''ਫੇਂਕ ਦੇਬੇ, ਖਦਾਨ ਮੇਂ ਗਾੜ ਦੇਬੇ (ਅਸੀਂ ਤੁਹਾਨੂੰ ਸੁੱਟ ਦਿਆਂਗੇ, ਰੇਤ ਦੀ ਖਾਣ ਵਿੱਚ ਦੱਬ ਦਿਆਂਗੇ)।''
ਇਹੀ ਉਹ ਗੱਲਾਂ ਹਨ ਜੋ ਖਾਣ ਦੇ ਠੇਕੇਦਾਰ ਨੇ ਖਪਟਿਹਾ ਕਲਾਂ ਪਿੰਡ ਦੀ ਰਹਿਣ ਵਾਲ਼ੀ ਮਥੁਰਿਆ ਦੇਵੀ ਨੂੰ ਕਹੀਆਂ ਸਨ। ਉਹ ਕਹਿੰਦੀ ਹਨ, ਉਹ ਉਨ੍ਹਾਂ ਨਾਲ਼ ਅਤੇ ਹੋਰ ਕਰੀਬ 20 ਕਿਸਾਨਾਂ ਨਾਲ਼ ਨਰਾਜ ਸੀ, ਜੋ 1 ਜੂਨ ਨੂੰ ਬੁੰਦੇਲਖੰਡ ਦੀਆਂ ਪ੍ਰਮੁਖ ਨਦੀਆਂ ਵਿੱਚੋਂ ਇੱਕ ਨਦੀ, ਕੇਨ ਦੇ ਮਾਰੇ ਜਾਣ ਦੇ ਖ਼ਿਲਾਫ਼ ਇਕੱਠੇ ਹੋਏ ਸਨ।
ਉਸ ਦਿਨ ਪਿੰਡ ਦੇ ਲੋਕਾਂ ਨੇ ਦੁਪਹਿਰ ਦੇ ਦੋ ਘੰਟੇ ਕੇਨ ਵਿੱਚ ਖੜ੍ਹੇ ਹੋ ਕੇ ਜਲ ਸਤਿਆਗ੍ਰਹਿ ਕੀਤਾ। ਇਹ ਨਦੀ ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਨਿਕਲ਼ਦੀ ਹੈ ਅਤੇ ਐੱਮਪੀ ਅਤੇ ਉੱਤਰਪ੍ਰਦੇਸ਼ ਵਿੱਚ 450 ਕਿਲੋਮੀਟਰ ਤੱਕ ਵਹਿੰਦੀ ਹੋਈ ਬਾਂਦਾ ਜਿਲ੍ਹੇ ਦੇ ਚਿੱਲਾ ਪਿੰਡ ਵਿੱਚੋਂ ਦੀ ਹੁੰਦੀ ਹੋਈ ਯਮੁਨਾ ਵਿੱਚ ਮਿਲ਼ ਜਾਂਦੀ ਹੈ। ਮਥੁਰਿਆ ਦੇਵੀ ਦੇ ਜਿਸ ਪਿੰਡ ਦੀ ਅਬਾਦੀ ਕਰੀਬ 2,000 ਹੈ- ਇਸੇ ਜਿਲ੍ਹੇ ਦੇ ਤਿੰਦਵਾਰੀ ਬਲਾਕ ਵਿੱਚ ਆਉਂਦਾ ਹੈ।
ਪਰ ਕੇਨ, ਜੋ ਇੱਥੋਂ ਦੇ ਪਿੰਡਾਂ ਦੇ ਛੋਟੇ ਜਿਹੇ ਝੁੰਡ ਵਿੱਚੋਂ ਦੀ ਹੋ ਕੇ ਲੰਘਦੀ ਹੈ, ਦਾ ਖੇਤਰਫਲ ਸੁੰਗੜ ਰਿਹਾ ਹੈ- ਕਿਉਂਕਿ ਸਥਾਨਕ ਲੋਕਾਂ (ਰੇਤ ਮਾਫੀਆ) ਦਾ ਇੱਕ ਦਲ ਇਹਦੇ ਦੋਵੀਂ ਪਾਸੀਂ ਰੇਤ ਦੀਆਂ ਖੱਡਾਂ ਪੁੱਟ ਰਿਹਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਇਹ ਮਾਫੀਆ ਦੋ ਰੇਤ ਮਾਈਨਿੰਗ ਕੰਪਨੀਆਂ ਲਈ ਕੰਮ ਕਰਦਾ ਹੈ। ਮਾਈਨਿੰਗ ਗੈਰ-ਕਾਨੂੰਨੀ ਹੈ, 63 ਸਾਲਾ ਮਥੁਰਿਆ ਦੇਵੀ ਕਹਿੰਦੀ ਹਨ- ਜਿਨ੍ਹਾਂ ਕੋਲ਼ ਕੇਨ ਦੇ ਨੇੜੇ 1 ਵਿਘੇ ਤੋਂ ਥੋੜ੍ਹੀ ਜ਼ਿਆਦਾ ਜਾਂ ਕਰੀਬ ਅੱਧਾ ਏਕੜ ਜ਼ਮੀਨ ਹੈ- ਅਤੇ ਇਹ ਉਨ੍ਹਾਂ ਦੇ ਖੇਤਾਂ ਅਤੇ ਰੋਜ਼ੀਰੋਟੀ ਨੂੰ ਤਬਾਹ ਕਰ ਰਿਹਾ ਹੈ।
''ਉਹ ਬੁਲਡੋਜ਼ਰ ਦੀ ਮਦਦ ਨਾਲ਼ ਅੰਨ੍ਹੇਵਾਹ ਸਾਡੀਆਂ ਜ਼ਮੀਨਾਂ ਨੂੰ 100 ਫੁੱਟ ਤੱਕ ਡੂੰਘਾ ਪੁੱਟੀ ਜਾ ਰਹੇ ਹਨ,'' ਉਹ ਕਹਿੰਦੀ ਹਨ। 2 ਜੂਨ ਨੂੰ ਨਦੀ ਦੇ ਕੰਢੇ ਖੜ੍ਹੇ ਹੋ ਕੇ ਜਦੋਂ ਉਹ ਮੇਰੇ ਨਾਲ਼ ਗੱਲ ਕਰ ਰਹੀ ਸਨ, ਤਾਂ ਦੋ ਨੌਜਵਾਨ, ਜਿਨ੍ਹਾਂ ਨੂੰ ਉਹ ਜਾਣਦੀ ਵੀ ਨਹੀਂ ਸਨ, ਉਨ੍ਹਾਂ ਦਾ ਵੀਡਿਓ ਬਣਾ ਰਹੇ ਸਨ। ''ਉਹ ਸਾਡੇ ਰੁੱਖਾਂ ਨੂੰ ਪਹਿਲਾਂ ਹੀ ਮਾਰ ਚੁੱਕੇ ਹਨ, ਹੁਣ ਉਹ ਉਸ ਨਦੀ ਨੂੰ ਵੀ ਮਾਰ ਰਹੇ ਹਨ ਜਿਸ ਤੋਂ ਅਸੀਂ ਕਦੇ ਪਾਣੀ ਕੱਢਿਆ ਕਰਦੇ ਸਾਂ। ਅਸੀਂ ਪੁਲਿਸ ਕੋਲ਼ ਵੀ ਗਏ ਸਾਂ ਪਰ ਕੋਈ ਵੀ ਸਾਡੀ ਗੱਲ ਨਹੀਂ ਸੁਣਦਾ। ਅਸੀਂ ਖ਼ਤਰਾ ਮਹਿਸੂਸ ਕਰਦੇ ਹਾਂ...''
ਖੱਡਾਂ ਦੇ ਵਿਰੋਧ ਵਿੱਚ ਮਥੁਰਿਆ ਵਰਗੇ ਦਲਿਤਾਂ ਅਤੇ ਸੁਮਨ ਸਿੰਘ ਗੌਤਮ (ਜੋ 38 ਸਾਲਾ ਵਿਧਵਾ ਹਨ ਅਤੇ ਦੋ ਬੱਚਿਆਂ ਦੀ ਮਾਂ ਵੀ ਹਨ) ਜਿਹੇ ਛੋਟੇ ਠਾਕੁਰ ਕਿਸਾਨਾਂ ਵਿਚਾਲੇ ਸਾਂਝ ਭਿਆਲ਼ੀ ਦੇਖਣ ਨੂੰ ਮਿਲ਼ੀ, ਜੋ ਪਹਿਲਾਂ ਕਦੇ ਨਹੀਂ ਦੇਖੀ ਗਈ। ਰੇਤ ਮਾਫੀਆ ਨੇ ਉਨ੍ਹਾਂ ਦੀ ਇੱਕ ਏਕੜ ਜ਼ਮੀਨ ਦੇ ਕੁਝ ਹਿੱਸੇ ਵਿੱਚੋਂ ਰੇਤ ਕੱਢੀ ਹੈ। ''ਸਾਨੂੰ ਡਰਾਉਣ-ਧਮਕਾਉਣ ਲਈ ਉਨ੍ਹਾਂ ਨੇ ਹਵਾ ਵਿੱਚ ਗੋਲ਼ੀਆਂ ਦਾਗੀਆਂ,'' ਉਹ ਦੱਸਦੀ ਹਨ।
ਖਪਟਿਹਾ ਕਲਾਂ ਪਿੰਡ ਦੇ ਕਿਸਾਨ ਮੁੱਖ ਰੂਪ ਨਾਲ਼ ਕਣਕ, ਛੋਲੇ, ਸਰ੍ਹੋਂ ਅਤੇ ਮਸਰ ਉਗਾਉਂਦੇ ਹਨ। ''ਮੇਰੇ 15 ਵਿਸਵੇ ਖੇਤ ਵਿੱਚ ਸਰ੍ਹੋਂ ਦੀ ਫ਼ਸਲ ਖੜ੍ਹੀ ਸੀ, ਪਰ ਇਸੇ ਮਾਰਚ ਵਿੱਚ ਉਨ੍ਹਾਂ ਨੇ ਸਾਰਾ ਕੁਝ ਪੁੱਟ ਸੁੱਟਿਆ,'' ਸੁਮਨ ਨੇ ਦੱਸਿਆ।


















