ਰਾਜੇਸ਼ਵਰੀ ਸੀ.ਐਨ. ਕੋਈ ਸਧਾਰਣ (ਆਮ) ਮਲਟੀ-ਟਾਸਕਰ ਨਹੀਂ ਹੈ - ਹਫ਼ਤੇ ਦੇ ਛੇ ਦਿਨ, ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ, ਉਹ 3 ਤੋਂ 6 ਸਾਲ ਦੀ ਉਮਰ ਦੇ 20 ਬੱਚਿਆਂ ਨੂੰ ਪੜ੍ਹਾਉਂਦੀ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਮਿਊਂਸਿਪਲ ਸਫ਼ਾਈ ਕਰਮਚਾਰੀਆਂ, ਦਿਹਾੜੀਦਾਰ ਮਜ਼ਦੂਰਾਂ, ਚੌਂਕੀਦਾਰਾਂ, ਫੇਰੀ ਵਾਲਿਆਂ ਅਤੇ ਫੈਕਟਰੀ ਹੈਲਪਰਾਂ ਦੇ ਬੱਚੇ ਹਨ - ਉਨ੍ਹਾਂ ਵਿੱਚੋਂ ਬਹੁਤ ਸਾਰੇ ਅਜਿਹੇ ਪਰਿਵਾਰਾਂ ਦੇ ਹਨ ਜੋ ਕਰਨਾਟਕ ਦੇ ਦੂਜੇ ਹਿੱਸਿਆਂ ਜਾਂ ਆਂਧਰ-ਪ੍ਰਦੇਸ਼ ਅਤੇ ਤਾਮਿਲਨਾਡੂ ਤੋਂ ਪਰਵਾਸ ਕਰਕੇ ਆਏ ਹਨ।
ਉਹ ਉਨ੍ਹਾਂ ਲਈ ਦੁਪਹਿਰ ਦਾ ਖਾਣਾ ਬਣਾਉਂਦੀ ਹੈ ਅਤੇ ਨਾਲ਼ ਦੀ ਨਾਲ਼ ਆਪਣੇ ਇਲਾਕੇ ਦੀਆਂ ਕਰੀਬ 3-5 ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਵੀ ਖਾਣਾ ਪਕਾਉਣ ਲਈ ਤਿਆਰ-ਬਰ-ਤਿਆਰ ਰਹਿੰਦੀ ਹਨ। ਜਦੋਂ ਮਾਪੇ ਕੰਮ ’ਤੇ ਜਾਂਦੇ ਹਨ ਤਾਂ ਉਹ ਦੇਖਭਾਲ ਤੇ ਮੁਫ਼ਤ ਭੋਜਨ ਵਾਸਤੇ ਲਿਆਂਦੇ ਸ਼ਰਾਰਤੀ ਬੱਚਿਆਂ ਨੂੰ ਖਾਣਾ ਖੁਆਉਂਦੀ ਹੈ। ਉਹ ਮਾਵਾਂ ਅਤੇ ਬੱਚਿਆਂ ਦੇ ਸਮੇਂ-ਸਿਰ ਟੀਕਾਕਰਨ ਨੂੰ ਵੀ ਯਕੀਨੀ ਬਣਾਉਂਦੀ ਹੈ। ਇਸ ਸਾਰੇ ਕਾਸੇ ਦਾ ਵਿਸਤ੍ਰਿਤ ਰਿਕਾਰਡ ਰੱਖਦੀ ਹੈ ਅਤੇ ਆਮ ਤੰਦਰੁਸਤੀ ਦੀ ਜਾਂਚ ਕਰਨ ਲਈ ਉਹਨਾਂ ਵਿੱਚੋਂ ਘੱਟੋ-ਘੱਟ ਕਿਸੇ ਇੱਕ ਦੇ ਘਰ ਜਾਣ ਦਾ ਸਮਾਂ ਵੀ ਕੱਢਦੀ ਹੈ।
ਉਹ ਬੈਂਗਲੁਰੂ ਦੇ ਸਾਰਾ ਦਿਨ ਵਗਦੇ ਜੇ.ਸੀ. ਰੋਡ 'ਤੇ ਸਥਿਤ ‘ਵਿਯਮ ਸ਼ਾਲਾ’ ਕਾਲੋਨੀ ਦੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ 355 ਪਰਿਵਾਰਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਦੀ ਹੈ, ਫਾਰਮ ਭਰਦੀ ਹੈ ਤੇ ਸਰਕਾਰੀ ਅਧਿਕਾਰੀਆਂ ਨਾਲ਼ ਤਾਲਮੇਲ ਬਣਾਉਂਦੀ ਹੈ— ਜੋ, ਉਸਦਾ ਕਹਿਣਾ ਹੈ, ਖਾਸ ਤੌਰ 'ਤੇ ਪ੍ਰਵਾਸੀ ਪਰਿਵਾਰਾਂ ਨੂੰ ਸਿਹਤ ਸੇਵਾਵਾਂ ਅਤੇ ਸਰਕਾਰੀ ਸਕੀਮਾਂ ਬਾਰੇ ਗੱਲਬਾਤ ਕਰਨ ਵਿੱਚ ਮਦਦ ਕਰਦਾ ਹੈ।
ਅਤੇ ਫਿਰ ਵੀ, ਉਹ ਕਹਿੰਦੀ ਹੈ, ਬਹੁਤ ਜਣੇ ਉਸਨੂੰ ਘਰੇਲੂ ਸੇਵਕ ਵਜੋਂ ਹੀ ਦੇਖਦੇ ਹਨ। “ਪ੍ਰਾਈਵੇਟ ਸਕੂਲ ਦੇ ਅਧਿਆਪਕ ਸੋਚਦੇ ਹਨ ਕਿ ਅਸੀਂ ਬਸ ਖਾਣਾ ਬਣਾਉਂਦੇ ਹਾਂ ਅਤੇ ਸਫ਼ਾਈ ਕਰਦੇ ਹਾਂ। ਉਨ੍ਹਾਂ ਦੇ ਮੁਤਾਬਕ ਮੇਰੇ ਕੋਲ਼ ਪੜ੍ਹਾਉਣ ਦਾ ‘ਤਜਰਬਾ’ ਨਹੀਂ ਹੈ,” 40 ਸਾਲਾ ਰਾਜੇਸ਼ਵਰੀ ਤਿਊੜੀ ਚੜ੍ਹਾ ਕੇ ਕਹਿੰਦੀ ਹੈ।
ਸਰਕਾਰ ਵੀ ਉਸ ਨੂੰ ਆਂਗਣਵਾੜੀ 'ਵਰਕਰ' (ਆਂਗਣਵਾੜੀ ਵਰਕਰ) ਆਖਦੀ ਹੈ ਹਾਲਾਂਕਿ ਅਧਿਆਪਨ ਰਾਜੇਸ਼ਵਰੀ ਦੀ ਮੁੱਖ ਭੂਮਿਕਾ ਹੈ। ਤਿੰਨ ਸਾਲਾਂ ਵਿੱਚ ਜਦੋਂ ਬੱਚੇ ਆਂਗਣਵਾੜੀ ਵਰਕਰਾਂ ਦਾ ਹਿੱਸਾ ਹੁੰਦੇ ਹਨ, ਉਹ ਬੁਨਿਆਦੀ ਸਾਖਰਤਾ ਸਿੱਖਦੇ ਹਨ, ਜੋ ਕਿ ਕਿਸੇ ਵੀ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਣ ਲਈ ਇੱਕ ਜ਼ਰੂਰੀ-ਸ਼ਰਤ ਹੈ।
"ਮੈਂ ਆਪਣੇ ਬੱਚਿਆਂ ਨੂੰ ਕਿਤੇ ਹੋਰ ਭੇਜਣ ਦਾ ਖਰਚਾ ਨਹੀਂ ਉਠਾ ਸਕਦੀ। ਉਹ [ਆਂਗਣਵਾੜੀ ਵਿੱਚ] ਮੁਫਤ ਆਂਡੇ ਅਤੇ ਦੁਪਹਿਰ ਦਾ ਖਾਣਾ ਦਿੰਦੇ ਹਨ," 30 ਸਾਲਾਂ ਦੀ ਹੇਮਾਵਤੀ, ਵਿਯਮ ਸ਼ਾਲਾ ਕਾਲੋਨੀ ਵਿੱਚ ਹਾਰ ਵੇਚਣ ਵਾਲੀ, ਜਿਸਦਾ ਪਤੀ ਇੱਕ ਫਲ ਵਿਕਰੇਤਾ ਹੈ, ਕਹਿੰਦੀ ਹੈ। “ਮੈਂ ਪ੍ਰਾਈਵੇਟ ਕਿੰਡਰਗਾਰਟਨ ਨਾਲੋਂ ਆਂਗਣਵਾੜੀਆਂ ਨੂੰ ਤਰਜੀਹ ਦੇਵਾਂਗੀ,” ਉਸੇ ਕਲੋਨੀ ਦੀ ਇੱਕ 26 ਸਾਲਾ ਘਰੇਲੂ ਔਰਤ, ਐਮ. ਸੁਮਾਥੀ ਅੱਗੇ ਕਹਿੰਦੀ ਹੈ। “ਇੱਥੇ ਅਧਿਆਪਕ ਮੇਰੇ ਬੱਚੇ ਨੂੰ ਜਨਮ ਤੋਂ ਵੀ ਪਹਿਲਾਂ ਹੀ ਜਾਣਦੀ ਹੈ!”
ਬੈਂਗਲੁਰੂ ਵਿੱਚ 3,649 ਆਂਗਣਵਾੜੀਆਂ ਹਨ ਅਤੇ ਪੂਰੇ ਕਰਨਾਟਕ ਵਿੱਚ ਅਜਿਹੇ 65,911 ਕੇਂਦਰ ਹਨ। ਰਾਜ ਦੇ 0-6 ਉਮਰ ਵਰਗ ਦੇ 7 ਮਿਲੀਅਨ ਤੋਂ ਵੱਧ ਬੱਚਿਆਂ ਵਿੱਚੋਂ, 57 ਪ੍ਰਤੀਸ਼ਤ (3-6 ਸਾਲ ਦੀ ਉਮਰ) ਐਤਵਾਰ ਨੂੰ ਛੱਡ ਕੇ ਹਫ਼ਤੇ ਦੇ ਹਰ ਦਿਨ ਆਂਗਣਵਾੜੀ ਵਿੱਚ ਆਉਂਦੇ ਹਨ। ਇਹ ਰਾਸ਼ਟਰੀ ਔਸਤ 38.7 ਫੀਸਦੀ ਤੋਂ ਕਾਫੀ ਜ਼ਿਆਦਾ ਹੈ। ਪੂਰੇ ਭਾਰਤ ਵਿੱਚ ਆਂਗਣਵਾੜੀਆਂ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ [Ministry of Women and Child Development] ਦੇ ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ (ICDS) ਅਧੀਨ ਚਲਾਈਆਂ ਜਾਂਦੀਆਂ ਹਨ।
ਆਂਗਣਵਾੜੀ ਵਰਕਰ ਵਿੱਚ ਸਾਰੀਆਂ ਔਰਤਾਂ ਹੀ ਕਰਮੀ ਹਨ, ਜੋ ਘੱਟੋ-ਘੱਟ 10ਵੀਂ ਜਮਾਤ ਪਾਸ ਹੋਣੀਆਂ ਚਾਹੀਦੀਆਂ ਹਨ। ਉਹਨਾਂ ਨੂੰ ਇੱਕ ਮਹੀਨੇ ਦੀ ਮੁੱਢਲੀ ਸਿਖਲਾਈ ਮਿਲਦੀ ਹੈ, ਤੇ ਹਰ ਪੰਜ ਸਾਲਾਂ ਬਾਅਦ ਇੱਕ ਹਫ਼ਤੇ ਭਰ ਦੀ ਸਿਖਲਾਈ ਮਿਲਦੀ ਹੈ।
ਪਰ ਉਸ ਸਾਰੇ ਕੰਮ ਵਾਸਤੇ ਜੋ ਉਹ ਕੰਮ ਕਰਦੀ ਹੈ, ‘ਅਧਿਆਪਕ’ ਰਾਜੇਸ਼ਵਰੀ ਦਾ ‘ਮਾਣ ਭੱਤਾ’ ਸਿਰਫ਼ 8,150 ਰੁਪਏ ਪ੍ਰਤੀ ਮਹੀਨਾ ਹੈ - ਅਤੇ ਇਹ, ਉਹ ਕਹਿੰਦੀ ਹੈ, ਤਿੰਨ ਸਾਲ ਪਹਿਲਾਂ ਸਿਰਫ਼ 4000 ਰੁਪਏ ਸੀ। ਇਸ ਲਈ ਆਂਗਣਵਾੜੀ ਤੋਂ ਬੱਸ ਫੜ੍ਹ ਕੇ ਉਹ ਚਾਮਰਾਜਪੇਟ ਵਿੱਚ ਇੱਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਜਾਂਦੀ ਹੈ, ਜਿੱਥੇ ਉਹ ਸਕੂਲ ਪ੍ਰਬੰਧਨ ਅਤੇ ਕਾਰੀਗਰੀ ਸਿਖਾਉਂਦੀ ਹੈ, ਅਤੇ ਹੋਰ 5,000 ਪ੍ਰਤੀ ਮਹੀਨਾ ਕਮਾਉਂਦੀ ਹੈ। ਉਹ ਰਾਤ 10 ਵਜੇ ਹੀ ਘਰ ਵਾਪਸ ਆਉਂਦੀ ਹੈ। ਉਹ ਕਹਿੰਦੀ ਹੈ, "ਇਹ ਬਹੁਤ ਲੰਮੀ ਦਿਹਾੜੀ ਹੈ, ਪਰ ਮੈਨੂੰ ਪੈਸਿਆਂ ਦੀ ਲੋੜ ਹੈ।" ਰਾਜੇਸ਼ਵਰੀ ਦਾ ਪਤੀ 5000 ਰੁਪਏ ਮਹੀਨੇ ’ਤੇ ਇੱਕ ਪੈਕੇਜਿੰਗ ਯੂਨਿਟ ਵਿੱਚ ਕੰਮ ਕਰਦਾ ਹੈ। ਉਨ੍ਹਾਂ ਦੇ ਦੋ ਬੱਚੇ ਹਨ - ਬੇਟਾ ਕਾਲਜ ਵਿੱਚ ਅਤੇ ਬੇਟੀ ਹਾਈ ਸਕੂਲ ਵਿੱਚ ਪੜ੍ਹਦੀ ਹੈ- ਪਰਿਵਾਰ ਨੂੰ ਹਰ ਆਉਂਦੇ ਮਹੀਨੇ ਵਿੱਤੀ ਦਬਾਅ ਝੱਲਣਾ ਪੈਂਦਾ ਹੈ।
ਜੇ ਉਨ੍ਹਾਂ ਦੇ ਡੂੰਘੇ ਹੁੰਦੇ ਵਿਤੀ ਸੰਕਟ ਮਗਰਲੇ ਕਾਰਨ ਦੀ ਗੱਲ ਕਰੀਏ ਤਾਂ ਟਰੇਡ ਯੂਨੀਅਨ ਕੋਆਰਡੀਨੇਸ਼ਨ ਸੈਂਟਰ (TUCC) ਦੇ G.S. ਸ਼ਿਵਸ਼ੰਕਰ ਦਾ ਕਹਿਣਾ ਹੈ ਕਿ, ਦਸੰਬਰ 2017 ਤੋਂ, ਰਾਜੇਸ਼ਵਰੀ ਨੂੰ ਅਤੇ 1,800 ਹੋਰ ਆਂਗਣਵਾੜੀ ਵਰਕਰਾਂ ਨੂੰ ਬਣਦਾ ਮਾਮੂਲੀ ਆਂਗਣਵਾੜੀ ਵਰਕਰ ਮਾਣ-ਭੱਤਾ ਵੀ ਨਹੀਂ ਮਿਲਿਆ , ਸੂਬੇ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ (2018-19 ਵਿੱਚ ਕੁੱਲ 5,371 ਕਰੋੜ ਰੁਪਏ ਦੇ ਖਰਚੇ ਨਾਲ਼) ਦਾਅਵਾ ਕਰਦਾ ਹੈ ਕਿ ਬਜਟ ਵਿੱਚ ਆਂਗਣਵਾੜੀ ਵਰਕਰ ਦੀਆਂ ਤਨਖਾਹਾਂ ਦੇ ਨਾਲ਼-ਨਾਲ਼ ਆਂਗਣਵਾੜੀਆਂ ਲਈ ਭੋਜਨ ਸਪਲਾਈ ਅਤੇ ਹੋਰ ਖਰਚਿਆਂ ਲਈ ਮਨਜ਼ੂਰੀ ਨਹੀਂ ਦਿਤੀ ਗਈ ਹੈ। ਹਾਲਾਂਕਿ ਅਜਿਹਾ ਪਹਿਲਾਂ ਵੀ ਹੋਇਆ ਹੈ, ਇਹ ਪਹਿਲੀ ਵਾਰ ਹੈ ਜਦੋਂ ਇੰਨੀ ਜ਼ਿਆਦਾ ਦੇਰੀ ਹੋਈ ਹੈ।
ਸਰਕਾਰ ਵੱਲੋਂ ਆਪਣੇ ਬਕਾਏ ਜਾਰੀ ਕਰਨ ਲਈ ਮਹੀਨਿਆਂ ਦੀ ਉਡੀਕ ਤੋਂ ਬਾਅਦ, 16 ਅਗਸਤ ਨੂੰ, ਆਂਗਣਵਾੜੀ ਕਾਰਕੁੰਨ (ਕਾਰਜਕਰਤਾ) ਸਹਾਇਕ ਮਹਾਂ ਮੰਡਲੀ (ਆਂਗਣਵਾੜੀ ਕਰਮਚਾਰੀ ਅਤੇ ਸਹਾਇਕ ਟਰੇਡ ਯੂਨੀਅਨ, TUCC ਨਾਲ਼ ਸੰਬੰਧਿਤ) ਦੇ ਲਗਭਗ 2,300 ਮੈਂਬਰਾਂ ਨੇ ਆਪਣੀ ਨਿਰਾਸ਼ਾ ਦੀ ਆਵਾਜ਼ ਬੁਲੰਦ ਕਰਨ ਲਈ ਬੈਂਗਲੁਰੂ ਦੇ ਟਾਊਨ ਹਾਲ ਦੇ ਬਾਹਰ ਸ਼ਾਂਤਮਈ ਪ੍ਰਦਰਸ਼ਨ ਕੀਤਾ। ਸੂਬੇ ਭਰ ਵਿੱਚ ਯੂਨੀਅਨ ਦੇ 21,800 ਮੈਂਬਰ ਹਨ, ਅਤੇ ਕਰਨਾਟਕ ਦੇ ਹੋਰ ਹਿੱਸਿਆਂ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ। ਉਹ ਆਪਣੇ ਲੰਬੇ ਸਮੇਂ ਤੋਂ ਬਕਾਏ ਦੀ ਮੰਗ ਕਰ ਰਹੇ ਸਨ। ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਵਿੱਚ ਪੈਨਸ਼ਨ ਲਈ ਬਣਦੀ ਉਮਰ 65 ਦੀ ਬਜਾਏ 60 ਸਾਲ ਕੀਤਾ ਜਾਣਾ; ਪੈਨਸ਼ਨ 1000 ਰੁਪਏ ਤੋਂ ਵਧਾ ਕੇ 5,000 ਰੁਪਏ ਕੀਤਾ ਜਾਣਾ; ਅਤੇ ਕੰਮ ਦੇ ਘੰਟੇ ਘਟਾਇਆ ਜਾਣਾ ਸ਼ਾਮਲ ਸੀ। ਉਨ੍ਹਾਂ ਵਿੱਚੋਂ ਬਹੁਤੇ ਲੋਕ ਨਤੀਜੇ ਦੇ ਡਰੋਂ ਸਾਹਮਣੇ ਨਾ ਆਉਂਦੇ, ਨਾ ਨਾਮ ਦੱਸਦੇ ਤੇ ਨਾ ਹੀ ਫੋਟੋ ਖਿਚਵਾਉਂਦੇ।
ਅੱਗੇ ਹੋ ਕੇ ਅਗਵਾਈ ਕਰ ਰਹੀ, ਅਤੇ ਨਿਡਰ ਹੋ ਕੇ ਆਪਣਾ ਵਿਰੋਧ ਜਤਾ ਰਹੀ, 56 ਸਾਲਾ, ਲਿੰਗਰਾਜੰਮਾ, 30 ਸਾਲਾਂ ਤੋਂ ਇੱਕ ਆਂਗਣਵਾੜੀ ਵਰਕਰ ਹੈ, ਜੋ ਤਨਖਾਹ ਵਿੱਚ ਇੱਕ ਚੰਗੀ ਸੋਧ ਦੀ ਉਮੀਦ ਕਰ ਰਹੀ ਹੈ। “ਅਸੀਂ ਆਪਣੇ ਮਾਣਭੱਤੇ ਨੂੰ ਤਨਖਾਹ ਵਿੱਚ ਬਦਲਣ ਦੀ ਮੰਗ ਕਰ ਰਹੇ ਹਾਂ [ਜੋ ਪ੍ਰਾਵੀਡੈਂਟ ਫੰਡ ਵਰਗੇ ਹੋਰ ਲਾਭ ਵੀ ਲਿਆਏਗਾ] ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਵਧਾ ਕੇ 20,000 ਰੁਪਏ ਕੀਤਾ ਜਾਵੇ ਕਿਉਂਕਿ ਅਸੀਂ ਨਿਰਾ ਪੜ੍ਹਾਉਂਦੇ ਨਹੀਂ, ਹੋਰ ਵੀ ਬਹੁਤ ਕੁਝ ਕਰਦੇ ਹਾਂ,” ਉਹ ਦ੍ਰਿੜਤਾ ਨਾਲ਼ ਕਹਿੰਦੀ ਹੈ। ਲਿੰਗਰਾਜੰਮਾ ਨੇ ਇਨ੍ਹਾਂ ਮਹੀਨਿਆਂ ਵਿੱਚ ਬਿਨਾਂ ਤਨਖਾਹ ਤੋਂ, ਇੱਕ ਬੈਂਕ ਕਰਮਚਾਰੀ ਵਜੋਂ ਸੇਵਾਮੁਕਤ, ਆਪਣੇ ਪਤੀ ਦੀ ਪੈਨਸ਼ਨ 'ਤੇ ਗੁਜ਼ਾਰਾ ਕੀਤਾ ਹੈ, ਅਤੇ ਉਸਦੇ ਬੱਚੇ ਜ਼ਿੰਦਗੀ ਵਿੱਚ ਅੱਗੇ ਵਧ ਰਹੇ ਹਨ – ਉਹਦਾ ਮੁੰਡਾ ਇੱਕ ਓਨਕੋਲੋਜੀ ਸਰਜਨ ਵਜੋਂ ਯੋਗਤਾ ਪ੍ਰਾਪਤ ਕਰਨ ਲਈ ਪੜ੍ਹ ਰਿਹਾ ਹੈ ਅਤੇ ਉਹਦੀ ਕੁੜੀ ਇੱਕ ਪੱਤਰਕਾਰ ਹੈ।
ਪਰ ਹੋਰ ਬਹੁਤੀਆਂ ਆਂਗਣਵਾੜੀ ਵਰਕਰਾਂ ਕੋਲ਼ ਲਿੰਗਰਾਜੰਮਾ ਵਾਂਗਰ ਆਮਦਨੀ ਦੇ ਅਜਿਹੇ ਬਦਲ ਨਹੀਂ ਹੁੰਦੇ ਅਤੇ ਉਹ ਹੋਰ ਕਈ ਕੰਮ ਕਰਨ ਲਈ ਮਜਬੂਰ ਹਨ। ਕੁਝ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਹਨ, ਘਰੇ-ਬਣਾਏ ਮਸਾਲੇ ਦੇ ਮਿਸ਼ਰਣ ਵੇਚਦੀਆਂ ਹਨ, ਕੱਪੜੇ ਸਿਉਣ ਵਾਲੀਆਂ ਦੁਕਾਨਾਂ ਵਿੱਚ ਕੰਮ ਕਰਦੀਆਂ ਹਨ ਅਤੇ ਟਿਊਸ਼ਨ ਵੀ ਪੜ੍ਹਾਉਂਦੀਆਂ ਹਨ।
ਉਨ੍ਹਾਂ ਵਿੱਚੋਂ ਹੀ ਹੈ ਰਾਧਿਕਾ (ਗੁਜ਼ਾਰਿਸ਼ ਕਰਨ ‘ਤੇ ਨਾਮ ਬਦਲਿਆ ਗਿਆ)। ਉਹਦੀ 12X10 ਫੁੱਟ ਦੀ ਛੋਟੀ ਜਿਹੀ ਆਂਗਣਵਾੜੀ ਹੈ ਜਿਸ ਵਿੱਚ 15 ਛੋਟੇ ਬੱਚੇ ਹਨ, ਇੱਕ ਗਰਭਵਤੀ ਮਾਂ ਜੋ ਆਪਣੇ ਜ਼ੋਰ-ਜ਼ੋਰ ਦੀ ਵਿਲ਼ਕ ਰਹੇ ਨਿਆਣੇ ਨੂੰ ਵਰਚਾ ਰਹੀ ਹੈ। ਇਸੇ ਕਮਰੇ ਦੇ ਇੱਕ ਖੂੰਝੇ ਵਿੱਚ ਖਾਣਾ ਪਕਾਉਣ ਵਾਲ਼ੀ ਇੱਕ ਸਹਾਇਕ ਵੀ ਬੈਠੀ ਹੈ। ਉਹ ਦੁਪਹਿਰ ਦੇ ਖਾਣੇ ਲਈ ਸਾਂਭਰ ਅਤੇ ਚੌਲ ਪਕਾ ਰਹੀ ਹੈ, ਇਸੇ ਕਮਰੇ ਵਿੱਚ ਇੱਕ ਮੇਜ਼ ‘ਤੇ ਦਾਲ ਅਤੇ ਚੌਲਾਂ ਦੀਆਂ ਵੱਡੀਆਂ ਬੋਰੀਆਂ ਦੇ ਢੇਰ ਲੱਗੇ ਹੋਏ ਹਨ। ਝੂਲਣ ਵਾਲੇ ਘੋੜਿਆਂ, ਪਲਾਸਟਿਕ ਦੇ ਖਿਡੌਣਿਆਂ, ਵਰਣਮਾਲਾ ਦੇ ਪੋਸਟਰਾਂ ਅਤੇ ਇੱਕ ਨੰਬਰ ਚਾਰਟ ਦੇ ਵਿਚਾਲੇ, ਰਾਧਿਕਾ ਦੇ ਡੈਸਕ 'ਤੇ ਉਨ੍ਹਾਂ ਸਾਰੇ ਰਜਿਸਟਰਾਂ ਦਾ ਢੇਰ ਲੱਗਿਆ ਹੈ ਜਿਨ੍ਹਾਂ ਵਿੱਚ ਸਾਰੇ ਰਿਕਾਰਡ ਦਰਜ ਹਨ ਤੇ ਜਿਨ੍ਹਾਂ ਨੂੰ ਸਾਂਭਣਾ ਉਹਦੇ ਲਈ ਲਾਜ਼ਮੀ ਹੈ।
ਅਸੀਂ ਦਰਵਾਜ਼ੇ 'ਤੇ ਖੜ੍ਹੇ ਹੋ ਕੇ ਉਸ ਨੂੰ ਕੰਨੜ ਵਿੱਚ ਇੱਕ ਕਵਿਤਾ ਸੁਣਾਉਂਦੇ ਹੋਏ ਦੇਖਿਆ, ਜੋ ਬੱਚਿਆਂ ਨੂੰ ਮਨੁੱਖੀ ਸਰੀਰ ਦੇ ਅੰਗਾਂ ਦੇ ਨਾਮ ਸਿਖਾਉਂਦੀ ਹੈ। ਉਹ ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਹੱਥ ਲਾਉਂਦੀ ਹੈ, ਅਤੇ ਬੱਚੇ ਉਸਦੇ ਇਨ੍ਹਾਂ ਇਸ਼ਾਰਿਆਂ ਦੀ ਬੜੇ ਚਾਅ ਨਾਲ਼ ਨਕਲ ਕਰ ਰਹੇ ਹਨ। ਇੱਕ ਸਾਲ ਪਹਿਲਾਂ, ਰਾਧਿਕਾ ਦੇ ਘਰਵਾਲੇ ਦੀ ਕਿਡਨੀ ਦੇ ਕੈਂਸਰ ਨਾਲ਼ ਮੌਤ ਹੋ ਗਈ ਅਤੇ ਉਹ ਕਰਜ਼ੇ ਦਾ 2 ਲੱਖ ਰੁਪਿਆ ਵਾਪਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਉਹਨੇ ਪਤੀ ਦੇ ਇਲਾਜ ਲਈ ਦੋਸਤਾਂ ਅਤੇ ਪਰਿਵਾਰ ਤੋਂ ਉਧਾਰ ਲਿਆ ਸੀ। ਉੱਤੋਂ ਦੀ ਸਮੇਂ ਸਿਰ ਤਨਖ਼ਾਹ ਦਾ ਨਾ ਮਿਲ਼ਣਾ, ਉਸ ਦੀਆਂ ਵਿੱਤੀ ਮੁਸ਼ਕਲਾਂ ਵਿੱਚ ਵਾਧਾ ਕਰਦੀ ਹੈ। ਉਹ ਕਹਿੰਦੀ ਹੈ, “ਮੈਂ ਪੈਦਲ ਹੀ [ਹਫ਼ਤੇ ਵਿੱਚ ਛੇ ਦਿਨ] ਡਿਊਟੀ ‘ਤੇ ਆਉਂਦੀ ਹਾਂ ਤੇ ਮੈਨੂੰ ਆਉਣ ਤੇ ਜਾਣ ‘ਤੇ 45-45 ਮਿੰਟ ਲੱਗਦੇ ਹਨ ਕਿਉਂਕਿ ਮੇਰੇ ਕੋਲ਼ ਬੱਸ ਦੇ ਕਿਰਾਏ ਲਈ ਪੈਸੇ ਨਹੀਂ ਹੁੰਦੇ। ਰਾਧਿਕਾ ਆਪਣੇ ਇਲਾਕੇ ਦੇ 30 ਬੱਚਿਆਂ ਨੂੰ ਦੋ ਘੰਟੇ ਟਿਊਸ਼ਨ ਪੜ੍ਹਾ ਕੇ ਮਹੀਨੇ ਦੇ 3,000 ਰੁਪਏ ਜੁਟਾਉਂਦੀ ਹੈ। ਇਸ ਦਾ ਬਹੁਤਾ ਹਿੱਸਾ ਉਸ ਦੇ ਕਰਜ਼ਿਆਂ ਦੀ ਅਦਾਇਗੀ ਵਿੱਚ ਚਲਾ ਜਾਂਦਾ ਹੈ।
ਇਸੇ ਦੌਰਾਨ, ਦੇਸ਼ ਵਿੱਚ ਕਈ ਨੀਤੀਆਂ ਮੁੱਢਲੀ ਸਿੱਖਿਆ ਦੇ ਫਾਇਦਿਆਂ ਦੀ ਸ਼ਲਾਘਾ ਕਰਦੀਆਂ ਹਨ। ਨੈਸ਼ਨਲ ਪਾਲਿਸੀ ਫਾਰ ਚਿਲਡਰਨ [National Policy for Children], 1974 ਨੇ ਬਚਪਨ (0-6 ਸਾਲ) ਦੌਰਾਨ ਸਿੱਖਿਆ ਅਤੇ ਸਿਹਤ ਦੋਵਾਂ ਲਈ ਵਿਆਪਕ ਸਹੂਲਤਾਂ ਦੀ ਗੱਲ ਕੀਤੀ ਹੈ। ਆਂਗਣਵਾੜੀ 1975 ਦੇ ਆਸਪਾਸ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਬਣਾਈ ਗਈ ਸੀ, ਜਦੋਂ ਕਿ ਪ੍ਰਾਇਮਰੀ ਸਿੱਖਿਆ ਉੱਪਰ ਵੱਲੋਂ ਮਨੁੱਖੀ ਸਰੋਤ ਵਿਕਾਸ ਮੰਤਰਾਲੇ [Ministry of Human Resource Development] ਦੁਆਰਾ ਚਲਾਈ ਜਾਂਦੀ ਹੈ। ਪੋਸ਼ਣ, ਸਿੱਖਿਆ ਬਾਰੇ ਰਾਸ਼ਟਰੀ ਨੀਤੀਆਂ ਅਤੇ, ਹਾਲ ਹੀ ਵਿੱਚ, ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਪਾਲਿਸੀ, 2013, [Early Childhood Care and Education Policy] “ਵਿਤਕਰੇ ਨੂੰ ਖਤਮ ਕਰਨ ਅਤੇ ਭਵਿੱਖ ਵਿੱਚ ਸਮਾਜਿਕ ਅਤੇ ਆਰਥਿਕ ਫਾਇਦੇ ਦੇਣ [ਲਈ]...ਇੱਕ ਸੁਰੱਖਿਅਤ ਅਤੇ ਸਮਰੱਥ ਵਾਤਾਵਰਣ ਵਿੱਚ ਦੇਖਭਾਲ, ਸਿਹਤ, ਪੋਸ਼ਣ, ਖੇਡ ਅਤੇ ਮੁੱਢਲੀ ਸਿੱਖਿਆ” ਦਾ ਵਾਅਦਾ ਕਰਦੀ ਹੈ।
ਫਿਰ ਵੀ ਕਈ ਆਂਗਣਵਾੜੀ ਕੇਂਦਰਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਵੀ ਘਾਟ ਹੈ। (ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ) ਦਿ ਇੰਡੀਆ ਰੈਪਿਡ ਸਰਵੇ ਆਨ ਚਿਲਡਰਨ [The India Rapid Survey on Children] 2013-2014 ਨੇ ਪਾਇਆ ਕਿ ਸਿਰਫ਼ 52 ਫ਼ੀਸਦੀ [ਆਂਗਣਵਾੜੀਆਂ] ਕੋਲ਼ ਵੱਖਰੀ ਰਸੋਈ ਹੈ ਅਤੇ ਸਿਰਫ਼ 43 ਫ਼ੀਸਦੀ ਕੋਲ਼ ਟਾਇਲਟ ਹੈ। “ਅਸੀਂ ਇਨ੍ਹਾਂ ਬੱਚਿਆਂ ਨੂੰ ਦੁਪਹਿਰ ਦੀ ਰੋਟੀ ਤੋਂ ਬਾਅਦ ਹੀ ਘਰ (ਟਾਇਲਟ ਵਾਸਤੇ) ਭੇਜ ਸਕਦੇ ਹੁੰਦੇ ਹਾਂ ਸੋ ਇੰਨੇ ਛੋਟੇ ਬੱਚਿਆਂ ਲਈ ਇੰਨਾ ਲੰਮਾ ਸਮਾਂ ਬਿਨਾਂ ਪੇਸ਼ਾਬ ਕੀਤਿਆਂ ਰੁਕੇ ਰਹਿਣਾ ਬਹੁਤ ਤਣਾਅਪੂਰਨ ਹੁੰਦਾ ਹੈ; ਬਾਕੀ ਬਹੁਤ ਸਾਰੇ ਪਰਿਵਾਰਾਂ ਵਿੱਚ ਮਾਤਾ-ਪਿਤਾ ਦੋਵੇਂ ਕੰਮ ਕਰਨ ਲਈ ਦੂਰ ਜਾਂਦੇ ਹਨ। ਅਜਿਹੀ ਸੂਰਤ ਵਿੱਚ ਸਾਨੂੰ ਵੱਡਿਆਂ ਨੂੰ ਬੱਚਿਆਂ ਦੀ ਮਦਦ ਕਰਨੀ ਪੈਂਦੀ ਹੈ, ” ਇੱਕ ਆਂਗਣਵਾੜੀ ਵਰਕਰ ਦੱਸਦੀ ਹੈ ਜੋ ਨਾਮ ਨਹੀਂ ਦੱਸਣਾ ਚਾਹੁੰਦੀ।
'ਕੋਈ ਬਜਟ ਨਹੀਂ' ਦਾ ਮਤਲਬ ਇਹ ਵੀ ਹੈ ਕਿ ਆਂਗਣਵਾੜੀ ਚਲਾਉਣ ਲਈ ਸਮਾਨ ਦੀ ਸਪਲਾਈ (ਖਰੀਦਣ) ਲਈ ਕੋਈ ਫੰਡ ਨਹੀਂ ਹਨ। ਭੋਜਨ, ਜੋ ਮਾਪਿਆਂ ਵਾਸਤੇ ਇੱਕ ਵੱਡੀ ਮਦਦ ਬਣਦਾ ਹੈ ਜਿਸ ਸਦਕਾ ਉਹ ਇਨ੍ਹਾਂ ਕੇਂਦਰਾਂ ਵਿੱਚ ਆਪਣੇ ਬੱਚਿਆਂ ਨੂੰ ਭੇਜਦੇ ਹਨ, ਵੀ ਅਧਿਆਪਕ ਦੀ ਜ਼ਿੰਮੇਵਾਰੀ ਬਣਦਾ ਹੈ, ਫਿਰ ਭਾਵੇਂ ਹਾਲਾਤ ਕੁਝ ਵੀ ਕਿਉਂ ਨਾ ਹੋਣ। ਜਿਨ੍ਹਾਂ ਆਂਗਣਵਾੜੀ ਵਰਕਰਾਂ ਨਾਲ਼ ਅਸੀਂ ਗੱਲ ਕੀਤੀ ਸੀ, ਉਨ੍ਹਾਂ ਸਾਨੂੰ ਦੱਸਿਆ ਕਿ ਕਿਵੇਂ ਉਹ ਆਂਡੇ, ਚੌਲ ਅਤੇ ਸਬਜ਼ੀਆਂ ਖਰੀਦਣ ਲਈ ਅਤੇ ਇੱਥੋਂ ਤੱਕ ਕਿ ਸੈਂਟਰ ਦੀ ਥਾਂ ਦਾ ਕਿਰਾਇਆ ਦੇਣ ਲਈ ਵੀ ਲਈ ਉਧਾਰ ਚੁੱਕਦੇ ਫਿਰਦੇ ਰਹਿੰਦੇ ਹਨ।
ਵਿੱਤੀ ਤੌਰ 'ਤੇ ਅਸੁਰੱਖਿਅਤ ਆਂਗਣਵਾੜੀ ਵਰਕਰ ਲਈ, ਸਾਰੇ ਬੱਚਿਆਂ ਨੂੰ ਭੋਜਨ ਦੇਣਾ, ਰੋਜ਼ਮੱਰਾ ਦੀ ਚੁਣੌਤੀ ਹੈ। ਰਾਜੇਸ਼ਵਰੀ ਕਹਿੰਦੀ ਹੈ, “ਮੈਂ ਕਈ ਵਾਰ ਮਾਪਿਆਂ ਨੂੰ ਦੁਪਹਿਰ ਦੇ ਖਾਣੇ ਲਈ ਇੱਕ ਬੈਂਗਣ, ਇੱਕ ਮੂਲੀ ਜਾਂ ਆਲੂ ਵਰਗੀ ਇੱਕ ਸਬਜ਼ੀ ਭੇਜਣ ਲਈ ਕਹਿੰਦੀ ਹਾਂ ਤਾਂ ਕਿ ਘੱਟੋ-ਘੱਟ ਸਾਂਭਰ ਤਾਂ ਬਣਾਇਆ ਜਾ ਸਕੇ।”
ਭਾਰਤ ਦੇ ਬਹੁਤ ਸਾਰੇ ਗਰੀਬ ਲੋਕ ਆਂਗਣਵਾੜੀਆਂ 'ਤੇ ਨਿਰਭਰ ਹਨ - 70 ਪ੍ਰਤੀਸ਼ਤ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਪਰਿਵਾਰ ਆਪਣੇ ਬੱਚਿਆਂ ਨੂੰ ਦੇਸ਼ ਭਰ ਦੇ ਇਨ੍ਹਾਂ ਕੇਂਦਰਾਂ ਵਿੱਚ ਭੇਜਦੇ ਹਨ।
ਭਾਰਤ ਵਿੱਚ ਛੇ ਸਾਲ (ਜਨਗਣਨਾ 2011) ਤੋਂ ਘੱਟ ਉਮਰ ਦੇ 158.7 ਮਿਲੀਅਨ ਬੱਚੇ ਹਨ ਅਤੇ ਬਹੁਤ ਸਾਰੀਆਂ ਨੀਤੀਆਂ ਉਨ੍ਹਾਂ ਸਾਰਿਆਂ ਨੂੰ ਪ੍ਰੀ-ਸਕੂਲ ਸਿੱਖਿਆ, ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਆਂਡਿਆਂ ਨਾਲ਼ ਭੋਜਨ ਅਤੇ ਸਪਲੀਮੈਂਟਾਂ (ਪੋਸ਼ਣ-ਪੂਰਕਾਂ) ਦਾ ਭਰੋਸਾ ਦਿਵਾਉਂਦੀਆਂ ਹਨ। ਨਾਲ਼ ਹੀ ਮਾਵਾਂ ਲਈ ਪੂਰਵ-ਜਣੇਪਾ ਅਤੇ ਜਣੇਪੇ ਤੋਂ ਬਾਅਦ ਦੀ ਜਾਂਚ ਦੇ ਨਾਲ਼, ਬੱਚਿਆਂ ਲਈ ਟੀਕਾਕਰਨ ਅਤੇ ਹੋਰ ਕਈ ਸੇਵਾਵਾਂ ਦੇਣ ਦੀ ਗੱਲ਼ ਕਰਦੀਆਂ ਹਨ।
ਇਹ ਆਂਗਣਵਾੜੀ ਵਰਕਰ ਹੀ ਹੈ ਜੋ ਇਹ ਸਭ ਚਲਾਉਂਦੀ ਹੈ - ਹਰ ਰੋਜ਼ ਸੰਘਰਸ਼ ਕਰਦੀ ਹੈ। ਪਰ ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਸਮਾਜ ਵਿੱਚ ਉਨ੍ਹਾਂ ਨੂੰ ਮਿਲਣ ਵਾਲਾ ਸਨਮਾਨ ਅਤੇ ਬੱਚਿਆਂ ਦਾ ਹਾਸਾ ਹੀ ਹੈ ਜੋ ਉਨ੍ਹਾਂ ਨੂੰ ਪੱਕੇ-ਪੈਰੀਂ ਰੱਖਦਾ ਹੈ। "ਜਦੋਂ ਮੈਂ ਇਲਾਕੇ ਵਿੱਚ ਵੜ੍ਹਦੀ ਹਾਂ, ਤਾਂ ਇੱਕ ਸ਼ਬਦ ਗੂੰਜ ਉੱਠਦਾ ਹੈ ਅਤੇ ਮੇਰੇ ਵਿਦਿਆਰਥੀ 'ਨਮਸਤੇ ਮਿਸ' ਨਾਲ਼ ਮੇਰਾ ਸਵਾਗਤ ਕਰਨ ਲਈ ਦੌੜਦੇ ਹਨ,” ਇੱਕ ਆਂਗਣਵਾੜੀ ਵਰਕਰ ਸਾਨੂੰ ਦੱਸਦੀ ਹੈ। “ਅਤੇ ਜਦੋਂ ਉਹ ਵੱਡੇ ਹੋ ਜਾਂਦੇ ਹਨ ਅਤੇ ਪ੍ਰਾਇਮਰੀ ਸਕੂਲ ਜਾਂਦੇ ਹਨ, ਉਹ ਮੇਰੇ ਵੱਲ ਇਸ਼ਾਰਾ ਕਰਦੇ ਹਨ ਅਤੇ ਆਪਣੇ ਦੋਸਤਾਂ ਨੂੰ ਕਹਿੰਦੇ ਹਨ ਕਿ 'ਓਹ ਦੇਖੋ ਮੇਰੀ ਮਿਸ'।”
ਤਰਜਮਾ: ਅਰਸ਼