ਦਸ਼ਰਥ ਸਿੰਘ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਰਾਸ਼ਨ ਕਾਰਡ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ। ਪਰ ਉਮਰਿਆ ਜ਼ਿਲ੍ਹੇ ਦੇ ਸਥਾਨਕ ਅਧਿਕਾਰੀ ਉਨ੍ਹਾਂ ਨੂੰ ਹਰ ਵਾਰੀ ਇਹੀ ਕਹਿੰਦੇ ਰਹਿੰਦੇ ਹਨ ਕਿ ਉਨ੍ਹਾਂ ਦਾ ਬਿਨੈ ਅਜੇ ਕਤਾਰ ਵਿੱਚ ਹੈ।
''ਉਨ੍ਹਾਂ ਦੀ ਸਲਾਹ ਹੁੰਦੀ ਹੈ ਕਿ ਜੇ ਮੈਂ 1,500 ਰੁਪਏ ਜਮ੍ਹਾ ਕਰਵਾ ਦਿਆਂ ਤਾਂ ਫਾਰਮ ਛੇਤੀ ਪ੍ਰਵਾਨ ਹੋ ਜਾਊਗਾ,'' ਉਹ ਦੋਸ਼ ਲਾਉਂਦੇ ਹਨ। ''ਪਰ ਮੈਂ ਵੀ ਕੋਈ ਭੁਗਤਾਨ ਨਹੀਂ ਕੀਤਾ...''
ਦਸ਼ਰਥ ਕਟਾਰਿਆ ਪਿੰਡ ਵਿੱਚ ਰਹਿੰਦੇ ਹਨ, ਜੋ ਮੱਧ ਪ੍ਰਦੇਸ਼ ਦੇ ਉਮਰਿਆ ਜ਼ਿਲ੍ਹੇ ਦੀ ਬਾਂਧਵਗੜ ਤਹਿਸੀਲ ਵਿੱਚ ਪੈਂਦਾ ਹੈ। ਇੱਥੇ, ਉਹ ਆਪਣੇ ਖੇਤਾਂ ਵਿੱਚ ਕੰਮ ਕਰਦੇ ਹਨ ਤੇ ਨੇੜੇ-ਤੇੜੇ ਮਨਰੇਗਾ ਤਹਿਤ ਹਰ ਮਹੀਨੇ ਮਿਲ਼ਣ ਵਾਲ਼ੇ ਕੁਝ ਦਿਨ ਕੰਮ ਕਰਕੇ 100 ਰੁਪਏ ਦਿਹਾੜੀ ਪਾ ਲੈਂਦੇ ਹਨ। ਉਨ੍ਹਾਂ ਨੂੰ ਅਕਸਰ ਸਥਾਨਕ ਸ਼ਾਹੂਕਾਰਾਂ (ਨਿੱਜੀ) ਤੋਂ ਲਏ ਗਏ ਛੋਟੇ-ਮੋਟੇ ਕਰਜਿਆਂ ਸਿਰ ਜਿਊਣਾ ਪੈਂਦਾ ਹੈ- ਤਾਲਾਬੰਦੀ ਦੌਰਾਨ, ਇੱਕ ਵਾਰ ਉਨ੍ਹਾਂ ਨੇ 1,500 ਰੁਪਏ ਤੱਕ ਦਾ ਉਧਾਰ ਵੀ ਲਿਆ ਸੀ।
ਰਾਸ਼ਨ ਕਾਰਡ ਜੋ ਗ਼ਰੀਬੀ ਰੇਖਾ ਵਾਲ਼ੇ ਪਰਿਵਾਰਾਂ ਲਈ ਪਹਿਲਾਂ ਤੋਂ ਹੀ ਇੱਕ ਜ਼ਰੂਰਤ ਰਿਹਾ ਹੈ, ਤਾਲਾਬੰਦੀ ਦੌਰਾਨ ਇੱਕ ਬੇਹੱਦ ਜ਼ਰੂਰੀ ਲੋੜ ਬਣ ਗਿਆ। ਪਰ ਅਜਿਹੇ ਮੌਕੇ ਵੀ ਦਸ਼ਰਥ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਜ਼ਾਰੋਂ ਅਨਾਜ ਖਰੀਦਣ ਲਈ ਮਜ਼ਬੂਰ ਹੋਣਾ ਪਿਆ। ''ਖੇਤੀ ਕਰਕੇ ਅਸੀਂ ਜਿਵੇਂ-ਕਿਵੇਂ ਆਪਣਾ ਬੁੱਤਾ ਸਾਰਿਆ,'' ਦਸ਼ਰਥ ਦੀ ਪਤਨੀ, 25 ਸਾਲਾ ਸਰਿਤਾ ਸਿੰਘ ਕਹਿੰਦੀ ਹਨ। ਪਰਿਵਾਰ ਦੇ ਕੋਲ਼ 2.5 ਏਕੜ ਖੇਤ ਹੈ, ਜਿਸ 'ਤੇ ਉਹ ਕਣਕ ਤੇ ਮੱਕੀ ਬੀਜਣ ਦੇ ਨਾਲ਼-ਨਾਲ਼ ਕੋਦੋ ਤੇ ਕੁਟਕੀ ਬਾਜਰਾ ਵੀ ਬੀਜਦੇ ਹਨ।
ਇਸੇ ਦਰਮਿਆਨ, 40 ਸਾਲਾ ਦਸ਼ਰਥ ਰਾਸ਼ਨ ਕਾਰਡ ਹਾਸਲ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ''ਇਸ ਸਾਲ 26 ਜਨਵਰੀ ਨੂੰ (ਕਟਾਰੀਆ ਦੀ) ਗ੍ਰਾਮ ਸਭਾ ਵਿਖੇ ਮੈਨੂੰ ਦੱਸਿਆ ਗਿਆ ਸੀ ਕਿ ਕਾਰਡ ਲਈ ਇੱਕ ਫਾਰਮ ਭਰਨਾ ਪੈਣਾ ਹੈ,'' ਉਹ ਦੱਸਦੇ ਹਨ।
ਸਰਪੰਚ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿੰਡੋਂ ਕਰੀਬ 70 ਕਿਲੋਮੀਟਰ ਦੂਰ, ਮਾਨਪੁਰ ਸ਼ਹਿਰ ਦੇ ਲੋਕ ਸੇਵਾ ਕੇਂਦਰ ਜਾਣਾ ਪੈਣਾ ਹੈ। ਉੱਥੋਂ ਦੀ ਯਾਤਰਾ ਕਰਨ ਲਈ, ਇੱਕ ਪਾਸੇ ਦਾ ਬੱਸ ਦਾ 30 ਰੁਪਏ ਕਿਰਾਇਆ ਲੱਗਦਾ ਹੈ। ਦਸ਼ਰਥ ਉੱਥੇ ਦੋ ਵਾਰੀਂ- ਫਰਵਰੀ ਤੇ ਮਾਰਚ ਵਿੱਚ- ਗਏ ਸਨ, ਕਹਿਣ ਦਾ ਭਾਵ ਉਨ੍ਹਾਂ ਨੂੰ ਚਾਰ ਵਾਰੀਂ ਬੱਸ ਟਿਕਟ ਲੈਣੀ ਪਈ। 23 ਮਾਰਚ ਨੂੰ (ਮੱਧ ਪ੍ਰਦੇਸ਼) ਤਾਲਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ, ਉਹ ਆਪਣੇ ਪਿੰਡੋਂ ਕਰੀਬ 30 ਕਿਲੋਮੀਟਰ ਦੂਰ, ਬਾਂਧਵਗੜ ਸ਼ਹਿਰ ਵਿਖੇ ਤਹਿਸੀਲ ਪੱਧਰੀ ਦਫ਼ਤਰ ਵੀ ਗਏ ਸਨ। ਜਿੱਥੇ ਉਨ੍ਹਾਂ ਨੂੰ ਅੱਡ ਤੋਂ ਪਛਾਣ ਪੱਤਰ ਬਣਵਾਉਣ ਲਈ ਕਿਹਾ ਗਿਆ ਸੀ, ਇਸੇ ਲਈ ਤਾਂ ਅਜੇ ਤੱਕ ਫਾਰਮ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ।
ਉਸ ਵੱਖਰੀ ਆਈਡੀ ਲਈ, ਮਾਨਪੁਰ ਸਥਿਤ ਕੇਂਦਰ ਦੇ ਅਧਿਕਾਰੀਆਂ ਨੇ ਦਸ਼ਰਥ ਨੂੰ ਕਰਕੇਲੀ ਦੇ ਬਲਾਕ ਪੱਧਰੀ ਦਫ਼ਤਰ ਜਾਣ ਲਈ ਕਿਹਾ, ਜੋ ਕਰੀਬ 40 ਕਿਲੋਮੀਟਰ ਦੂਰ ਹੈ। ''ਉਨ੍ਹਾਂ ਨੇ ਕਿਹਾ ਕਿ ਮੇਰੇ ਨਾਮ ਨਾਲ਼ ਇੱਕ ਵੱਖਰੇ ਆਈਡੀ ਕਾਰਡ ਦੀ ਲੋੜ ਹੈ। ਮੇਰੇ ਕੋਲ਼ ਇੱਕ ਸਾਂਝਾ ਕਾਰਡ ਸੀ, ਜਿਸ 'ਤੇ ਮੇਰੇ ਭਰਾਵਾਂ ਸਣੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਮ ਲਿਖੇ ਹੋਏ ਸਨ। ਇਸਲਈ ਮੈਂ ਕਰਕੇਲੀ ਗਿਆ ਤੇ ਇੱਕ ਵੱਖਰੀ ਆਈਡੀ ਬਣਵਾਈ,'' ਦਸ਼ਰਥ ਕਹਿੰਦੇ ਹਨ, ਜਿਨ੍ਹਾਂ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ।






