''ਇੱਥੇ ਮੱਛੀ ਕੱਟਣ ਦੇ ਕੰਮੇ ਲੱਗੀਆਂ ਔਰਤਾਂ ਲਈ ਕੋਈ ਥਾਂ ਨਹੀਂ,'' ਕਲਾ ਨੇ ਦੱਸਿਆ ਜੋ ਕੁਡਲੌਰ ਜ਼ਿਲ੍ਹੇ ਦੇ ਪਿੰਡ ਕਿੰਜਮਪੇੱਟਈ ਦੀ ਇੱਕ ਫ਼ਿਸ਼-ਕਟਰ (ਮੱਛੀ ਕੱਟਣ ਵਾਲ਼ੀ) ਹਨ।
60 ਸਾਲਾ ਇਹ ਮਹਿਲਾ ਸਿੰਗਰਤੋਪੇ ਪੁਲ ਹੇਠਾਂ ਬੈਠੀ ਹੋਈ ਹੈ। ਕੰਕਰੀਟ ਤੇ ਧਾਤੂ ਦੀਆਂ ਛੜਾਂ ਨਾਲ਼ ਬਣਿਆ ਇਹ ਢਾਂਚਾ ਕੁਡਲੌਰ ਓਲਡ ਟਾਊਨ ਬੰਦਰਗਾਹ ਦੇ ਬਾਹਰਵਾਰ ਸਥਿਤ ਹੈ। ਇੱਥੇ 20 ਤੋਂ 30 ਮੱਛੀ ਵਿਕ੍ਰੇਤਾ ਅਤੇ ਫਿਸ਼-ਕਟਰ ਹਨ ਜੋ ਸਾਰੇ ਦੀਆਂ ਸਾਰੀਆਂ ਔਰਤਾਂ ਹੀ ਹਨ।
ਜ਼ਿਲ੍ਹੇ ਦੀ ਤਟਰੇਖਾ ਕੋਈ 57.5 ਕਿਲੋਮੀਟਰ ਲੰਬੀ ਹੈ ਤੇ ਬੰਦਰਗਾਹ ਦਾ ਇਹ ਇਲਾਕਾ ਗੁਦਾਮਾਂ, ਮਾਲ਼ਖਾਨੇ, ਦੁਕਾਨਾਂ ਤੇ ਮੱਛੀ ਫੜ੍ਹਨ ਵਾਲ਼ੀਆਂ ਬੇੜੀਆਂ ਨਾਲ਼ ਤੂਸਰਿਆ ਪਿਆ ਹੈ।
''ਜਿਵੇਂ ਜਿਵੇਂ ਹੋਰ-ਹੋਰ ਵਪਾਰੀਆਂ ਅਤੇ ਟਰੱਕਾਂ ਨੇ ਬੰਦਰਗਾਹ ਆਉਣਾ ਸ਼ੁਰੂ ਕੀਤਾ, ਓਵੇਂ-ਓਵੇਂ ਸਾਡੇ ਲਈ ਥਾਂ ਘੱਟਦੀ ਚਲੀ ਗਈ,'' ਕਲਾ ਦੱਸਦੀ ਹਨ,''ਸਾਨੂੰ ਧੱਕ ਕੇ ਬਾਹਰ ਕੱਢ ਦਿੱਤਾ ਗਿਆ ਤੇ ਫਿਰ ਇੰਝ ਅਸੀਂ ਪੁਲ ਹੇਠਾਂ ਆਪਣਾ ਡੇਰਾ ਜਮਾਇਆ। ਵੈਸੇ ਇਹ ਥਾਂ ਬੰਦਰਗਾਹ ਦੇ ਬਾਹਰਵਾਰ ਹੈ।''
ਕਲਾ ਵਾਂਗਰ ਮੱਛੀਆਂ ਵੇਚਣ, ਕੱਟਣ, ਸੁਕਾਉਣ ਤੇ ਉਨ੍ਹਾਂ ਦੀ ਰਹਿੰਦ-ਖੂੰਹਦ ਵੇਚਣ ਦੇ ਕੰਮੇ ਲੱਗੀਆਂ ਔਰਤਾਂ ਹੌਲ਼ੀ-ਹੌਲ਼ੀ ਹਾਸ਼ੀਆ ਵੱਲ ਧੱਕੀਆਂ ਜਾਂਦੀਆਂ ਰਹੀਆਂ। ਪੜ੍ਹੋ: ਮੱਛੀ ਦੇ ਅਵਸ਼ੇਸ਼ਾਂ ਵਿੱਚੋਂ ਰੋਟੀ ਤਲਾਸ਼ਦੀ ਪੁਲੀ।
ਉਂਝ ਤਾਂ ਮਛੇਰਾ ਔਰਤਾਂ ਨੂੰ ਅਕਸਰ ਮੱਛੀ ਵਿਕ੍ਰੇਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਪਰ ਸਰਮਾਏ ਤੋਂ ਸੱਖਣੀਆਂ ਤੇ ਬੀਮਾਰੀ ਤੋਂ ਪੀੜਤ ਬਹੁਤੇਰੀਆਂ ਔਰਤਾਂ ਦੇ ਹਿੱਸੇ ਵਿਕ੍ਰੇਤਾਵਾਂ ਦੇ ਕੋਲ਼ ਬਹਿ ਕੇ ਮੱਛੀ ਕੱਟਣ ਤੋਂ ਲੈ ਕੇ ਸਾਫ਼ ਕਰਨ ਜਿਹੇ ਕੰਮ ਹੀ ਆਉਂਦੇ ਹਨ।
ਕਲਾ ਆਪਣੇ ਕੰਮ ਬਾਰੇ ਦੱਸਦਿਆਂ ਕਹਿੰਦੀ ਹਨ,''ਸਾਨੂੰ ਇਨ੍ਹਾਂ ਵਿਕ੍ਰੇਤਾਵਾਂ ਦੇ ਕੋਲ਼ ਹੀ ਬਹਿਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਕੋਲ਼ੋਂ ਮੱਛੀਆਂ ਖ਼ਰੀਦਣ ਵਾਲ਼ੇ ਗਾਹਕ ਫਿਰ ਸਾਡੇ ਕੋਲ਼ੋਂ ਹੀ ਮੱਛੀਆਂ ਕਟਵਾਉਂਦੇ ਤੇ ਸਾਫ਼ ਕਰਵਾਉਂਦੇ ਹਨ। ਜੇਕਰ ਅਸੀਂ ਉਨ੍ਹਾਂ (ਵਿਕ੍ਰੇਤਾਵਾਂ) ਦੇ ਕੋਲ਼ ਨਾ ਬਹੀਏ ਤਾਂ ਸਾਡਾ ਕੰਮ ਹੀ ਨਹੀਂ ਚੱਲ਼ਣਾ।''










