''ਅਸੀਂ ਰਬਾੜੀ ਤਾਰਿਆਂ ਨੂੰ ਅੱਡ ਨਾਮ ਲੈ ਕੇ ਬੁਲਾਉਂਦੇ ਹਾਂ,'' ਤਜ਼ਰਬੇ ਦੇ ਅਧਾਰ 'ਤੇ ਮਸ਼ਰੂਭਾਈ ਕਹਿੰਦੇ ਹਨ। ''ਤੁਮਾਰਾ ਧਰੁਵ ਤਾਰਾ, ਹਮਾਰਾ ਪਾਰੋਦੀਆ ।''
ਅਸੀਂ ਵਾਰਧਾ ਜ਼ਿਲ੍ਹੇ ਦੇ ਪਿੰਡ ਦੇਨੋਡਾ ਪਿੰਡ ਵਿਖੇ ਉਨ੍ਹਾਂ ਦੇ ਡੇਰੇ (ਆਰਜੀ ਖੇਮਾ) ਵਿਖੇ ਹਾਂ। ਇਹ ਥਾਂ ਨਾਗਪੁਰ ਨਾਲ਼ੋਂ 60 ਕਿਲੋਮੀਟਰ ਅਤੇ ਕੱਛ ਨਾਲ਼ੋਂ 1,300 ਕਿਲੋਮੀਟਰ ਦੂਰ ਹੈ, ਉਹ ਥਾਂ ਜਿਹਨੂੰ ਉਹ ਆਪਣਾ ਫਿਲਹਾਲ ਦਾ ਘਰ ਕਹਿੰਦੇ ਹਨ।
ਰਬਾੜੀ ਡੇਰੇ ਵਿਖੇ ਧੁੰਦਲਕਾ ਫਿਰਨ ਲੱਗਿਆ ਹੈ। ਇਹ ਸ਼ੁਰੂਆਤੀ ਮਾਰਚ ਦਾ ਸਮਾਂ ਹੈ ਜਦੋਂ ਮੌਸਮ ਸਿਆਲ ਤੋਂ ਗਰਮੀਆਂ ਵੱਲ ਨੂੰ ਵੱਧ ਰਿਹਾ ਹੁੰਦਾ ਹੈ ਤੇ ਅਜਿਹੀਆਂ ਸ਼ਾਮਾਂ ਨੂੰ ਅਸਮਾਨ ਕਾਫ਼ੀ ਦੇਰ ਤੱਕ ਸੰਦੂਰੀ ਹੋਇਆ ਰਹਿੰਦਾ ਹੈ। ਫ਼ੁਟਾਲੇ ਦੇ ਇਸ ਮੌਸਮ ਵਿੱਚ ਜੰਗਲ ਵੀ ਲਸ਼-ਲਸ਼ ਖਿੜ ਉੱਠਦੇ ਹਨ, ਪਲਾਸ਼ ਤੇ ਕੇਸੁਦੋ (Beautea Monosperma) ਫੁੱਲ ਧਰਤੀ ਨੂੰ ਕੇਸਰੀ ਰੰਗ ਨਾਲ਼ ਢੱਕ ਦਿੰਦੇ ਹਨ। ਰੰਗਾਂ ਦਾ ਤਿਓਹਾਰ ਹੋਲੀ ਵੀ ਆਉਣ ਨੂੰ ਤਿਆਰ ਖੜ੍ਹਾ ਹੁੰਦਾ ਹੈ।
ਮਸ਼ਰੂ ਮਾਮਾ (ਲੋਕੀਂ ਪਿਆਰ ਨਾਲ਼ ਉਨ੍ਹਾਂ ਨੂੰ ਇਸੇ ਨਾਮ ਨਾਲ਼ ਸੱਦਦੇ ਹਨ) ਅਤੇ ਮੈਂ ਵਿਦਰਭਾ ਇਲਾਕੇ ਦੀਆਂ ਤਿਰਕਾਲਾਂ ਦੇ ਇਸ ਨਿਰਮਲ ਅਕਾਸ਼ ਨੂੰ ਘੂਰ ਰਹੇ ਹਾਂ। ਅਸੀਂ ਨਰਮੇ ਦੇ ਖੇਤਾਂ ਦੇ ਐਨ ਵਿੱਚਕਾਰ ਕਰਕੇ ਡਾਹੇ ਮੰਜੇ 'ਤੇ ਬੈਠੇ ਹਾਂ ਅਤੇ ਇੱਧਰ-ਓਧਰ ਦੀਆਂ ਗੱਲਾਂ ਵਿੱਚ ਮਸ਼ਰੂਫ਼ ਹੋਏ ਪਏ ਹਾਂ। ਅਸੀਂ ਛੁਪਦੇ ਸੂਰਜ ਸਾਵੇਂ ਹਰ ਚੀਜ਼ ਬਾਰੇ ਗੱਲ ਕਰ ਰਹੇ ਹਾਂ। ਅਸੀਂ ਤਾਰਿਆਂ, ਤਾਰਾ-ਮੰਡਲ, ਬਦਲਦੀ ਜਲਵਾਯੂ ਅਤੇ ਵਾਤਾਵਰਣ, ਆਪਣੇ ਲੋਕਾਂ ਅਤੇ ਜਾਨਵਰਾਂ ਦੇ ਅੱਡੋ-ਅੱਡ ਮਿਜ਼ਾਜ, ਟੱਪਰੀਵਾਸਾਂ ਦੀ ਜ਼ਿੰਦਗੀ ਬਾਰੇ ਗੱਲਾਂ ਕਰ ਰਹੇ ਹਾਂ, ਜੋ ਮੁਸ਼ਕਲਾਂ ਨਾਲ਼ ਭਰੀ ਹੁੰਦੀ ਹੈ, ਸਦਾ ਭਟਕਦੇ ਰਹਿਣਾ ਪੈਂਦਾ ਹੈ। ਇਨ੍ਹਾਂ ਲੋਕਾਂ ਦੀਆਂ ਗੱਲਾਂ-ਬਾਤਾਂ ਵਿੱਚ ਰਬਾੜੀਆਂ ਦੀਆਂ ਕਹਾਵਤਾਂ ਅਤੇ ਲੋਕ-ਕਥਾਵਾਂ ਵਗੈਰਾ ਵੀ ਸ਼ਾਮਲ ਹਨ।
ਰਬਾੜੀਆਂ ਦੇ ਜੀਵਨ ਵਿੱਚ ਤਾਰਿਆਂ ਦਾ ਬੜਾ ਖ਼ਾਸ ਮਹੱਤਵ ਹੈ ਕਿਉਂਕਿ ਇਹ ਤਾਰੇ ਹੀ ਹਨ ਜੋ ਰਾਤ ਵੇਲੇ ਰਬਾੜੀਆਂ ਲਈ ਰਾਹ-ਦਰਸੇਵਾ ਬਣਦੇ ਹਨ। ''ਸੱਤ ਤਾਰੇ..., ਸਪਤਰਿਸ਼ੀ ਸਾਡੇ ਲਈ ਹਰਨ (ਹਿਰਨ) ਹਨ,'' ਉਹ ਸਮਝਾਉਣ ਦੇ ਲਹਿਜੇ ਵਿੱਚ ਕਹਿੰਦੇ ਹਨ। ''ਤੜਕਸਾਰ ਭਾਵੇਂ ਇਹ ਸੱਤੋ ਤਾਰ ਅਲੋਪ ਹੋ ਜਾਂਦੇ ਹੋਣ ਪਰ ਜਦੋਂ ਥੋੜ੍ਹਾ ਜਿਹਾ ਵੀ ਹਨ੍ਹੇਰਾ ਹੁੰਦਾ ਹੈ ਤਾਂ ਇਹ ਨਵੇਂ ਦਿਨ, ਨਵੀਂਆਂ ਚੁਣੋਤੀਆਂ ਤੇ ਹੋਰ-ਹੋਰ ਸੰਭਾਵਨਾਵਾਂ ਦਾ ਐਲਾਨ ਕਰਦੇ ਹਨ,'' ਉਹ ਕਿਸੇ ਦਾਰਸ਼ਨਿਕ ਵਾਂਗਰ ਗੱਲ ਪੂਰੀ ਕਰਦੇ ਹਨ।











