ਮੀਨਾ ਦਾ ਵਿਆਹ ਹੁਣ ਕਿਸੇ ਵੀ ਸਮੇਂ ਕੀਤਾ ਜਾਵੇਗਾ। ਇਹ ਇਸਲਈ ਕਿਉਂਕਿ, ਉਹ ਕਹਿੰਦੀ ਹਨ, ਕੁਝ ਮਹੀਨੇ ਪਹਿਲਾਂ ''ਮੈਂ ਇੱਕ ਸਮੱਸਿਆ ਬਣ ਗਈ ਹਾਂ।'' ਉਹਦੀ ਛੋਟੀ ਚਚੇਰੀ ਭੈਣ ਸੋਨੂ, ਜਿਹਨੂੰ ਮੀਨਾ ਵਾਂਗਰ 'ਸਮੱਸਿਆ' ਸਮਝਿਆ ਜਾਣ ਲੱਗਿਆ, ਵੀ ਵਿਆਹ ਦੀ ਕਤਾਰ ਵਿੱਚ ਹੈ। 'ਸਮੱਸਿਆ' ਕੁੜੀਆਂ ਨੂੰ ਉਦੋਂ ਕਿਹਾ ਜਾਂਦਾ ਹੈ ਜਦੋਂ ਉਨ੍ਹਾਂ ਦੀ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ।
14 ਸਾਲਾ ਮੀਨਾ ਅਤੇ 13 ਸਾਲਾ ਸੋਨੂ ਦੋਵੇਂ ਹੀ ਸੇਬੇ ਦੀ ਉਣੀ ਚਾਰਪਾਈ 'ਤੇ ਨਾਲ਼-ਨਾਲ਼ ਬੈਠੀਆਂ ਹਨ ਅਤੇ ਗੱਲਾਂ ਕਰਦੇ ਵੇਲ਼ੇ ਇੱਕ ਦੂਜੇ ਵੱਲ ਦੇਖਦੀਆਂ ਹਨ ਪਰ ਜ਼ਿਆਦਾ ਸਮਾਂ ਦੋਵੇਂ ਕੁੜੀਆਂ ਮੀਨਾ ਦੇ ਘਰ ਦੇ ਰੇਤਲੇ ਫ਼ਰਸ਼ ਵੱਲ ਹੀ ਘੂਰਦੀਆਂ ਰਹੀਆਂ, ਦਰਅਸਲ ਇਸ ਬਦਲਾਅ ਭਾਵ ਮਾਹਵਾਰੀ ਬਾਬਤ ਕਿਸੇ ਅਜਨਬੀ ਨਾਲ਼ ਗੱਲ ਕਰਦੇ ਵੇਲ਼ੇ ਸ਼ਰਮ ਮਹਿਸੂਸ ਕਰ ਰਹੀਆਂ ਸਨ। ਕਮਰੇ ਅੰਦਰ ਮੰਜੀ ਦੇ ਪਿੱਛੇ ਕਰਕੇ ਬੱਕਰੀ ਦਾ ਮੇਮਣਾ ਭੁੰਜੇ ਇੱਕ ਛੋਟੇ ਜਿਹੇ ਕਿੱਲੇ ਨਾਲ਼ ਬੱਝਿਆ ਹੋਇਆ ਸੀ। ਇਹਨੂੰ ਜੰਗਲੀ ਜਾਨਵਰਾਂ ਦੇ ਡਰੋਂ ਬਾਹਰ ਨਹੀਂ ਛੱਡਿਆ ਜਾ ਸਕਦਾ ਸੀ ਜੋ (ਜੰਗਲੀ ਜਾਨਵਰ) ਉੱਤਰ ਪ੍ਰਦੇਸ਼ ਦੇ ਕੋਰਾਓਂ ਬਲਾਕ ਦੇ ਬੈਥਕਵਾ ਪਿੰਡ ਦੇ ਆਸ-ਪਾਸ ਸ਼ਿਕਾਰ ਦੀ ਫ਼ਿਰਾਕ ਵਿੱਚ ਘਾਤ ਲਾਈ ਬੈਠੇ ਰਹਿੰਦੇ ਹਨ। ਇਸਲਈ ਇਹ ਅੰਦਰ ਹੀ ਰਹਿੰਦਾ ਹੈ, ਉਹ ਦੱਸਦੀਆਂ ਹਨ।
ਕੁੜੀਆਂ ਨੂੰ ਮਾਹਵਾਰੀ ਬਾਰੇ ਅਜੇ ਹੁਣੇ ਹੀ ਇਹ ਪਤਾ ਚੱਲਿਆ ਹੈ, ਜਿਹਨੂੰ ਉਹ ਸ਼ਰਮਿੰਦਗੀ ਨਾਲ਼ ਜੁੜੀ ਕੋਈ ਚੀਜ਼ ਸਮਝਦੀਆਂ ਹਨ ਅਤੇ ਇਸ ਸਬੰਧੀ ਡਰ ਉਨ੍ਹਾਂ ਨੂੰ ਆਪਣੇ ਮਾਪਿਆਂ ਪਾਸੋਂ ਵਿਰਾਸਤ ਵਿੱਚ ਮਿਲ਼ਿਆ ਹੈ। ਔਰਤਾਂ ਦੀ ਸੁਰੱਖਿਆ ਅਤੇ ਕੁੜੀ ਦੇ ਅਣ-ਵਿਆਹੀ ਗਰਭਵਤੀ ਹੋਣ ਦੀ ਸੰਭਾਵਨਾ 'ਚੋਂ ਉਪਜੀ ਚਿੰਤਾ ਤੋਂ ਸੁਰਖ਼ਰੂ ਹੋਣ ਵਾਸਤੇ ਪ੍ਰਯਾਗਰਾਜ (ਪੁਰਾਣਾ ਇਲਾਹਾਬਾਦ) ਜ਼ਿਲ੍ਹੇ ਦੀ ਇਸ ਬਸਤੀ ਦੇ ਪਰਿਵਾਰ ਆਪਣੀਆਂ ਸਿਆਣੀਆਂ (ਪਰਿਪੱਕ) ਹੋ ਚੁੱਕੀਆਂ ਧੀਆਂ ਨੂੰ ਉਨ੍ਹਾਂ ਦੀ ਉਮਰ ਦੇ 12ਵੇਂ ਸਾਲ ਵਿੱਚ ਹੀ ਵਿਉਂਤਬੰਦੀ ਕਰਕੇ ਵਿਆਹ (ਕੱਚੀ ਉਮਰੇ) ਦਿੰਦੇ ਹਨ।
''ਦੱਸੋ ਅਸੀਂ ਆਪਣੀਆਂ ਕੁੜੀਆਂ ਦੀ ਸੁਰੱਖਿਆ ਦੀ ਉਮੀਦ ਕਿਵੇਂ ਕਰੀਏ ਜਦੋਂ ਉਹ ਇੰਨੀਆਂ ਵੱਡੀਆਂ ਹੋ ਜਾਂਦੀਆਂ ਹਨ ਕਿ ਗਰਭਵਤੀ ਹੋ ਸਕਣ?'' ਮੀਨਾ ਦੀ ਮਾਂ 27 ਸਾਲਾ ਰਾਣੀ ਪੁੱਛਦੀ ਹਨ, ਜੋ ਖ਼ੁਦ ਅੱਲ੍ਹੜ ਉਮਰੇ ਵਿਆਹੀ ਗਈ ਸਨ ਅਤੇ 15 ਸਾਲ ਦੀ ਉਮਰ ਮਾਂ ਬਣ ਗਈ ਸਨ। ਸੋਨੂ ਦੀ ਮਾਂ ਚੰਪਾ, ਜੋ ਕਰੀਬ 27 ਸਾਲਾਂ ਦੀ ਹਨ, ਵੀ ਚੇਤਾ ਕਰਦੀ ਹਨ ਕਿ ਉਹ ਵੀ ਆਪਣੀ ਧੀ ਦੀ ਉਮਰੇ ਵਿਆਹੀ ਗਈ ਸਨ-ਯਾਨਿ 13ਵੇਂ ਸਾਲ ਵਿੱਚ। ਸਾਡੇ ਆਸਪਾਸ ਇਕੱਠੀਆਂ ਹੋਈਆਂ ਛੇ ਔਰਤਾਂ ਦਾ ਕਹਿਣਾ ਸੀ ਕਿ ਇਸ ਬਸਤੀ ਵਿੱਚ 13-14 ਸਾਲ ਦੀ ਉਮਰੇ ਬੱਚੀਆਂ ਦਾ ਵਿਆਹ ਕਰਨਾ ਅਪਵਾਦ ਨਹੀਂ, ਸਗੋਂ ਨਿਯਮ ਵਾਂਗ ਹੈ। ਰਾਣੀ ਕਹਿੰਦੀ ਹਨ,''ਸਾਡੀ ਪਿੰਡ ਕਿਸੇ ਹੋਰ ਹੀ ਯੁੱਗ ਵਿੱਚ ਜਿਓਂ ਰਿਹਾ ਹੈ। ਸਾਡੇ ਕੋਲ਼ ਕੋਈ ਰਾਹ ਨਹੀਂ। ਅਸੀਂ ਮਜ਼ਬੂਰ ਹਾਂ।''
ਬਾਲ ਵਿਆਹ ਦੀ ਇਹ ਕੁਪ੍ਰਥਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਬਿਹਾਰ ਅਤੇ ਛੱਤੀਸਗੜ੍ਹ ਦੇ ਉੱਤਰ-ਕੇਂਦਰੀ ਪੱਟੀ 'ਤੇ ਪੈਂਦੇ ਕਈ ਜ਼ਿਲ੍ਹਿਆਂ ਦੇ ਇੱਕ ਵੱਡੇ ਸਮੂਹ ਅੰਦਰ ਆਮ ਗੱਲ ਹੈ। 2015 ਵਿੱਚ ਇੰਟਰਨੈਸ਼ਲ ਸੈਂਟਰ ਆਫ਼ ਰਿਸਰਚ ਆਨ ਵੂਮਨ ਅਤੇ ਯੂਨੀਸੈਫ਼ ਦੁਆਰਾ ਸਾਂਝਿਆ ਅਯੋਜਿਤ ਕੀਤਾ ਗਿਆ ਇੱਕ ਜ਼ਿਲ੍ਹਾ ਪੱਧਰੀ ਅਧਿਐਨ ਕਹਿੰਦਾ ਹੈ ''ਇਨ੍ਹਾਂ ਰਾਜਾਂ ਦੇ ਲਗਭਗ ਦੋ ਤਿਹਾਈ ਜ਼ਿਲ੍ਹਿਆਂ ਅੰਦਰ 50 ਫ਼ੀਸਦ ਤੋਂ ਵੱਧ ਔਰਤਾਂ ਦਾ ਵਿਆਹ ਲਈ ਮੁਕੱਰਰ ਕਨੂੰਨੀ ਉਮਰ ਤੋਂ ਪਹਿਲਾਂ ਵਿਆਹ ਕਰ ਦਿੱਤਾ ਜਾਂਦਾ ਹੈ।''
ਬਾਲ ਵਿਆਹ ਰੋਕੂ ਐਕਟ 2006 ਹਰ ਉਸ ਵਿਆਹ ਦਾ ਵਿਰੋਧ ਕਰਦਾ ਹੈ ਜਿੱਥੇ ਲੜਕੀ 18 ਸਾਲ ਅਤੇ ਲੜਕਾ 21 ਸਾਲ ਤੋਂ ਘੱਟ ਉਮਰ ਦੇ ਹੋਣ। ਅਜਿਹੇ ਵਿਆਹਾਂ ਨੂੰ ਹੱਲ੍ਹਾਸ਼ੇਰੀ ਦੇਣ ਜਾਂ ਹੋਣ ਦੇਣ ਦੀ ਇਜਾਜਤ ਦੇਣ ਦੀ ਸੂਰਤ ਵਿੱਚ ਦੋ ਸਾਲ ਦੀ ਸਖ਼ਤ ਸਜ਼ਾ ਦੇ ਨਾਲ਼ ਨਾਲ਼ ਜ਼ੁਰਮਾਨਾ ਵੀ ਹੁੰਦਾ ਹੈ ਜੋ 1 ਲੱਖ ਰੁਪਏ ਤੱਕ ਹੋ ਸਕਦਾ ਹੈ।
ਪਿੰਡ ਦੀ 47 ਸਾਲਾ ਇੱਕ ਆਂਗਨਵਾੜੀ ਵਰਕਰ ਨਿਰਮਲਾ ਦੇਵੀ ਕਹਿੰਦੀ ਹਨ,'''ਕੁਝ ਵੀ ਗ਼ੈਰ-ਕਨੂੰਨੀ ਗਰਦਾਨੇ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਹਵਾਲਾ ਦੇਣ ਵਾਸਤੇ ਕੋਈ ਜਨਮ ਸਰਟੀਫਿਕੇਟ ਹੀ ਨਹੀਂ ਹੋਣਾ।'' ਉਹ ਸਹੀ ਕਹਿੰਦੀ ਹਨ ਕਿਉਂਕਿ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫ਼ੈੱਚਐੱਸ-4, 2015-16) ਮੁਤਾਬਕ, ਉੱਤਰ ਪ੍ਰਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ ਜੰਮਣ ਵਾਲ਼ੇ 42 ਫ਼ੀਸਦ ਬੱਚਿਆਂ ਦੇ ਜਨਮ ਪੰਜੀਕ੍ਰਿਤ ਹੀ ਨਹੀਂ ਕਰਾਏ ਜਾਂਦੇ। ਹਾਲਾਂਕਿ 57 ਫੀਸਦ ਦੀ ਦਰ (ਜਨਮ ਪੰਜੀਕ੍ਰਿਤ ਕਰਾਉਣ ਦੇ ਮਾਮਲੇ ਵਿੱਚ) ਨਾਲ਼ ਪ੍ਰਯਾਗਰਾਜ ਜ਼ਿਲ੍ਹੇ ਦੇ ਅੰਕੜੇ ਸਭ ਤੋਂ ਵੱਧ ਹਨ।
''ਲੋਕ ਹਸਪਤਾਲ ਹੀ ਨਹੀਂ ਜਾਂਦੇ,'' ਉਹ ਅੱਗੇ ਕਹਿੰਦੀ ਹਨ। ''ਪਹਿਲਾਂ, ਅਸੀਂ ਇੱਕ ਫ਼ੋਨ ਕਰਦੇ ਅਤੇ ਕਰਾਓਂ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਤੋਂ ਐਂਬੂਲੈਂਸ ਸੱਦ ਲੈਂਦੇ, ਜੋ ਕਿ 30 ਕਿਲੋਮੀਟਰ ਦੂਰ ਹੈ। ਪਰ ਹੁਣ ਸਾਨੂੰ ਮੋਬਾਇਲ ਐਪ-108 ਦੀ ਲੋੜ ਪੈਂਦੀ ਹੈ ਜਿਸ ਵਾਸਤੇ 4G ਕੁਨੈਕਟੀਵਿਟੀ ਚਾਹੀਦੀ ਹੈ। ਪਰ ਇੱਥੇ ਤਾਂ ਨੈੱਟਵਰਕ ਹੀ ਨਹੀਂ ਆਉਂਦਾ ਸੋ ਤੁਸੀਂ ਪ੍ਰਸਵ ਵਾਸਤੇ ਸੀਐੱਚਸੀ ਜਾ ਹੀ ਨਹੀਂ ਸਕਦੇ,'' ਉਹ ਖੋਲ੍ਹ ਕੇ ਦੱਸਦੀ ਹਨ। ਹੋਰਨਾਂ ਸ਼ਬਦਾਂ ਵਿੱਚ ਗੱਲ ਕਰੀਏ ਤਾਂ, ਇੱਕ ਸਵਿਚ ਦਬਾਉਣ ਦੇ ਇਸ ਐਪ ਨੇ ਹਾਲਾਤ ਬਦ ਤੋਂ ਬਦਤਰ ਬਣਾ ਛੱਡੇ ਹਨ।
ਇੱਕ ਅਜਿਹੇ ਦੇਸ਼ ਅੰਦਰ ਜਿੱਥੇ ਹਰ ਸਾਲ ਸੋਨੂ ਅਤੇ ਮੀਨਾ ਜਿਹੀਆਂ 15 ਲੱਖ ਅੱਲ੍ਹੜ ਕੁੜੀਆਂ ਲਾੜੀਆਂ ਬਣਦੀਆਂ ਦੇਖੀਆਂ ਜਾਂਦੀਆਂ ਹੋਣ, ਅਜਿਹੀ ਸੂਰਤੇ-ਹਾਲ ਵਿੱਚ ਇਕੱਲਾ ਕਨੂੰਨ ਅਜਿਹੇ ਪਰਿਵਾਰਾਂ ਨੂੰ ਇਸ ਪ੍ਰਥਾ ਨੂੰ ਜਾਰੀ ਰੱਖਣ ਤੋਂ ਨਹੀਂ ਰੋਕ ਪਾਉਂਦਾ। ਐੱਨਐੱਫ਼ਐੱਚਐੱਸ-4 ਮੁਤਬਕ ਯੂਪੀ ਅੰਦਰ, ਪੰਜ ਔਰਤਾਂ ਵਿੱਚੋਂ ਇੱਕ ਔਰਤ ਦਾ ਕਨੂੰਨ ਦੁਆਰਾ ਮੁਕੱਰਰ ਉਮਰ ਤੋਂ ਪਹਿਲਾਂ ਵਿਆਹ ਹੋਇਆ ਹੈ।
'' ਭਗਾ ਦੇਤੇ ਹੈਂ ,'' 30 ਸਾਲਾ ਸੁਨੀਤਾ ਦੇਵੀ ਪਾਟਿਲ ਕਹਿੰਦੀ ਹਨ, ਜੋ ਬੈਥਕਵਾ ਅਤੇ ਆਸਪਾਸ ਦੀਆਂ ਬਸਤੀਆਂ ਵਿਖੇ ਤਾਇਨਾਤ ਇੱਕ ਆਸ਼ਾ (ਮਾਨਤਾ-ਪ੍ਰਾਪਤ ਸਮਾਜਿਕ ਸਿਹਤ ਕਰਮੀ) ਹਨ, ਅਤੇ ਸਮੇਂ-ਸਮੇਂ ਉਹ ਅਜਿਹੇ ਵਿਆਹਾਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕਰਦੀ ਹਨ। ''ਮੈਂ ਉਨ੍ਹਾਂ ਨੂੰ ਅਪੀਲ ਕਰਦੀ ਹਾਂ ਕਿ ਕੁੜੀਆਂ ਨੂੰ ਵੱਧ-ਫੁੱਲ ਤਾਂ ਲੈਣ ਦੇਣ। ਮੈਂ ਉਨ੍ਹਾਂ ਨੂੰ ਦੱਸਦੀ ਹਾਂ ਕਿ ਇੰਨੀ ਅੱਲ੍ਹੜ ਉਮਰੇ ਗਰਭਵਤੀ ਹੋਣਾ ਉਨ੍ਹਾਂ ਲਈ ਕਿੰਨਾ ਖ਼ਤਰਨਾਕ ਸਾਬਤ ਹੁੰਦਾ ਹੈ। ਉਹ ਮੇਰੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੰਦੇ ਅਤੇ ਮੈਨੂੰ ਉੱਥੋਂ ਜਾਣ ਲਈ ਕਹਿ ਦਿੰਦੇ ਹਨ। ਜਦੋਂ ਮੈਂ ਅਗਲੇ ਗੇੜ੍ਹੇ ਜਾਂਦੀ ਹਾਂ, ਸ਼ਾਇਦ ਇੱਕ ਮਹੀਨੇ ਜਾਂ ਥੋੜ੍ਹਾ ਹੋਰ ਲੇਟ ਤਾਂ ਕੁੜੀ ਵਿਆਹੀ ਜਾ ਚੁੱਕੀ ਹੁੰਦੀ ਹੈ!''
ਪਰ ਮਾਪਿਆਂ ਦੀ ਪਰੇਸ਼ਾਨੀ ਦੇ ਆਪਣੇ ਵੱਖਰੇ ਹੀ ਕਾਰਨ ਹਨ,''ਘਰਾਂ ਵਿੱਚ ਕੋਈ ਗੁਸਲ/ਪਖ਼ਾਨਾ ਨਹੀਂ ਹੁੰਦਾ,'' ਮੀਨਾ ਦੀ ਮਾਂ ਸ਼ਿਕਾਇਤ ਕਰਦਿਆਂ ਕਹਿੰਦੀ ਹਨ। ''ਹਰ ਵਾਰੀ ਉਹ ਜਦੋਂ ਗੁ਼ਸਲ ਵਾਸਤੇ ਖੇਤਾਂ ਵਿੱਚ ਜਾਂਦੀਆਂ ਹਨ ਜਾਂ ਇੱਥੋਂ ਤੱਕ ਡੰਗਰਾਂ ਨੂੰ ਚਰਾਉਣ ਵੀ ਜਾਂਦੀਆਂ ਹਨ ਜੋ ਕਿ 50 ਤੋਂ 100 ਮੀਟਰ ਦੂਰ ਹਨ ਤਾਂ ਸਾਨੂੰ ਕੁਝ ਮਾੜਾ ਵਾਪਰਨ ਦਾ ਖ਼ਦਸ਼ਾ ਹਮੇਸ਼ਾ ਬਣਿਆ ਰਹਿੰਦਾ ਹੈ।'' ਉਹ ਸਤੰਬਰ 2020 ਨੂੰ ਯੂਪੀ ਦੇ ਹਾਥਰਸ ਜ਼ਿਲ੍ਹੇ ਅੰਦਰ ਉੱਚ ਜਾਤੀ ਦੇ ਮਰਦਾਂ ਦੁਆਰਾ 19 ਸਾਲਾ ਦਲਿਤ ਲੜਕੀ ਦੇ ਬਲਾਤਕਾਰ ਅਤੇ ਕਤਲ ਦੀ ਘਟਨਾ ਨੂੰ ਚੇਤੇ ਕਰਦੀ ਹਨ। '' ਹਮੇਂ ਹਾਥਰਸ ਕਾ ਡਰ ਹਮੇਸ਼ਾ ਹੈ ।''
ਜ਼ਿਲ੍ਹਾ ਹੈੱਡਕੁਆਰਟਰ ਕੋਰਾਓਂ ਤੋਂ ਬੈਥਕਵਾ ਨੂੰ ਜਾਣ ਵਾਲ਼ੀ ਇਹ 30 ਕਿਲੋਮੀਟਰ ਦੀ ਬੀਆਬਾਨ ਸੜਕ ਖੁੱਲ੍ਹੇ ਜੰਗਲਾਂ ਅਤੇ ਖੇਤਾਂ ਨਾਲ਼ ਘਿਰੀ ਹੋਈ ਹੈ। ਜੰਗਲ ਅਤੇ ਪਹਾੜੀਆਂ ਵਿੱਚੋਂ ਦੀ ਲੰਘਣ ਵਾਲ਼ਾ ਉਹ ਖ਼ਾਸ ਪੰਜ ਕਿਲੋਮੀਟਰ ਦਾ ਉਹ ਹਿੱਸਾ ਵੱਧ ਖ਼ਤਰਨਾਕ ਅਤੇ ਉਜਾੜ ਹੈ। ਸਥਾਨਕ ਲੋਕ ਕਹਿੰਦੇ ਹਨ ਕਿ ਅਸੀਂ ਅਕਸਰ ਇਨ੍ਹਾਂ ਝਾੜੀਆਂ ਵਿੱਚ ਗੋਲ਼ੀਆਂ ਨਾਲ਼ ਭੁੰਨ੍ਹੀਆਂ ਮ੍ਰਿਤਕ ਦੇਹਾਂ ਦੇਖਦੇ ਹਾਂ। ਲੋਕਾਂ ਦਾ ਕਹਿਣਾ ਹੈ ਕਿ ਉੱਥੇ ਇੱਕ ਪੁਲਿਸ ਚੌਂਕੀ ਦੀ ਲੋੜ ਹੈ ਅਤੇ ਨਾਲ਼ ਹੀ ਬਿਹਤਰ ਸੜਕਾਂ ਦੀ ਵੀ। ਮਾਨਸੂਨ ਦੌਰਾਨ, ਬੈਥਕਵਾ ਦੇ ਆਸਪਾਸ ਇਲਾਕੇ ਦੇ ਕਰੀਬ 30 ਪਿੰਡ ਪੂਰੀ ਤਰ੍ਹਾਂ ਡੁੱਬ ਜਾਂਦੇ ਹਨ, ਕਦੇ ਕਦੇ ਤਾਂ ਹਫ਼ਤਿਆਂ ਤੀਕਰ।
ਬਸਤੀ ਦੇ ਚੁਫ਼ੇਰੇ ਖ਼ੁਸ਼ਕ ਅਤੇ ਭੂਰੇ-ਰੰਗੀਆਂ ਵਿੰਦਿਆਂਚਲ ਦੀਆਂ ਪਹਾੜੀਆਂ ਹਨ, ਜੋ ਕੰਢੇਦਾਰ ਝਾੜੀਆਂ ਨਾਲ਼ ਢੱਕੀਆਂ ਹੋਈਆਂ ਹਨ, ਦੂਜੇ ਪਾਸੇ ਉੱਠਿਆ ਹੋਇਆ ਪਾਸਾ ਮੱਧ ਪ੍ਰਦੇਸ਼ ਰਾਜ ਦੀ ਸੀਮਾ ਦੀ ਨਿਸ਼ਾਨਦੇਹੀ ਕਰਦਾ ਹੈ। ਇੱਕ ਅੱਧ-ਕੱਚੀ ਸੜਕ ਦੇ ਨਾਲ਼ ਕੋਲ ਪਰਿਵਾਰਾਂ ਦੇ ਘਰ ਅਤੇ ਖੇਤ ਹਨ ਜੋ ਜ਼ਿਆਦਾਤਰ ਓਬੀਸੀ ਪਰਿਵਾਰਾਂ ਨਾਲ਼ ਸਬੰਧ ਰੱਖਦੇ ਹਨ (ਕੁਝ ਕੁ ਛੋਟੇ ਜਿਹੇ ਪਲਾਟ ਦਲਿਤਾਂ ਦੇ ਹਨ) ਜੋ ਦੂਸਰੇ ਪਾਸੇ ਤੱਕ ਫੈਲੇ ਹੋਏ ਹਨ।
ਇਸ ਬਸਤੀ ਦੇ ਕਰੀਬ 500 ਪਿਛੜੀਆਂ ਜਾਤੀਆਂ ਦੇ ਪਰਿਵਾਰਾਂ ਜੋ ਕਿ ਸਾਰੇ ਦੇ ਸਾਰੇ ਕੋਲ਼ ਜਾਤੀ ਤੋਂ ਹਨ ਅਤੇ 20 ਕੁ ਓਬੀਸੀ ਦੇ ਪਰਿਵਾਰਾਂ ਅੰਦਰ ਸਹਿਮ ਵੜ੍ਹਿਆ ਹੋਇਆ ਹੈ। ''ਅਜੇ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ, ਸਾਡੀ ਇੱਕ ਕੁੜੀ ਪਿੰਡ ਵਿੱਚੋਂ ਦੀ ਲੰਘ ਰਹੀ ਸੀ ਅਤੇ ਕੁਝ ਲੜਕਿਆਂ (ਉੱਚ ਜਾਤੀ) ਨੇ ਉਹਨੂੰ ਆਪਣੇ ਨਾਲ਼ ਘੁੰਮਣ ਜਾਣ ਲਈ ਜ਼ਬਰਦਸਤੀ ਮੋਟਰਸਾਈਕਲ 'ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ। ਉਹ ਕਿਸੇ ਤਰ੍ਹਾਂ ਛਾਲ਼ ਮਾਰ ਕੇ ਖ਼ੁਦ ਨੂੰ ਸੰਭਾਲ਼ਦੀ ਹੋਈ ਘਰ ਪੁੱਜੀ,'' ਰਾਣੀ ਕਹਿੰਦੀ ਹਨ, ਉਨ੍ਹਾਂ ਦੀ ਅਵਾਜ਼ ਵਿੱਚ ਘਬਰਾਹਟ ਸੀ।
12 ਜੂਨ 2021 ਨੂੰ, 14 ਸਾਲਾ ਕੋਲ ਕੁੜੀ ਗਾਇਬ ਹੋ ਗਈ ਅਤੇ ਅੱਜ ਤੱਕ ਨਹੀਂ ਮਿਲ਼ੀ। ਕੁੜੀ ਦੇ ਪਰਿਵਾਰ ਨੇ ਐੱਫ਼ਆਈਆਰ ਦਾਇਰ ਕਰਵਾਈ ਸੀ ਪਰ ਉਹ ਸਾਨੂੰ ਦਿਖਾਉਣਾ (ਰਿਪੋਰਟ) ਨਹੀਂ ਚਾਹੁੰਦੇ ਸਨ। ਉਹ ਨਾ ਤਾਂ ਲੋਕਾਂ ਦਾ ਧਿਆਨ ਖਿੱਚਣਾ ਚਾਹੁੰਦੇ ਹਨ ਅਤੇ ਨਾ ਹੀ ਪੁਲਿਸ ਨੂੰ ਨਰਾਜ਼ ਹੋਣ ਦੇਣਾ ਚਾਹੁੰਦੇ ਹਨ, ਜਿਹਦੇ ਬਾਰੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਘਟਨਾ ਵਾਪਰ ਜਾਣ ਤੋਂ ਕਰੀਬ ਦੋ ਹਫ਼ਤਿਆਂ ਬਾਅਦ ਜਾਂਚ ਕਰਨ ਲਈ ਅਪੜੀ।
''ਅਸੀਂ ਪਿਛੜੀ ਜਾਤੀ ਦੇ ਗ਼ਰੀਬ ਲੋਕ ਹਾਂ। ਤੁਸੀਂ ਹੀ ਦੱਸੋ, ਕੀ ਪੁਲਿਸ ਸਾਡੀ ਪਰਵਾਹ ਕਰਦੀ ਹੈ? ਕੀ ਕੋਈ ਵੀ ਪਰਵਾਹ ਕਰਦਾ ਹੈ? ਅਸੀਂ ਡਰ ਅਤੇ ਸਹਿਮ (ਬਲਾਤਕਾਰ ਜਾਂ ਅਪਹਰਣ ਦੇ) ਹੇਠ ਜਿਊਂਦੇ ਹਾਂ,'' ਨਿਰਮਲਾ ਦੇਵੀ ਮਸਾਂ ਸੁਣੀਦੀਂ ਅਵਾਜ਼ ਵਿੱਚ ਕਹਿੰਦੀ ਹਨ।
ਨਿਰਮਲਾ ਜੋ ਖ਼ੁਦ ਵੀ ਕੋਲ (ਜਾਤੀ) ਨਾਲ਼ ਤਾਅਲੁੱਕ ਰੱਖਦੀ ਹਨ, ਬਸਤੀ ਦੇ ਉਨ੍ਹਾਂ ਵਿਰਲੇ ਵਾਸੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਬੀ.ਏ. ਦੀ ਡਿਗਰੀ ਹਾਸਲ ਕੀਤੀ ਹੈ ਉਹ ਵੀ ਵਿਆਹ ਹੋ ਜਾਣ ਤੋਂ ਮਗਰੋ। ਉਨ੍ਹਾਂ ਦੇ ਪਤੀ, ਮੁਰਾਰੀਲਾਲ ਇੱਕ ਕਿਸਾਨ ਹਨ। ਉਹ ਚਾਰ ਪੜ੍ਹੇ-ਲਿਖੇ ਬੇਟਿਆਂ ਦੀ ਮਾਂ ਹਨ ਜਿਨ੍ਹਾਂ ਨੇ ਆਪਣੀ ਕਮਾਈ ਦੇ ਸਿਰ 'ਤੇ ਆਪਣੇ ਚਾਰੋ ਬੱਚਿਆਂ ਦੀ ਪੜ੍ਹਾਈ ਮਿਰਜ਼ਾਪੁਰ ਜ਼ਿਲ੍ਹੇ ਦੇ ਦਰਾਮੰਦਗੰਜ ਕਸਬੇ ਦੇ ਇੱਕ ਨਿੱਜੀ ਸਕੂਲ ਵਿੱਚ ਪੂਰੀ ਕਰਵਾਈ। ''ਅਖ਼ੀਰ ਮੈਂ ਆਪਣੇ ਤੀਜੇ ਬੱਚੇ ਤੋਂ ਬਾਅਦ ਘਰੋਂ ਬਾਹਰ ਪੈਰ ਧਰਿਆ,'' ਉਹ ਖ਼ਿਸਿਆ ਕੇ ਹੱਸਦੀ ਹਨ ਅਤੇ ਗੱਲ ਪੂਰੀ ਕਰਦਿਆਂ ਕਹਿੰਦੀ,''ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਯੋਗ ਹੋ ਪਾਈ; ਇਹ ਸਭ ਘਰੋਂ ਬਾਹਰ ਪੈਰ ਰੱਖਣ ਕਾਰਨ ਹੀ ਸੰਭਵ ਹੋਇਆ।'' ਹੁਣ ਨਿਰਮਲਾ ਆਪਣੀ ਨੂੰਹ ਸ਼੍ਰੀਦੇਵੀ ਦੀ ਪੜ੍ਹਾਈ ਅਤੇ ਪ੍ਰਯਾਗਰਾਜ ਸ਼ਹਿਰ ਵਿੱਚ ਏਐੱਨਐੱਮ ਵਜੋਂ ਸਿਖਲਾਈ ਦੇਣ ਲਈ ਵੀ ਹਿਮਾਇਤ ਕਰਦੀ ਹਨ। ਸ਼੍ਰੀਦੇਵੀ ਦਾ ਵਿਆਹ ਉਨ੍ਹਾਂ ਦੇ ਬੇਟੇ ਨਾਲ਼ ਉਦੋਂ ਹੋਇਆ ਜਦੋਂ ਉਹ 18 ਸਾਲਾਂ ਦੀ ਹੋਈ।
ਪਰ ਪਿੰਡ ਦੇ ਬਾਕੀ ਮਾਪੇ ਜ਼ਿਆਦਾ ਸਹਿਮੇ ਰਹਿੰਦੇ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਮੁਤਾਬਕ, 2019 ਵਿੱਚ ਉੱਤਰ ਪ੍ਰਦੇਸ਼ ਰਾਜ ਅੰਦਰ ਔਰਤਾਂ ਨਾਲ਼ ਹੋਏ 59,853 ਅਪਰਾਧ ਰਿਕਾਰਡ ਕੀਤੇ ਗਏ। ਕਹਿਣ ਦਾ ਭਾਵ ਕਿ ਇੱਕ ਦਿਨ ਵਿੱਚ ਔਸਤਨ 164 ਮਾਮਲੇ। ਇਨ੍ਹਾਂ ਵਿੱਚ ਬੱਚੀਆਂ ਦੇ ਨਾਲ਼ ਨਾਲ਼ ਬਾਲਗ਼ ਕੁੜੀਆਂ ਅਤੇ ਔਰਤਾਂ ਦੇ ਨਾਲ਼ ਹੋਣ ਵਾਲ਼ੇ ਬਲਾਤਕਾਰ, ਅਗਵਾ ਕਰਨ/ਅਪਹਰਣ ਅਤੇ ਮਨੁੱਖੀ-ਤਸਕਰੀ ਜਿਹੇ ਅਪਰਾਧ ਵੀ ਸ਼ਾਮਲ ਹਨ।
''ਜਦੋਂ ਕੁੜੀਆਂ ਮਰਦਾਂ ਦੀਆਂ ਨਜ਼ਰਾਂ ਵਿੱਚ ਆਉਣੀਆਂ ਸ਼ੁਰੂ ਹੋ ਜਾਣ ਤਾਂ ਉਨ੍ਹਾਂ ਦੀ ਸੁਰੱਖਿਆ ਕਰਨਾ ਬਹੁਤ ਮੁਸ਼ਕਲ ਬਣ ਜਾਂਦਾ ਹੈ,'' ਸੋਨੂ ਅਤੇ ਮੀਨੂ ਦੇ ਚਚੇਰਾ ਭਰਾ, ਮਿਥੀਲੇਸ਼ ਕਹਿੰਦੇ ਹਨ। ''ਦਲਿਤਾਂ ਦੀ ਸਿਰਫ਼ ਇੱਕੋ ਹੀ ਇੱਛਾ ਹੈ: ਆਪਣਾ ਨਾਮ ਅਤੇ ਇੱਜ਼ਤ ਬਰਕਰਾਰ ਰੱਖਣਾ। ਆਪਣੀਆਂ ਕੁੜੀਆਂ ਦੇ ਛੇਤੀ ਵਿਆਹ ਕਰਨ ਨਾਲ਼ ਇਹ (ਇੱਛਾ) ਯਕੀਨੀ ਹੋ ਜਾਂਦੀ ਹੈ।''
ਚਿੰਤਾ ਮਾਰੇ ਮਿਥੀਲੇਸ਼ ਕੰਮ ਲਈ ਪ੍ਰਵਾਸ ਕਰਦੇ ਹਨ ਅਤੇ ਆਪਣੇ 9 ਸਾਲਾ ਪੁੱਤ ਅਤੇ 8 ਸਾਲਾ ਧੀ ਨੂੰ ਪਿਛਾਂਹ ਪਿੰਡ ਛੱਡ ਜਾਂਦੇ ਹਨ, ਇਹ ਕਦੇ ਇੱਟਾਂ ਦੇ ਭੱਠਿਆਂ, ਕਦੇ ਰੇਤ ਦੀਆਂ ਖੰਦਕਾਂ ਅਤੇ ਜਿਹੋ ਜਿਹੇ ਕੰਮ ਮਿਲ਼ ਜਾਵੇ ਕਰਦੇ ਹਨ।
ਉਨ੍ਹਾਂ ਦੀ ਮਹੀਨੇ ਦੀ ਕਰੀਬ 5,000 ਰੁਪਏ ਤਨਖ਼ਾਹ ਹੈ ਅਤੇ ਉਨ੍ਹਾਂ ਦੀ ਪਤਨੀ ਬਾਲਣ ਵੇਚ ਕੇ ਅਤੇ ਵਾਢੀ ਮੌਕੇ ਦੂਸਰਿਆਂ ਦੇ ਖੇਤਾਂ ਵਿੱਚ ਕੰਮ ਕਰਕੇ ਥੋੜ੍ਹੀ ਬਹੁਤ ਕਮਾਈ ਕਰਦੀ ਹਨ। ਉਨ੍ਹਾਂ ਦੀ ਆਪਣੀ ਬਸਤੀ ਵਿੱਚ, ਖੇਤੀ ਇੱਕ ਵਿਕਲਪ ਨਹੀਂ ਹੈ। ''ਅਸੀਂ ਕੋਈ ਫ਼ਸਲ ਨਹੀਂ ਉਗਾ ਪਾਉਂਦੇ ਕਿਉਂਕਿ ਜੰਗਲੀ ਜਾਨਵਰ ਸਾਰਾ ਕੁਝ ਡਕਾਰ ਜਾਂਦੇ ਹਨ। ਜੰਗਲੀ ਸੂਰ ਤਾਂ ਸਾਡੇ ਵਿਹੜਿਆਂ ਤੱਕ ਆ ਜਾਂਦੇ ਹਨ ਕਿਉਂਕਿ ਅਸੀਂ ਜੰਗਲ ਦੇ ਐਨ ਨਾਲ਼ ਕਰਕੇ ਜੋ ਰਹਿੰਦੇ ਹਾਂ,'' ਮਿਥੀਲੇਸ਼ ਕਹਿੰਦੇ ਹਨ।
2011 ਦੀ ਮਰਦਮਸ਼ੁਮਾਰੀ ਮੁਤਾਬਕ, ਦਿਓਘਾਟ ਦੀ 61 ਫੀਸਦੀ ਅਬਾਦੀ, ਜਿਸ ਪਿੰਡ ਵਿੱਚ ਬੈਥਕਵਾ ਬਸਤੀ ਆਉਂਦੀ ਹੈ, ਖੇਤ ਮਜ਼ਦੂਰੀ, ਘਰੇਲੂ ਉਦਯੋਗ ਅਤੇ ਹੋਰਨਾਂ ਕੰਮਾਂ ਨਾਲ਼ ਜੁੜੀ ਹੋਈ ਹੈ। ''ਹਰ ਘਰ ਵਿੱਚੋਂ ਇੱਕ ਤੋਂ ਵੱਧ ਪੁਰਸ਼ ਕੰਮ ਬਦਲੇ ਪ੍ਰਵਾਸ ਕਰਦੇ ਹਨ,'' ਮਿਥੀਲੇਸ਼ ਕਹਿੰਦੇ ਹਨ। ਉਹ ਨੌਕਰੀ ਦੀ ਤਲਾਸ਼ ਵਿੱਚ ਇਲਾਹਾਬਾਦ, ਸੂਰਤ ਅਤੇ ਮੁੰਬਈ ਜਾਂਦੇ ਹਨ ਅਤੇ ਭੱਠਿਆਂ ਜਾਂ ਹੋਰ ਸੈਕਟਰਾਂ ਵਿੱਚ ਦਿਹਾੜੀਦਾਰ ਕੰਮ ਕਰਕੇ 200 ਰੁਪਏ ਦਿਹਾੜੀ ਕਮਾਉਂਦੇ ਹਨ।
''ਪ੍ਰਯਾਗਰਾਜ ਜ਼ਿਲ੍ਹੇ ਦੇ 21 ਬਲਾਕਾਂ ਵਿੱਚੋਂ ਕੋਰਾਓਂ ਸਭ ਤੋਂ ਵੱਧ ਅਣਗੌਲ਼ਿਆ ਇਲਾਕਾ ਹੈ,'' ਡਾ. ਯੋਗੇਸ਼ ਚੰਦਰਾ ਸ਼੍ਰੀਵਾਸਤਵ ਕਹਿੰਦੇ ਹਨ। ਉਹ ਪ੍ਰਯਾਗਰਾਜ ਦੀ ਸੈਮ ਹਿਗੀਨਬੋਟਮ ਯੂਨੀਵਰਸਿਟੀ ਆਫ਼ ਐਗਰੀਕਲਚਰ, ਟੈਕਨਾਲੋਜੀ ਅਤੇ ਸਾਇੰਸਜ਼ ਦੇ ਵਿਗਿਆਨੀ ਹਨ ਅਤੇ 25 ਸਾਲਾਂ ਤੋਂ ਇਸ ਖੇਤਰ ਵਿੱਚ ਕੰਮ ਕਰ ਰਹੇ ਹਨ। ''ਜੇ ਜਿਲ੍ਹੇ ਦੇ ਸਮੁੱਚੇ ਅੰਕੜਿਆਂ ਦੀ ਗੱਲ ਕਰੀਏ ਤਾਂ ਕਿਸੇ ਮਾੜੀ ਹਾਲਤ ਸਾਹਮਣੇ ਨਹੀਂ ਆਉਂਦੀ। ਪਰ ਜੇ ਇਕੱਲੇ ਪ੍ਰਯਾਗਰਾਜ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚੋਂ ਕੋਈ ਵੀ ਪੈਰਾਮੀਟਰ ਲੈ ਲਓ ਭਾਵੇਂ ਖੇਤੀ ਦੇ ਝਾੜ ਤੋਂ ਲੈ ਕੇ ਸਕੂਲ ਛੱਡਣ ਵਾਲ਼ਿਆਂ, ਨਿਮਨ-ਪੱਧਰੀ ਨੌਕਰੀਆਂ ਵਾਸਤੇ ਪ੍ਰਵਾਸ, ਗ਼ਰੀਬੀ, ਬਾਲ਼ ਵਿਆਹ ਅਤੇ ਬਾਲ ਮੌਤ- ਕੋਰਾਓਂ ਹੀ ਹੈ ਜੋ ਇਨ੍ਹਾਂ ਸਾਰਿਆਂ ਮਸਲਿਆਂ ਵਿੱਚ ਪਿਛੜਿਆ ਹੋਇਆ ਹੈ।''
ਵਿਆਹ ਤੋਂ ਬਾਅਦ ਸੋਨੂ ਅਤੇ ਮੀਨਾ ਆਪੋ-ਆਪਣੇ ਪਤੀਆਂ ਦੇ ਘਰਾਂ ਵਿੱਚ ਰਹਿਣ ਚਲੀਆਂ ਜਾਣਗੀਆਂ ਜੋ ਇੱਥੋਂ ਕਰੀਬ 10 ਕਿਲੋਮੀਟਰ ਦੂਰ ਹਨ। ''ਮੈਂ ਉਹਨੂੰ (ਲਾੜੇ) ਹਾਲੇ ਤੱਕ ਮਿਲ਼ੀ ਵੀ ਨਹੀਂ,'' ਸੋਨੂ ਕਹਿੰਦੀ ਹਨ। ''ਪਰ ਮੈਂ ਆਪਣੇ ਮਾਮਾ ਜੀ ਦੇ ਫ਼ੋਨ 'ਤੇ ਉਹਦੀ ਸ਼ਕਲ ਜ਼ਰੂਰ ਦੇਖੀ ਹੈ। ਮੈਂ ਅਕਸਰ ਉਸ ਨਾਲ਼ ਗੱਲ ਕਰਦੀ ਹਾਂ। ਉਹ ਮੇਰੇ ਨਾਲ਼ੋਂ ਕੁਝ ਸਾਲ ਹੀ ਵੱਡਾ ਹੈ, ਸ਼ਾਇਦ 15 ਸਾਲਾਂ ਦਾ ਹੈ ਅਤੇ ਸੂਰਤ ਵਿੱਚ ਕਿਸੇ ਰਸੋਈ ਅੰਦਰ ਬਤੌਰ ਸਹਾਇਕ ਕੰਮ ਕਰਦਾ ਹੈ।''
ਇਸ ਜਨਵਰੀ ਮਹੀਨੇ, ਬੈਥਕਵਾ ਸਰਕਾਰੀ ਮਿਡਲ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਾਬਣ ਦੀ ਟਿੱਕੀ ਅਤੇ ਤੌਲੀਏ ਦੇ ਨਾਲ਼ ਮੁਫ਼ਤ ਪੈਡ ਪ੍ਰਾਪਤ ਕਰਨ ਅਤੇ ਐੱਨਜੀਓ ਦੀ ਸਕੂਲ ਫੇਰੀ ਦੌਰਾਨ ਉਨ੍ਹਾਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਰੱਖਣ ਦੇ ਤਰੀਕਿਆਂ ਬਾਰੇ ਵੀਡਿਓ ਦੇਖਣ ਦਾ ਮੌਕਾ ਵੀ ਮਿਲ਼ਿਆ। ਨਾਲ਼ ਹੀ, ਕੇਂਦਰ ਸਰਕਾਰ ਦੀ ਕਿਸ਼ੋਰੀ ਸੁਰੱਕਸ਼ਾ ਯੋਜਨਾ ਤਹਿਤ, 6ਵੀਂ ਤੋਂ 12ਵੀਂ ਜਮਾਤ ਦੀਆਂ ਕੁੜੀਆਂ ਮੁਫ਼ਤ ਸੈਨੀਟਰੀ ਨੈਪਕਿਨ ਵੀ ਲੈਣ ਦੀਆਂ ਹੱਕਦਾਰ ਹਨ। ਇਹ ਪ੍ਰੋਗਰਾਮ 2015 ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖੀਲੇਸ਼ ਯਾਦਵ ਦੁਆਰਾ ਸ਼ੁਰੂ ਕੀਤਾ ਗਿਆ।
ਪਰ ਨਾ ਤਾਂ ਸੋਨੂ ਅਤੇ ਨਾ ਹੀ ਮੀਨਾ ਸਕੂਲ ਜਾਂਦੀਆਂ ਹਨ। ''ਅਸੀਂ ਸਕੂਲ ਨਹੀਂ ਜਾਂਦੀਆਂ, ਇਸਲਈ ਸਾਨੂੰ ਇਸ ਸਭ ਬਾਰੇ ਕੁਝ ਨਹੀਂ ਪਤਾ,'' ਸੋਨੂ ਕਹਿੰਦੀ ਹਨ। ਫਿਰ ਲਾਜ਼ਮੀ ਦੋਵਾਂ ਨੇ ਕੱਪੜਾ ਵਰਤਣ (ਮੌਜੂਦ ਸਮੇਂ) ਦੀ ਬਜਾਇ ਮੁਫ਼ਤ ਵਾਲ਼ੇ ਸੈਨੀਟਰੀ ਪੈਡਾਂ ਦੀ ਵਰਤੋਂ ਪਸੰਦ ਕੀਤੀ ਹੁੰਦੀ।
ਭਾਵੇਂ ਦੋਵਾਂ ਕੁੜੀਆਂ ਦਾ ਵਿਆਹ ਹੋਣ ਵਾਲ਼ਾ ਹੈ ਫਿਰ ਵੀ ਦੋਵਾਂ ਨੂੰ ਸੈਕਸ, ਗਰਭਅਵਸਥਾ ਬਾਰੇ ਨਾ-ਮਾਤਰ ਪਤਾ ਹੈ ਇੱਥੋਂ ਤੱਕ ਕਿ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਬਾਰੇ ਵੀ ਇਲਮ ਨਹੀਂ। ''ਮੇਰੀ ਮਾਂ ਹਰ ਗੱਲ ਭਾਬੀ (ਮਮੇਰੇ ਭਰਾ ਦੀ ਪਤਨੀ) ਨੂੰ ਪੁੱਛਣ ਲਈ ਕਹਿੰਦੀ ਹਨ। ਮੇਰੀ ਭਾਬੀ ਨੇ ਮੈਨੂੰ ਕਿਹਾ ਕਿ ਹੁਣ ਤੋਂ ਬਾਅਦ ਕਿਸੇ ਵੀ ਪੁਰਸ਼ (ਪਰਿਵਾਰ ਦੇ) ਦੇ ਨਾਲ਼ ਨਹੀਂ ਲੇਟਣਾ, ਨਹੀਂ ਤਾਂ ਕੋਈ ਦਿੱਕਤ ਹੋ ਜਾਵੇਗੀ,'' ਸੋਨੂ ਮਸਾਂ ਸੁਣੀਂਦੀ ਅਵਾਜ਼ ਵਿੱਚ ਕਹਿੰਦੀ ਹਨ। ਉਹ ਪਰਿਵਾਰ ਦੀਆਂ ਤਿੰਨ ਕੁੜੀਆਂ ਵਿੱਚੋਂ ਸਭ ਤੋਂ ਵੱਡੀ ਧੀ, ਸੋਨੂ ਨੇ 7 ਸਾਲ ਦੀ ਉਮਰੇ ਆਪਣੇ ਛੋਟੇ ਭੈਣ ਭਰਾਵਾਂ ਦੀ ਦੇਖਭਾਲ਼ ਖਾਤਰ ਦੂਸਰੀ ਜਮਾਤ ਵਿੱਚ ਸਕੂਲ ਛੱਡ ਦਿੱਤਾ ਸੀ।
ਉਦੋਂ ਤੋਂ ਹੀ ਉਹਨੇ ਖੇਤਾਂ ਵਿੱਚ ਮਜ਼ਦੂਰੀ ਕਰਨ ਜਾਂਦੀ ਆਪਣੀ ਮਾਂ, ਚੰਪਾ ਦੇ ਨਾਲ਼ ਜਾਣਾ ਸ਼ੁਰੂ ਕਰ ਦਿੱਤਾ ਅਤੇ ਘਰੇ ਆ ਕੇ ਘਾਰਾਂ ਦੇ ਮਗਰ ਪੈਂਦੇ ਜੰਗਲੀ ਪਹਾੜੀਆਂ ਵਿੱਚ ਬਾਲਣ ਦੀ ਲੱਕੜ ਲਿਆਉਣ ਚਲੀ ਜਾਂਦੀ- ਉਹ ਕੁਝ ਬਾਲਣ ਆਪਣੀ ਵਰਤੋਂ ਅਤੇ ਕੁਝ ਵੇਚਣ ਵਾਸਤੇ ਇਕੱਠਾ ਕਰਦੀ। ਦੋ ਦਿਨ ਮਾਰੇ ਮਾਰੇ ਫਿਰਨ ਤੋਂ ਬਾਅਦ ਉਨ੍ਹਾਂ (ਔਰਤਾਂ) ਨੂੰ 200 ਰੁਪਏ ਦਾ ਬਾਲ਼ਣ ਮਿਲ਼ ਪਾਉਂਦਾ। ''ਇੰਨਾ ਪੈਸਾ ਕੁਝ ਦਿਨਾਂ ਲਈ ਤੇਲ ਅਤੇ ਲੂਣ ਖ਼ਰੀਦਣ ਲਈ ਕਾਫ਼ੀ ਹੁੰਦਾ ਹੈ,'' ਮੀਨਾ ਦੀ ਮਾਂ ਰਾਣੀ ਕਹਿੰਦੀ ਹਨ। ਸੋਨੂ ਪਰਿਵਾਰ ਦੇ 8 ਤੋਂ 10 ਬੱਕਰੀਆਂ ਦੇ ਇੱਜੜ ਨੂੰ ਸਾਂਭਣ ਵਿੱਚ ਮਦਦ ਕਰਿਆ ਕਰਦੀ। ਇਨ੍ਹਾਂ ਕੰਮਾਂ ਤੋਂ ਛੁੱਟ ਉਹ ਖਾਣਾ ਪਕਾਉਣ ਅਤੇ ਘਰ ਦੇ ਸਾਰੇ ਕੰਮਾਂ ਵਿੱਚ ਆਪਣੀ ਮਾਂ ਦੀ ਮਦਦ ਕਰਦੀ ਹਨ।
ਸੋਨੂ ਅਤੇ ਮੀਨਾ ਦੋਵਾਂ ਦੇ ਮਾਪੇ ਬਤੌਰ ਖ਼ੇਤ ਮਜ਼ਦੂਰ ਕੰਮ ਕਰਦੇ ਹਨ। ਇੱਥੇ ਔਰਤਾਂ ਦੀ 150 ਰੁਪਏ ਅਤੇ ਪੁਰਸ਼ਾਂ ਦੀ 200 ਰੁਪਏ ਦਿਹਾੜੀ ਚੱਲਦੀ ਹੈ। ਵਧੀਆ ਸਮਾਂ ਹੋਣ ਦੀ ਸੂਰਤੇ ਹਾਲ ਵੀ ਉਨ੍ਹਾਂ ਨੂੰ ਮਹੀਨੇ ਦੇ 10-12 ਦਿਨ ਹੀ ਕੰਮ ਮਿਲ਼ ਪਾਉਂਦਾ ਹੈ। ਸੋਨੂ ਦੇ ਪਿਤਾ ਰਾਮਸਵਾਰੂਪ ਦਿਹਾੜੀ ਲਾਉਣ ਖ਼ਾਤਰ ਨੇੜਲੇ ਕਸਬਿਆਂ ਅਤੇ ਸ਼ਹਿਰਾਂ ਇੱਥੋਂ ਤੱਕ ਕਿ ਪ੍ਰਯਾਗਰਾਜ ਵਿਖੇ ਵੀ ਜਾਇਆ ਕਰਦੇ ਸਨ, ਇਸ ਭਟਕਣ ਦਾ ਅੰਤ 2020 ਵਿੱਚ ਉਨ੍ਹਾਂ ਨੂੰ ਤਪੇਦਿਕ ਤੋਂ ਪੀੜਤ ਹੋਣ ਦੇ ਨਾਲ਼ ਹੋਇਆ ਅਤੇ ਉਸੇ ਸਾਲ ਉਨ੍ਹਾਂ ਦੀ ਮੌਤ ਵੀ ਹੋ ਗਈ।
''ਅਸੀਂ ਉਨ੍ਹਾਂ ਦੇ ਇਲਾਜ ਵਾਸਤੇ ਕਰੀਬ 20,000 ਰੁਪਏ ਖਰਚ ਕੀਤੇ- ਮੈਨੂੰ ਪਰਿਵਾਰ ਅਤੇ ਹੋਰਨਾਂ ਲੋਕਾਂ ਪਾਸੋਂ ਉਧਾਰ ਚੁੱਕਣਾ ਪਿਆ,'' ਚੰਪਾ ਕਹਿੰਦੀ ਹਨ। ''ਜਿਵੇਂ ਜਿਵੇਂ ਉਨ੍ਹਾਂ ਦੀ ਸਿਹਤ ਵਿਗੜਦੀ ਗਈ ਸਾਨੂੰ ਹੋਰ ਹੋਰ ਪੈਸਿਆਂ ਦੀ ਲੋੜ ਪੈਂਦੀ ਗਈ, ਇੰਝ ਮੈਂ ਕਰੀਬ 2,000 ਤੋਂ 2,500 ਰੁਪਏ ਬਦਲੇ ਇੱਕ ਬੱਕਰੀ ਵੇਚ ਦਿਆ ਕਰਦੀ। ਸਾਡੇ ਕੋਲ਼ ਬੱਸ ਇਹੀ ਇੱਕ ਮੇਮਣਾ ਬਚਿਆ ਹੈ,'' ਉਹ ਆਪਣੇ ਮਗਰ ਬੱਝੇ ਉਸ ਮੇਮਣੇ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ।
''ਮੇਰੇ ਪਿਤਾ ਦੀ ਮੌਤ ਤੋਂ ਬਾਅਦ ਹੀ ਮੇਰੀ ਮਾਂ ਨੇ ਮੇਰੇ ਵਿਆਹ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ,'' ਆਪਣੇ ਹੱਥਾਂ ਦੀ ਫਿੱਕੀ ਹੁੰਦੀ ਮਹਿੰਦੀ ਨੂੰ ਘੂਰਦਿਆਂ ਮਲ੍ਹਕੜੇ ਜਿਹੇ ਸੋਨੂ ਕਹਿੰਦੀ ਹੈ।
ਸੋਨੂ ਅਤੇ ਮੀਨਾ ਦੀਆਂ ਮਾਵਾਂ- ਚੰਪਾ ਅਤੇ ਰਾਣੀ- ਦੋਵੇਂ ਭੈਣਾਂ ਹਨ, ਜੋ ਦੋਵਾਂ ਭਰਾਵਾਂ ਨਾਲ਼ ਵਿਆਹੀਆਂ ਹੋਈਆਂ ਹਨ। ਉਨ੍ਹਾਂ ਦਾ 25 ਮੈਂਬਰੀ ਸਾਂਝਾ ਪਰਿਵਾਰ 2017 ਵਿੱਚ ਪ੍ਰਧਾਨਮੰਤਰੀ ਆਵਾਸ ਯੋਜਨਾ ਤਹਿਤ ਬਣੇ ਦੋ ਕਮਰਿਆਂ ਦੇ ਘਰ ਵਿੱਚ ਰਹਿੰਦਾ ਹੈ, ਘਰ ਦੀਆਂ ਕੰਧਾਂ 'ਤੇ ਪਲਸਤਰ ਨਹੀਂ ਹੋਇਆ ਅਤੇ ਸੀਮੇਂਟ ਦੀ ਛੱਤ ਹੈ। ਉਨ੍ਹਾਂ ਦੇ ਪੁਰਾਣੇ ਘਰ ਗਾਰੇ ਅਤੇ ਕਾਨਿਆਂ ਤੋਂ ਬਣੇ ਸਨ, ਜਿੱਥੇ ਉਹ ਖਾਣਾ ਪਕਾਉਂਦੇ ਅਤੇ ਘਰ ਦੇ ਕੁਝ ਲੋਕ ਉੱਥੇ ਹੀ ਸੋਂਦੇ ਵੀ ਹਨ। ਉਨ੍ਹਾਂ ਦਾ ਪੁਰਾਣਾ ਢਾਰਾ ਇਨ੍ਹਾਂ ਕਮਰਿਆਂ ਦੇ ਐਨ ਮਗਰ ਹੀ ਹੈ।
ਦੋਵਾਂ ਭੈਣਾਂ (ਚਚੇਰੀਆਂ) ਵਿੱਚ ਮੀਨਾ ਨੂੰ ਪਹਿਲਾਂ ਮਾਹਵਾਰੀ ਸ਼ੁਰੂ ਹੋਈ। ਜਿਹਦੇ ਕਾਰਨ ਉਨ੍ਹਾਂ ਨੇ ਉਸ ਵਾਸਤੇ ਅਜਿਹਾ ਲੜਕਾ ਲੱਭਿਆ, ਜਿਹਦਾ ਇੱਕ ਭਰਾ ਹੈ। ਮੀਨਾ ਦਾ ਰਿਸ਼ਤਾ ਪੱਕਾ ਕਰਨ ਦੇ ਨਾਲ਼-ਨਾਲ਼ ਸੋਨੂ ਦਾ ਰਿਸ਼ਤਾ ਵੀ ਉਸੇ ਘਰ ਵਿੱਚ ਤੈਅ ਹੋ ਗਿਆ, ਇਹ ਗੱਲ ਦੋਵਾਂ ਮਾਵਾਂ ਲਈ ਰਾਹਤ ਦਾ ਕੰਮ ਕਰਦੀ ਹੈ।
ਮੀਨਾ ਆਪਣੇ ਪਰਿਵਾਰ ਵਿੱਚ ਸਭ ਤੋਂ ਵੱਡੀ ਹੈ ਅਤੇ ਉਹਦੀਆਂ ਦੋ ਭੈਣਾਂ ਅਤੇ ਇੱਕ ਭਰਾ ਹੈ। 7ਵੀਂ ਜਮਾਤ ਵਿੱਚ ਪੜ੍ਹਦਿਆਂ ਉਹਦਾ ਸਕੂਲ ਛੁੱਟ ਗਿਆ ਸੀ, ਹੁਣ ਤਾਂ ਉਹਨੂੰ ਘਰੇ ਬੈਠੀ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ। ''ਮੇਰੇ ਢਿੱਡ ਵਿੱਚ ਪੀੜ੍ਹ ਰਹਿੰਦੀ ਸੀ। ਮੈਂ ਪੂਰਾ ਪੂਰਾ ਦਿਨ ਲੇਟੀ ਰਹਿੰਦੀ ਸਾਂ। ਮੇਰੀ ਮਾਂ ਖੇਤ ਵਿੱਚ ਹੁੰਦੀ ਅਤੇ ਪਿਤਾ ਜੀ ਮਜ਼ਦੂਰੀ ਕਰਨ ਕੋਰਾਓਂ ਚਲੇ ਜਾਂਦੇ ਸਨ। ਕੋਈ ਵੀ ਮੈਨੂੰ ਸਕੂਲ ਜਾਣ ਲਈ ਨਾ ਕਹਿੰਦਾ, ਇਸਲਈ ਮੈਂ ਗਈ ਵੀ ਨਹੀਂ।'' ਬਾਅਦ ਵਿੱਚ ਉਹਦੇ ਅੰਦਰ ਪੱਥਰੀ ਤਖ਼ਸ਼ੀਸ ਹੋਈ, ਪਰ ਉਹਦਾ ਇਲਾਜ ਕਾਫ਼ੀ ਖ਼ਰਚੀਲਾ ਸੀ ਅਤੇ ਉਹਦੇ ਵਾਸਤੇ 30 ਕਿਲੋਮੀਟਰ ਦੂਰ ਹੈਡਕੁਆਰਟਰ ਜਾਣਾ ਪੈਂਦਾ ਸੀ, ਇਸਲਈ ਇਲਾਜ ਕਰਾਉਣ ਦਾ ਵਿਚਾਰ ਛੱਡ ਦਿੱਤਾ ਗਿਆ। ਅਤੇ ਉਹਦੇ ਨਾਲ਼ ਹੀ ਉਹਦੀ ਪੜ੍ਹਾਈ ਵੀ ਬੰਦ ਹੋ ਗਈ।''
ਉਹਨੂੰ ਹੁਣ ਵੀ ਕਦੇ-ਕਦੇ ਢਿੱਡ ਵਿੱਚ ਪੀੜ੍ਹ ਹੋਣ ਲੱਗਦੀ ਹੈ।
ਆਪਣੀ ਛੋਟੀ-ਮੋਟੀ ਕਮਾਈ ਵਿੱਚੋਂ ਬਚਾ ਕੇ ਕੋਲ ਪਰਿਵਾਰ ਆਪਣੀਆਂ ਧੀਆਂ ਦੇ ਵਿਆਹ ਵੱਧ ਤੋਂ ਵੱਧ ਵਾਸਤੇ ਪੈਸਾ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਰਾਣੀ ਦੱਸਦੀ ਹਨ,''ਅਸੀਂ ਉਨ੍ਹਾਂ ਦੇ ਵਿਆਹ ਵਾਸਤੇ ਕਰੀਬ 10,000 ਰੁਪਏ ਜਮ੍ਹਾਂ ਕੀਤੇ ਹਨ। ਸਾਨੂੰ 100-150 ਲੋਕਾਂ ਵਾਸਤੇ ਪੂੜੀ, ਸਬਜ਼ੀ ਅਤੇ ਮਿੱਠੇ ਦੀ ਦਾਅਵਤ ਤਾਂ ਕਰਨੀ ਹੀ ਪੈਣੀ ਹੈ,'' ਰਾਣੀ ਕਹਿੰਦੀ ਹਨ। ਉਨ੍ਹਾਂ ਨੇ ਦੋਵਾਂ ਭੈਣਾਂ ਦਾ ਦੋਵਾਂ ਭਰਾਵਾਂ ਨਾਲ਼ ਇੱਕੋ ਹੀ ਦਿਨ ਵਿਆਹ ਕਰਨ ਦਾ ਵਿਚਾਰ ਬਣਾਇਆ ਹੈ।
ਉਨ੍ਹਾਂ ਦੇ ਮਾਪਿਆਂ ਦਾ ਭਰੋਸਾ ਹੈ ਕਿ ਇਸ ਨਾਲ਼ ਉਹ ਆਪਣੀਆਂ ਜ਼ਿੰਮੇਦਾਰੀਆਂ ਤੋਂ ਮੁਕਤ ਹੋ ਜਾਣਗੇ ਅਤੇ ਕੁੜੀਆਂ ਵੀ ਆਪਣੇ ਬਚਪਨੇ ਵਿੱਚੋਂ ਬਾਹਰ ਆ ਜਾਣਗੀਆਂ। ਸੋਨੂ ਅਤੇ ਮੀਨਾ ਦੇ ਮਨਾਂ ਅੰਦਰ ਵਿਆਹ ਨੂੰ ਲੈ ਕੇ ਜੋ ਕੁਝ ਵੀ ਚੱਲ ਰਿਹਾ ਹੈ ਉਹ ਸਭ ਉਨ੍ਹਾਂ ਦੇ ਆਪਣੇ ਹਾਲਾਤਾਂ ਸਮਾਜਿਕ ਹਾਲਾਤਾਂ ਦੀ ਦੇਣ ਹਨ। ਉਹ ਕਹਿੰਦੀਆਂ ਹਨ,'' ਖਾਣਾ ਕਮ ਬਨਾਨਾ ਪੜੇਗਾ। ਹਮ ਤੋ ਏਕ ਸਮੱਸਿਆ ਹੈਂ ਅਭ। ''
ਦੋਵਾਂ ਭੈਣਾਂ (ਚਚੇਰੀਆਂ) ਵਿੱਚ ਮੀਨਾ ਨੂੰ ਪਹਿਲਾਂ ਮਾਹਵਾਰੀ ਸ਼ੁਰੂ ਹੋਈ। ਜਿਹਦੇ ਕਾਰਨ ਉਨ੍ਹਾਂ ਨੇ ਉਸ ਵਾਸਤੇ ਅਜਿਹਾ ਲੜਕਾ ਲੱਭਿਆ, ਜਿਹਦਾ ਇੱਕ ਭਰਾ ਹੈ। ਮੀਨਾ ਦਾ ਰਿਸ਼ਤਾ ਪੱਕਾ ਕਰਨ ਦੇ ਨਾਲ਼-ਨਾਲ਼ ਸੋਨੂ ਦਾ ਰਿਸ਼ਤਾ ਵੀ ਉਸੇ ਘਰ ਵਿੱਚ ਤੈਅ ਹੋ ਗਿਆ
ਯੂਨੀਸੈਫ਼ ਮੁਤਾਬਕ, ਬਾਲ ਵਿਆਹ ਦੇ ਕਾਰਨ ਅੱਲ੍ਹੜ ਕੁੜੀਆਂ ਦਾ ਜੀਵਨ ਗਰਭਅਵਸਥਾ ਅਤੇ ਪ੍ਰਸਵ ਦੌਰਾਨ ਹੋਣ ਵਾਲ਼ੀਆਂ ਸਿਹਤ ਸਮੱਸਿਆਂ ਕਾਰਨ ਖ਼ਤਰੇ ਵਿੱਚ ਪੈ ਜਾਂਦਾ ਹੈ। ਆਸ਼ਾ ਵਰਕਰ ਸੁਨੀਤਾ ਦੇਵੀ ਮਾਂ ਬਣਨ ਵਾਲ਼ੀਆਂ ਔਰਤਾਂ ਦੀ ਸਿਹਤ ਨਾਲ਼ ਜੁੜੇ ਪ੍ਰੋਟੋਕਾਲ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ ਕਿ ਘੱਟ ਉਮਰ ਵਿੱਚ ਵਿਆਹ ਹੋਣ ਕਾਰਨ,''ਉਨ੍ਹਾਂ ਦੇ ਖ਼ੂਨ ਵਿੱਚ ਆਇਰਨ ਦੀ ਜਾਂਚ ਕਰਨ ਜਾਂ ਉਨ੍ਹਾਂ ਨੂੰ ਫ਼ੌਲਿਕ ਐਸਿਡ ਦੀਆਂ ਗੋਲ਼ੀਆਂ ਖੁਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ।'' ਤੱਥ ਇਹ ਵੀ ਹੈ ਕਿ ਉੱਤਰ ਪ੍ਰਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ ਛੋਟੀ ਉਮਰੇ ਮਾਂ ਬਣਨ ਵਾਲ਼ੀਆਂ ਸਿਰਫ਼ 22 ਫ਼ੀਸਦ ਕੁੜੀਆਂ ਹੀ ਪ੍ਰਸਵ ਦੌਰਾਨ ਕਿਸੇ ਕਿਸਮ ਦੀਆਂ ਸਿਹਤ ਸੁਵਿਧਾਵਾਂ ਤੱਕ ਪਹੁੰਚ ਬਣਾ ਪਾਉਂਦੀਆਂ ਹਨ- ਇਹ ਅੰਕੜਾ ਪੂਰੇ ਦੇਸ਼ ਦੇ ਹੋਰ ਕਿਸੇ ਵੀ ਰਾਜ ਦੇ ਮੁਕਾਬਲੇ ਸਭ ਤੋਂ ਘੱਟ ਹੈ।
ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਹਾਲੀਆ ਰਿਪੋਰਟ ਵਿੱਚ ਇਹ ਅੰਕੜੇ ਸਾਹਮਣੇ ਆਉਂਦੇ ਹਨ। ਰਿਪੋਰਟ ਮੁਤਾਬਕ, ਉੱਤਰ ਪ੍ਰਦੇਸ਼ ਦੀਆਂ 15 ਤੋਂ 49 ਦੀ ਉਮਰ ਵਰਗ ਦੀਆਂ ਔਰਤਾਂ ਲਹੂ ਦੀ ਘਾਟ ਨਾਲ਼ ਜੂਝ ਰਹੀਆਂ ਹਨ। ਜਿਹਦੇ ਕਾਰਨ ਗਰਭਅਵਸਥਾ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਖ਼ਤਰੇ ਵਿੱਚ ਰਹਿੰਦੀ ਹੈ। ਇਸ ਤੋਂ ਇਲਾਵਾ, ਗ੍ਰਾਮੀਣ ਉੱਤਰ ਪ੍ਰਦੇਸ਼ ਦੇ ਪੰਜ ਸਾਲ ਤੋਂ ਛੋਟੇ 49 ਫੀਸਦ ਬੱਚੇ ਮਧਰੇ ਹਨ ਅਤੇ 62 ਫੀਸਦ ਬੱਚੇ ਲਹੂ ਦੀ ਘਾਟ ਦੇ ਸ਼ਿਕਾਰ ਹਨ। ਬੱਸ ਇੱਥੋਂ ਹੀ ਇਨ੍ਹਾਂ ਬੱਚਿਆਂ ਦੀ ਸਿਹਤ ਦੀ ਗਿਰਾਵਟ ਅਤੇ ਖ਼ਤਰਾ ਸ਼ੁਰੂ ਹੁੰਦਾ ਹੈ।
ਸੁਨੀਤਾ ਦੱਸਦੀ ਹਨ,''ਕੁੜੀਆਂ ਦੇ ਪੋਸ਼ਣ ਵੱਲ ਧਿਆਨ ਦੇਣਾ ਕਿਸੇ ਦੀ ਤਰਜੀਹ ਵਿੱਚ ਨਹੀਂ ਹੈ। ਮੈਂ ਦੇਖਿਆ ਹੈ ਕਿ ਵਿਆਹ ਤੈਅ ਹੋ ਜਾਣ ਤੋਂ ਬਾਅਦ ਉਹ ਆਪਣੀ ਬੱਚੀਆਂ ਨੂੰ ਦੁੱਧ ਤੱਕ ਦੇਣਾ ਬੰਦ ਕਰ ਦਿੰਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਤਾਂ ਹੁਣ ਚਲੀ ਜਾਵੇਗੀ। ਮਜ਼ਬੂਰੀ ਵਜੋਂ ਉੱਥੇ ਅਜਿਹੇ ਹਰ ਬਚਤ ਕੀਤੀ ਜਾਂਦੀ ਹੈ।''
ਹਾਲਾਂਕਿ, ਇਸ ਸਮੇਂ ਰਾਣੀ ਅਤੇ ਚੰਪਾ ਦੇ ਦਿਮਾਗ਼ ਵਿੱਚ ਕੁਝ ਹੋਰ ਹੀ ਚੱਲ ਰਿਹਾ ਹੈ।
''ਅਸੀਂ ਚਿੰਤਤ ਹਾਂ ਕਿ ਅਸੀਂ ਜੋ ਪੈਸਾ ਜੋੜਿਆ ਹੈ ਉਹ ਕਿਤੇ ਵਿਆਹ ਤੋਂ ਪਹਿਲਾਂ ਹੀ ਚੋਰੀ ਨਾ ਹੋ ਜਾਵੇ। ਲੋਕ ਜਾਣਦੇ ਹਨ ਕਿ ਸਾਡੇ ਕੋਲ਼ ਨਗਦੀ ਹੈ। ਇਸ ਤੋਂ ਇਲਾਵਾ, ਮੈਨੂੰ ਤਕਰੀਬਨ 50,000 ਦਾ ਕਰਜ਼ਾ ਵੀ ਲੈਣਾ ਪਵੇਗਾ।'' ਰਾਣੀ ਕਹਿੰਦੀ ਹਨ ਇਸ ਯਕੀਨ ਦੇ ਨਾਲ਼ ਕਿ ਉਨ੍ਹਾਂ ਸਿਰ ਪਈ 'ਬਿਪਤਾ' ਛੇਤੀ ਹੀ ''ਖ਼ਤਮ ਹੋ ਜਾਵੇਗੀ।''
ਰਿਪੋਰਟਰ, ਇਲਾਹਾਬਾਦ ਦੇ SHUATS ( ਸੈਮ ਹਿਗੀਨਬੋਟਮ ਯੂਨੀਵਰਸਿਟੀ ਆਫ਼ ਐਗਰੀਕਲਚਰ, ਟੈਕਨਾਲੋਜੀ ਅਤੇ ਸਾਇੰਸਜ਼ ) ਦੇ ਡਾਇਰੈਕਟਰ, ਪ੍ਰੋਫ਼ੈਸਰ ਆਰਿਫ਼ ਏ ਬ੍ਰੌਡਵੇਅ ਨੂੰ ਉਨ੍ਹਾਂ ਨੇ ਅਣਮੋਲ ਯੋਗਦਾਨ ਅਤੇ ਇਨਪੁਟ ਵਾਸਤੇ ਸ਼ੁਕਰੀਆ ਅਦਾ ਕਰਦੀ ਹਨ।
ਇਸ ਸਟੋਰੀ ਵਿੱਚ ਸੁਰੱਖਿਆ ਦੇ ਲਿਹਾਜ ਤੋਂ ਕੁਝ ਲੋਕਾਂ ਦੇ ਨਾਮ ਬਦਲ ਦਿੱਤੇ ਗਏ ਹਨ।
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ