ ਠਾਕੁਰ ਫੈਮਿਲੀ ਫਾਊਂਡੇਸ਼ਨ ਪਾਸੋਂ ਇੱਕ ਸੁਤੰਤਰ ਪੱਤਰਕਾਰਿਤਾ ਗਰਾਂਟ ਦੇ ਜ਼ਰੀਏ ਜਨਤਕ ਸਿਹਤ ਅਤੇ ਨਾਗਰਿਕ ਸੁਤੰਤਰਤਾ ' ਤੇ ਰਿਪੋਰਟ ਕਰਦੀ ਹਨ। ਠਾਕੁਰ ਫੈਮਿਲੀ ਫਾਊਂਡੇਸ਼ਨ ਦਾ ਇਸ ਰਿਪੋਰਟ ਦੀ ਸਮੱਗਰੀ ' ਤੇ ਕਿਸੇ ਤਰ੍ਹਾਂ ਦਾ ਕੋਈ ਨਿਯੰਤਰਣ ਨਹੀਂ ਹੈ।
ਕਵਰ ਫ਼ੋਟੋ : ਐੱਮ. ਪਾਲਨੀ ਕੁਮਾਰ
ਤਰਜਮਾ: ਕਮਲਜੀਤ ਕੌਰ