''ਜੇ ਮੇਰੇ ਕੋਲ਼ ਹੋਰ ਕੋਈ ਚਾਰਾ ਹੋਵੇ ਤਾਂ ਮੈਂ ਹਸਪਤਾਲ ਕਦੇ ਨਾ ਜਾਵਾਂ।'' ਉਹ ਬੇਬਾਕ ਬੋਲ਼ਦੀ ਹਨ। ''ਉੱਥੇ ਸਾਡੇ ਨਾਲ਼ ਡੰਗਰਾਂ ਵਾਲ਼ਾ ਸਲੂਕ ਕੀਤਾ ਜਾਂਦਾ ਹੈ। ਡਾਕਟਰ ਆਪ ਤਾਂ ਸਾਨੂੰ ਦੇਖਦੇ ਨਹੀਂ ਅਤੇ ਨਰਸਾਂ ਅਵਾ-ਤਵਾ ਬੋਲਦੀਆਂ ਹਨ:'ਉਹ ਕਿਵੇਂ ਰਹਿੰਦੇ ਨੇ! ਕਿੱਥੋਂ ਆ ਜਾਂਦੇ ਨੇ ਇਹ ਬਦਬੂਦਾਰ ਲੋਕ?''' ਵਾਰਾਣਸੀ ਜ਼ਿਲ੍ਹੇ ਦੇ ਅਨੇनेननननननਈ ਪਿੰਡ ਦੀ ਆਦਿਵਾਸੀ ਸੁਦਾਮਾ ਚੇਤੇ ਕਰਦਿਆਂ ਕਹਿੰਦੀ ਹਨ ਅਤੇ ਦੱਸਦੀ ਹਨ ਕਿ ਅਖ਼ੀਰ ਕਿਵੇਂ, ਕਦੋਂ ਅਤੇ ਕਿਉਂ ਉਨ੍ਹਾਂ ਨੇ ਆਪਣੇ ਪਹਿਲੇ ਪੰਜ ਬੱਚਿਆਂ ਨੂੰ ਘਰੇ ਪੈਦਾ ਕੀਤਾ।
ਪਿਛਲੇ 19 ਸਾਲਾਂ ਵਿੱਚ ਸੁਦਾਮਾ ਨੇ ਨੌ ਬੱਚੇ ਜੰਮੇ। ਵੈਸੇ ਤਾਂ ਉਹ 49ਵੇਂ ਵਰ੍ਹਿਆਂ ਦੀ ਹਨ ਪਰ ਅਜੇ ਤੱਕ ਉਨ੍ਹਾਂ ਦੀ ਮਾਹਵਾਰੀ ਰੁਕੀ ਨਹੀਂ ਹੈ।
ਉਹ ਬੜਾਗਾਓਂ ਬਲਾਕ ਵਿੱਚ ਪੈਂਦੇ ਪਿੰਡ ਦੇ ਇੱਕ ਸਿਰੇ 'ਤੇ ਸਥਿਤ 57 ਪਰਿਵਾਰਾਂ ਦੀ ਮੂਸਹਰ ਬਸਤੀ ਵਿਖੇ ਰਹਿੰਦੀ ਹਨ, ਜਿਹਦੀ ਬਾਹੀ 'ਤੇ ਉੱਚੀ ਜਾਤ ਦੇ ਠਾਕਰਾਂ, ਬ੍ਰਾਹਮਣਾਂ ਅਤੇ ਗੁਪਤਾ ਲੋਕਾਂ ਦੇ ਘਰ ਹਨ। ਇੱਥੇ ਟਾਂਵੇਂ ਟਾਂਵੇਂ ਘਰ ਮੁਸਲਮਾਨਾਂ ਦੇ ਹਨ ਅਤੇ ਕੁਝ ਕੁ ਚਮ੍ਹਾਰ, ਧਾਰਕਰ ਅਤੇ ਪਾਸੀ ਹੋਰ ਪਿਛੜੀਆਂ ਜਾਤਾਂ ਦੇ ਪਰਿਵਾਰ ਵੀ ਰਹਿੰਦੇ ਹਨ। ਇਹ ਬਸਤੀ ਭਾਈਚਾਰਿਆਂ ਨਾਲ਼ ਜੁੜੀਆਂ ਕਈ ਤਰ੍ਹਾਂ ਦੀਆਂ ਰੂੜ੍ਹੀਆਂ ਦੀ ਪੁਸ਼ਟੀ ਕਰਦੀ ਪ੍ਰਤੀਤ ਹੁੰਦੀ ਹੈ ਜਿਵੇਂ- ਅੱਧ-ਨੰਗੇ, ਲਿਬੜੇ ਮੂੰਹਾਂ ਵਾਲ਼ੇ ਬੱਚੇ ਅਤੇ ਜਿਨ੍ਹਾਂ 'ਤੇ ਪੀਲ਼ੇ-ਭੂਕ ਮੂੰਹਾਂ 'ਤੇ ਮੱਖੀਆਂ ਭਿਣ-ਭਿਣ ਕਰਦੀਆਂ ਹਨ ਅਤੇ ਸਫ਼ਾਈ ਦੀ ਘਾਟ ਹੈ। ਪਰ ਨੇੜਿਓਂ ਦੇਖਿਆਂ ਤਸਵੀਰ ਦਾ ਦੂਜਾ ਪੱਖ ਮੂਹਰੇ ਆਉਂਦਾ ਹੈ।
ਉੱਤਰ ਪ੍ਰਦੇਸ਼ ਵਿੱਚ ਪਿਛੜੀ ਜਾਤੀ ਵਜੋਂ ਸੂਚੀਬੱਧ ਇਹ ਮੂਸਹਰ ਮੂਲ਼ ਰੂਪ ਵਿੱਚ ਚੂਹੇ ਫੜ੍ਹਨ ਵਿੱਚ ਮਾਹਰ ਹੁੰਦੇ ਹਨ। ਚੂਹੇ, ਜੋ ਫ਼ਸਲਾਂ ਨੂੰ ਤਬਾਹ ਕਰ ਦਿੰਦੇ ਹਨ। ਸਮੇਂ ਦੇ ਬੀਤਣ ਨਾਲ਼ ਉਨ੍ਹਾਂ ਦਾ ਇਹ ਪੇਸ਼ਾ ਉਨ੍ਹਾਂ ਵਾਸਤੇ ਕਲੰਕ ਦਾ ਬਾਇਸ ਬਣ ਗਿਆ ਅਤੇ ਉਨ੍ਹਾਂ ਨੂੰ 'ਚੂਹੇ ਖਾਣੇ' ਕਿਹਾ ਜਾਣ ਲੱਗਿਆ- ਬੱਸ ਇੱਥੋਂ ਹੀ ਸ਼ਬਦ 'ਮੂਸਹਰ' ਨਿਕਲ਼ਿਆ। ਇਸ ਭਾਈਚਾਰੇ ਨੂੰ ਦੂਜੇ ਸਮਾਜਿਕ ਤਬਕਿਆਂ ਵੱਲੋਂ ਛੇਕਿਆ ਜਾਂਦਾ ਹੈ ਅਤੇ ਸਰਕਾਰ ਵੱਲੋਂ ਮੁਕੰਮਲ ਤੌਰ 'ਤੇ ਨਜ਼ਰਅੰਦਾਜ ਕਰਕੇ ਵਾਂਝੇ ਤਬਕੇ ਵਜੋਂ ਹਾਸ਼ੀਆ ਵੱਲ਼ ਵਗਾਹ ਮਾਰਿਆ ਜਾਂਦਾ ਹੈ। ਗੁਆਂਢੀ ਸੂਬੇ ਬਿਹਾਰ ਅੰਦਰ ਉਹ 'ਮਹਾਂਦਲਿਤਾਂ' ਵਜੋਂ ਸੂਚੀਬੱਧ ਹਨ ਭਾਵ ਕਿ ਪਿਛੜੀਆਂ ਜਾਤਾਂ ਵਿੱਚ ਸਭ ਤੋਂ ਗ਼ਰੀਬ ਅਤੇ ਸਭ ਤੋਂ ਵੱਧ ਵਿਤਕਰੇ ਮਾਰੇ ਲੋਕ।








