ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ ਦੇ ਇੱਕ ਆਜੜੀ ਤੇ ਕਿਸਾਨ ਛੇਰਿੰਗ ਅੰਗਦੁਈ ਦੱਸਦੇ ਹਨ,''ਕਰੀਬ 30 ਸਾਲ ਪਹਿਲਾਂ ਸਪੀਤੀ ਵਿਖੇ ਬੜੀ ਬਰਫ਼ਬਾਰੀ ਹੋਇਆ ਕਰਦੀ ਸੀ। ਇਹ ਇਲਾਕਾ ਪਹਿਲਾਂ ਜ਼ਿਆਦਾ ਹਰਿਆ-ਭਰਿਆ ਸੀ ਤੇ ਘਾਹ ਵੀ ਕਾਫ਼ੀ ਮਾਤਰਾ ਵਿੱਚ ਉਪਲਬਧ ਸੀ।''
43 ਸਾਲਾ ਆਜੜੀ ਛੇਰਿੰਗ ਵਿਖੇ ਰਹਿੰਦੇ ਹਨ, ਇਹ ਪਿੰਡ ਸਮੁੰਦਰ-ਤਲ ਤੋਂ 14,500 ਫੁੱਟ ਦੀ ਉੱਚਾਈ 'ਤੇ ਸਥਿਤ ਹੈ ਤੇ ਇੱਥੇ 158 ਲੋਕ (ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ) ਰਹਿੰਦੇ ਹਨ। ਉਨ੍ਹਾਂ ਵਿੱਚੋਂ ਬਹੁਤੇਰੇ ਭੋਟ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਜੋ ਰਾਜ ਵਿੱਚ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ। ਸਥਾਨਕ ਲੋਕਾਂ ਦੀ ਇੱਕ ਵੱਡੀ ਅਬਾਦੀ ਖੇਤੀ, ਪਸ਼ੂ-ਪਾਲਣ ਤੇ ਸਪੀਤੀ ਵਿੱਚ ਆਉਣ ਵਾਲ਼ੇ ਸੈਲਾਨੀਆਂ ਤੋਂ ਆਪਣੀ ਰੋਜ਼ੀਰੋਟੀ ਕਮਾਉਂਦੀ ਹੈ।
2021 ਦੇ ਜੁਲਾਈ ਦੇ ਅੰਤ ਵਿੱਚ ਅਸੀਂ ਛੇਰਿੰਗ ਤੇ ਲੰਗਜ਼ਾ ਦੇ ਕੁਝ ਹੋਰ ਆਜੜੀਆਂ ਨੂੰ ਮਿਲ਼ੇ ਸਾਂ। ਉਹ ਸਾਰੇ ਆਪਣੀਆਂ ਭੇਡਾਂ, ਬੱਕਰੀਆਂ ਤੇ ਹੋਰ ਡੰਗਰਾਂ ਦੀ ਸਾਂਭ-ਸੰਭਾਲ਼ ਵਿੱਚ ਰੁੱਝੇ ਸਨ। ਉਨ੍ਹਾਂ ਨੇ ਸਾਨੂੰ ਆਪਣੀਆਂ ਦੂਰ-ਦੁਰਾਡੇ ਦੀਆਂ ਯਾਤਰਾਵਾਂ ਬਾਰੇ ਦੱਸਿਆ ਜੋ ਉਨ੍ਹਾਂ ਨੂੰ ਡੰਗਰਾਂ ਲਈ ਚਰਾਂਦਾਂ ਦੀ ਭਾਲ਼ ਵਿੱਚ ਕਰਨੀਆਂ ਪੈਂਦੀਆਂ ਹਨ।
ਛੇਰਿੰਗ ਕਹਿੰਦੇ ਹਨ,''ਹੁਣ ਇੱਥੇ ਪਹਾੜਾਂ 'ਤੇ ਪਹਿਲਾਂ ਵਾਂਗਰ ਬਰਫ਼ਬਾਰੀ ਨਹੀਂ ਹੁੰਦੀ। ਮੀਂਹ ਵੀ ਘੱਟ ਪੈਂਦਾ ਹੈ। ਇਸੇ ਲਈ, ਹੁਣ ਵੱਧ ਘਾਹ ਨਹੀਂ ਉੱਗਦਾ। ਇਹੀ ਕਾਰਨ ਹੈ ਕਿ ਸਾਨੂੰ ਆਪਣੇ ਡੰਗਰਾਂ ਨੂੰ ਘਾਹ ਚਰਾਉਣ ਲਈ, ਹੁਣ ਬਹੁਤੀਆਂ ਉੱਚੀਆਂ ਥਾਵਾਂ ਵੱਲ ਲੈ ਜਾਣਾ ਪੈਂਦਾ ਹੈ।''











