ਇੱਕ ਮਾਂ ਕਿਹੜੀ ਭਾਸ਼ਾ ਵਿੱਚ ਸੁਪਨੇ ਵੇਖਦੀ ਏ? ਗੰਗਾ ਦੇ ਘਾਟ ਤੋਂ ਲੈ ਕੇ ਪੇਰਿਆਰ ਤੀਕਰ ਉਹ ਕਿਹੜੀ ਜ਼ੁਬਾਨ ਵਿੱਚ ਆਪਣੇ ਬੱਚਿਆਂ ਨਾਲ਼ ਗੱਲ ਕਰਦੀ ਏ? ਕੀ ਹਰ ਰਾਜ, ਹਰ ਜ਼ਿਲ੍ਹੇ, ਹਰ ਪਿੰਡ ਵਿੱਚ ਉਹਦੀ ਜ਼ੁਬਾਨ ਉਹਦੀ ਬੋਲੀ ਰੂਪ ਵਟਾ ਜਾਂਦੀ ਏ? ਹਜ਼ਾਰਾਂ ਹੀ ਭਾਸ਼ਾਵਾਂ ਤੇ ਲੱਖਾਂ ਹੀ ਬੋਲੀਆਂ ਨੇ, ਕੀ ਉਹ ਹਰੇਕ ਨੂੰ ਪਛਾਣਦੀ ਏ? ਉਹ ਕਿਹੜੀ ਭਾਸ਼ਾ ਏ, ਜਿਸ ਵਿੱਚ ਉਹ ਵਿਦਰਭ ਦੇ ਕਿਸਾਨਾਂ, ਹਾਥਰਸ ਦੇ ਬੱਚਿਆਂ ਤੇ ਡਿੰਡੀਗੁਲ ਦੀਆਂ ਔਰਤਾਂ ਨਾਲ਼ ਗੱਲ ਕਰਦੀ ਆ? ਸੁਣ! ਆਪਣਾ ਮੂੰਹ ਲਾਲ ਰੇਤ ਅੰਦਰ ਲੁਕੋ ਲੈ। ਉਸ ਟੀਸੀ 'ਤੇ ਜਾ ਕੇ ਸੁਣ ਜ਼ਰਾ, ਜਿੱਥੇ ਹਵਾ ਤੇਰੇ ਮੂੰਹ ਨੂੰ ਥਾਪੜਦੀ ਏ! ਕੀ ਤੂੰ ਉਹਨੂੰ ਸੁਣ ਸਕਦੈਂ? ਉਹਦੀਆਂ ਕਹਾਣੀਆਂ, ਉਹਦੇ ਗੀਤ ਤੇ ਉਹਦਾ ਵਿਲ਼ਕਣਾ। ਦੱਸ ਮੈਨੂੰ? ਕੀ ਤੂੰ ਉਹਦੀ ਜ਼ੁਬਾਨ ਪਛਾਣ ਸਕਦੈਂ? ਦੱਸ ਰਤਾ, ਕੀ ਤੂੰ ਸੁਣ ਸਕਦਾ ਏਂ, ਉਹਨੂੰ ਮੇਰੇ ਵਾਂਗਰ ਇੱਕ ਮਿੱਠੀ ਲੋਰੀ ਗਾਉਂਦਿਆਂ?
ਜ਼ੁਬਾਨਾਂ
ਇੱਕ ਖੰਜ਼ਰ ਮੇਰੀ ਜ਼ੁਬਾਨ 'ਤੇ ਧਰਿਆ ਜਾਂਦਾ ਏ
ਉਹਦੀ ਤਿੱਖੀ ਧਾਰ ਮੈਨੂੰ ਮਹਿਸੂਸ ਹੁੰਦੀ ਏ-
ਮਲੂਕ ਮਾਸਪੇਸ਼ੀਆਂ ਵੱਢੀਆਂ ਜਾਂਦੀਆਂ ਜਿਓਂ।
ਨਹੀਂ ਰਿਹਾ ਮੈਂ ਬੋਲ ਸਕਣ ਦੇ ਕਾਬਲ ਹੁਣ,
ਉਸ ਖੰਜ਼ਰ ਨੇ ਮੇਰੇ ਹਰਫ਼ਾਂ,
ਸਾਰੀ ਵਰਣਮਾਲ਼ਾ, ਗੀਤਾਂ ਤੇ ਸਾਰੀਆਂ ਕਹਾਣੀਆਂ
ਨੂੰ ਖਰੋਚ ਸੁੱਟਿਆ ਏ,
ਸਾਰੇ ਬੋਧ ਤੇ ਸਾਰੇ ਅਹਿਸਾਸ ਨੂੰ ਵੀ।
ਲਹੂ-ਲੁਹਾਨ ਜ਼ੁਬਾਨ ਮੇਰੀ 'ਚੋਂ,
ਲਹੂ ਦੀ ਧਤੀਰੀ ਛੁੱਟਦੀ ਏ,
ਮੂੰਹ ਤੋਂ ਹੁੰਦੀ ਹੋਈ ਮੇਰੀ ਛਾਤੀ ਚੀਰ ਸੁੱਟਦੀ ਏ,
ਮੇਰੀ ਧੁੰਨੀ, ਮੇਰੇ ਲਿੰਗ ਤੋਂ ਹੁੰਦੀ ਹੋਈ,
ਦ੍ਰਵਿੜਾਂ ਦੀ ਜਰਖ਼ੇਜ਼ ਭੂਮੀ 'ਚ ਜਾ ਰਲ਼ਦੀ ਏ।
ਇਹ ਭੋਇੰ ਵੀ ਮੇਰੀ ਜ਼ੁਬਾਨ ਵਾਂਗਰ ਲਾਲ ਤੇ ਗਿੱਲੀ ਏ।
ਹਰ ਤੁਪਕੇ 'ਚੋਂ ਨਵੀਂ ਨਸਲ ਤਿਆਰ ਹੁੰਦੀ ਏ,
ਤੇ ਕਾਲ਼ੀ ਭੋਇੰ 'ਤੇ ਘਾਹ ਦੀਆਂ ਲਾਲ ਤਿੜਾਂ ਉਗਦੀਆਂ ਨੇ।
ਉਹਦੀ ਕੁੱਖ 'ਚ ਸੈਂਕੜੇ, ਹਜ਼ਾਰਾਂ, ਲੱਖਾਂ ਹੀ,
ਜ਼ੁਬਾਨਾਂ ਦਫ਼ਨ ਨੇ।
ਪ੍ਰਾਚੀਨ ਕਬਰਾਂ 'ਚੋਂ ਮਰੀਆਂ ਜ਼ੁਬਾਨਾਂ ਫਿਰ ਜੀਅ ਉੱਠੀਆਂ ਨੇ,
ਵਿਸਰੀਆਂ ਜ਼ੁਬਾਨਾਂ ਫ਼ੁਟਾਲ਼ੇ ਦੇ ਫੁੱਲਾਂ ਨਾਲ਼ ਝੂਮ ਉੱਠੀਆਂ ਨੇ,
ਓਹੀ ਗੀਤ, ਓਹੀ ਕਿੱਸੇ ਸੁਣਾਉਂਦੀਆਂ, ਜੋ ਮੇਰੀ
ਮਾਂ ਸੁਣਾਉਂਦੀ ਸੀ।
ਇੱਕ ਖੰਜ਼ਰ ਮੇਰੀ ਜ਼ੁਬਾਨ 'ਤੇ ਧਰਿਆ ਜਾਂਦਾ ਏ
ਉਹਦੀ ਧਾਰ ਹੁਣ ਖੁੰਡੀ ਹੋ ਗਈ ਏ
ਜ਼ੁਬਾਨਾਂ ਦੇ ਇਸ ਦੇਸ਼ ਦੇ ਗੀਤਾਂ ਤੋਂ ਡਰਨ ਲੱਗਾ ਏ।
ਤਰਜਮਾ: ਕਮਲਜੀਤ ਕੌਰ