ਮਨਜੀਤ ਕੌਰ ਨੂੰ ਡੰਗਰਾਂ ਦੇ ਵਾੜੇ ਦੇ ਇੱਟਾਂ ਦੇ ਫ਼ਰਸ਼ ਤੋਂ ਗੋਹਾ ਚੁੱਕਣ ਲਈ ਆਪਣੇ ਦੋਵਾਂ ਹੱਥਾਂ ਦੀ ਬੁੱਕ ਜਿਹੀ ਬਣਾਉਣੀ ਪੈਂਦੀ ਹੈ। ਪੈਰਾਂ ਭਾਰ ਬੈਠੀ, 48 ਸਾਲਾ ਮਨਜੀਤ ਹੱਥਾਂ ਦੇ ਸਹਾਰੇ ਗੋਹੇ ਨੂੰ ਖੁਰਚਦੀ ਹੋਈ ਇੱਕ ਬੱਠਲ ਭਰ ਲੈਂਦੀ ਹਨ, ਫਿਰ ਬੱਠਲ ਨੂੰ ਸਿਰ ‘ਤੇ ਚੁੱਕੀ ਰੂੜੀ ਤੱਕ ਜਾਂਦੀ ਹਨ। ਬੜੀ ਸਾਵਧਾਨੀ ਨਾਲ਼ ਸੰਤੁਲਨ ਬਣਾਈ ਤੇ ਬੱਠਲ ਨੂੰ ਸਿਰ ‘ਤੇ ਟਿਕਾਈ ਉਹ ਲੱਕੜ ਦਾ ਫਾਟਕ ਲੰਘ ਕੇ ਬਾਹਰ 50 ਮੀਟਰ ਦੂਰ ਰੂੜੀ ਤੱਕ ਜਾਂਦੀ ਹਨ। ਰੂੜੀ ਦਾ ਢੇਰ ਉਨ੍ਹਾਂ ਦੀ ਹਿੱਕ ਜਿੰਨਾ ਉੱਚਾ ਹੋ ਚੁੱਕਿਆ ਹੈ ਜੋ ਉਨ੍ਹਾਂ ਦੀ ਮਹੀਨਿਆਂ-ਬੱਧੀ ਮਿਹਨਤ ਦਾ ਸਬੂਤ ਹੈ।
ਅਪ੍ਰੈਲ ਦੀ ਲੂੰਹਦੀ ਦੁਪਹਿਰ ਦਾ ਵੇਲ਼ਾ ਹੈ। ਅਗਲੇ ਅੱਧੇ ਘੰਟੇ ਵਿੱਚ ਮਨਜੀਤ ਗੋਹਾ ਚੁੱਕੀ ਅਜਿਹੀਆਂ ਅੱਠ ਗੇੜੀਆਂ ਲਾਉਣ ਵਾਲ਼ੀ ਹਨ। ਕੰਮ ਮੁੱਕਣ ‘ਤੇ ਉਹ ਆਪਣੇ ਹੱਥਾਂ ਨਾਲ਼ ਮਲ਼-ਮਲ਼ ਕੇ ਬੱਠਲ ਸਾਫ਼ ਕਰਦੀ ਹਨ। ਦਿਹਾੜੀ ਮੁੱਕਣ ਤੋਂ ਪਹਿਲਾਂ ਉਹ ਆਪਣੇ ਛੋਟੂ ਪੋਤੇ ਲਈ ਸਟੀਲ ਦੇ ਡੋਲੂ ਵਿੱਚ ਮੱਝ ਦਾ ਅੱਧਾ ਲੀਟਰ ਦੁੱਧ ਪਵਾਉਂਦੀ ਹਨ।
ਸਵੇਰ ਦੇ 7 ਵਜੇ ਤੋਂ ਹੁਣ ਤੱਕ ਉਹ ਛੇ ਘਰਾਂ ਦਾ ਗੋਹਾ ਚੁੱਕ ਚੁੱਕੀ ਹਨ ਤੇ ਇਹ ਸਾਰੇ ਦੇ ਸਾਰੇ ਘਰ ਜੱਟ ਸਿੱਖਾਂ ਦੇ ਹਨ ਅਤੇ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਹਵੇਲੀਆਂ ਦੇ ਸਾਰੇ ਜਿਮੀਂਦਾਰ ਜੱਟ ਹੀ ਹਨ। “ ਮਜ਼ਬੂਰੀ ਹੈ, ” ਬੜੇ ਹਿਰਖੇ ਮਨ ਨਾਲ਼ ਉਹ ਕਹਿੰਦੀ ਹਨ। ਇਹ ਮਨਜੀਤ ਦੀ ਮਜ਼ਬੂਰੀ ਹੀ ਤਾਂ ਹੈ ਜੋ ਉਹ ਡੰਗਰਾਂ ਦੇ ਗੋਹੇ ਵਿੱਚੋਂ ਰੋਟੀ ਲੱਭਦੀ ਹੈ। ਉਨ੍ਹਾਂ ਨੂੰ ਤਾਂ ਇੰਨਾ ਵੀ ਨਹੀਂ ਪਤਾ ਕਿ ਉਹ ਦਿਹਾੜੀ ਦੇ ਕਿੰਨੇ ਬੱਠਲ ਸਿਰ ‘ਤੇ ਚੁੱਕਦੀ ਹਨ ਪਰ ਇੰਨਾ ਜ਼ਰੂਰ ਕਹਿੰਦੀ ਹਨ,“ ਸਿਰ ਬੜਾ ਦੁੱਖਦਾ ਹੈ, ਭਾਰ ਚੁੱਕ ਚੁੱਕ ਕੇ। ”
ਦਿਹਾੜੀ ਮੁੱਕਣ ਤੋਂ ਬਾਅਦ ਜਦੋਂ ਉਹ ਘਰ ਵਾਪਸ ਮੁੜਦੀ ਹੈ ਤਾਂ ਸੁਨਿਹਰੇ ਖੇਤ ਦੁਮੇਲ ਤੱਕ ਖਿਲਰੇ ਦਿਖਾਈ ਪੈਂਦੇ ਹਨ। ਵਾਢੀ ਛੇਤੀ ਹੀ ਹੋਵੇਗੀ, ਵਿਸਾਖੀ ਦੇ ਤਿਓਹਾਰ ਤੋਂ ਐਨ ਬਾਅਦ, ਜੋ ਕਿ ਪੰਜਾਬ ਵਿੱਚ ਵਾਢੀ ਦੀ ਸ਼ੁਰੂਆਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਹਵੇਲੀਆਂ ਦੇ ਜੱਟਾਂ ਦੀ ਬਹੁਤੇਰੀਆਂ ਜ਼ਮੀਨਾਂ ਗੰਡੀਵਿੰਡ ਬਲਾਕ ਵਿਖੇ ਪੈਂਦੀਆਂ ਹਨ ਜਿੱਥੇ ਉਹ ਚੌਲ਼ ਤੇ ਕਣਕ ਬੀਜਦੇ ਹਨ।
ਦੁਪਹਿਰ ਦੀ ਰੋਟੀ ਲਈ ਉਹ ਇੱਕ ਘੰਟੇ ਦੀ ਛੁੱਟੀ ਕਰਦੀ ਹਨ ਅਤੇ ਰੋਟੀ ਵਿੱਚ ਠੰਡੇ ਫੁਲਕੇ ਤੇ ਚਾਹ ਪੀਂਦੀ ਹਨ। ਹੁਣ ਉਨ੍ਹਾਂ ਨੂੰ ਤ੍ਰੇਹ ਲੱਗੀ ਹੋਈ ਹੈ। “ਇੰਨੀ ਗਰਮੀ ਵਿੱਚ ਵੀ ਉਹ ਮੈਨੂੰ ਪਾਣੀ ਤੱਕ ਨਹੀਂ ਪੁੱਛਦੇ,” ਉੱਚ ਜਾਤ ਦੇ ਮਾਲਕਾਂ ਦੇ ਵਤੀਰੇ ਬਾਰੇ ਦੱਸਦਿਆਂ ਮਨਜੀਤ ਕਹਿੰਦੀ ਹਨ।
ਮਨਜੀਤ ਇੱਕ ਮਜ੍ਹਬੀ ਸਿੱਖ ਹਨ। ਦੋ ਦਹਾਕੇ ਪਹਿਲਾਂ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੇ ਕ੍ਰਿਸ਼ਚਨ ਧਰਮ ਅਪਣਾ ਲਿਆ। ਹਿੰਦੂਸਤਾਨ ਟਾਈਮਸ ਦੀ ਸਾਲ 2019 ਦੀ ਰਿਪੋਰਟ ਮੁਤਾਬਕ, ਹਵੇਲੀਆਂ ਦੀ ਵਸੋਂ ਦੇ ਇੱਕ-ਤਿਹਾਈ ਹਿੱਸੇ ਵਿੱਚ ਪਿਛੜੀ ਜਾਤ ਅਤੇ ਪਿਛੜੇ ਭਾਈਚਾਰੇ ਸ਼ਾਮਲ ਹਨ ਜੋ ਦਿਹਾੜੀ-ਧੱਪਾ ਕਰਦੇ ਹਨ ਜਾਂ ਫਿਰ ਖੇਤ ਮਜ਼ਦੂਰੀ। ਬਾਕੀ ਬਚੀ ਅਬਾਦੀ ਜੱਟਾਂ ਦੀ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੱਟ ਸਿੱਖਾਂ ਦੀਆਂ ਪੈਲ਼ੀਆਂ ਵਿੱਚੋਂ ਕਰੀਬ 150 ਏਕੜ ਜ਼ਮੀਨ ਕੰਡਿਆਲ਼ੀ ਵਾੜ ਤੋਂ ਪਰ੍ਹੇ ਪੈਂਦੀ ਹੈ, ਜਿੱਥੋਂ ਪਾਕਿਸਤਾਨ ਨਾਲ਼ ਲੱਗਦੀ ਸੀਮਾ 200 ਮੀਟਰ ਦੀ ਦੂਰ ਰਹਿ ਜਾਂਦੀ ਹੈ।
ਹਵੇਲੀਆਂ ਦੀਆਂ ਦਲਿਤ ਔਰਤਾਂ ਜਾਂ ਤਾਂ ਜੱਟ ਸਿੱਖਾਂ ਦੇ ਘਰਾਂ ਵਿੱਚ ਗੋਹਾ ਚੁੱਕ ਕੇ ਡੰਗਰਾਂ ਦੇ ਵਾੜੇ ਦੀ ਸਫ਼ਾਈ ਕਰਦੀਆਂ ਹਨ ਜਾਂ ਫਿਰ ਉਨ੍ਹਾਂ ਦੇ ਘਰਾਂ ਦੇ ਕੰਮ ਕਰਦੀਆਂ ਹਨ।
" ਗਰੀਬਾਂ ਬਾਰੇ ਤਾਂ ਸਰਕਾਰ ਸੋਚਦੀ ਹੀ ਨਹੀਂ ਤਾਂਹੀ ਤਾਂ ਗੋਹਾ ਚੁੱਕਦੇ ਹਾਂ ਅਸੀਂ ”, ਮਨਜੀਤ ਦਾ ਕਹਿਣਾ ਹੈ।
ਕੰਮ ਬਦਲੇ ਉਨ੍ਹਾਂ ਨੂੰ ਕੀ ਮਿਲ਼ਦਾ ਹੈ?
“ਹਰੇਕ ਗਾਂ ਜਾਂ ਮੱਝ ਦਾ ਗੋਹਾ ਚੁੱਕਣ ਬਦਲੇ ਸਾਨੂੰ ਇੱਕ ਮਣ (ਕਰੀਬ 37 ਕਿਲੋ) ਅਨਾਜ ਦਿੱਤਾ ਜਾਂਦਾ ਹੈ। ਕਣਕ ਜਾਂ ਚੌਲ਼ ਜਿਹੜੀ ਫ਼ਸਲ ਦਾ ਮੌਸਮ ਹੋਵੇ ਉਸੇ ਹਿਸਾਬ ਨਾਲ਼ ਦਿੱਤਾ ਜਾਂਦਾ ਹੈ,” ਮਨਜੀਤ ਨੇ ਜਵਾਬ ਵਿੱਚ ਕਿਹਾ।
ਮਨਜੀਤ ਕੁੱਲ ਸੱਤ ਘਰਾਂ ਦਾ ਗੋਹਾ ਚੁੱਕਦੀ ਹਨ, ਜੋ ਕਰੀਬ 50 ਡੰਗਰ ਬਣਦੇ ਹਨ। “ਇੱਕ ਘਰ ਦੇ 15 ਡੰਗਰ ਅਤੇ ਦੂਜੇ ਦੇ ਸੱਤ ਡੰਗਰ ਹਨ। ਇੱਕ ਤੀਜੇ ਘਰ ਦੇ ਪੰਜ; ਚੌਥੇ ਘਰ ਦੇ ਛੇ...” ਮਨਜੀਤ ਗਿਣਤੀ ਕਰਕੇ ਦੱਸਦੀ ਹਨ।
ਮਨਜੀਤ ਦਾ ਕਹਿਣਾ ਹੈ ਕਿ ਹਰੇਕ ਪਰਿਵਾਰ ਡੰਗਰਾਂ ਦੇ ਹਿਸਾਬ ਨਾਲ਼ ਕਣਕ ਜਾਂ ਚੌਲਾਂ ਦਾ ਬਣਦਾ ਹਿੱਸਾ ਦਿੰਦੇ ਹਨ, ਸਿਰਫ਼ ਇੱਕ ਪਰਿਵਾਰ ਨੂੰ ਛੱਡ ਕੇ ਜਿਹਦੇ ਕੋਲ਼ 15 ਡੰਗਰ ਹਨ। “ਉਹ 15 ਡੰਗਰਾਂ ਦੇ ਬਦਲੇ ਸਿਰਫ਼ 10 ਮਣ (370 ਕਿਲੋ) ਅਨਾਜ ਹੀ ਦਿੰਦੇ ਹਨ,” ਉਹ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ,“ਮੈਂ ਸੋਚ ਰਹੀ ਹਾਂ ਉਸ ਘਰ ਦਾ ਕੰਮ ਹੀ ਛੱਡ ਦਿਆਂ।”
ਜਿਹੜੇ ਘਰ ਕੋਲ਼ ਸੱਤ ਮੱਝਾਂ ਹਨ ਉਨ੍ਹਾਂ ਪਾਸੋਂ ਮਨਜੀਤ ਨੇ 4,000 ਰੁਪਏ ਉਧਾਰ ਚੁੱਕੇ ਤਾਂ ਕਿ ਉਹ ਨਵੇਂ ਜੰਮੇ ਪੋਤੇ ਲਈ ਕੱਪੜੇ ਖਰੀਦ ਸਕੇ ਅਤੇ ਘਰ ਦੇ ਹੋਰ ਖਰਚੇ ਪੂਰੇ ਕਰ ਸਕੇ। ਮਈ ਮਹੀਨੇ ਵਿੱਚ ਉੱਥੇ ਕੰਮ ਦੇ ਛੇ ਮਹੀਨੇ ਪੂਰੇ ਹੁੰਦਿਆਂ ਹੀ ਉਨ੍ਹਾਂ ਨੂੰ ਉਧਾਰ ਚੁੱਕੇ ਪੈਸੇ ਵਿੱਚੋਂ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਬਣਦੀ ਕਣਕ ਨੂੰ ਘਟਾ ਕੇ ਬਾਕੀ ਅਨਾਜ ਦਾ ਹਿਸਾਬ ਕਰ ਦਿੱਤਾ ਗਿਆ।
ਸੱਤ ਡੰਗਰਾਂ ਬਦਲੇ ਉਨ੍ਹਾਂ ਦੀ ਤਨਖ਼ਾਹ ਸੱਤ ਮਣ ਭਾਵ ਕਰੀਬ 260 ਕਿਲੋ ਅਨਾਜ ਬਣਦਾ ਹੈ।
ਭਾਰਤੀ ਖ਼ੁਰਾਕ ਨਿਗਮ ਮੁਤਾਬਕ ਇਸ ਸਾਲ ਇੱਕ ਕੁਇੰਟਲ (100 ਕਿਲੋ) ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2015 ਰੁਪਏ ਰਿਹਾ। ਹੁਣ ਮਨਜੀਤ ਕੌਰ ਨੂੰ ਮਿਲ਼ਦੀ 260 ਕਿਲੋ ਕਣਕ ਦੀ ਗਣਨਾ ਕਰੀਏ ਤਾਂ ਕਰੀਬ 5,240 ਰੁਪਏ ਬਣਦੇ ਹਨ। ਦੇਖਿਆ ਜਾਵੇ ਤਾਂ 4,000 ਰੁਪਏ ਕਰਜਾ ਮੋੜਨ ਤੋਂ ਬਾਅਦ ਤਾਂ ਮਨਜੀਤ ਦੇ ਪੱਲੇ ਸਿਰਫ਼ 1240 ਰੁਪਏ ਦੀ ਕਣਕ ਹੀ ਪਈ।
ਇਸ ਤੋਂ ਇਲਾਵਾ ਨਕਦੀ ‘ਤੇ ਵਿਆਜ ਅੱਡ ਤੋਂ ਲੱਗਦਾ ਹੈ। “ਹਰ 100 ਰੁਪਏ (ਕਰਜੇ) ਮਗਰ, ਉਹ ਹਰ ਮਹੀਨੇ 5 ਰੁਪਏ ਠੋਕਦੇ ਹਨ,” ਉਹ ਕਹਿੰਦੀ ਹਨ। ਇਹ 60 ਫ਼ੀਸਦੀ ਸਲਾਨਾ ਵਿਆਜ ਦਰ ਬਣਦੀ ਹੈ।
ਅੱਧ-ਅਪ੍ਰੈਲ ਤੀਕਰ ਉਹ 700 ਰੁਪਏ ਵਿਆਜ ਤਾਰ ਚੁੱਕੀ ਸਨ।
ਮਨਜੀਤ ਆਪਣੇ ਸੱਤ ਮੈਂਬਰੀ ਪਰਿਵਾਰ ਦੇ ਨਾਲ਼ ਰਹਿੰਦੀ ਹਨ। ਉਨ੍ਹਾਂ ਦੇ ਪਤੀ (50 ਸਾਲਾ) ਵੀ ਖੇ਼ਤ ਮਜ਼ਦੂਰ ਹਨ ਤੇ 24 ਸਾਲਾ ਬੇਟਾ ਵੀ ਖੇਤ ਮਜ਼ਦੂਰ ਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਨੂੰਹ, ਦੋ ਪੋਤੇ-ਪੋਤੀਆਂ ਤੇ ਦੋ ਕੁਆਰੀਆਂ ਧੀਆਂ ਵੀ ਰਹਿੰਦੀਆਂ ਹਨ, ਜਿਨ੍ਹਾਂ ਦੀ ਉਮਰ 22 ਸਾਲ ਤੇ 17 ਸਾਲ ਹੈ। ਉਹ ਵੀ ਜੱਟ ਸਿੱਖ ਪਰਿਵਾਰਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਹਨ ਤੇ ਦੋਵੇਂ ਹੀ ਮਹੀਨੇ ਦਾ 500-500 ਰੁਪਏ ਕਮਾਉਂਦੀਆਂ ਹਨ।
ਉਨ੍ਹਾਂ ਨੇ ਕਿਸੇ ਦੂਸਰੇ ਮਾਲਕ ਪਰਿਵਾਰ ਪਾਸੋਂ ਵੀ 2,500 ਰੁਪਏ ਉਧਾਰ ਚੁੱਕੇ ਹਨ, ਉਹ ਵੀ ਬਿਨਾ ਵਿਆਜ ਤੋਂ। ਸਾਨੂੰ ਉਚ-ਜਾਤੀ ਦੇ ਪਰਿਵਾਰਾਂ ਕੋਲ਼ੋਂ ਛੋਟੇ ਮੋਟੇ ਉਧਾਰ ਚੁੱਕਣੇ ਪੈਂਦੇ ਹੀ ਹਨ ਕਿਉਂਕਿ ਕਰਿਆਨੇ ਦਾ ਸਮਾਨ ਖਰੀਦਣ ਲਈ, ਮੈਡੀਕਲ ਖਰਚੇ, ਪਰਿਵਾਰ ਵਿੱਚ ਕੋਈ ਵਿਆਹ ਜਾਂ ਕੋਈ ਹੋਰ ਪ੍ਰੋਗਰਾਮ ਆ ਜਾਵੇ ਤਾਂ ਲੋੜ ਬਣੀ ਹੀ ਰਹਿੰਦੀ ਹੈ। ਇੰਨਾ ਹੀ ਨਹੀਂ ਛੋਟੇ ਬੱਚਤ ਸਮੂਹ, ਜੋ ਔਰਤਾਂ ਨੂੰ ਡੰਗਰ ਜਾਂ ਹੋਰ ਖਰਚੇ ਕਰਨ ਲਈ ਪੈਸੇ ਉਧਾਰ ਦਿੰਦੇ ਹਨ, ਨੂੰ ਵੀ ਮਹੀਨੇਵਾਰ ਕਿਸ਼ਤ ਦੇਣੀ ਪੈਂਦੀ ਹੈ।
ਮਾਰਚ 2020 ਨੂੰ ਜਾਰੀ ਕੀਤੇ ਗਏ ਇੱਕ ਅਧਿਐਨ ‘ਖੀਸੇ ਖ਼ਾਲੀ, ਢਿੱਡ ਭੁੱਖੇ ਤੇ ਤਨ ਉੱਤੇ ਲੀਰਾਂ (ਦਲਿਤ ਵੂਮਨ ਲੇਬਰਰ ਇਨ ਰੂਰਲ ਪੰਜਾਬ: ਇਨਸਾਈਟ ਫੈਕਟ) ਵਿੱਚ, ਪੰਜਾਬੀ ਯੂਨੀਵਰਿਸਟੀ, ਪਟਿਆਲਾ ਦੇ ਅਰਥ-ਵਿਗਿਆਨ ਦੇ ਪ੍ਰੋਫ਼ੈਸਰ ਡਾ. ਗਿਆਨ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੀ ਟੀਮ ਦੁਆਰਾ ਕੀਤੇ ਗਏ ਇੱਕ ਸਰਵੇਅ ਵਿੱਚ ਪਾਇਆ ਗਿਆ ਕਿ ਪੇਂਡੂ ਪੰਜਾਬ ਵਿਖੇ 96.3 ਫ਼ੀਸਦ ਦਲਿਤ ਮਹਿਲਾ ਮਜ਼ਦੂਰ ਪਰਿਵਾਰ ਕਰਜੇ ਵਿੱਚ ਡੁੱਬੀਆਂ ਹੋਈਆਂ ਹਨ, ਜਿਨ੍ਹਾਂ ਸਿਰ ਔਸਤ 54,300 ਰੁਪਏ ਦਾ ਕਰਜਾ ਬੋਲਦਾ ਹੈ। ਕੁੱਲ ਕਰਜੇ ਦੀ ਰਕਮ ਦਾ 80.40 ਫੀਸਦ ਹਿੱਸਾ ਗ਼ੈਰ-ਸੰਸਥਾਗਤ ਸ੍ਰੋਤਾਂ ਪਾਸੋਂ ਲਿਆ ਗਿਆ।
ਹਵੇਲੀਆਂ ਵਿਖੇ ਇੱਕ ਹੋਰ ਦਲਿਤ ਔਰਤ 49 ਸਾਲਾ ਸੁਖਬੀਰ ਕੌਰ ਕਹਿੰਦੀ ਹਨ ਕਿ ਪੁਰਾਣੇ ਮਾਲਕ ਉਨ੍ਹਾਂ ਪਾਸੋਂ ਵਿਆਜ ਨਹੀਂ ਲੈਂਦੇ; ਸਿਰਫ਼ ਨਵੇਂ ਮਾਲਕ ਹੀ ਲੈਂਦੇ ਹਨ।
ਮਨਜੀਤ ਦੀ ਰਿਸ਼ਤੇਦਾਰ ਸੁਖਬੀਰ ਨਾਲ਼ ਦੇ ਘਰ ਵਿੱਚ ਰਹਿੰਦੀ ਹਨ। ਉਹ ਦੋ-ਕਮਰਿਆਂ ਵਾਲ਼ੇ ਘਰ ਵਿੱਚ ਆਪਣੇ ਪਤੀ ਤੇ ਦੋ ਬੇਟਿਆਂ ਨਾਲ਼ ਰਹਿੰਦੀ ਹਨ। ਉਨ੍ਹਾਂ ਦੇ ਦੋਵੇਂ ਪੁੱਤਰ 20-25 ਸਾਲਾਂ ਦੇ ਹਨ ਜੋ ਦਿਹਾੜੀ-ਧੱਪਾ ਲਾਉਂਦੇ ਹਨ ਤੇ ਕੰਮ ਦੇ ਹਿਸਾਬ ਨਾਲ਼ 300 ਰੁਪਏ ਦਿਹਾੜੀ ਬਦਲੇ ਖੇਤ ਮਜ਼ਦੂਰੀ ਵੀ ਕਰ ਲੈਂਦੇ ਹਨ। ਸੁਖਬੀਰ ਪਿਛਲੇ 15 ਸਾਲਾਂ ਤੋਂ ਜੱਟ ਸਿੱਖ ਪਰਿਵਾਰਾਂ ਦੇ ਡੰਗਰਾਂ ਦਾ ਗੋਹਾ ਚੁੱਕਦੀ ਹਨ ਤੇ ਵਾੜੇ ਸਾਫ਼ ਕਰਦੀ ਆਈ ਹਨ।
ਉਹ ਦੋ ਘਰਾਂ ਦਾ ਕੰਮ ਕਰਦੀ ਹਨ ਜਿਨ੍ਹਾਂ ਦੇ ਕੁੱਲ 10 ਡੰਗਰ ਹਨ। ਤੀਜੇ ਘਰ ਵਿੱਚ ਉਹ ਬਤੌਰ ਨੌਕਰਾਣੀ ਕੰਮ ਕਰਕੇ ਮਹੀਨੇ ਦਾ 500 ਰੁਪਿਆ ਕਮਾਉਂਦੀ ਹਨ। ਸਵੇਰੇ 9 ਵਜੇ ਜਦੋਂ ਉਹ ਕੰਮ ਲਈ ਘਰੋਂ ਨਿਕਲ਼ਦੀ ਹਨ ਤਾਂ ਉਨ੍ਹਾਂ ਨੂੰ ਵਾਪਸ ਮੁੜਨ ਦੇ ਸਮੇਂ ਦਾ ਪਤਾ ਨਹੀਂ ਹੁੰਦਾ। “ਕਦੇ-ਕਦੇ ਮੈਂ ਦੁਪਹਿਰੇ ਹੀ ਮੁੜ ਆਉਂਦੀ ਹਾਂ ਤੇ ਕਦੇ 3 ਵਜੇ। ਕਈ ਵਾਰੀ ਦੇਰੀ ਹੋ ਜਾਵੇ ਤਾਂ ਤਿਰਕਾਲਾਂ ਦੇ 6 ਵੀ ਵੱਜ ਸਕਦੇ ਹੁੰਦੇ ਹਨ,” ਸੁਖਬੀਰ ਕਹਿੰਦੀ ਹਨ। “ਵਾਪਸ ਮੁੜ ਕੇ ਮੈਨੂੰ ਖਾਣਾ ਪਕਾਉਣ ਦੇ ਨਾਲ਼ ਨਾਲ਼ ਘਰ ਦਾ ਬਾਕੀ ਰਹਿੰਦਾ ਕੰਮ ਕਰਨਾ ਪੈਂਦਾ ਹੈ। ਰਾਤੀਂ ਕਿਤੇ 10 ਵਜੇ ਜਾ ਕੇ ਬਿਸਤਰਾ ਨਸੀਬ ਹੁੰਦਾ ਹੈ।”
ਸੁਖਬੀਰ ਕਹਿੰਦੀ ਹਨ ਕਿ ਮਨਜੀਤ ਥੋੜ੍ਹਾ ਵੱਧ ਕੰਮ ਕਰ ਲੈਂਦੀ ਹੈ ਕਿਉਂਕਿ ਉਹਦੀ ਨੂੰਹ ਘਰ ਦੇ ਸਾਰੇ ਕੰਮ ਸੰਭਾਲ਼ ਲੈਂਦੀ ਹੈ।
ਮਨਜੀਤ ਵਾਂਗਰ, ਸੁਖਬੀਰ ਵੀ ਆਪਣੇ ਮਾਲਕਾਂ ਦੇ ਕਰਜੇ ਦੇ ਬੋਝ ਹੇਠ ਹੈ। ਤਕਰੀਬਨ 5 ਸਾਲ ਪਹਿਲਾਂ, ਉਨ੍ਹਾਂ ਨੇ ਇੱਕ ਪਰਿਵਾਰ ਪਾਸੋਂ ਆਪਣੀ ਧੀ ਦੇ ਵਿਆਹ ਲਈ 40,000 ਰੁਪਏ ਦਾ ਕਰਜਾ ਚੁੱਕਿਆ। ਹਰ ਛੇ ਮਹੀਨਿਆਂ ਬਾਅਦ ਕਣਕ ਜਾਂ ਚੌਲ਼ਾਂ ਦੇ ਉਨ੍ਹਾਂ ਦੇ ਹਿੱਸੇ ਦੇ ਛੇ ਮਣਾਂ (ਕਰੀਬ 220 ਕਿਲੋ) ਵਿੱਚੋਂ ਕਰਜੇ ਦਾ ਹਿੱਸਾ ਘਟਾਉਣ ਦੇ ਬਾਵਜੂਦ ਵੀ ਕਰਜਾ ਅਜੇ ਤੱਕ ਸਿਰ ‘ਤੇ ਖੜ੍ਹੇ ਦਾ ਖੜ੍ਹਾ ਹੈ।
ਬਕਾਇਆ ਰਾਸ਼ੀ ਦੀ ਗਣਨਾ ਹਰ ਛੇ ਮਹੀਨਿਆਂ ਬਾਅਦ ਕੀਤੀ ਜਾਂਦੀ ਹੈ, ਪਰ ਇੰਨੇ ਚਿਰ ਨੂੰ ਉਨ੍ਹਾਂ ਨੂੰ ਪ੍ਰੋਗਰਾਮਾਂ ਤੇ ਹੋਰ ਖਰਚਿਆਂ ਲਈ ਵੱਧ ਕਰਜਾ ਚੁੱਕਣ ਦੀ ਨੌਬਤ ਆ ਜਾਂਦੀ ਹੈ। “ ਤੇ ਇਹ ਚੱਲਦਾ ਹੀ ਰਹਿੰਦਾ ਹੈ। ਇਹੀ ਕਾਰਨ ਹੈ ਕਿ ਅਸੀਂ ਕਰਜੇ ਦੀ ਇਸ ਜਿਲ੍ਹਣ ਵਿੱਚੋਂ ਨਿਕਲ਼ ਹੀ ਨਹੀਂ ਪਾਉਂਦੇ,” ਸੁਖਬੀਰ ਕਹਿੰਦੀ ਹਨ।
ਕਦੇ-ਕਦਾਈਂ ਫਿਰ ਇੰਝ ਵੀ ਹੁੰਦਾ ਹੈ ਕਿ ਕਰਜਾ ਦੇਣ ਵਾਲ਼ਾ ਪਰਿਵਾਰ ਉਨ੍ਹਾਂ ਨੂੰ ਵਾਧੂ ਕੰਮ ਕਰਨ ਲਈ ਕਹਿਣ ਲੱਗਦਾ ਹੈ। “ਕਿਉਂਕਿ ਅਸੀਂ ਉਨ੍ਹਾਂ ਕੋਲ਼ੋਂ ਉਧਾਰ ਚੁੱਕਿਆ ਹੁੰਦਾ ਹੈ, ਇਸਲਈ ਅਸੀਂ ਕੰਮ ਕਰਨ ਤੋਂ ਮਨ੍ਹਾਂ ਤਾਂ ਕਰ ਹੀ ਨਹੀਂ ਪਾਉਂਦੇ,” ਸੁਖਬੀਰ ਕਹਿੰਦੀ ਹਨ। “ਜੇ ਕਿਤੇ ਅਸੀਂ ਇੱਕ ਦਿਨ ਦੀ ਵੀ ਛੁੱਟੀ ਕਰ ਲਈਏ ਤਾਂ ਉਹ ਸਾਨੂੰ ਮਿਹਣੇ ਮਾਰਦੇ ਹਨ ਤੇ ਆਪਣੇ ਪੈਸੇ ਵਾਪਸ ਮੰਗਦੇ ਹਨ ਤੇ ਸਾਨੂੰ ਘਰੇ ਹੀ ਬੈਠਣ ਦੀ ਸਲਾਹ ਦਿੰਦੇ ਹਨ।”
ਪੰਜਾਬ ਵਿਖੇ 1985 ਤੋਂ ਜਾਤ-ਪਾਤ ਦੇ ਵੱਖਰੇਵੇਂ ਅਤੇ ਗ਼ੁਲਾਮੀ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀ ਸੰਸਥਾ, ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਪ੍ਰਧਾਨ ਅਤੇ ਵਕੀਲ-ਕਾਰਕੁੰਨ ਗਗਨਦੀਪ ਕਹਿੰਦੀ ਹਨ ਕਿ ਇਸ ਕੰਮੇ ਲੱਗੀਆਂ ਬਹੁਤੇਰੀਆਂ ਦਲਿਤ ਔਰਤਾਂ ਬਹੁਤ ਘੱਟ ਪੜ੍ਹੀਆਂ-ਲਿਖੀਆਂ ਹਨ। “ਉਹ ਇੰਨੀਆਂ ਵੀ ਸਮਰੱਥ ਨਹੀਂ ਕਿ ਆਪਣੇ ਕਰਜੇ ਦੇ ਭੁਗਤਾਨ ਵਜੋਂ ਬਣਦੇ ਹਿੱਸੇ ਦੇ ਅਨਾਜ ਵਿੱਚੋਂ ਫੇਰੀ ਜਾਂਦੀ ਕੈਂਚੀ ਦਾ ਹਿਸਾਬ-ਕਿਤਾਬ ਹੀ ਰੱਖ ਸਕਣ। ਇਸੇ ਲਈ ਉਹ ਕਰਜੇ ਦੀ ਘੁੰਮਣ-ਘੇਰੀ ਵੀ ਫਸੀਆਂ ਹੀ ਰਹਿੰਦੀਆਂ ਹਨ।”
ਮਾਲਵਾ (ਦੱਖਣੀ ਪੰਜਾਬ) ਅਤੇ ਮਾਝੇ (ਪੰਜਾਬ ਦਾ ਸਰਹੱਦੀ ਖਿੱਤਾ, ਜਿੱਥੇ ਤਰਨ ਤਾਰਨ ਸਥਿਤ ਹੈ) ਦੇ ਖੇਤਰਾਂ ਵਿੱਚ ਇਨ੍ਹਾਂ ਔਰਤਾਂ ਦਾ ਸੋਸ਼ਣ ਹੋਣਾ ਆਮ ਵਰਤਾਰਾ ਹੈ, ਗਗਨਦੀਪ (ਆਪਣਾ ਇੰਨਾ ਨਾਮ ਹੀ ਲੈਣਾ ਪਸੰਦ ਕਰਦੀ ਹਨ) ਕਹਿੰਦੀ ਹਨ। “ਦੋਆਬਾ ਇਲਾਕੇ (ਪੰਜਾਬ ਦੇ ਬਿਆਸ ਅਤੇ ਸਤਲੁਜ ਨਦੀਆਂ ਵਿਚਕਾਰਲਾ ਇਲਾਕਾ) ਵਿੱਚ ਹਾਲਾਤ ਬਿਹਤਰ ਹਨ ਕਿਉਂਕਿ ਇੱਥੋਂ ਦੇ ਬਹੁਤੇ ਬਾਸ਼ਿੰਦੇ ਵਿਦੇਸ਼ਾਂ ਵਿੱਚ ਵੱਸੇ ਹੋਏ ਹਨ।”
ਪੰਜਾਬੀ ਯੂਨੀਵਰਸਿਟੀ ਦੀ ਟੀਮ ਦੁਆਰਾ ਕੀਤੇ ਅਧਿਐਨ ਵਿੱਚ ਇਹ ਦੇਖਿਆ ਗਿਆ ਹੈ ਕਿ ਸਰਵੇਖਣ ਵਿੱਚ ਸ਼ਾਮਲ ਦਲਿਤ ਮਜ਼ਦੂਰ ਔਰਤਾਂ ਵਿੱਚੋਂ ਕਿਸੇ ਨੂੰ ਵੀ ਘੱਟੋ-ਘੱਟ ਉਜਰਤ ਐਕਟ, 1948 ਬਾਰੇ ਕੁਝ ਵੀ ਨਹੀਂ ਪਤਾ।
ਗਗਨਦੀਪ ਦਾ ਕਹਿਣਾ ਹੈ ਕਿ ਡੰਗਰਾਂ ਦਾ ਗੋਹਾ ਇਕੱਠਾ ਕਰਨ ਵਾਲ਼ੀਆਂ ਇਨ੍ਹਾਂ ਔਰਤਾਂ ਨੂੰ ਘੱਟੋ-ਘੱਟ ਉਜਰਤ ਐਕਟ ਤਹਿਤ ਅਧਿਸੂਚਿਤ (ਨੋਟੀਫਾਈ) ਕੀਤੀ ਗਈ ਸਮਾਸੂਚੀ (ਸ਼ੈਡਿਊਲ) ਵਿੱਚ ਸ਼ਾਮਲ ਕਰਕੇ ਮਜ਼ਦੂਰਾਂ ਦਾ ਦਰਜਾ ਤੱਕ ਨਹੀਂ ਦਿੱਤਾ ਜਾਂਦਾ। ਹਾਲਾਂਕਿ ਸਰਕਾਰ ਵੱਲੋਂ ਘਰੇਲੂ ਕਾਮਿਆਂ ਨੂੰ ਸ਼ਡਿਊਲ ਵਿੱਚ ਸ਼ਾਮਲ ਕੀਤਾ ਗਿਆ ਹੈ ਪਰ ਘਰਾਂ ਦੇ ਬਾਹਰ ਸਥਿਤ ਪਸ਼ੂ-ਵਾੜਿਆਂ ਦੀ ਸਫ਼ਾਈ ਕਰਨ ਵਾਲ਼ਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ। “ਇਨ੍ਹਾਂ ਔਰਤਾਂ ਨੂੰ ਵੀ ਪ੍ਰਤੀ ਘੰਟੇ ਦੇ ਹਿਸਾਬ ਨਾਲ਼ ਬਣਦੀ ਘੱਟੋ-ਘੱਟ ਉਜਰਤ ਦਿੱਤੇ ਜਾਣ ਦੀ ਲੋੜ ਹੈ ਕਿਉਂਕਿ ਉਹ ਇੱਕ ਦਿਨ ਵਿੱਚ ਇੱਕ ਤੋਂ ਵੱਧ ਘਰਾਂ ਦਾ ਗੋਹਾ ਸਾਫ਼ ਕਰਦੀਆਂ ਹਨ,” ਗਗਨਦੀਪ ਦਾ ਕਹਿਣਾ ਹੈ।
ਸੁਖਬੀਰ ਨੇ ਕਦੇ ਵੀ ਆਪਣੀ ਧੀ ਦੇ ਸਹੁਰੇ ਪਰਿਵਾਰ ਨਾਲ਼ ਆਪਣੇ ਕੰਮ ਬਾਰੇ ਗੱਲ ਸਾਂਝੀ ਨਹੀਂ ਕੀਤੀ। “ਜੇ ਉਨ੍ਹਾਂ ਨੂੰ ਪਤਾ ਲੱਗ ਗਿਆ ਤਾਂ ਉਹ ਸਾਨੂੰ ਨਫ਼ਰਤ ਕਰਨਗੇ। ਉਨ੍ਹਾਂ ਨੂੰ ਜਾਪੂ ਜਿਵੇਂ ਉਨ੍ਹਾਂ ਨੇ ਗ਼ਰੀਬ ਘਰ ਆਪਣਾ ਪੁੱਤ ਵਿਆਹ ਲਿਆ,” ਦੁਖੀ ਮਨ ਨਾਲ਼ ਉਹ ਕਹਿੰਦੀ ਹਨ। ਉਨ੍ਹਾਂ ਦਾ ਜਵਾਈ ਮਿਸਤਰੀ ਹੈ ਪਰ ਉਨ੍ਹਾਂ ਦਾ ਪਰਿਵਾਰ ਪੜ੍ਹਿਆ-ਲਿਖਿਆ ਹੈ। ਸੁਖਬੀਰ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਹ ਕਦੇ-ਕਦਾਈਂ ਦਿਹਾੜੀ-ਧੱਪਾ ਕਰ ਲੈਂਦੀ ਹੈ।
17 ਸਾਲ ਦੀ ਉਮਰੇ ਦੁਲਹਨ ਬਣ ਕੇ ਹਵੇਲੀਆਂ ਆਉਣ ਤੋਂ ਪਹਿਲਾਂ ਮਨਜੀਤ ਨੇ ਖ਼ੁਦ ਕਦੇ ਕੋਈ ਕੰਮ ਨਹੀਂ ਸੀ ਕੀਤਾ, ਪਰ ਘਰ ਦੀ ਆਰਥਿਕ ਤੰਗੀ ਨੇ ਉਨ੍ਹਾਂ ਨੂੰ ਕੰਮ ਲੱਭਣ ਲਈ ਮਜ਼ਬੂਰ ਕੀਤਾ। ਉਨ੍ਹਾਂ ਦੀਆਂ ਧੀਆਂ ਘਰਾਂ ਵਿੱਚ ਕੰਮ ਕਰਦੀਆਂ ਹਨ, ਪਰ ਉਹ ਇਸ ਗੱਲ ਨੂੰ ਲੈ ਕੇ ਦ੍ਰਿੜ ਹਨ ਕਿ ਉਨ੍ਹਾਂ ਦੀਆਂ ਧੀਆਂ ਨੂੰ ਰੋਜ਼ੀ-ਰੋਟੀ ਵਾਸਤੇ ਡੰਗਰਾਂ ਦਾ ਗੋਹਾ ਨਾ ਢੋਹਣਾ ਪਵੇ।
ਆਪੋ-ਆਪਣੇ ਪਤੀਆਂ ਬਾਰੇ ਮਨਜੀਤ ਤੇ ਸੁਖਬੀਰ ਦੋਵਾਂ ਦਾ ਕਹਿਣਾ ਹੈ ਕਿ ਉਹ ਦੋਵੇਂ ਆਪਣੀਆਂ ਕਮਾਈਆਂ ਸ਼ਰਾਬ ‘ਤੇ ਉਡਾਉਂਦੇ ਹਨ। “ਉਹ ਆਪਣੀ 300 ਰੁਪਏ ਦਿਹਾੜੀ ਵਿੱਚੋਂ 200 ਰੁਪਏ ਦੀ ਸ਼ਰਾਬ ਲੈ ਆਉਂਦੇ ਹਨ। ਇਸਲਈ ਉਨ੍ਹਾਂ ਲਈ ਇੰਨੇ ਥੋੜ੍ਹੇ ਪੈਸੇ (ਬਾਕੀ ਬਚੇ) ਨਾਲ਼ ਡੰਗ ਟਪਾਉਣਾ ਮੁਸ਼ਕਲ ਹੋ ਜਾਂਦਾ ਹੈ,” ਸੁਖਬੀਰ ਕਹਿੰਦੀ ਹਨ। ਜਦੋਂ ਉਨ੍ਹਾਂ ਕੋਲ਼ ਕੋਈ ਕੰਮ ਨਹੀਂ ਹੁੰਦਾ ਤਾਂ ਉਹ ਸਾਡੀਆਂ ਕਮਾਈਆਂ ਲੈ ਉੱਡਦੇ ਹਨ। “ਜੇ ਅਸੀਂ ਮਨ੍ਹਾਂ ਕਰੀਏ, ਉਹ ਸਾਨੂੰ ਕੁੱਟਦੇ ਹਨ, ਧੱਕੇ ਮਾਰਦੇ ਹਨ ਤੇ ਭਾਂਡੇ ਵਗਾਹ-ਵਗਾਹ ਮਾਰਦੇ ਹਨ,” ਮਸਾਂ-ਸੁਣੀਦੀਂ ਅਵਾਜ਼ ਵਿੱਚ ਸੁਖਬੀਰ ਕਹਿੰਦੀ ਹਨ।
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 2019-21 (NFHS-5) ਮੁਤਾਬਕ, ਪੰਜਾਬ ਵਿਖੇ 18-49 ਸਾਲ ਦੀਆਂ 11 ਫ਼ੀਸਦ ਵਿਆਹੀਆਂ ਔਰਤਾਂ ਨੇ ਆਪਣੇ ਪਤੀਆਂ ਹੱਥੋਂ ਸਰੀਰਕ ਹਿੰਸਾ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਝੱਲਿਆ ਹੈ। 5 ਫ਼ੀਸਦ ਔਰਤਾਂ ਨੇ ਧੱਕਾ-ਮੁੱਕੀ, ਖਿੱਚ-ਧੂਹ ਅਤੇ ਕਿਸੇ ਨਾ ਕਿਸੇ ਵਗ੍ਹਾਤੀ ਚੀਜ਼ ਵੱਜੀ ਹੋਣ ਦੀ ਰਿਪੋਰਟ ਕੀਤੀ ਹੈ; 10 ਫ਼ੀਸਦ ਨੇ ਪਤੀਆਂ ਵੱਲ਼ੋਂ ਚਪੇੜਾਂ ਮਾਰਨ ਅਤੇ 10 ਫ਼ੀਸਦ ਨੇ ਹੀ ਠੁੱਡੇ ਮਾਰਨ, ਘਸੀਟਣ ਤੇ ਕੁਟਾਪਾ ਚਾੜ੍ਹੇ ਜਾਣ ਦੀ ਰਿਪੋਰਟ ਕੀਤੀ। 38 ਫ਼ੀਸਦ ਔਰਤਾਂ ਨੇ ਪਤੀਆਂ ਵੱਲੋਂ ਅਕਸਰ ਸ਼ਰਾਬ ਪੀਤੇ ਜਾਣ ਦੀ ਰਿਪੋਰਟ ਕੀਤੀ।
35 ਸਾਲਾ ਸੁਖਵਿੰਦਰ ਕੌਰ, ਜੋ ਇੱਕ ਮਜ਼੍ਹਬੀ ਸਿੱਖ (ਦਲਿਤ) ਹਨ ਜੋ ਉਸੇ ਗੁਆਂਢ ਵਿੱਚ ਆਪਣੇ ਬੇਟੇ (15 ਸਾਲਾ) ਤੇ ਧੀ (12 ਸਾਲਾ) ਤੇ ਆਪਣੇ 60 ਸਾਲਾ ਸਹੁਰਾ ਸਾਹਬ ਨਾਲ਼ ਰਹਿੰਦੀ ਹਨ, ਕਹਿੰਦੀ ਹਨ ਕਿ ਆਪਣੀ ਜੁਆਨੀ ਦੇ ਦਿਨੀਂ ਉਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ ਕਿ ਉਨ੍ਹਾਂ ਨੂੰ ਵੀ ਗੋਹਾ ਚੁੱਕਣਾ ਪਵੇਗਾ। ਆਪਣੇ ਪੁੱਤਰ ਦੇ ਜਨਮ ਤੋਂ ਬਾਅਦ, ਉਨ੍ਹਾਂ ਦੀ ਸੱਸ (ਜਿਨ੍ਹਾਂ ਦੀ ਪੰਜ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ) ਨੇ ਉਨ੍ਹਾਂ ਨੂੰ ਪਰਿਵਾਰ ਦੇ ਖਰਚਿਆਂ ਨੂੰ ਪੂਰਿਆਂ ਕਰਨ ਲਈ ਕੰਮ ਸ਼ੁਰੂ ਕਰਨ ਬਾਰੇ ਕਿਹਾ। ਉਨ੍ਹਾਂ ਦੇ ਪਤੀ ਖੇਤ ਮਜ਼ਦੂਰ ਵਜੋਂ ਕੰਮ ਕਰਦੇ ਰਹੇ ਸਨ।
ਅਜੇ ਵਿਆਹ ਨੂੰ ਪੰਜ ਸਾਲ ਵੀ ਨਹੀਂ ਹੋਏ ਸਨ ਕਿ ਉਨ੍ਹਾਂ ਨੇ ਡੰਗਰਾਂ ਦਾ ਗੋਹਾ ਚੁੱਕਣ, ਵਾੜਿਆਂ ਦੀ ਸਫ਼ਾਈ ਕਰਨ ਦੇ ਨਾਲ਼ ਨਾਲ਼ ਉੱਚ ਜਾਤੀ ਦੇ ਘਰਾਂ ਵਿਖੇ ਝਾੜੂ-ਪੋਚੇ ਲਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ। ਅੱਜ, ਉਹ ਪੰਜ ਘਰਾਂ ਵਿੱਚ ਕੰਮ ਕਰਦੀ ਹਨ, ਦੋ ਘਰਾਂ ਵਿੱਚ ਬਤੌਰ ਨੌਕਰਾਣੀ ਕੰਮ ਕਰਕੇ ਮਹੀਨੇ ਦਾ 500 ਰੁਪਿਆ ਕਮਾਉਂਦੀ ਹਨ। ਬਾਕੀ ਦੇ ਤਿੰਨ ਘਰਾਂ ਦੇ 31 ਡੰਗਰਾਂ ਦਾ ਗੋਹਾ ਚੁੱਕਣ ਦਾ ਕੰਮ ਰਹਿੰਦਾ ਹੈ।
ਪਹਿਲਾਂ-ਪਹਿਲ, ਉਨ੍ਹਾਂ ਨੂੰ ਇਸ ਕੰਮ ਤੋਂ ਅਲ਼ਕਤ ਆਉਂਦੀ ਸੀ। “ਮੇਰੇ ਸਿਰ ‘ਤੇ ਭਾਰ ਭਾਰ ਮਹਿਸੂਸ ਹੁੰਦਾ ਰਹਿੰਦਾ,” ਉਹ ਇੱਕੋ ਹੀਲ਼ੇ ਚੁੱਕੇ ਜਾਣ ਵਾਲ਼ੇ 10 ਕਿਲੋ ਭਾਰੇ ਬੱਠਲ ਦਾ ਹਵਾਲਾ ਦਿੰਦਿਆਂ ਕਹਿੰਦੀ ਹਨ। ਗੋਹੇ ਦੀ ਬਦਬੂ ਬਾਰੇ ਉਹ ਕਹਿੰਦੀ ਹਨ,“ ਓ ਦਿਮਾਗ਼ ਦਾ ਕੀੜਾ ਮਰ ਗਿਆ। ”
ਅਕਤੂਬਰ 2021 ਨੂੰ ਉਨ੍ਹਾਂ ਦੇ ਖੇਤ-ਮਜ਼ਦੂਰ ਪਤੀ ਬੀਮਾਰ ਪੈ ਗਏ, ਅਖ਼ੀਰ ਪਤਾ ਲੱਗਿਆ ਕਿ ਉਨ੍ਹਾਂ ਦਾ ਗੁਰਦਾ ਫੇਲ੍ਹ ਹੋ ਗਿਆ ਹੈ। ਉਹ ਉਨ੍ਹਾਂ ਨੂੰ ਨਿੱਜੀ ਹਸਪਤਾਲ ਲੈ ਗਏ ਪਰ ਅਗਲੀ ਹੀ ਸਵੇਰ ਉਨ੍ਹਾਂ ਦੀ ਮੌਤ ਹੋ ਗਈ। “ਮੈਡੀਕਲ ਰਿਪੋਰਟ ਤੋਂ ਉਨ੍ਹਾਂ ਨੂੰ ਏਡਸ ਹੋਣ ਬਾਰੇ ਪਤਾ ਲੱਗਿਆ,” ਸੁਖਵਿੰਦਰ ਕਹਿੰਦੀ ਹਨ।
ਇਹੀ ਉਹ ਸਮਾਂ ਸੀ ਜਦੋਂ ਉਨ੍ਹਾਂ ਨੇ ਮੈਡੀਕਲ ਜਾਂਚ ਵਾਸਤੇ ਆਪਣੇ ਇੱਕ ਮਾਲਕ ਪਾਸੋਂ 5,000 ਰੁਪਏ ਉਧਾਰ ਚੁੱਕਿਆ। ਫਿਰ ਅੰਤਮ ਰਸਮਾਂ ਤੇ ਬਾਕੀ ਹੋਰ ਰਸਮਾਂ ਵਾਸਤੇ ਪਹਿਲਾਂ 10,000 ਰੁਪਏ ਤੇ ਫਿਰ 5,000 ਰੁਪਏ ਦੀ ਉਧਾਰੀ ਚੁੱਕੀ।
ਇੱਕ ਕਰਜਾ ਜੋ ਉਨ੍ਹਾਂ ਨੇ ਆਪਣੇ ਪਤੀ ਦੀ ਮੌਤ ਤੋਂ ਪਹਿਲਾਂ ਚੁੱਕਿਆ ਸੀ, ਉਸ ‘ਤੇ ਹਰ 100 ਰੁਪਏ ਮਗਰ 10 ਰੁਪਏ ਮਹੀਨੇਵਾਰ ਵਿਆਜ ਜਾਂਦਾ ਹੈ ਜਿਹਦੀ ਸਲਾਨਾ 120 ਰੁਪਏ ਪ੍ਰਤੀ ਵਿਆਜ ਦਰ ਬਣਦੀ ਸੀ।
ਉਨ੍ਹਾਂ ਨੇ ਅਜੇ ਵੀ 15,000 ਰੁਪਏ ਦੀ ਰਕਮ ਅਦਾ ਕਰਨੀ ਹੈ।
ਇਹ ਲਚਾਰੀ ਤੇ ਗ਼ਰੀਬੀ ਹੀ ਹੈ ਜੋ ਮਨਜੀਤ ਕੌਰ ਜਿਹੀਆਂ ਮਜ਼੍ਹਬੀ ਸਿੱਖ ਔਰਤਾਂ ਨੂੰ ਪਿੰਡ ਹਵੇਲੀਆਂ ਵਿਖੇ ਰਹਿੰਦਿਆਂ ਇੰਨੀ ਘੱਟ ਤਨਖ਼ਾਹ ‘ ਤੇ ਡੰਗਰਾਂ ਦਾ ਗੋਹਾ ਚੁੱਕਣ ਤੇ ਵਾੜੇ ਸਾਫ਼ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਘਰਾਂ ਦੇ ਖਰਚਿਆਂ ਵਾਸਤੇ ਜੱਟ ਸਿੱਖ ਪਰਿਵਾਰਾਂ ਕੋਲ਼ੋਂ ਉਧਾਰ ਲੈਣ ਦਾ ਸਿਲਸਿਲਾ ਵੀ ਚੱਲ਼ਦਾ ਹੀ ਰਹਿੰਦਾ ਹੈ ਪਰ ਵਿਆਜ ਦੀ ਦਰ ਉੱਚੀ ਹੋਣ ਕਾਰਨ ਉਹ ਚਾਹ ਕੇ ਵੀ ਇਸ ਜਿਲ੍ਹਣ ਵਿੱਚੋਂ ਨਿਕਲ਼ ਨਹੀਂ ਪਾਉਂਦੀਆਂ
ਤਰਨ ਤਾਰਨ ਦੇ ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਸੂਬਾ ਪ੍ਰਧਾਨ, ਰਣਜੀਤ ਸਿੰਘ ਦਾ ਕਹਿਣਾ ਹੈ ਕਿ ਵਿਆਜ ਦੀਆਂ ਉਚੇਰੀਆਂ ਦਰਾਂ ਇਹ ਯਕੀਨੀ ਬਣਾਉਂਦੀਆਂ ਹਨ ਕਿ ਔਰਤਾਂ ਵੱਲੋਂ ਚੁੱਕਿਆ ਕਰਜਾ ਕਦੇ ਵੀ ਮੋੜਿਆ ਨਾ ਜਾ ਸਕੇ।
“ਵਿਆਜ ਦਰ ਇੰਨੀ ਉੱਚੀ ਹੁੰਦੀ ਹੈ ਕਿ ਇੱਕ ਔਰਤ ਕਰਜਾ ਚੁਕਾਉਣ ਦੇ ਯੋਗ ਹੋ ਹੀ ਨਹੀਂ ਪਾਉਂਦੀ। ਆਖ਼ਰਕਾਰ, ਉਹ ਬੰਧੂਆ ਮਜ਼ਦੂਰੀ ਵੱਲ ਨੂੰ ਧੱਕ ਦਿੱਤੀ ਜਾਵੇਗੀ,” ਉਹ ਕਹਿੰਦੇ ਹਨ। ਮਿਸਾਲ ਵਜੋਂ ਸੁਖਵਿੰਦਰ ਕੌਰ ਨੂੰ ਲੈਂਦੇ ਹਾਂ ਜੋ 10,000 ਮੂਲ਼ਧਨ ਬਦਲੇ ਹਰ ਮਹੀਨੇ 1,000 ਰੁਪਿਆ ਵਿਆਜ ਤਾਰਦੀ ਹਨ।
ਪੰਤਾਲੀ ਸਾਲ ਪਹਿਲਾਂ, ਭਾਰਤ ਅੰਦਰ ਬੰਧੂਆ ਮਜ਼ਦੂਰੀ ਪ੍ਰਣਾਲੀ (ਖ਼ਾਤਮਾ) ਐਕਟ, 1976 ਲਾਗੂ ਹੋਇਆ। ਇਸ ਐਕਟ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਤਿੰਨ ਸਾਲ ਦੀ ਸਜ਼ਾ ਅਤੇ 2,000 ਰੁਪਏ ਦਾ ਜ਼ੁਰਮਾਨਾ ਮੁਕੱਰਰ ਕੀਤਾ ਗਿਆ ਹੈ। ਇੰਨਾ ਹੀ ਨਹੀਂ ਪਿਛੜੀ ਜਾਤੀ ਅਤੇ ਪਿਛੜੇ ਕਬੀਲੇ (ਤਸ਼ੱਦਦਾਂ ਦੀ ਰੋਕਥਾਮ) ਐਕਟ, 1989 ਤਹਿਤ ਵੀ ਇਹ ਸਜ਼ਾਯੋਗ ਅਪਰਾਧ ਹੈ, ਜੇਕਰ ਪਿਛੜੀ ਜਾਤੀ ਦਾ ਕੋਈ ਵੀ ਵਿਅਕਤੀ ਬੰਧੂਆ ਮਜ਼ਦੂਰੀ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਤਾਂ।
ਰਣਜੀਤ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਮਾਮਲਿਆਂ ਦੀ ਪੈਰਵੀ ਕਰਨ ਵਿੱਚ ਬਹੁਤ ਹੀ ਘੱਟ ਦਿਲਚਸਪੀ ਦਿਖਾਉਂਦਾ ਹੈ।
“ਜੇਕਰ ਉਹ (ਉਨ੍ਹਾਂ ਦਾ ਪਤੀ) ਜਿਊਂਦਾ ਹੁੰਦਾ ਤਾਂ ਘਰ ਚਲਾਉਣਾ ਕੁਝ ਸੁਖ਼ਾਲਾ ਹੁੰਦਾ,” ਆਪਣੀ ਲਾਚਾਰੀ ਹੱਥੋਂ ਬੇਵੱਸ ਹੋਈ ਸੁਖਵਿੰਦਰ ਕਹਿੰਦੀ ਹਨ। “ਸਾਡੀ ਹਯਾਤੀ ਤਾਂ ਕਰਜਾ ਚੁੱਕਦਿਆਂ ਤੇ ਕਰਜਾ ਚੁਕਾਉਂਦਿਆਂ ਹੀ ਲੰਘੀ ਜਾਂਦੀ ਏ।”
ਤਰਜਮਾ: ਕਮਲਜੀਤ ਕੌਰ