ਪਿਛਲੇ ਇੱਕ ਮਹੀਨੇ ਤੋਂ ਵੀ ਜਿਆਦਾ ਸਮੇਂ ਤੋਂ, ਨਿਸ਼ਾ ਯਾਦਵ ਆਪਣੇ ਪਰਿਵਾਰ ਦਾ ਰਾਸ਼ਨ ਲਿਆਉਣ ਲਈ ਵਾਧੂ ਦੂਰੀ ਤੈਅ ਕਰ ਰਹੀ ਹਨ। ਉਨ੍ਹਾਂ ਦੇ ਘਰ ਦੇ ਕੋਲ਼ ਸਥਿਤ ਕਰਿਆਨੇ ਦੀ ਦੁਕਾਨ ਤੋਂ ਉਨ੍ਹਾਂ ਨੂੰ ਹੋਰ ਰਾਸ਼ਨ ਨਹੀਂ ਮਿਲ਼ਦਾ। "ਜਦੋਂ ਤੋਂ ਪਾਪਾ ਹਸਪਤਾਲ ਵਿੱਚ ਭਰਤੀ ਹੋਏ ਹਨ, ਰਾਜਨਵਾਲ਼ਾ (ਕਿਰਾਏ ਦੀ ਦੁਕਾਨ ਦੇ ਮਾਲਕ) ਸਾਨੂੰ ਆਪਣੀ ਦੁਕਾਨ ਵਿੱਚ ਵੜ੍ਹਨ ਨਹੀਂ ਦਿੰਦਾ," ਉਹ ਕਹਿੰਦੀ ਹਨ।
"ਮੇਰੇ ਪਿਤਾ ਜੂਨ ਦੇ ਅੰਤ ਵਿੱਚ ਕੋਵਿਡ-19 ਪੌਜੀਟਿਵ ਪਾਏ ਗਏ ਸਨ, ਪਰ ਉਹ ਹੁਣ ਪੂਰੀ ਤਰ੍ਹਾਂ ਨਾਲ਼ ਠੀਕ ਹੋ ਚੁੱਕੇ ਹਨ," ਨਿਸ਼ਾ ਦੱਸਦੀ ਹਨ। "ਸਾਡੇ ਵਿੱਚੋਂ ਬਾਕੀ ਲੋਕ ਦੋ ਹਫ਼ਤਿਆਂ ਤੱਕ ਦੂਸਰਿਆਂ ਤੋਂ ਬਿਲਕੁਲ ਅਲੱਗ-ਥਲੱਗ ਰਹੇ। ਹਾਲਾਂਕਿ ਪਾਪਾ ਇੱਕ ਮਹੀਨਾ ਪਹਿਲਾਂ ਹੀ ਠੀਕ ਹੋ ਗਏ ਸਨ, ਪਰ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਜੇਕਰ ਅਸੀਂ ਉਨ੍ਹਾਂ ਦੀ ਦੁਕਾਨ ਵਿੱਚ ਆਏ, ਤਾਂ ਦੂਸਰਿਆਂ ਨੂੰ ਵਾਇਰਸ ਫੈਲਾ ਸਕਦੇ ਹਾਂ। ਇਸਲਈ ਹੁਣ ਸਾਡੇ ਵਿੱਚੋਂ ਕਿਸੇ ਇੱਕ ਨੂੰ ਮੀਂਹ ਅਤੇ ਹੜ੍ਹ ਦੇ ਇਸ ਮੌਸਮ ਵਿੱਚ, ਕਰੀਬ ਇੱਕ ਮੀਲ਼ ਦੂਰ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਤੋਂ ਰਾਸ਼ਨ ਲਿਆਉਣ ਲਈ, ਗੋਡਿਆਂ ਤੀਕਰ ਗੰਦੇ ਪਾਣੀ ਤੋਂ ਹੋ ਕੇ ਪੈਦਲ ਜਾਣਾ ਪੈਂਦਾ ਹੈ।"
ਛੇ ਸਾਲ ਪਹਿਲਾਂ ਜਮਾਤ 11 ਤੱਕ ਪੜ੍ਹਾਈ ਕਰਨ ਤੋਂ ਬਾਦ ਸਕੂਲ ਛੱਡ ਚੁੱਕੀ 24 ਸਾਲਾ ਨਿਸ਼ਾ, ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜਿਲ੍ਹੇ ਦੇ ਹਾਟਾ ਬਲਾਕ ਦੇ ਸੋਹਸਾ ਮਠਿਆ ਪਿੰਡ ਵਿੱਚ ਰਹਿੰਦੀ ਹਨ। ਗੋਰਖਪੁਰ ਸ਼ਹਿਰ ਤੋਂ ਕਰੀਬ 60 ਕਿਲੋਮੀਟਰ ਦੂਰ ਸਥਿਤ ਉਨ੍ਹਾਂ ਦਾ ਪਿੰਡ, ਮਾਨਸੂਨ ਅਤੇ ਹੜ੍ਹ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ।
"ਸਾਡੇ ਭੂਆ-ਫੂਫਾ (ਭੂਆ-ਫੁੱਫੜ)ਸਾਡੇ ਲਈ ਰਾਸ਼ਨ ਖਰੀਦਦੇ ਹਨ, ਜਿਸ ਵਾਸਤੇ ਅਸੀਂ ਉਨ੍ਹਾਂ ਨੂੰ ਬਾਅਦ ਵਿੱਚ ਭੁਗਤਾਨ ਕਰਦੇ ਹਾਂ।" ਇਹ ਗੱਲਬਾਤ ਕਰਦਿਆਂ ਨਿਸ਼ਾ ਆਪਣੀ ਸਲਵਾਰ ਦਾ ਪੌਂਚ੍ਹਾ ਤਿੰਨ ਜਾਂ ਚਾਰ ਮੋੜ ਰਹੀ ਹੈ-ਉਹ ਹੜ੍ਹ ਦੇ ਪਾਣੀ ਵਿੱਚੋਂ ਦੀ ਲੰਘ ਕੇ ਆਪਣੇ ਘਰ ਮੁੜਨ ਵਾਲ਼ੀ ਹੈ। ਉਨ੍ਹਾਂ ਦੇ ਪਰਿਵਾਰ ਦੇ ਕੋਲ਼ ਸ਼ਾਮ ਦੀ ਚਾਹ ਵਾਸਤੇ ਖੰਡ ਵੀ ਨਹੀਂ ਬਚੀ।






