ਜੀਵ-ਵਿਗਿਆਨ ਦੀ ਅਧਿਆਪਕਾ ਦੱਸ ਰਹੀ ਹਨ ਕਿ ਕਿਵੇਂ ਕ੍ਰੋਮੋਜ਼ੋਮ (Cromosomes) ਮਨੁੱਖਾਂ ਵਿੱਚ ਲਿੰਗ ਨਿਰਧਾਰਿਤ ਕਰਦੇ ਹਨ ਅਤੇ ਸਾਰੀ ਜਮਾਤ ਧਿਆਨ ਨਾਲ ਸੁਣ ਰਹੀ ਹੈ। “ਔਰਤਾਂ ਵਿੱਚ ਦੋ X ਕ੍ਰੋਮੋਜ਼ੋਮ ਹੁੰਦੇ ਹਨ ਜਦਕਿ ਮਰਦਾਂ ਵਿੱਚ X ਅਤੇ Y ਕ੍ਰੋਮੋਜ਼ੋਮ ਹੁੰਦੇ ਹਨ। ਜੇ XX ਕ੍ਰੋਮੋਜ਼ੋਮ ਇੱਕ Y ਕ੍ਰੋਮੋਜ਼ੋਮ ਨਾਲ ਮਿਲ਼ ਜਾਣ ਤਾਂ ਅਜਿਹਾ ਵਿਅਕਤੀ ਪੈਦਾ ਹੁੰਦਾ ਹੈ,” ਅਧਿਆਪਕਾ ਇੱਕ ਵਿਦਿਆਰਥੀ ਵੱਲ ਇਸ਼ਾਰਾ ਕਰਦੀ ਹੋਈ ਕਹਿੰਦੀ ਹਨ। ਜਦੋਂ ਉਹ ਵਿਦਿਆਰਥੀ ਅਜੀਬ ਜਿਹੇ ਤਰੀਕੇ ਨਾਲ਼ ਖ਼ੜ੍ਹਾ ਹੋਣ ਲੱਗਦਾ ਹੈ ਤਾਂ ਸਾਰੀ ਜਮਾਤ ਹੱਸਣ ਲੱਗਦੀ ਹੈ।
ਇਹ ‘ਸੰਦਾਕਾਰੰਗਾ’(ਲੜ੍ਹਨ ਦਾ ਦ੍ਰਿੜ ਸੰਕਲਪ) ਦਾ ਸ਼ੁਰੂਆਤੀ ਦ੍ਰਿਸ਼ ਹੈ ਜੋ ਦੁਵਲੰਗੀ ਭਾਈਚਾਰੇ ’ਤੇ ਅਧਾਰਿਤ ਇੱਕ ਨਾਟਕ ਹੈ। ਨਾਟਕ ਦਾ ਪਹਿਲਾ ਹਿੱਸਾ ਇੱਕ ਬੱਚੇ ਦੁਆਰਾ ਆਪਣੀ ਜਮਾਤ ਵਿੱਚ ਸਮਾਜਿਕ ਨਿਰਧਾਰਿਤ ਲਿੰਗਿਕ ਭੂਮਿਕਾਵਾਂ ਦੇ ਅਨੁਕੂਲ ਨਾ ਹੋਣ ’ਤੇ ਸਹਿਣ ਕੀਤੇ ਜਾਂਦੇ ਅਪਮਾਨ ਅਤੇ ਮਜ਼ਾਕ ਬਾਰੇ ਗੱਲ ਕਰਦਾ ਹੈ ਅਤੇ ਦੂਜਾ ਹਿੱਸਾ ਹਿੰਸਾਗ੍ਰਸਤ ਦੁਵਲੰਗੀ ਆਦਮੀਆਂ ਅਤੇ ਦੁਵਲੰਗੀ ਔਰਤਾਂ ਦੇ ਜੀਵਨ ’ਤੇ ਚਾਣਨਾ ਪਾਉਂਦਾ ਹੈ।
ਦਿ ਟਰਾਂਸ ਰਾਈਟ ਨਾਓ ਕਲੈਕਟਿਵ (TRNC) ਪੂਰੇ ਭਾਰਤ ਵਿੱਚ ਦਲਿਤ, ਬਹੁਜਨ ਅਤੇ ਆਦਿਵਾਸੀ ਦੁਵਲੰਗੀ ਲੋਕਾਂ ਦੀ ਅਵਾਜ਼ ਨੂੰ ਕੇਂਦਰ ਵਿੱਚ ਰੱਖਦਾ ਹੈ। ਇਹਨਾਂ ਨੇ ਸੰਦਾਕਰੰਗਾ ਦਾ ਪਹਿਲਾ ਪ੍ਰਦਰਸ਼ਨ 23 ਨਵੰਬਰ 2022 ਵਿੱਚ ਚੇੱਨਈ, ਤਾਮਿਲਨਾਡੂ ਵਿਖੇ ਪੇਸ਼ ਕੀਤਾ ਸੀ। ਇੱਕ ਘੰਟੇ ਦਾ ਇਹ ਨਾਟਕ ਨੌਂ ਦੁਵਲੰਗੀ ਵਿਅਕਤੀਆਂ ਦੇ ਇੱਕ ਸਮੂਹ ਦੁਆਰਾ ਨਿਰਦੇਸ਼ਤ, ਨਿਰਮਿਤ ਅਤੇ ਪ੍ਰਦਰਸ਼ਤ ਕੀਤਾ ਜਾਂਦਾ ਹੈ।
“ਮਰ ਚੁੱਕੇ ਦੁਵਲੰਗੀ ਵਿਅਕਤੀਆਂ ਦੀ ਯਾਦ ਵਿੱਚ 20 ਨਵੰਬਰ ਨੂੰ ਅੰਤਰਰਾਸ਼ਟਰੀ ਯਾਦਗਾਰੀ ਦੁਵਲੰਗੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਇਹਨਾਂ ਦੀ ਜ਼ਿੰਦਗੀ ਸੌਖ਼ੀ ਨਹੀ ਹੈ, ਕਿਉਂਕਿ ਇਹਨਾਂ ਨੂੰ ਅਕਸਰ ਆਪਣੇ ਪਰਿਵਾਰਾਂ ਦੁਆਰਾ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ ਅਤੇ ਸਮਾਜ ਦੁਆਰਾ ਅਸਵੀਕਾਰ ਕੀਤਾ ਜਾਂਦਾ ਹੈ। ਕਈਆਂ ਨੂੰ ਜਾਂ ਤਾਂ ਕਤਲ਼ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਉਹ ਖ਼ੁਦਕੁਸ਼ੀ ਕਰ ਕੇ ਮਰ ਜਾਂਦੇ ਹਨ,” TRNC ਦੀ ਸੰਸਥਾਪਕ ਗ੍ਰੇਸ ਬਾਨੂ ਦੱਸਦੀ ਹਨ।
“ਹਰ ਸਾਲ ਇਹ ਸੰਖਿਆ ਵੱਧ ਰਹੀ ਹੈ। ਜਦੋਂ ਦੁਵਲੰਗੀ ਸਮਾਜ ਨਾਲ ਅੱਤਿਆਚਾਰ ਹੁੰਦਾ ਹੈ ਤਾਂ ਕੋਈ ਵੀ ਅਵਾਜ਼ ਨਹੀਂ ਚੁੱਕਦਾ। ਇਸ ਪ੍ਰਤੀ ਸਾਡਾ ਸਮਾਜ ਬਿਲਕੁਲ ਚੁੱਪ ਹੈ,” ਬਾਨੂ ਕਹਿੰਦੀ ਹਨ ਜੋ ਕਿ ਇੱਕ ਕਲਾਕਾਰ ਅਤੇ ਕਾਰਕੁਨ ਹਨ। “ਅਸੀਂ ਇਸ ਬਾਰੇ ਅਵਾਜ਼ ਚੁੱਕਣੀ ਸੀ। ਇਸੇ ਕਰਕੇ ਅਸੀਂ ਇਸ (ਨਾਟਕ) ਦਾ ਨਾਂ ‘ਸੰਦਾਕਾਰੰਗਾ’ ਰੱਖਿਆ।”
2017 ਵਿੱਚ ਇਹ ਨਾਟਕ
‘ਸੰਦਾਕਰਾਈ’ ਨਾਂ ਹੇਂਠ ਖੇਡਿਆ ਗਿਆ ਅਤੇ ਬਾਅਦ ਵਿੱਚ 2022 ਵਿੱਚ ਇਹ ਸਿਰਲੇਖ਼ ਬਦਲ ਕੇ ‘ਸੰਦਾਕਾਰੰਗਾ’ ਕਰ ਦਿੱਤਾ ਗਿਆ। ਗ੍ਰੇਸ
ਬਾਨੂ ਦੱਸਦੀ ਹਨ,“ਸਾਰੇ ਦੁਵਲੰਗੀ ਵਿਅਕਤੀਆਂ ਨੂੰ ਇਸ ਵਿੱਚ ਸ਼ਾਮਿਲ ਕਰਨ ਲਈ ਅਸੀਂ ਇਸ ਨੂੰ ਬਦਲ
ਦਿੱਤਾ ਸੀ।” ਇਸ ਨਾਟਕ ਵਿਚਲੇ ਨੌਂ ਕਲਾਕਾਰ ਦੁਵਲੰਗੀਆਂ ਦੇ ਦੁੱਖਾਂ ਅਤੇ ਤਕਲੀਫ਼ਾਂ ਬਾਰੇ ਬਿਆਨ
ਕਰਦੇ ਹਨ ਅਤੇ ਇਸ ਸਮੁਦਾਇ ਨਾਲ ਹੁੰਦੇ ਜਬਾਨੀ ਅਤੇ ਸਰੀਰਕ ਸੋਸ਼ਣ ਬਾਰੇ ਲੋਕਾਂ ਦੀ ਅਣਜਾਣਤਾ ਅਤੇ
ਚੁੱਪੀ ’ਤੇ ਸਵਾਲ ਕਰਦੇ ਹਨ। ਸੰਦਾਕਾਰੰਗਾ ਦੀ ਲੇਖਿਕਾ ਅਤੇ ਨਿਰਦੇਸ਼ਕ ਨੇਘਾ ਦਾ ਕਹਿਣਾ ਹੈ,“ਇਹ
ਪਹਿਲੀ ਵਾਰ ਹੋਇਆ ਹੈ ਕਿ ਦੁਵਲੰਗੀ
ਆਦਮੀ ਅਤੇ ਦੁਵਲੰਗੀ ਔਰਤਾਂ ਇੱਕ ਮੰਚ ’ਤੇ ਇਕੱਠੇ ਹੋਏ ਹਨ।”
“ਅਸੀਂ ਹਮੇਸ਼ਾ ਜਿਉਂਦੇ ਰਹਿਣ ਲਈ ਮੁਸ਼ੱਕਤ ਕਰਦੇ ਰਹੇ ਹਾਂ। ਅਸੀਂ ਆਪਣੇ ਮਹੀਨਾਵਰ ਬਿੱਲਾਂ ਦਾ ਭੁਗਤਾਨ ਕਰਨ ਜਾਂ ਜਰੂਰੀ ਵਸਤਾਂ ਖ਼ਰੀਦਣ ਲਈ ਲਗਾਤਾਰ ਕੰਮ ਕਰਦੇ ਰਹੇ ਹਾਂ। ਇਹ ਨਾਟਕ ਲਿਖਦੇ ਸਮੇਂ ਮੈਂ ਉਤਸ਼ਾਹਿਤ ਸੀ, ਨਾਲ ਹੀ ਇਹ ਸੋਚ ਕੇ ਗੁੱਸਾ ਵੀ ਆ ਰਿਹਾ ਸੀ ਕਿ ਦੁਵਲੰਗੀ ਆਦਮੀਆਂ ਅਤੇ ਦੁਵਲੰਗੀ ਔਰਤਾਂ ਨੂੰ ਕਦੇ ਵੀ ਸਿਨੇਮਾ ਜਾਂ ਥੀਏਟਰ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਮੈਂ ਸੋਚਿਆ ਕਿ ਅਸੀਂ ਜਿਉਂਦੇ ਰਹਿਣ ਲਈ ਜੋਖ਼ਿਮ ਉਠਾਉਂਦੇ ਹਾਂ, ਤਾਂ ਕਿਉਂ ਨਾ ਇੱਕ ਨਾਟਕ ਲਿਖਣ ਲਈ ਵੀ ਜੋਖ਼ਿਮ ਲਈ ਜਾਵੇ,” ਨੇਘਾ ਅੱਗੇ ਕਹਿੰਦੀ ਹਨ।
ਇਹ ਤਸਵੀਰ-ਕਹਾਣੀ ਉਹਨਾਂ ਪਲਾਂ ਨੂੰ ਉਜਾਗਰ ਕਰਦੀ ਹੈ ਜੋ ਦੁਵਲੰਗੀ ਸਮੁਦਾਇ ਦੇ ਗਵਾਚੇ ਇਤਿਹਾਸ ਨੂੰ ਜੀਵਿਤ ਕਰਦੇ ਹਨ ਅਤੇ ਉਹਨਾਂ ਦੇ ਜਿਓਣ ਦੇ ਅਧਿਕਾਰ ਅਤੇ ਸਰੀਰਕ ਅੰਤਰ ਪ੍ਰਤੀ ਸਤਿਕਾਰ ਨੂੰ ਅੱਗੇ ਲਿਆਉਂਦੇ ਹਨ।
ਤਰਜਮਾ: ਇੰਦਰਜੀਤ ਸਿੰਘ