''ਅੱਛਾ, ਤਾਂ ਤੁਸੀਂ ਕੋਲਕਾਤਾ ਤੋਂ ਹੋ?'' ਉਨ੍ਹਾਂ ਨੇ ਆਪਣੀਆਂ ਲਿਸ਼ਕਵੀਆਂ ਅੱਖਾਂ ਨਾਲ਼ ਮੇਰੇ ਵੱਲ ਨਜ਼ਰ ਸੁੱਟੀ ਅਤੇ ਪੁੱਛਿਆ। ''ਮੈਂ ਵੀ ਕੋਲਕਾਤਾ ਅਤੇ ਹਾਵੜਾ ਜਾ ਚੁੱਕਿਆਂ ਹਾਂ। ਕਈ ਵਾਰੀ। ਅਕਸਰ ਕੰਮ ਦੀ ਭਾਲ਼ ਵਿੱਚ ਹੀ। ਕਈ ਵਾਰ ਮੈਂ ਵਢਭਾਗੀ ਰਿਹਾਂ ਅਤੇ ਕਈ ਵਾਰੀ ਮੰਦਭਾਗੀ। ਆਖ਼ਰਕਾਰ ਮੈਂ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਹੀ ਆ ਗਿਆ।''
ਲੱਦਾਖ ਵਿੱਚ ਇਹ ਥਾਂ ਸਮੁੰਦਰ ਤਲ਼ ਤੋਂ ਕਰੀਬ 10,000 ਫੁੱਟ ਦੀ ਉੱਚਾਈ 'ਤੇ ਸਥਿਤ ਹੈ। ਝਾਰਖੰਡ ਪੈਂਦੇ ਆਪਣੇ ਘਰ ਤੋਂ ਕਰੀਬ 2,500 ਕਿ.ਮੀ. ਦੂਰ ਸਥਿਤ ਹਿਮਾਲਿਆ ਦੇ ਇਸ ਬੀਹੜ ਯਖ ਕਰ ਸੁੱਟਣ ਵਾਲ਼ੇ ਰੇਗਿਸਤਾਨ ਦੇ ਇਸ ਇਲਾਕੇ ਵਿੱਚ ਲੱਗੇ ਆਪਣੇ ਟੈਂਟ ਦੇ ਬਾਹਰ ਸ਼ਾਮ ਢਲ਼ਦਿਆਂ ਹੀ ਪਾਰਾ ਤੇਜ਼ੀ ਨਾਲ਼ ਘਟਣ ਲੱਗਦਾ ਹੈ ਤਾਂ ਅੰਦਰ ਬੈਠੇ ਰਾਜੂ ਮੁਰਮੂ ਨੂੰ ਪਿੱਛੇ ਰਹਿ ਗਏ ਆਪਣੇ ਚਹਿਲ-ਪਹਿਲ ਵਾਲ਼ੇ ਸ਼ਹਿਰ ਨੂੰ ਚੇਤੇ ਕਰਕੇ ਕੁਝ ਕੁਝ ਨਿੱਘ ਮਹਿਸੂਸ ਹੁੰਦਾ ਜਾਪਦਾ ਹੈ। ਫਿਰ ਬਿਜਲੀ ਨਾ ਹੋਣ ਕਾਰਨ, ਢਲ਼ਦੇ ਦਿਨ ਤੇ ਵੱਧਦੀ ਠੰਡ ਦੇ ਨਾਲ਼ ਨਾਲ਼ ਹਨ੍ਹੇਰਾ ਵੀ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਟੈਂਟ ਵਿੱਚ ਪਸਰਨਾ ਸ਼ੁਰੂ ਹੋ ਜਾਵੇਗਾ।
31 ਸਾਲਾ ਰਾਜੂ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿੱਚ ਸਥਿਤ ਬਾਬੂਪੁਰ ਪਿੰਡ ਤੋਂ ਨਿਰੰਤਰ ਲੱਦਾਖ ਆਉਂਦੇ ਰਹਿੰਦੇ ਹਨ। ਹੋਰ ਕਾਫ਼ੀ ਸਾਰੇ ਮਜ਼ਦੂਰ ਵੀ ਇੰਝ ਹੀ ਕਰਦੇ ਹਨ। ਉਹ ਇੱਥੇ ਆਉਂਦੇ ਹਨ ਅਤੇ ਦੇਸ਼ ਦੀਆਂ ਸਭ ਤੋਂ ਉੱਚੀਆਂ ਥਾਵਾਂ ਵਿੱਚੋਂ ਇੱਕ ਥਾਂ 'ਤੇ ਸੜਕ ਬਣਾਉਣ ਦਾ ਕੰਮ ਕਰਦੇ ਰਹੇ ਹਨ। ਉਹ ਦੱਸਦੇ ਹਨ,''ਇਹ ਸਾਡਾ ਚੌਥਾ ਸਾਲ ਹੈ। ਅਸੀਂ ਪਿਛਲੇ ਸਾਲ ਵੀ ਆਏ ਸਾਂ। ਦੱਸੋ ਹੋਰ ਕਰੀਏ ਤਾਂ ਕਰੀਏ ਕੀ? ਸਾਡੇ ਪਿੰਡ ਵਿੱਚ ਤਾਂ ਕੋਈ ਕੰਮ ਮਿਲ਼ਣਾ ਹੈ ਨਹੀਂ।'' ਰਾਜੂ ਅਤੇ ਉਨ੍ਹਾਂ ਦੇ ਪ੍ਰਦੇਸ਼ ਦੇ ਕੋਈ ਨੌ ਜਣੇ ਸੜਕ ਨਿਰਮਾਣ ਸਥਲ ਤੋਂ ਕੁਝ ਕੁ ਦੂਰੀ 'ਤੇ ਛੋਟੇ-ਛੋਟੇ ਤੰਬੂ ਗੱਡ ਕੇ ਰਹਿੰਦੇ ਹਨ। ਉਹ ਸਮੁੰਦਰ ਤਲ਼ ਤੋਂ 17,582 ਫੁੱਟ ਉਤਾਂਹ ਖਾਰਦੁੰਗ ਲਾ (ਖਾਰਦੋਂਗ ਪਿੰਡ ਦੇ ਕੋਲ) ਅਤੇ 10,000 ਫੁੱਟ 'ਤੇ ਨੁਬਰਾ ਘਾਟੀ ਵਿਚਾਲ਼ੇ ਇੱਕ ਬਾਈਪਾਸ (ਦੱਰਾ) ਬਣਾ ਰਹੇ ਹਨ।
ਲੱਦਾਖ ਦਾ ਬੀਹੜ ਅਤੇ ਅਲੱਗ-ਥਲੱਗ ਖੇਤਰ ਜੋ ਇਤਿਹਾਸਕ ਰੂਪ ਨਾਲ਼ ਸਰਹੱਦੋਂ ਪਾਰ ਵਪਾਰਕ ਲੈਣ-ਦੇਣ, ਧਾਰਮਿਕ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਲਿਹਾਜੋਂ ਬੇਹੱਦ ਅਹਿਮ ਹੈ, ਤੇਜ਼ੀ ਨਾਲ਼ ਝਾਰਖੰਡ, ਛੱਤੀਸਗੜ੍ਹ, ਬਿਹਾਰ, ਮੱਧ ਪ੍ਰਦੇਸ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਪ੍ਰਵਾਸੀਆਂ ਲਈ ਕੰਮ-ਕਾਜ ਦਾ ਇੱਕ ਕੇਂਦਰ ਬਣਦਾ ਜਾ ਰਿਹਾ ਹੈ। ਲੱਦਾਖ ਦੀ ਮੌਜੂਦਾ ਨਵੀਂ ਪ੍ਰਸ਼ਾਸਨਕ ਹਾਲਤ ਦੇ ਬਾਅਦ ਇਲਾਕੇ ਵਿੱਚ ਪ੍ਰਾਈਵੇਟ ਬਿਲਡਰਾਂ ਦੇ ਦਖ਼ਲ ਅਤੇ ਦਾਬੇ ਦੀ ਸੰਭਾਵਨਾ ਵੱਧ ਗਈ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਸੀਮਾ ਸੜਕ ਸੰਗਠਨ ਦੇ ਨਾਲ਼ ਰਲ਼ ਕੇ ਵਪਾਰਕ ਅਤੇ ਸੈਨਿਕ ਮਹੱਤਵ ਰੱਖਣ ਵਾਲ਼ੇ ਇਲਾਕਿਆਂ ਅੰਦਰ ਬੁਨਿਆਦੀ ਢਾਂਚੇ ਵਿੱਚ ਬਦਲਾਓ ਲਿਆਉਣ ਵਾਲ਼ੇ ਪ੍ਰਾਜੈਕਟਾਂ ਵਿੱਚ ਤੇਜ਼ੀ ਵੀ ਆਈ ਹੈ। ਇਹਦਾ ਸਿੱਧਾ ਮਤਲਬ ਹੈ ਕਿ ਲੱਦਾਖ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਦਾ ਵੱਧ ਜਾਣਾ।
ਉਹ ਸਮੇਂ-ਸਮੇਂ 'ਤੇ ਸੜਕਾਂ ਦੇ ਕੰਢੇ ਬਣੇ 11X8.5 ਵਰਗ ਫੁੱਟ ਦੇ ਟੈਂਟ ਵਿੱਚ ਆਪਣੇ ਪਰਿਵਾਰਾਂ ਦੇ ਨਾ਼ਲ਼ ਰਹਿੰਦੇ ਦੇਖੇ ਜਾ ਸਕਦੇ ਹਨ। ਇਹ ਕੰਮ-ਚਲਾਊ ਟੈਂਟ ਸੜਕ ਦੇ ਕੰਮ ਦੇ ਅੱਗੇ ਵੱਧਣ ਦੇ ਨਾਲ਼ ਨਾਲ਼ ਆਪਣੀ ਥਾਂ ਬਦਲਦੇ ਰਹਿੰਦੇ ਹਨ। ਬੈਗ ਅਤੇ ਬਾਕੀ ਮਾਲ਼-ਅਸਬਾਬ ਨਾਲ਼ ਲੱਦਿਆ ਹਰੇਕ ਤੰਬੂ ਤਕਰੀਬਨ 10 ਲੋਕਾਂ ਦਾ ਬਸੇਰਾ ਹੁੰਦਾ ਹੈ, ਜਿੱਥੇ ਲੋਕ ਭੁੰਜੇ ਹੀ ਮਹੀਨ ਜਿਹਾ ਕਾਲੀਨ ਵਿਛਾ ਕੇ ਸੌਂਦੇ ਹਨ। ਉਹ ਇਸ ਯਖ ਕਰ ਸੁੱਟਣ ਵਾਲ਼ੀ ਠੰਡ ਵਿੱਚ ਬਿਜਲੀ ਦੀ ਗ਼ੈਰ-ਮੌਜੂਦਗੀ ਵਿੱਚ ਰਹਿੰਦੇ ਹਨ ਅਤੇ ਆਮ ਤੌਰ 'ਤੇ ਜ਼ੀਰੋ ਤੋਂ ਵੀ ਘੱਟ ਤਾਪਮਾਨ ਵਿੱਚ ਵਿਅਕਤੀਗਤ ਸੁਰੱਖਿਆ ਉਪਕਰਣਾਂ ਦੇ ਢੁਕਵੇਂ ਬੰਦੋਬਸਤ ਦੇ ਬਗ਼ੈਰ ਹੀ ਕੰਮ ਕਰਦੇ ਰਹਿੰਦੇ ਹਨ। ਕੁਰੱਖਤ ਮੌਸਮ, ਬੁਨਿਆਦੀ ਢਾਂਚੇ ਵਿੱਚ ਬਦਲਾਓ ਦੇ ਪ੍ਰਾਜੈਕਟ ਵਿੱਚ ਉਮੀਦ ਨਾਲ਼ੋਂ ਵੱਧ ਅਤੇ ਗੁਣਵੱਤਾ-ਭਰਪੂਰ ਮਸ਼ੀਨੀ ਉਪਕਰਣਾਂ ਦੀ ਘਾਟ ਕਾਰਨ, ਸੜਕ ਤੋੜਨ-ਬਣਾਉਣ ਦੌਰਾਨ ਕਾਮਿਆਂ ਨੂੰ ਭਾਰੀ-ਭਾਰੀ ਵਜ਼ਨ ਖ਼ੁਦ ਹੀ ਚੁੱਕਣਾ ਅਤੇ ਢੋਹਣਾ ਪੈਂਦਾ ਹੈ। ਇਹ ਸਭ ਇੱਕ ਬਹੁਤ ਜ਼ਿਆਦਾ ਉੱਚਾਈ ਵਾਲ਼ੇ ਇਲਾਕੇ ਵਿੱਚ ਹੁੰਦਾ ਹੈ ਜਿੱਥੇ ਆਕਸੀਜਨ ਦਾ ਪੱਧਰ ਘੱਟ ਹੁੰਦਾ ਹੈ ਅਤੇ ਇਸ ਬੇਹੱਦ ਔਖ਼ੇ ਕੰਮ ਬਦਲੇ ਮਿਲ਼ਣ ਵਾਲ਼ਾ ਭੁਗਤਾਨ ਇੱਕ ਪਰਿਵਾਰ ਨੂੰ ਪਾਲ਼ਣ ਲਈ ਨਾਕਾਫ਼ੀ ਸਾਬਤ ਹੁੰਦਾ ਹੈ।























