ਸਾਨੂੰ ਨਾ ਤਾਂ ਹਨ੍ਹੇਰਾ ਪਰੇਸ਼ਾਨ ਕਰਦਾ ਹੈ ਅਤੇ ਨਾ ਹੀ ਥੋੜ੍ਹੇ-ਥੋੜ੍ਹੇ ਵਕਫ਼ੇ 'ਤੇ ਪਟੜੀ ਤੋਂ ਸੀਟੀ ਵਜਾਉਂਦੀਆਂ ਲੰਘਦੀਆਂ ਰੇਲਗੱਡੀਆਂ ਪਰੇਸ਼ਾਨ ਕਰਦੀਆਂ, ਜਿਨ੍ਹੀ ਇਹ ਸੋਚ ਪਰੇਸ਼ਾਨ ਕਰਦੀ ਹੈ ਕਿ ਕੋਈ ਆਦਮੀ ਸਾਨੂੰ ਘੂਰ ਰਿਹਾ ਹੈ।
''ਰਾਤ ਵੇਲ਼ੇ, ਸਿਰਫ਼ ਰੇਲਵੇ ਪਟੜੀ ਹੀ ਉਪਲਬਧ ਪਖ਼ਾਨਾ ਹੁੰਦੀ ਹੈ,'' 17 ਸਾਲਾ ਨੀਤੂ ਕੁਮਾਰੀ ਕਹਿੰਦੀ ਹਨ।
ਨੀਤੂ ਦੱਖਣ-ਮੱਧ ਪਟਨਾ ਦੀ ਯਾਰਪੁਰ ਇਲਾਕੇ ਵਿੱਚ ਪੈਂਦੇ ਵਾਰਡ ਨੰਬਰ 9 ਦੀ ਝੁੱਗੀ ਬਸਤੀ ਵਿੱਚ ਰਹਿੰਦੀ ਹਨ। ਘਰਾਂ ਦੇ ਇਸ ਝੁੰਡ ਦੇ ਐਨ ਵਿਚਕਾਰ ਕਰਕੇ ਸੀਮਿੰਟ ਦਾ ਬਣਿਆ ਇੱਕ ਵਰਗਨੁਮਾ ਢਾਂਚਾ ਜਿਹਾ ਹੈ ਜਿੱਥੇ ਕਤਾਰ ਵਿੱਚ ਲੱਗੀਆਂ ਟੂਟੀਆਂ ਹੇਠ ਦੋ ਆਦਮੀ ਕੱਛਾ ਪਾਈ ਸ਼ਰੇਆਮ ਪੂਰੇ ਜੋਸ਼ ਨਾਲ਼ ਸਾਬਣ ਮਲ਼ ਮਲ਼ ਨਹਾ ਰਹੇ ਹਨ। ਨੇੜੇ ਹੀ ਦਰਜਨ ਭਰ ਮੁੰਡੇ ਪਾਣੀ ਨਾਲ਼ ਖੇਡ ਰਹੇ ਹਨ, ਤਿਲਕਣੇ ਫ਼ਰਸ 'ਤੇ ਘਸੀਟੀਆਂ ਮਾਰ ਰਹੇ ਹਨ, ਇੱਕ ਦੂਜੇ ਨੂੰ ਖਿੱਚ-ਖਿੱਚ ਹੇਠਾਂ ਸੁੱਟ ਰਹੇ ਹਨ, ਦੰਦ ਕੱਢਦੇ ਹੱਸ ਰਹੇ ਹਨ।
ਕਰੀਬ 50 ਮੀਟਰ ਦੂਰ, ਇੱਕ ਟਾਇਲਟ ਬਲਾਕ ਹੈ ਜੋ ਪੂਰੀ ਕਲੋਨੀ ਦਾ ਇਕਲੌਤਾ ਪਖ਼ਾਨਾ, ਅਣਵਰਤੀਂਦਾ ਹੀ ਪਿਆ ਹੈ। ਇਹਦੇ ਕਤਾਰ ਵਿੱਚ ਬਣੇ 10 ਦੇ 10 ਕਿਊਬਿਕ (ਵਰਗਾਕਾਰ) ਪਖਾਨੇ ਬੰਦ ਪਏ ਹਨ, ਕਹਿੰਦੇ ਹਨ ਕਿ ਜਨਤਕ ਸੰਪੱਤੀ ਨੂੰ ਜਨਤਾ ਦੇ ਹਵਾਲੇ ਕਰਨ ਵਿੱਚ ਹੋਈ ਦੇਰੀ ਦਾ ਕਾਰਨ ਮਹਾਂਮਾਰੀ ਹੈ। ਬੱਕਰੀਆਂ ਦਾ ਪੂਰਾ ਪਰਿਵਾਰ ਉੱਚਾਈ 'ਤੇ ਬਣੇ ਕਿਊਬਿਕ ਪਖ਼ਾਨਿਆਂ ਦੀਆਂ ਪੌੜੀਆਂ 'ਤੇ ਅਰਾਮ ਫਰਮਾ ਰਿਹਾ ਹੈ। ਰੇਲਵੇ ਪਟੜੀ ਦੇ ਮਗਰ ਕੂੜੇ ਦਾ ਢੇਰ ਨਜ਼ਰ ਆ ਰਿਹਾ ਹੈ। ਸਭ ਤੋਂ ਨੇੜਲਾ ਚਾਲੂ ਜਨਤਕ ਪਖ਼ਾਨਾ 10 ਮਿੰਟ ਦੀ ਪੈਦਲ ਦੂਰੀ 'ਤੇ ਹੈ ਅਤੇ ਕਈ ਜਣੇ ਪਟੜੀਆਂ ਪਾਰ ਕਰਕੇ ਯਾਰਪੁਰ ਦੇ ਦੂਸਰੇ ਸਿਰੇ 'ਤੇ ਬਣੇ ਪਖ਼ਾਨੇ ਦਾ ਇਸਤੇਮਾਲ ਕਰਦੇ ਹਨ, ਇਹ ਪਖ਼ਾਨਾ ਵੀ 10 ਮਿੰਟ ਦੀ ਦੂਰੀ 'ਤੇ ਹੈ।
''ਲੜਕੇ ਤਾਂ ਕਦੇ ਵੀ ਕਿਤੇ ਵੀ ਗ਼ੁਸਲ/ਪੇਸ਼ਾਬ ਕਰ ਲੈਂਦੇ ਹਨ। ਲੜਕੀਆਂ ਸਿਰਫ਼ ਰਾਤ ਵੇਲ਼ੇ ਹੀ ਪਟੜੀਆਂ 'ਤੇ ਜਾਂਦੀਆਂ ਹਨ,'' ਨੀਤੂ ਕਹਿੰਦੀ ਹਨ, ਜੋ ਬੀ.ਏ. ਦੀ ਪਹਿਲੇ ਸਾਲ ਦੀ ਵਿਦਿਆਰਥਣ ਹਨ। (ਸਟੋਰੀ ਵਿਚਲੇ ਸਾਰੇ ਨਾਮ ਬਦਲ ਦਿੱਤੇ ਗਏ ਹਨ।) ਉਹ ਖ਼ੁਦ ਨੂੰ ਇਲਾਕੇ ਦੀਆਂ ਬਾਕੀਆਂ ਕੁੜੀਆਂ ਦੇ ਮੁਕਾਬਲੇ ਖ਼ੁਸ਼ਕਿਸਮਤ ਸਮਝਦੀ ਹਨ ਕਿਉਂਕਿ ਦਿਨ ਵੇਲ਼ੇ ਉਹ ਆਪਣੀ ਆਂਟੀ ਦੇ ਘਰ ਦੀ ਟਾਇਲਟ ਵਰਤ ਸਕਦੀ ਹਨ, ਜੋ ਕਰੀਬ 200 ਮੀਟਰ ਦੂਰ ਹੈ।
''ਸਾਡੇ ਘਰ ਵੀ ਦੋ ਕਮਰੇ ਹਨ, ਇੱਕ ਵਿੱਚ ਮੇਰਾ ਛੋਟਾ ਭਰਾ ਸੌਂਦਾ ਹੈ ਅਤੇ ਇੱਕ ਵਿੱਚ ਮੈਂ ਤੇ ਮੇਰੀ ਮਾਂ। ਇਸਲਈ ਘੱਟੋਘੱਟ ਘਰ ਦੇ ਅੰਦਰ ਤਾਂ ਮੇਰੇ ਕੋਲ਼ ਪੈਡ ਬਦਲਣ ਦੀ ਨਿੱਜੀ ਥਾਂ ਹੈ,'' ਨੀਤੂ ਕਹਿੰਦੀ ਹਨ। ''ਕਈ ਹੋਰ ਲੜਕੀਆਂ ਅਤੇ ਔਰਤਾਂ ਨੂੰ ਆਪਣੇ ਪੈਡ ਬਦਲਣ ਵਾਸਤੇ ਰਾਤ ਪੈਣ ਤੱਕ ਦੀ ਉਡੀਕ ਕਰਨੀ ਪੈਂਦੀ ਹੈ ਤਾਂ ਕਿ ਹਨ੍ਹੇਰੇ ਵਿੱਚ ਰੇਲਵੇ ਪਟੜੀ 'ਤੇ ਜਾ ਸਕਣ।''










