ਓਹ! ਇਹ ਗੀਤ ਕਿਸੇ ਤਰ੍ਹਾਂ ਛੁੱਟਿਆ ਰਹਿ ਗਿਆ। ਇਸ ਭੁੱਲ ਲਈ ਮੈਂ ਪਾਰੀ ਦੇ ਪਾਠਕਾਂ ਤੇ ਦਰਸ਼ਕਾਂ ਪਾਸੋਂ ਮੁਆਫ਼ੀ ਮੰਗਦਾ ਹਾਂ। ਪਾਰੀ ਦੇ ਸਾਰੇ ਫ਼ੌਲੋਅਰਸ ਸਾਡੇ ਇਸ ਟਾਪ ਚਾਰਟਬਸਟਰ-'ਪੋਟੈਟੋ ਸੌਂਗ' ਤੋਂ ਬਾਖ਼ੂਬੀ ਜਾਣੂ ਹੋਣੇ ਹਨ। ਇਸ ਗੀਤ ਨੂੰ 8 ਤੋਂ 11 ਸਾਲਾ ਕੁੜੀਆਂ ਦੇ ਇੱਕ ਸਮੂਹ ਨੇ ਗਾਇਆ ਹੈ। ਇਹ ਕੁੜੀਆਂ ਕੇਰਲ ਦੀਆਂ ਬੀਹੜ ਇੱਡੁਕੀ ਪਹਾੜੀਆਂ ਦੀ ਗੋਦ ਵਿੱਚ ਵੱਸੀ ਇਕੱਲੀ ਪੰਚਾਇਤ ਏਡਮਾਲਕੁਡੀ ਦੇ ਆਦਿਵਾਸੀ ਵਿਕਾਸ ਪ੍ਰੋਜੈਕਟ (ਟ੍ਰਾਈਬਲ ਡਿਵਲਪਮੈਂਟ ਪ੍ਰੋਜੈਕਟ) ਦੇ ਇੱਕ ਛੋਟੇ ਜਿਹੇ ਸਕੂਲ ਦੀ ਪਹਿਲੀ ਤੋਂ ਲੈ ਕੇ ਚੌਥੀ ਜਮਾਤ ਵਿੱਚ ਪੜ੍ਹਦੀਆਂ ਹਨ।
ਉੱਥੇ ਅਪੜਨ ਵਾਲ਼ੇ ਅਸੀਂ ਅੱਠਾਂ ਜਣਿਆਂ ਨੇ ਉਨ੍ਹਾਂ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਪਸੰਦੀਦਾ ਵਿਸ਼ੇ ਬਾਰੇ ਪੁੱਛਿਆ। ਉਨ੍ਹਾਂ ਦਾ ਜਵਾਬ ਸੀ-''ਅੰਗਰੇਜ਼ੀ''। ਅੰਗਰੇਜ਼ੀ ਉਹ ਵੀ ਇੱਕ ਅਜਿਹੇ ਇਲਾਕੇ ਵਿੱਚ ਜਿੱਥੇ ਅਸੀਂ ਕਿਸੇ ਇੱਕ ਸਾਈਨਬੋਰਡ ਤੱਕ 'ਤੇ ਇਸ ਭਾਸ਼ਾ ਦਾ ਇੱਕ ਅੱਖ਼ਰ ਤੱਕ ਲਿਖਿਆ ਨਹੀਂ ਦੇਖਿਆ, ਉੱਥੇ ਉਨ੍ਹਾਂ ਵੱਲੋਂ ਇਹ ਜਵਾਬ ਦੇਣਾ ਸਾਨੂੰ ਹੈਰਾਨ ਕਰ ਸੁੱਟਣ ਵਾਲ਼ਾ ਤਾਂ ਸੀ ਹੀ। ਉਹ ਅੰਗਰੇਜ਼ੀ ਸਮਝਦੀਆਂ ਹਨ, ਇਸ ਗੱਲ ਨੂੰ ਸਾਬਤ ਕਰਨ ਦੀ ਚੁਣੌਤੀ ਵਜੋਂ ਲੈਂਦਿਆਂ ਉਨ੍ਹਾਂ ਨੇ ਯਕਦਮ ਅੰਗਰੇਜ਼ੀ ਵਿੱਚ ਗੀਤ ਗਾਉਣਾ ਸ਼ੁਰੂ ਕਰ ਦਿੱਤਾ।
ਬਾਦ ਵਿੱਚ ਇਹ ਗੀਤ ਪਾਰੀ ਦਾ ਸਦਾਬਹਾਰ ਗੀਤ ਬਣ ਗਿਆ। ਪਰ ਕੋਈ ਹੋਰ ਵੀ ਚੀਜ਼ ਸੀ ਜੋ ਅਸੀਂ ਉਸ ਵੇਲ਼ੇ ਭੁੱਲ ਗਏ ਸਾਂ ਤੇ ਉਹਨੂੰ ਹੁਣ ਤੁਹਾਡੇ ਸਾਹਮਣਾ ਲਿਆ ਰਹੇ ਹਾਂ। ਜਦੋਂ ਕੁੜੀਆਂ ਨੇ ''ਪੋਟੈਟੋ ਸੌਂਗ'' ਦੀ ਸੁਰੀਲੀ ਪੇਸ਼ਕਾਰੀ ਕਰ ਦਿੱਤੀ ਤਦ ਅਸੀਂ ਲੜਕਿਆਂ ਦਾ ਹੁਨਰ ਅਜਮਾਉਣ ਵੱਲ ਨੂੰ ਹੋ ਗਏ। ਅਸੀਂ ਗ਼ੌਰ ਕੀਤਾ, ਜਦੋਂ ਅਸੀਂ ਉਨ੍ਹਾਂ ਦੀ ਅੰਗਰੇਜ਼ੀ ਦੀ ਜਾਣਕਾਰੀ ਜਾਂਚਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕੁੜੀਆਂ ਦੇ ਮੁਕਾਬਲੇ ਪਿੱਛੇ ਰਹਿ ਗਏ।
ਉਹ ਜਾਣਦੇ ਸਨ ਕਿ ਪੰਜ ਕੁੜੀਆਂ ਦੇ ਸਮੂਹ ਦੀ ਬਰਾਬਰੀ ਕਰਨ ਸਕਣਾ ਉਨ੍ਹਾਂ ਲਈ ਮੁਸ਼ਕਲ ਕੰਮ ਸੀ, ਸੋ ਉਨ੍ਹਾਂ ਨੇ ਇਹਨੂੰ ਇੱਕ ਖੇਡ ਵਾਂਗਰ ਲੈ ਲਿਆ। ਸੁਰ ਦੀ ਗੁਣਵੱਤਾ ਜਾਂ ਗੀਤ ਦੀ ਪੇਸ਼ਕਾਰੀ ਦੇ ਮਾਮਲੇ ਵਿੱਚ ਉਹ ਕੁੜੀਆਂ ਦੇ ਮੁਕਾਬਲੇ ਟਿਕ ਨਾ ਸਕੇ। ਪਰ ਆਪਣੀਆਂ ਇੱਲ੍ਹਤਾਂ ਕਰਕੇ ਬੋਲਾਂ ਦਾ ਕੁਝ ਹੋਰ ਹੀ ਬਣਾ ਕੇ ਗਾਉਣ ਨਾਲ਼ ਉਹ ਕੁਝ ਅਲੱਗ ਹੀ ਨਜ਼ਰ ਆਏ।
ਇੱਕ ਅਜਿਹੇ ਪਿੰਡ ਵਿੱਚ ਜਿੱਥੇ ਅੰਗਰੇਜ਼ੀ ਬਿਲਕੁਲ ਹੀ ਨਹੀਂ ਬੋਲੀ ਜਾਂਦੀ, ਕੁੜੀਆਂ ਨੇ ਉਨ੍ਹਾਂ ਆਲੂਆਂ ਬਾਰੇ ਇੱਕ ਗੀਤ ਗਾਇਆ ਸੀ ਜੋ ਉਹ ਖਾਂਦੀਆਂ ਵੀ ਨਹੀਂ ਹਨ। ਇਹਦੇ ਮੁਕਾਬਲੇ ਵਿੱਚ ਲੜਕਿਆਂ ਨੇ ਜੋ ਗਾਇਆ ਉਹ ਇੱਕ ਡਾਕਟਰ (ਪਿੰਡ ਦੇ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਕੋਈ ਕੁੱਲਵਕਤੀ ਡਾਕਟਰ ਨਹੀਂ ਹੈ) ਬਾਰੇ ਸੀ। ਜਿਵੇਂ ਕਿ ਭਾਰਤ ਦੇ ਬਹੁਤੇਰੇ ਹਿੱਸਿਆਂ ਵਿੱਚ ਪੇਂਡੂ ਜਾਂ ਸ਼ਹਿਰੀ- 'ਡਾਕਟਰ' ਸ਼ਬਦ ਫ਼ਿਜ਼ਿਸ਼ੀਅਨ ਅਤੇ ਸਰਜਨ ਦੋਵਾਂ ਲਈ ਸਮਾਨ ਰੂਪ ਵਿੱਚ ਢੁਕਵਾਂ ਹੈ, ਭਾਵ ਡਾਕਟਰ ਸ਼ਬਦ ਇਨ੍ਹਾਂ ਦੋਵਾਂ ਲਈ ਵਰਤਿਆ ਜਾਂਦਾ ਹੈ। ਗੀਤ ਵਿੱਚ ਆਧੁਨਿਕ ਐਲੋਪੈਥਿਕ ਇਲਾਜ ਵਿਗਿਆਨ ਪ੍ਰਤੀ ਵੀ ਇੱਕ ਮਾਰਮਿਕ ਆਸਥਾ ਝਲਕਦੀ ਹੈ।
ਗੁਡ ਮਾਰਨਿੰਗ,
ਡਾਕਟਰ,
ਮੇਰੇ ਢਿੱਡ
'
ਚ
ਪੀੜ੍ਹ ਹੈ, ਡਾਕਟਰ
ਮੇਰੇ ਢਿੱਡ
'
ਚ
ਪੀੜ੍ਹ ਹੈ, ਡਾਕਟਰ
ਮੈਨੂੰ ਸੰਭਾਲ਼ ਲਓ, ਡਾਕਟਰ
ਮੈਨੂੰ ਸੰਭਾਲ਼ ਲਓ, ਡਾਕਟਰ
ਮੈਨੂੰ ਸੰਭਾਲ਼ ਲਓ, ਡਾਕਟਰ
ਅਪਰੇਸ਼ਨ
ਅਪਰੇਸ਼ਨ
ਅਪਰੇਸ਼ਨ, ਡਾਕਟਰ
ਸ਼ੁਕਰੀਆ, ਡਾਕਟਰ
ਸ਼ੁਕਰੀਆ, ਡਾਕਟਰ
ਸ਼ੁਕਰੀਆ, ਡਾਕਟਰ
ਬਾਏ ਬਾਏ, ਡਾਕਟਰ
ਬਾਏ ਬਾਏ, ਡਾਕਟਰ
ਬਾਏ ਬਾਏ, ਡਾਕਟਰ
ਬਾਏ ਬਾਏ, ਡਾਕਟਰ
ਨਾਭੁੱਲਣਯੋਗ ' ਪੋਟੈਟੋ ਸੌਂਗ ' ਵਾਂਗਰ, ਇਸ ਛੋਟੀ ਜਿਹੀ ਫ਼ਿਲਮ ਨੂੰ ਪਾਰੀ ਦੇ ਤਕਨੀਕੀ ਸੰਪਾਦਕ ਸਿਧਾਰਥ ਅਡੇਲਕਰ ਨੇ ਨੈੱਟਵਰਕ ਇਲਾਕੇ ਤੋਂ ਬਾਹਰ ਦੇ ਇਲਾਕੇ ਵਿੱਚ ਇੱਕ ਸੈਲਫ਼ੋਨ ਜ਼ਰੀਏ ਫ਼ਿਲਮਾਇਆ ਹੈ। ਇਹ ਇੱਕ ਅਜਿਹੀ ਥਾਂ ਹੈ ਜਿੱਥੇ ਆਲੂ ਨਾ ਤਾਂ ਬੀਜਿਆ ਜਾਂਦਾ ਹੈ ਤੇ ਨਾ ਹੀ ਖਾਧਾ ਜਾਂਦਾ ਹੈ, ਇੱਕ ਅਜਿਹਾ ਪਿੰਡ ਜਿੱਥੇ ਅੰਗਰੇਜ਼ੀ ਨਹੀਂ ਬੋਲੀ ਜਾਂਦੀ ਤੇ ਜਿੱਥੇ ਇੱਕ ਲੰਬੇ ਸਮੇਂ ਤੋਂ ਡਾਕਟਰ ਵੀ ਗਾਇਬ ਰਹੇ ਹਨ। ਪਰ ਇਹ ਵੀ ਸੱਚ ਹੈ ਕਿ ਭਾਰਤ ਦੇ ਬਹੁਤੇਰੇ ਹਿੱਸਿਆਂ ਵਿੱਚ ਅੰਗਰੇਜ਼ੀ ਇੰਝ ਹੀ ਪੜ੍ਹਾਈ-ਸਮਝਾਈ ਜਾਂਦੀ ਹੈ। ਸਗੋਂ ਅਸੀਂ ਤਾਂ ਇਹ ਵੀ ਨਹੀਂ ਜਾਣਦੇ ਕਿ ਲੜਕੇ ਤੇ ਲੜਕੀਆਂ ਦੇ ਦੋ ਅੱਡ ਸਮੂਹਾਂ ਨੇ ਪ੍ਰਾਇਦੀਪੀ ਭਾਰਤ ਦੇ ਇਸ ਬੀਹੜ ਅਤੇ ਦੂਰ-ਦੁਰਾਡੇ ਪੰਚਾਇਤ ਵਿੱਚ ਆਪਣੇ ਗੀਤਾਂ ਦੇ ਬੋਲ ਕਿੱਥੋਂ ਲਿਆਂਦੇ ਹੋਣਗੇ।
ਤਰਜਮਾ: ਕਮਲਜੀਤ ਕੌਰ