''ਅੱਜ ਜਸ਼ਨ ਦਾ ਦਿਨ ਹੈ। ਮੌਸਮ ਵੀ ਮਿਹਰਬਾਨ ਹੈ,'' ਪੇਮਾ ਰਿੰਚੇਨ ਕਹਿੰਦੀ ਹਨ, ਜੋ ਲੇਹ ਜ਼ਿਲ੍ਹੇ ਵਿਖੇ ਸੜਕ ਬਣਾਉਣ ਵਾਲ਼ੀ ਇੱਕ ਮਜ਼ਦੂਰ ਹਨ।
ਲੱਦਾਖ ਦੇ ਹਾਨਲੇ (ਅਨਲੇ ਵੀ ਕਿਹਾ ਜਾਂਦਾ ਹੈ) ਦੀ ਵਾਸੀ 42 ਸਾਲਾ ਰਿੰਚੇਨ ਸਾਗਾ ਦਾਵਾ ਤਿਓਹਾਰ ਦੀ ਗੱਲ ਕਰ ਰਹੀ ਹਨ ਜੋ ਕਿ ਤਿੱਬਤੀ ਕੈਲੰਡਰ ਦਾ ਮਹੱਤਵਪੂਰਨ ਤਿਓਹਾਰ ਹੈ। ਇਹ ਤਿਓਹਾਰ ਲੱਦਾਖ, ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਵਿਖੇ ਰਹਿਣ ਵਾਲ਼ੇ ਬੋਧੀਆਂ ਵੱਲੋਂ ਮਨਾਇਆ ਜਾਂਦਾ ਹੈ। ਤਿੱਬਤੀ ਭਾਸ਼ਾ ਵਿੱਚ 'ਸਾਗਾ' ਦਾ ਮਤਲਬ ਹੁੰਦਾ ਹੈ ਚਾਰ ਅਤੇ 'ਦਾਵਾ' ਮਹੀਨੇ ਨੂੰ ਕਿਹਾ ਜਾਂਦਾ ਹੈ। ਸਾਗਾ ਦਾਵਾ ਦੇ ਮਹੀਨੇ ਨੂੰ 'ਮੰਥ ਆਫ਼ ਮੈਰਿਟ/ਗੁਣਾਂ ਦਾ ਮਹੀਨਾ' ਵੀ ਕਿਹਾ ਜਾਂਦਾ ਹੈ- ਭਾਵ ਕਿ ਇਸ ਸਮੇਂ ਦੌਰਾਨ ਕੀਤੇ ਜਾਣ ਵਾਲ਼ੇ ਕੰਮਾਂ ਨੂੰ ਇਨਾਮ ਦੇਣ ਦੇ ਵੇਲ਼ੇ ਵਜੋਂ ਦੇਖਿਆ ਜਾਂਦਾ ਹੈ।
''ਪਹਿਲਾਂ ਹਰ ਢਾਣੀ (ਛੋਟਾ ਪਿੰਡ) ਹਰ ਇਲਾਕੇ ਆਪੋ-ਆਪਣੇ ਤਰੀਕੇ ਨਾਲ਼ ਸਾਗਾ ਦਾਵਾ ਮਨਾਇਆ ਕਰਦਾ। ਪਰ ਇਸ ਸਾਲ (2022), ਛੇ ਇਲਾਕਿਆਂ ਨੇ ਇਕੱਠੇ ਹੋਕੇ ਜਸ਼ਨ ਮਨਾਇਆ,'' 44 ਸਾਲਾ ਸੋਨਮ ਦੌਰਜੀ ਕਹਿੰਦੀ ਹਨ, ਜੋ ਨਾਗਾ ਢਾਣੀ ਵਿਖੇ ਰਹਿੰਦੀ ਹਨ ਤੇ ਹਾਨਲੇ ਦੇ ਇੰਡੀਅਨ ਐਸਟ੍ਰੋਨੌਮੀਕਲ ਓਬਸਰਵੇਟਰੀ ਵਿਖੇ ਕੰਮ ਕਰਦੀ ਹਨ। ਕੋਵਿਡ-19 ਮਹਾਂਮਾਰੀ ਕਾਰਨ ਲੱਗੀਆਂ ਪਾਬੰਦੀਆਂ ਤੋਂ ਦੋ ਸਾਲ ਬਾਅਦ ਪੁੰਨਗੁਕ, ਖਲਦੋ, ਨਾਗਾ, ਸ਼ਾਦੋ, ਭੋਕ ਅਥੇ ਜ਼ਿੰਗਸੋਮਾ ਢਾਣੀਆਂ ਨੇ ਇਕੱਠਿਆਂ ਹੋ ਜਸ਼ਨ ਮਨਾਇਆ। ਇਹ ਢਾਣੀਆਂ ਹਨਲੇ ਪਿੰਡ ਦਾ ਹਿੱਸਾ ਹੀ ਹਨ ਜਿੱਥੋਂ ਦੀ ਅਬਾਦੀ 1,879 (ਮਰਦਮਸ਼ੁਮਾਰੀ 2011) ਹੈ।
ਬੋਧੀਆਂ ਦੀ ਮਹਾਯਾਨ ਸੰਪਰਦਾ ਵੱਲੋਂ ਮਨਾਇਆ ਜਾਣ ਵਾਲ਼ਾ ਸਾਗਾ ਦਾਵਾ, ਜਿਹਨੂੰ 'ਸਾਕਾ ਦਾਵਾ' ਵੀ ਕਿਹਾ ਜਾਂਦਾ ਹੈ, ਤਿੱਬਤੀਲੂਨਰ ਕੈਲੰਡਰ ਦੇ ਚੌਥੇ ਮਹੀਨੇ ਦੇ 15ਵੇਂ ਦਿਨ ਮਨਾਇਆ ਜਾਂਦਾ ਹੈ। ਸਾਲ 2022 ਵਿੱਚ ਇਹ ਜੂਨ ਦੇ ਮਹੀਨੇ ਪਿਆ। ਇਹ ਤਿਓਹਰ ਬੁੱਧ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਇਹ ਉਨ੍ਹਾਂ ਦੇ ਜਨਮ, ਗਿਆਨ ਤੇ ਪਾਰੀਨਿਵਾਰਨ ਜਾਂ ਪੂਰਨ-ਨਿਰਵਾਣ ਦਾ ਪ੍ਰਤੀਕ ਹੈ।































