82 ਸਾਲਾ ਬਾਪੂ ਸੁਤਾਰ ਨੂੰ 1962 ਦਾ ਉਹ ਦਿਨ ਚੰਗੀ ਤਰ੍ਹਾਂ ਚੇਤੇ ਹੈ। ਜਦੋਂ ਉਨ੍ਹਾਂ ਨੇ ਲੱਕੜ ਦਾ ਆਪਣਾ ਇੱਕ ਹੋਰ ਪੈਡਲਨੁਮਾ ਹੱਥਕਰਘਾ ਵੇਚਿਆ ਸੀ। ਸੱਤ ਫੁੱਟ ਲੰਬੇ ਅਤੇ ਆਪਣੀ ਹੀ ਵਰਕਸ਼ਾਪ ਵਿਖੇ ਤਿਆਰ ਇਸ ਹੱਥਕਰਘੇ ਨੂੰ ਕੋਲ੍ਹਾਪੁਰ ਦੇ ਸਾਂਗਾਓਂ ਕਸਾਬਾ ਪਿੰਡ ਦੇ ਇੱਕ ਜੁਲਾਹੇ ਨੂੰ ਵੇਚਣ ਬਦਲੇ ਬਾਪੂ ਨੂੰ 415 ਰੁਪਏ ਦੀ ਠੀਕ-ਠਾਕ ਰਕਮ ਪ੍ਰਾਪਤ ਹੋਈ।
ਇਹ ਇੱਕ ਖ਼ੁਸ਼ਨੁਮਾ ਯਾਦ ਹੋ ਨਿਬੜਦੀ ਜੇਕਰ ਉਨ੍ਹਾਂ ਵੱਲ਼ੋਂ ਬਣਾਇਆ ਇਹ ਹੱਥਕਰਘਾ ਅਖ਼ੀਰਲਾ ਨਾ ਹੋ ਕੇ ਰਹਿ ਜਾਂਦਾ। ਉਸ ਦੀ ਵਿਕਰੀ ਤੋਂ ਬਾਅਦ ਆਰਡਰ ਮਿਲ਼ਣੇ ਹੀ ਬੰਦ ਹੋ ਗਏ; ਉਸ ਤੋਂ ਬਾਅਦ ਲੱਕੜ ਦੇ ਇਸ ਟ੍ਰੇਡਲ ਹੱਥਕਰਘੇ ਦੇ ਹੋਰ ਗਾਹਕ ਹੀ ਨਾ ਰਹੇ। “ ਤਯਾਵੇਲੀ ਸਾਗਲਾ ਮੋਡਲਾ (ਫਿਰ ਸਭ ਕੁਝ ਖ਼ਤਮ ਹੋ ਗਿਆ),” ਉਹ ਚੇਤੇ ਕਰਦੇ ਹਨ।
ਅੱਜ, ਛੇ ਦਹਾਕੇ ਬੀਤ ਜਾਣ ਬਾਅਦ, ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਦੇ ਰੇਂਡਲ ਵਿਖੇ ਬਹੁਤ ਹੀ ਵਿਰਲੇ ਲੋਕ ਜਾਣਦੇ ਹਨ ਕਿ ਬਾਪੂ ਪਿੰਡ ਦੇ ਅਖ਼ੀਰਲੇ ਬਚੇ ਹੋਏ ਟ੍ਰੇਡਲ ਖੱਡੀ ਨਿਰਮਾਤਾ ਹਨ ਜਾਂ ਇੰਨਾ ਵੀ ਨਹੀਂ ਜਾਣਦੇ ਕਿ ਕਦੇ ਉਨ੍ਹਾਂ ਦੀ ਕਾਰੀਗਰੀ ਦੀ ਬਹੁਤ ਜ਼ਿਆਦਾ ਮੰਗ ਸੀ। “ਰੇਂਡਲ ਪਿੰਡ ਦੇ ਅਤੇ ਨੇੜੇ-ਤੇੜੇ ਦੇ ਪਿੰਡਾਂ ਦੇ ਬਾਕੀ ਸਾਰੇ ਕਾਰੀਗਰ ਮਰ ਚੁੱਕੇ ਹਨ,” ਪਿੰਡ ਦੇ ਸਭ ਤੋਂ ਪੁਰਾਣੇ ਜੁਲਾਹੇ, 85 ਸਾਲਾ ਵਸੰਤ ਤਾਂਬੇ ਕਹਿੰਦੇ ਹਨ।
ਲੱਕੜ ਤੋਂ ਹੱਥਕਰਘਾ ਬਣਾਉਣਾ ਆਪਣੇ ਆਪ ਵਿੱਚ ਇੱਕ ਪਰੰਪਰਾ ਰਹੀ ਹੈ ਜਿਸਨੂੰ ਸਮੇਂ ਦੇ ਨਾਲ਼ ਨਾਲ਼ ਰੇਂਡਲ ਆਪਣੇ ਹੱਥੋਂ ਗੁਆ ਬੈਠਾ ਹੈ। “ਇੱਥੋਂ ਤੱਕ ਕਿ ਹੁਣ ਤਾਂ ਉਹ (ਅਖ਼ੀਰਲਾ) ਹੱਥਕਰਘਾ ਵੀ ਮੌਜੂਦ ਨਹੀਂ ਹੈ,” ਬਾਪੂ ਕਹਿੰਦੇ ਹਨ, ਉਹ ਆਪਣੇ ਮਾਮੂਲੀ ਜਿਹੇ ਘਰ ਦੇ ਆਲ਼ੇ-ਦੁਆਲ਼ੇ ਚੱਲ਼ਦੀਆਂ ਬਿਜਲਈ ਖੱਡੀਆਂ ਦੇ ਸ਼ੋਰਗੁੱਲ ਵਿੱਚੋਂ ਆਪਣੀ ਇਸ ਮਸਾਂ-ਸੁਣੀਂਦੀ ਅਵਾਜ਼ ਨੂੰ ਜ਼ੋਰ ਜ਼ੋਰ ਦੀ ਸੁਣਾਏ ਜਾਣ ਲਈ ਸੰਘਰਸ਼ ਕਰ ਰਹੇ ਹਨ।
ਬਾਪੂ ਦੇ ਘਰ ਵਿਖੇ ਸਥਿਤ ਉਨ੍ਹਾਂ ਦੀ ਇੱਕ-ਕਮਰੇ ਦੀ ਰਵਾਇਤੀ ਵਰਕਸ਼ਾਪ ਬੀਤੇ ਯੁੱਗ ਦੀ ਗਵਾਹੀ ਭਰਦੀ ਹੈ। ਵਰਕਸ਼ਾਪ ਵਿਖੇ ਭੂਰੇ ਰੰਗਾਂ ਦੀਆਂ ਕਈ ਕਿਸਮਾਂ- ਜਿਸ ਵਿੱਚ ਗੂੜ੍ਹਾ ਭੂਰਾ (sepia), ਬਿਸਕੁਟੀ (russet), ਚਮੜੇ ਰੰਗਾ (saddle), ਮਿੱਟੀ ਰੰਗਾ (sienna), ਲੱਕੜ ਰੰਗਾ (mahogany), ਬਦਾਮੀ (rufous) ਅਤੇ ਹੋਰ ਵੀ ਕਈ ਰੰਗ ਸਮੇਂ ਦੇ ਨਾਲ਼ ਨਾਲ਼ ਫਿੱਕੇ ਪੈ ਗਏ ਹਨ ਅਤੇ ਉਨ੍ਹਾਂ ਦੀ ਚਮਕ ਵੀ ਧੁੰਦਲੀ ਪੈ ਗਈ ਹੈ।
*****
ਰੇਂਡਲ, ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਦੇ ਇੱਕ ਟੈਕਸਟਾਈਲ ਕਸਬੇ ਇਚਲਕਰੰਜੀ ਤੋਂ 13 ਕਿਲੋਮੀਟਰ ਦੂਰ ਸਥਿਤ ਹੈ। 20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ, ਕਈ ਹੈਂਡਲੂਮ ਆਪਣਾ ਰਾਹ ਬਣਾਉਂਦੇ ਹੋਏ ਇਚਲਕਰੰਜੀ ਕਸਬੇ ਵੱਲ ਚਲੇ ਗਏ, ਜੋ ਇਲਾਕਾ ਪਹਿਲਾਂ ਰਾਜ ਦਾ ਤੇ ਅਖ਼ੀਰ ਭਾਰਤ ਦਾ ਟੈਕਸਟਾਈਲ ਦਾ ਕੇਂਦਰ ਬਣਿਆ। ਇਚਲਕਰੰਜੀ ਦੇ ਨੇੜੇ ਹੋਣ ਕਾਰਨ ਰੇਂਡਲ ਵੀ ਟੈਕਸਟਾਈਲ ਦਾ ਛੋਟਾ ਨਿਰਮਾਣ ਕੇਂਦਰ ਬਣ ਗਿਆ।
ਸਮਾਂ 1928 ਦਾ ਸੀ ਜਦੋਂ ਬਾਪੂ ਦੇ ਪਿਤਾ, ਮਰਹੂਮ ਕ੍ਰਿਸ਼ਨਾ ਸੁਤਾਰ, ਨੇ ਪਹਿਲੀ ਵਾਰ 200 ਕਿਲੋ ਵਜ਼ਨ ਵਾਲ਼ੀਆਂ ਵਿਸ਼ਾਲ ਖੱਡੀਆਂ ਬਣਾਉਣੀਆਂ ਸਿੱਖੀਆਂ। ਬਾਪੂ ਦੱਸਦੇ ਹਨ ਕਿ ਇਚਲਕਰੰਜੀ ਦੇ ਮਾਹਰ ਕਾਰੀਗਰ, ਮਰਹੂਮ ਦਾਤੇ ਧੁਲੱਪਾ ਸੁਤਾਰ ਨੇ ਕ੍ਰਿਸ਼ਨਾ ਨੂੰ ਇਹ ਖੱਡੀਆਂ ਬਣਾਉਣੀ ਸਿਖਾਈਆਂ ਸਨ।
“1930 ਦੇ ਸ਼ੁਰੂਆਤ ਵਿੱਚ ਇਚਲਕਰੰਜੀ ਦੇ ਤਿੰਨ ਪਰਿਵਾਰ ਸਨ ਜੋ ਖੱਡੀਆਂ ਬਣਾਉਂਦੇ ਸਨ,” ਚੇਤਾ ਕਰਦਿਆਂ ਬਾਪੂ ਕਹਿੰਦੇ ਹਨ, ਉਨ੍ਹਾਂ ਦੀ ਯਾਦਦਾਸ਼ਤ ਬੜੇ ਸੂਖ਼ਮ ਤਰੀਕੇ ਨਾਲ਼ ਬੁਣੇ ਤੰਦ ਜਿਹੀ ਬਰੀਕ ਹੈ। “ਇਹ ਉਹ ਵੇਲ਼ਾ ਸੀ ਜਦੋਂ ਹੱਥਕਰਘਿਆਂ ਦਾ ਚਲਨ ਕਾਫ਼ੀ ਜ਼ਿਆਦਾ ਸੀ, ਇਸਲਈ ਮੇਰੇ ਪਿਤਾ ਨੇ ਉਨ੍ਹਾਂ ਨੂੰ ਬਣਾਉਣਾ ਸਿੱਖਣ ਦਾ ਫ਼ੈਸਲਾ ਲਿਆ।” ਉਨ੍ਹਾਂ ਦੇ ਦਾਦਾ ਮਰਹੂਮ ਕਾਲੱਪਾ ਸੁਤਾਰ ਸਿੰਚਾਈ ਲਈ ਦੇਸੀ ਮੋਟ (ਪੁਲ਼ੀ ਪ੍ਰਣਾਲੀ) ਨੂੰ ਜੋੜਨ ਤੋਂ ਇਲਾਵਾ, ਖੇਤੀਬਾੜੀ ਲਈ ਵਰਤੀਂਦੇ ਰਵਾਇਤੀ ਔਜ਼ਾਰ ਜਿਵੇਂ ਦਾਤੀ, ਕਹੀ ਅਤੇ ਕੁਲਵ (ਇੱਕ ਕਿਸਮ ਦਾ ਹਲ਼) ਆਦਿ ਬਣਾਇਆ ਕਰਦੇ ਸਨ।
ਛੋਟੇ ਹੁੰਦਿਆਂ, ਬਾਪੂ ਨੂੰ ਆਪਣੇ ਪਿਤਾ ਦੀ ਵਰਕਸ਼ਾਪ ‘ਤੇ ਸਮਾਂ ਬਿਤਾਉਣਾ ਚੰਗਾ ਲੱਗਦਾ। 1954 ਵਿੱਚ ਮਹਿਜ 15 ਸਾਲ ਦੀ ਉਮਰੇ ਉਨ੍ਹਾਂ ਨੇ ਆਪਣੀ ਪਹਿਲੀ ਖੱਡੀ ਬਣਾਈ। “ਅਸੀਂ ਤਿੰਨਾਂ ਨੇ ਕਰੀਬ ਛੇ ਦਿਨਾਂ ਦੇ 72 ਘੰਟੇ ਕੰਮ ਕੀਤਾ,” ਇਹ ਦੱਸਦਿਆਂ ਉਨ੍ਹਾਂ ਦਾ ਚਿਹਰਾ ਖ਼ੁਸ਼ੀ ਨਾਲ਼ ਚਮਕ ਉੱਠਿਆ। “ਇਹ ਖੱਡੀ ਅਸੀਂ ਰੇਂਡਲ ਦੇ ਇੱਕ ਜੁਲਾਹੇ ਨੂੰ 115 ਰੁਪਏ ਵਿੱਚ ਵੇਚੀ।” ਕੁੱਲ ਮਿਲ਼ਾ ਕੇ ਜੋ ਬਚਤ ਹੋਈ ਉਹ ਇੱਕ ਕਿਲੋ ਚੌਲ਼ਾਂ ਦੇ ਬਰਾਬਰ ਹੀ ਰਹੀ, ਭਾਵ 50 ਪੈਸਿਆਂ ਦੀ ਬਚਤ, ਉਹ ਕਹਿੰਦੇ ਹਨ।
60ਵਿਆਂ ਦੀ ਸ਼ੁਰੂਆਤ ਵਿੱਚ ਹੱਥੀਂ ਬਣੀ ਖੱਡੀ ਦੀ ਕੀਮਤ ਵੱਧ ਕੇ 415 ਰੁਪਏ ਹੋ ਗਈ। “ਅਸੀਂ ਮਹੀਨੇ ਦੇ ਕਰੀਬ 4 ਹੱਥਕਰਘੇ (ਖੱਡੀਆਂ) ਬਣਾ ਲਿਆ ਕਰਦੇ।” ਇਹ ਕਦੇ ਵੀ ਇਕਹਿਰੇ ਖੰਡ (ਯੁਨਿਟ) ਵਿੱਚ ਨਾ ਵਿਕਦੀ। “ਅਸੀਂ ਅੱਡੋ-ਅੱਡ ਹਿੱਸਿਆਂ ਨੂੰ ਗੱਡੇ ‘ਤੇ ਲੱਦ ਕੇ ਲਿਜਾਂਦੇ ਅਤੇ ਜੁਲਾਹੇ ਦੀ ਵਰਕਸ਼ਾਪ ਵਿਖੇ ਜੋੜਿਆ ਕਰਦੇ,” ਸਮਝਾਉਂਦਿਆਂ ਉਹ ਕਹਿੰਦੇ ਹਨ।
ਛੇਤੀ ਹੀ, ਬਾਬੂ ਨੇ ਡੌਬੀ (ਮਰਾਠੀ ਵਿੱਚ ਡਾਬੀ) ਬਣਾਉਣਾ ਸਿੱਖ ਲਿਆ, ਜੋ ਖੱਡੀ ਦੇ ਸਿਰੇ ‘ਤੇ ਜੋੜਿਆ ਜਾਣ ਵਾਲ਼ਾ ਅਜਿਹਾ ਪੁਰਜਾ ਹੁੰਦੀ ਸੀ, ਜਦੋਂ ਕੱਪੜੇ ਦੀ ਉਣਾਈ ਹੋ ਰਹੀ ਹੁੰਦੀ ਸੀ ਤਾਂ ਉਸ ਦੌਰਾਨ ਗੁੰਝਲਦਾਰ ਡਿਜ਼ਾਇਨ ਅਤੇ ਪੈਟਰਨ ਬਣਾਉਣ ਵਿੱਚ ਮਦਦ ਕਰਿਆ ਕਰਦਾ। ਉਨ੍ਹਾਂ ਨੂੰ ਸਾਗਵਾਨ ਡਾਬੀ ਨੂੰ ਬਣਾਉਣ ਲਈ ਲਗਾਤਾਰ ਤਿੰਨ ਦਿਨ 30 ਘੰਟਿਆਂ ਤੋਂ ਵੱਧ ਸਮਾਂ ਕੰਮ ਕਰਨਾ ਪਿਆ। “ਮੈਂ ਆਪਣੀ ਪਹਿਲੀ ਡਾਬੀ ਰੇਂਡਲ ਦੇ ਇੱਕ ਜੁਲਾਹੇ, ਲਿੰਗੱਪਾ ਮਹਾਜਨ ਨੂੰ ਮੁਫ਼ਤ ਵਿੱਚ ਹੀ ਦੇ ਦਿੱਤੀ ਤਾਂਕਿ ਉਹ ਇਹ ਚੰਗੀ ਜਾਂ ਮਾੜੀ ਗੁਣਵੱਤਾ ਜਾਂਚ ਸਕੇ,” ਉਹ ਚੇਤੇ ਕਰਦੇ ਹਨ।
ਦੋ ਕਾਰੀਗਰਾਂ ਨੂੰ 10 ਕਿਲੋ ਦੀ ਡਾਬੀ (ਨੇੜੇ ਪਈ) ਬਣਾਉਣ ਲਈ ਦੋ ਦਿਨ ਲਗਾਤਾਰ ਕੰਮ ਕਰਨਾ ਪਿਆ; ਬਾਪੂ ਨੇ ਇੱਕ ਦਹਾਕੇ ਅੰਦਰ ਅਜਿਹੀਆਂ 800 ਡਾਬੀਆਂ ਬਣਾਈਆਂ। “1950ਵਿਆਂ ਵਿੱਚ ਇੱਕ ਡਾਬੀ 18 ਰੁਪਏ ਵਿੱਚ ਵਿਕਦੀ, 1960ਵਿਆਂ ਵਿੱਚ ਉਹਦੀ ਕੀਮਤ ਵਿੱਚ 35 ਰੁਪਏ ਵਾਧਾ ਹੋਇਆ,” ਉਹ ਕਹਿੰਦੇ ਹਨ।
ਇੱਕ ਜੁਲਾਹੇ, ਵਸੰਤ ਦਾ ਕਹਿਣਾ ਹੈ ਕਿ 1950ਵਿਆਂ ਵਿੱਚ ਰੇਂਡਲ ਵਿਖੇ ਕਰੀਬ 5,000 ਹੱਥਕਰਘੇ ਸਨ। “ ਨੌਵਾਰੀ (ਨੌ-ਗਜ਼ ਲੰਬੀ) ਸਾੜੀਆਂ ਇਨ੍ਹਾਂ ਖੱਡੀਆਂ ‘ਤੇ ਹੀ ਬਣਾਈਆਂ ਜਾਂਦੀਆਂ ਸਨ,” ਉਹ ਕਹਿੰਦੇ ਹਨ, 60ਵਿਆਂ ਦਾ ਉਹ ਦੌਰ ਚੇਤੇ ਕਰਦੇ ਹਨ , ਜਦੋਂ ਉਹ ਇੱਕ ਹਫ਼ਤੇ ਵਿੱਚ 15 ਸਾੜੀਆਂ ਬੁਣ ਲਿਆ ਕਰਦੇ।
ਹੱਥਖੱਡੀਆਂ ਮੁੱਖ ਰੂਪ ਵਿੱਚ ਸਾਗਵਾਨ ਦੀ ਲੱਕੜ ਨਾਲ਼ ਬਣਾਈਆਂ ਜਾਂਦੀਆਂ। ਵਪਾਰੀ ਇਹ ਲੱਕੜ ਕਰਨਾਟਕ ਦੇ ਦਨਡੇਲੀ ਕਸਬੇ ਤੋਂ ਲਿਆਉਂਦੇ ਅਤੇ ਇਚਲਕਰੰਜੀ ਵਿਖੇ ਵੇਚ ਦਿੰਦੇ। “ਅਸੀਂ ਇੱਕ ਮਹੀਨੇ ਵਿੱਚ ਦੋ ਵਾਰੀਂ, ਗੱਡਾ ਲੈ ਕੇ ਇਚਲਕਰੰਜੀ ਜਾਂਦੇ ਅਤੇ ਲੱਕੜ ਲਿਆਉਂਦੇ (ਰੇਂਡਲ),” ਬਾਪੂ ਕਹਿੰਦੇ ਹਨ, ਉਹ ਦੱਸਦੇ ਹਨ ਕਿ ਲੱਕੜ ਲਿਆਉਣ ਦੇ ਇੱਕ ਪਾਸੇ ਦੇ ਸਫ਼ਰ ‘ਤੇ 3 ਘੰਟੇ ਲੱਗ ਜਾਂਦੇ।
ਬਾਪੂ ਸਾਗਵਾਨ ਦਾ ਇੱਕ ਘਣਫੂਟ (ਘਣ ਫੁੱਟ) 7 ਰੁਪਏ ਵਿੱਚ ਖਰੀਦਿਆ ਕਰਦੇ, 1960ਵਿਆਂ ਵਿੱਚ ਜਿਹਦੀ ਕੀਮਤ ਵੱਧ ਕੇ 18 ਰੁਪਏ ਹੋ ਗਈ ਅਤੇ ਇਹ ਕੀਮਤ ਅੱਜ ਦੇ 3000 ਰੁਪਏ ਤੋਂ ਵੀ ਵੱਧ ਬਣਦੀ ਹੈ। ਇਸ ਤੋਂ ਇਲਾਵਾ, ਸਾਲੀ (ਲੋਹੇ ਦੀ ਛੜ), ਪੱਟਯਾ (ਲੱਕੜ ਦੀਆਂ ਪਲੇਟਾਂ), ਨਟ ਬੋਲਟ ਅਤੇ ਪੇਚ ਵੀ ਵਰਤੇ ਜਾਂਦੇ ਸਨ। “ਹਰੇਕ ਹੱਥਕਰਘੇ ਨੂੰ ਬਣਾਉਣ ਲਈ ਕੋਈ 6 ਕਿਲੋ ਲੋਹੇ ਅਤੇ ਸੱਤ ਘਣਫੂਟ ਸਾਗਵਾਨ (ਟੀਕ) ਚਾਹੀਦੇ ਹੁੰਦੇ,” ਉਹ ਕਹਿੰਦੇ ਹਨ। 1940ਵਿਆਂ ਵੇਲ਼ੇ ਲੋਹਾ 75 ਪੈਸਾ ਪ੍ਰਤੀ ਕਿਲੋ ਹੁੰਦਾ ਸੀ।
ਬਾਪੂ ਦੇ ਪਰਿਵਾਰ ਨੇ ਕੋਲ੍ਹਾਪੁਰ ਦੇ ਹਾਟਕਾਨੰਗਲੇ ਤਾਲੁਕਾ ਦੇ ਪਿੰਡਾਂ ਅਤੇ ਕਰਨਾਟਕ ਦੇ ਬੇਲਾਗਾਵੀ ਜ਼ਿਲ੍ਹੇ ਦੇ ਸਰਹੱਦੀ ਚਿਕੋਦੀ ਤਾਲੁਕਾ ਦੇ ਕਰਾਡਗਾ, ਕੋਗਨੋਲੀ, ਬੋਰਾਗਾਓਂ ਪਿੰਡਾਂ ਵਿੱਚ ਆਪਣੇ ਹੱਥਕਰਘੇ ਵੇਚੇ। ਇਹ ਸ਼ਿਲਪਕਾਰੀ ਇੰਨੀ ਸੂਖ਼ਮ ਤੇ ਗੁੰਝਲਦਾਰ ਹੁੰਦੀ ਸੀ ਕਿ 1940ਵਿਆਂ ਦੇ ਸ਼ੁਰੂ ਵਿੱਚ ਸਿਰਫ਼ ਤਿੰਨ ਕਾਰੀਗਰ, ਰਾਮੂ ਸੁਤਾਰ, ਬਾਪੂ ਬਾਲਿਸੋ ਸੁਤਾਰ ਅਤੇ ਕ੍ਰਿਸ਼ਨਾ ਸੁਤਾਰ (ਸਾਰੇ ਆਪਸ ਵਿੱਚ ਰਿਸ਼ਤੇਦਾਰ) ਹੀ ਰੇਂਡਲ ਵਿਖੇ ਹੱਥਕਰਘੇ ਬਣਾਉਣ ਦਾ ਕੰਮ ਕਰਦੇ ਰਹੇ।
ਹੱਥਕਰਘੇ ਬਣਾਉਣ ਦਾ ਇੱਹ ਕੰਮ ਜਾਤ-ਅਧਾਰਤ ਕਿੱਤਾ ਸੀ ਜੋ ਜ਼ਿਆਦਾਤਰ ਸੁਤਾਰ ਜਾਤ ਨਾਲ਼ ਤਾਅਲੁੱਕ ਰੱਖਣ ਵਾਲ਼ੇ ਮੈਂਬਰ ਹੀ ਕਰਿਆ ਕਰਦੇ ਸਨ, ਇੱਕ ਅਜਿਹੀ ਜਾਤ ਜੋ ਮਹਾਰਾਸ਼ਟਰ ਦੇ ਹੋਰ ਪਿਛੜੇ ਵਰਗ ਵਜੋਂ ਸੂਚੀਬੱਧ ਸੀ। “ਸਿਰਫ਼ ਪੰਚਾਲ ਸੁਤਾਰ (ਉਪ-ਜਾਤੀ) ਹੀ ਇਹਨੂੰ ਬਣਾਇਆ ਕਰਦੇ,” ਬਾਪੂ ਕਹਿੰਦੇ ਹਨ।
ਇਸ ਕਿੱਤੇ ਵਿੱਚ ਪੁਰਖ਼ਾਂ ਦੀ ਪ੍ਰਧਾਨਗੀ ਵੀ ਸੀ। ਬਾਪੂ ਦੀ ਮਾਤਾ, ਮਰਹੂਮ ਸੋਨਾਬਾਈ, ਇੱਕ ਕਿਸਾਨ ਅਤੇ ਘਰੇਲੂ ਔਰਤ ਸਨ। ਉਨ੍ਹਾਂ ਦੀ ਪਤਨੀ, ਲਲਿਤਾ ਸੁਤਾਰ, ਜੋ ਆਪਣੀ ਉਮਰ ਦੇ 65ਵੇਂ ਸਾਲ ਵਿੱਚ ਹਨ, ਵੀ ਇੱਕ ਘਰੇਲੂ ਔਰਤ ਹਨ। “ਰੇਂਡਲ ਵਿਖੇ ਔਰਤਾਂ ਚਰਖੇ ‘ਤੇ ਸੂਤ ਕੱਤਿਆਂ ਕਰਦੀਆਂ ਅਤੇ ਰੀਲ੍ਹ ਵਲ੍ਹੇਟ ਦਿਆ ਕਰਦੀਆਂ। ਫਿਰ ਪੁਰਸ਼ ਉਣਾਈ ਕਰਦੇ,” ਵਸੰਤ ਦੀ ਪਤਨੀ, 77 ਸਾਲਾ ਵਿਮਲ ਕਹਿੰਦੀ ਹਨ। ਚੌਥੀ ਆਲ ਇੰਡੀਆ ਹੈਂਡਲੂਮ ਜਨਗਣਨਾ (2019-20) ਦੇ ਅਨੁਸਾਰ, ਹਾਲਾਂਕਿ, ਭਾਰਤ ਵਿੱਚ ਹੈਂਡਲੂਮ ਦੇ ਕੁੱਲ ਕਾਮਿਆਂ ਵਿੱਚੋਂ ਔਰਤਾਂ ਦੀ ਗਿਣਤੀ 2,546,285 ਜਾਂ 72.3 ਪ੍ਰਤੀਸ਼ਤ ਬਣਦੀ ਹੈ।
ਬਾਪੂ ਅੱਜ ਤੱਕ 50ਵਿਆਂ ਦੇ ਦਹਾਕੇ ਦੇ ਉਨ੍ਹਾਂ ਕਾਰੀਗਰਾਂ ਨੂੰ ਬਹੁਤ ਸਨਮਾਨ ਨਾਲ਼ ਚੇਤੇ ਕਰਦੇ ਹਨ। “ਕਬਨੂਰ ਪਿੰਡ (ਕੋਲ੍ਹਾਪੁਰ ਜ਼ਿਲ੍ਹਾ) ਦੇ ਕਾਲੱਪਾ ਸੁਤਾਰ ਨੂੰ ਹੈਦਰਾਬਾਦ ਅਤੇ ਸੋਲਾਪੁਰ ਤੋਂ ਖੱਡੀ ਬਣਾਉਣ ਦੇ ਆਰਡਰ ਮਿਲ਼ਿਆ ਕਰਦੇ। ਇੱਥੋਂ ਤੱਕ ਕਿ ਉਹਦੇ ਕੋਲ਼ 9 ਕਾਮੇ ਸਨ,” ਉਹ ਕਹਿੰਦੇ ਹਨ। ਇੱਕ ਉਹ ਵੇਲ਼ਾ ਜਦੋਂ ਖੱਡੀ ਦੇ ਕੰਮਾਂ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਮਦਦ ਕਰਿਆ ਕਰਦੇ ਸਨ ਅਤੇ ਕੋਈ ਵਿਰਲਾ ਹੀ ਕਿਸੇ ਕਾਮੇ ਨੂੰ ਰੱਖ ਸਕਦਾ ਹੁੰਦਾ ਸੀ, ਉਸ ਵੇਲ਼ੇ ਕਾਲੱਪਾ ਵੱਲੋਂ 9 ਕਾਮੇ ਰੱਖਣਾ ਕੋਈ ਮਾਮੂਲੀ ਪ੍ਰਾਪਤੀ ਨਹੀਂ ਸੀ।
ਬਾਪੂ ਇੱਕ 2 x 2.5 ਫੁੱਟੇ ਸਾਗਵਾਨ ਦੇ ਸੰਦੂਕ ਵੱਲ ਇਸ਼ਾਰਾ ਕਰਦੇ ਹਨ ਜੋ ਉਨ੍ਹਾਂ ਨੂੰ ਬਹੁਤ ਅਜੀਜ਼ ਹੈ ਅਤੇ ਉਹਨੂੰ ਤਾਲਾ ਮਾਰ ਕੇ ਆਪਣੀ ਦੀ ਵਰਕਸ਼ਾਪ ਵਿਖੇ ਰੱਖਦੇ ਹਨ। “ਇਸ ਵਿੱਚ ਵੱਖ-ਵੱਖ ਕਿਸਮਾਂ ਦੇ 30 ਤੋਂ ਸਪੈਨਰ (ਚਾਬੀਆਂ, ਪਾਨੇ) ਅਤੇ ਧਾਤੂ ਦੇ ਹੋਰ ਔਜ਼ਾਰ ਹਨ। ਉਹ ਸਧਾਰਣ ਸੰਦ ਜਾਪ ਸਕਦੇ ਹਨ ਪਰ ਮੇਰੇ ਲਈ ਉਹ ਮੇਰੀ ਕਲਾ ਦੀ ਯਾਦ-ਦਹਾਨੀ ਹਨ,” ਉਹ ਕਹਿੰਦੇ ਹਨ। ਦਰਅਸਲ ਬਾਪੂ ਅਤੇ ਉਨ੍ਹਾਂ ਦੇ ਭਰਾ, ਮਰਹੂਮ ਵਸੰਤ ਸੁਤਾਰ ਕੋਲ਼ 90-90 ਚਾਬੀਆਂ-ਪਾਨੇ ਸਨ ਜੋ ਉਨ੍ਹਾਂ ਨੂੰ ਆਪਣੇ ਪਿਤਾ ਪਾਸੋਂ ਮਿਲ਼ੇ।
ਬਾਪੂ ਦੇ ਹਮ-ਉਮਰ ਲੱਕੜ ਦੇ ਪੁਰਾਣੇ ਦੋ ਰੈਕ ਹਨ ਜਿਨ੍ਹਾਂ ਵਿੱਚ ਛੈਣੀਆਂ, ਹੈਂਡ ਪਲੇਨ, ਹੈਂਡ ਡ੍ਰਿਲ ਅਤੇ ਜੰਜ਼ੀਰਾਂ, ਆਰੀ, ਸ਼ਿਕੰਜਾ ਅਤੇ ਕਲੰਪ, ਚੂਲ਼ਦਾਰ ਛੈਣੀ, ਗੁਣੀਆਂ, ਦੇਸੀ ਧਾਤੂ ਡਿਵਾਈਡਰ ਅਥੇ ਕੰਪਾਸ, ਮਾਰਕਿੰਗ ਗੇਜ, ਮਾਰਕਿੰਗ ਚਾਕੂ ਅਤੇ ਹੋਰ ਵੀ ਵੰਨ-ਸੁਵੰਨੀ ਸਮੱਗਰੀ ਰੱਖੀ ਹੋਈ ਹੈ। “ਮੈਨੂੰ ਇਹ ਔਜਾਰ ਆਪਣੇ ਦਾਦਾ ਜੀ ਅਤੇ ਪਿਤਾ ਪਾਸੋਂ ਵਿਰਾਸਤ ਵਿੱਚ ਮਿਲ਼ੇ ਹਨ,” ਬੜੇ ਫ਼ਖ਼ਰ ਨਾਲ਼ ਉਹ ਕਹਿੰਦੇ ਹਨ।
ਬਾਪੂ ਉਹ ਸਮਾਂ ਚੇਤੇ ਕਰਦੇ ਹਨ ਜਦੋਂ ਉਨ੍ਹਾਂ ਨੇ ਕੋਲ੍ਹਾਪੁਰ ਤੋਂ ਇੱਕ ਫ਼ੋਟੋਗ੍ਰਾਫ਼ਰ ਨੂੰ ਬੁਲਾਇਆ- 1950ਵਿਆਂ ਤੱਕ ਰੇਂਡਲ ਵਿਖੇ ਕਿਸੇ ਵੀ ਤਰ੍ਹਾਂ ਦੀਆਂ ਫ਼ੋਟੋਆਂ ਨਹੀਂ ਸਨ, ਤਸਵੀਰਾਂ ਖਿਚਾਉਣਾ ਉਨ੍ਹਾਂ ਵੱਲੋਂ ਕਲਾ ਨਾਲ਼ ਜੁੜੀਆਂ ਯਾਦਾਂ ਸਮੇਟਣ ਦਾ ਇੱਕ ਜ਼ਰੀਆ ਸੀ। ਸ਼ਯਾਮ ਪਾਟਿਲ ਨੇ ਛੇ ਤਸਵੀਰਾਂ ਬਦਲੇ ਅਤੇ ਆਉਣ-ਜਾਣ ਦੇ ਕਿਰਾਏ ਲਈ ਉਨ੍ਹਾਂ ਕੋਲ਼ੋਂ 10 ਰੁਪਏ ਲਾਗਤ ਲਈ। “ਹੁਣ ਰੇਂਡਲ ਦੀਆਂ ਬਹੁਤ ਸਾਰੀਆਂ ਤਸਵੀਰਾਂ ਹਨ, ਪਰ ਅੱਜ ਫ਼ੋਟੋ ਖਿਚਵਾਉਣ ਲਈ ਕੋਈ ਵੀ ਰਵਾਇਤੀ ਕਲਾਕਾਰ ਜਿਊਂਦਾ ਨਹੀਂ,” ਉਹ ਕਹਿੰਦੇ ਹਨ।
*****
ਬਾਪੂ ਨੇ ਆਪਣਾ ਅਖ਼ੀਰਲਾ ਹੱਥਕਰਘਾ 1962 ਵਿੱਚ ਵੇਚਿਆ। ਇਸ ਤੋਂ ਬਾਅਦ ਦੇ ਵਰ੍ਹੇ ਚੁਣੌਤੀ ਭਰੇ ਸਨ- ਪਰ ਨਾ ਸਿਰਫ਼ ਉਨ੍ਹਾਂ ਲਈ ਹੀ।
ਰੇਂਡਲ ਖ਼ੁਦ ਵੀ ਇਨ੍ਹਾਂ ਦਹਾਕਿਆਂ ਦੌਰਾਨ ਆਏ ਵੱਡੇ ਬਦਲਾਵਾਂ ਦੀ ਗਵਾਹੀ ਭਰਦਾ ਹੈ। ਸੂਤੀ ਸਾੜੀਆਂ ਦੀ ਮੰਗ ਮੂਧੇ ਮੂੰਹ ਆਣ ਡਿੱਗੀ, ਜਿਸ ਕਾਰਨ ਕਰਕੇ ਜੁਲਾਹਿਆਂ ਨੂੰ ਸ਼ਰਟਿੰਗ ਕੱਪੜੇ ਦੀ ਬੁਣਾਈ ਸ਼ੁਰੂ ਕਰਨ ਲਈ ਮਜ਼ਬੂਰ ਹੋਣਾ ਪਿਆ। “ਅਸੀਂ ਜੋ ਸਾੜੀਆਂ ਬਣਾਉਂਦੇ ਉਹ ਬਿਲਕੁਲ ਸਧਾਰਣ ਹੁੰਦੀਆਂ। ਸਮਾਂ ਬਦਲ ਗਿਆ ਪਰ ਜਦੋਂ ਸਮੇਂ ਦੇ ਨਾਲ਼ ਨਾਲ਼ ਇਨ੍ਹਾਂ ਸਾੜੀਆਂ ਵਿੱਚ ਕੋਈ ਬਦਲਾਅ ਨਾ ਆਇਆ ਤਾਂ ਅਖ਼ੀਰ, ਮੰਗ ਡਿੱਗਣ ਲੱਗੀ,” ਵਸੰਤ ਤਾਂਬੇ ਕਹਿੰਦੇ ਹਨ।
ਸਿਰਫ਼ ਇਹੀ ਵਜ੍ਹਾ ਨਹੀਂ ਹੈ। ਬਿਜਲਈ ਖੱਡੀਆਂ ਦੇ ਆਉਣ ਨਾਲ਼, ਉਤਪਾਦਨ ਦਰ ਵਿੱਚ ਆਈ ਤੇਜ਼ੀ, ਉੱਚ ਮੁਨਾਫ਼ੇ ਦੀ ਦਰ, ਮਜ਼ਦੂਰੀ ਦੀ ਸੌਖ਼ ਨੇ, ਇਨ੍ਹਾਂ ਸਾਰੇ ਕਾਰਕਾਂ ਨੇ ਮਿਲ਼ ਕੇ ਹੱਥਕਰਘੇ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ। ਰੇਂਡਲ ਵਿਖੇ ਲਗਭਗ ਲਗਭਗ ਸਾਰੇ ਹੀ ਹੱਥਕਰਘਿਆਂ ਦਾ ਕੰਮ ਠੱਪ ਪੈ ਗਿਆ । ਅੱਜ, ਮਹਿਜ਼ ਦੋ ਜੁਲਾਹੇ, 75 ਸਾਲਾ ਸਿਰਾਜ ਮੋਮਿਨ ਅਤੇ 73 ਸਾਲਾ ਬਾਬੂਲਾਲ ਮੋਮਿਨ ਹੱਥਕਰਘੇ ਦਾ ਇਸਤੇਮਾਲ ਕਰਦੇ ਹਨ; ਉਹ ਵੀ ਛੇਤੀ ਹੀ ਇਹਨੂੰ ਛੱਡਣ ਬਾਰੇ ਵਿਚਾਰ ਕਰ ਰਹੇ ਹਨ।
“ਮੈਨੂੰ ਹੱਥਕਰਘੇ ਬਣਾਉਣੇ ਬੜੇ ਚੰਗੇ ਲੱਗਦੇ,” ਬਾਪੂ ਚੰਗੇ ਰੌਂ ਵਿੱਚ ਕਹਿੰਦੇ ਹਨ ਅਤੇ ਚੇਤੇ ਕਰਦੇ ਹਨ ਕਿ ਉਨ੍ਹਾਂ ਨੇ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ 400 ਫਰੇਮ ਖੱਡੀਆਂ ਬਣਾਈਆਂ ਹੋਣੀਆਂ। ਹੱਥੀਂ ਕੀਤਾ ਜਾਣ ਵਾਲ਼ਾ ਇਹ ਪੂਰੇ ਦਾ ਪੂਰਾ ਕੰਮ ਬਗ਼ੈਰ ਕਿਸੇ ਲਿਖਤੀ ਹਦਾਇਤਾਂ ਦੇ ਕੀਤਾ ਜਾਂਦਾ; ਨਾ ਤਾਂ ਉਹ ਨਾ ਹੀ ਉਨ੍ਹਾਂ ਦੇ ਪਿਤਾ ਨੇ ਕਦੇ ਖੱਡੀ ਦਾ ਕੋਈ ਮਾਪ ਲਿਖਿਆ ਹੋਣਾ ਜਾਂ ਕੋਈ ਡਿਜ਼ਾਇਨ ਹੀ ਵਾਹਿਆ ਹੋਣਾ। “ ਮਾਪ ਦੋਕਯਤ ਬਾਸੇਲੀ। ਤੋਂਦਪਾਠ ਝਾਲਾ ਹੋਤਾ (ਸਾਰੇ ਦੇ ਸਾਰੇ ਡਿਜ਼ਾਇਨ ਮੇਰੇ ਦਿਮਾਗ਼ ਵਿੱਚ ਹੁੰਦੇ। ਮੈਨੂੰ ਸਾਰੇ ਨਾਪ ਮੂੰਹ ਜ਼ੁਬਾਨੀ ਯਾਦ ਹੁੰਦੇ), ਉਹ ਕਹਿੰਦੇ ਹਨ।
ਇੱਥੋਂ ਕਿ ਜਦੋਂ ਬਿਜਲਈ-ਖੱਡੀ ਨੇ ਮੰਡੀ ‘ਤੇ ਕਬਜ਼ਾ ਕਰ ਲਿਆ, ਕੁਝ ਵਿਰਲੇ-ਟਾਂਵੇਂ ਜੁਲਾਹੇ, ਜੋ ਇੰਨਾ ਖਰਚਾ ਨਹੀਂ ਝੱਲ਼ ਸਕਦੇ ਸਨ, ਨੇ ਪੁਰਾਣੇ ਹੱਥਕਰਘੇ ਖ਼ਰੀਦਣੇ ਸ਼ੁਰੂ ਕਰ ਦਿੱਤੇ। 70ਵਿਆਂ ਦੌਰਾਨ, ਪਹਿਲਾਂ ਤੋਂ ਵਰਤੀਂਦੇ ਹੱਥਕਰਘਿਆਂ ਦੀ ਕੀਮਤ ਵੱਧ ਕੇ 800 ਰੁਪਏ ਪ੍ਰਤੀ ਪੀਸ ਹੋ ਗਈ।
“ਉਸ ਵੇਲ਼ੇ ਹੱਥਕਰਘੇ ਬਣਾਉਣ ਵਾਲ਼ਾ ਕੋਈ ਨਹੀਂ ਸੀ। ਕੱਚੇ ਮਾਲ਼ ਦੀਆਂ ਕੀਮਤਾਂ ਵੀ ਅਸਮਾਨ ਛੂਹਣ ਲੱਗੀਆਂ, ਇਸਲਈ ਹੱਥਕਰਘਾ ਬਣਾਉਣ ਦੀ ਲਾਗਤ ਵੱਧ ਗਈ,” ਬਾਪੂ ਸਮਝਾਉਣ ਦੇ ਲਹਿਜੇ ਵਿੱਚ ਕਹਿੰਦੇ ਹਨ। “ਇੰਨਾ ਹੀ ਨਹੀਂ, ਕਈ ਜੁਲਾਹਿਆਂ ਨੇ ਸੋਲ੍ਹਾਪੁਰ ਜ਼ਿਲ੍ਹੇ (ਟੈਕਸਟਾਈਲ ਦਾ ਦੂਜਾ ਮਹੱਤਪੂਰਨ ਕੇਂਦਰ) ਦੇ ਕਈ ਜੁਲਾਹਿਆਂ ਨੂੰ ਆਪਣੇ ਹੱਥਕਰਘੇ ਵੇਚ ਦਿੱਤੇ।” ਉੱਚ ਲਾਗਤਾਂ ਅਤੇ ਢੋਆ-ਢੁਆਈ ਦੇ ਵੱਧਦੇ ਖ਼ਰਚਿਆਂ ਨੇ ਹੱਥਕਰਘਿਆਂ ਨੂੰ ਕਾਸੇ ਜੋਗਾ ਨਾ ਛੱਡਿਆ।
ਜਦੋਂ ਬਾਪੂ ਕੋਲ਼ੋਂ ਪੁੱਛਿਆ ਜਾਂਦਾ ਹੈ ਕਿ ਅੱਜ ਹੱਥਕਰਘਾ ਬਣਾਉਣ ‘ਤੇ ਕਿੰਨਾ ਕੁ ਖਰਚਾ ਆਵੇਗਾ ਤਾਂ ਉਹ ਹੱਸ ਪੈਂਦੇ ਹਨ। “ਅੱਜ ਕੋਈ ਹੱਥਕਰਘਾ ਚਾਹੇਗਾ ਹੀ ਕਿਉਂ?” ਹਿਸਾਬ ਲਾਉਣ ਤੋਂ ਪਹਿਲਾਂ ਮੁਖ਼ਤਸਰ ਜਿਹਾ ਜਵਾਬ ਦਿੰਦੇ ਹਨ। “ਘੱਟੋ-ਘੱਟ 50,000 ਰੁਪਏ।”
1960ਵਿਆਂ ਦੀ ਸ਼ੁਰੂ ਤੱਕ, ਬਾਪੂ ਹੱਥਕਰਘਿਆਂ ਦੀ ਮੁਰੰਮਤ ਕਰਕੇ ਆਪਣੀ ਆਮਦਨੀ ਵਿੱਚ ਕੁਝ ਕੁ ਵਾਧਾ ਕਰਦੇ ਅਤੇ ਹਰੇਕ ਫੇਰੀ ਦੇ 5 ਰੁਪਏ ਲੈਂਦੇ। “ਨੁਕਸ ਦੇ ਹਿਸਾਬ ਨਾਲ਼ ਅਸੀਂ ਪੈਸੇ ਵਧਾ ਲਿਆ ਕਰਦੇ,” ਉਹ ਚੇਤੇ ਕਰਦੇ ਹਨ। ਜਦੋਂ 1960ਵਿਆਂ ਦੇ ਅੱਧ ਵਿੱਚ ਨਵੇਂ ਹੱਥਕਰਘੇ ਬਣਾਉਣ ਦੇ ਆਰਡਰ ਆਉਣੇ ਬੰਦ ਹੋ ਗਏ ਤਾਂ ਬਾਪੂ ਅਤੇ ਉਨ੍ਹਾਂ ਦੇ ਭਰਾ, ਵਸੰਤ ਨੇ ਆਪਣੇ ਗੁਜ਼ਾਰੇ ਵਾਸਤੇ ਨਵੇਂ-ਨਵੇਂ ਢੰਗ-ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ।
“ਅਸੀਂ ਕੋਲ੍ਹਾਪੁਰ ਗਏ, ਜਿੱਥੇ ਇੱਕ ਮਕੈਨਿਕ ਦੋਸਤ ਨੇ ਸਾਨੂੰ ਚਾਰ ਦਿਨਾਂ ਵਿੱਚ ਇੱਕ ਮੋਟਰ ਨੂੰ ਰਿਵਾਇਡ (ਘੁਮਾਉਣ) ਕਰਨ ਤੇ ਉਹਦੀ ਮੁਰੰਮਤ ਦਾ ਤਰੀਕਾ ਦੱਸਿਆ,” ਉਹ ਕਹਿੰਦੇ ਹਨ। ਉਨ੍ਹਾਂ ਨੇ ਹੱਥਕਰਘੇ ਦੀ ਮੁਰੰਮਤ ਕਰਨੀ ਵੀ ਸਿੱਖੀ। ਰਿਵਾਈਡਿੰਗ ਦਰਅਸਲ ਆਰਮੇਚਰ ਵਾਈਡਿੰਗ (ਕਿਸੇ ਵੀ ਇਲੈਕਟ੍ਰਿਕ ਮਸ਼ੀਨ ਦਾ ਮੁੱਖ ਹਿੱਸਾ) ਦੀ ਉਹ ਪ੍ਰਕਿਰਿਆ ਹੈ ਜੋ ਮੋਟਰ ਦੇ ਸੜਨ ਤੋਂ ਬਾਅਦ ਕੀਤੀ ਜਾਂਦੀ ਹੈ। 1970 ਦੇ ਦਹਾਕੇ ਵਿੱਚ, ਬਾਪੂ ਕਰਨਾਟਕ ਦੇ ਬੇਲਾਗਾਵੀ ਜ਼ਿਲ੍ਹੇ ਦੇ ਮੰਗੂਰ, ਜੰਗਮਵਾੜੀ ਅਤੇ ਬੋਰਾਗਾਓਂ ਦੇ ਪਿੰਡਾਂ ਅਤੇ ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਦੇ ਰੰਗੋਲੀ, ਇਚਲਕਰੰਜੀ ਅਤੇ ਹੁਪਾਰੀ ਵਿਖੇ ਮੋਟਰਾਂ, ਸਬਮਰਸੀਬਲ ਪੰਪਾਂ ਅਤੇ ਹੋਰ ਮਸ਼ੀਨਾਂ ਨੂੰ ਰਿਵਾਈਂਡ ਕਰਨ ਲਈ ਜਾਇਆ ਕਰਦੇ। “ਰੇਂਡਲ ਵਿਖੇ ਇਹ ਕੰਮ ਸਿਰਫ਼ ਮੈਨੂੰ ਤੇ ਮੇਰੇ ਭਰਾਵਾਂ ਨੂੰ ਹੀ ਕਰਨਾ ਆਉਂਦਾ ਸੀ, ਇਸਲਈ ਉਸ ਵੇਲ਼ੇ ਸਾਡੇ ਕੋਲ਼ ਕਾਫ਼ੀ ਕੰਮ ਹੋਇਆ ਕਰਦਾ ਸੀ।”
ਕੋਈ 60 ਸਾਲਾਂ ਬਾਅਦ, ਜਿਵੇਂ ਜਿਵੇਂ ਕੰਮ ਮਿਲ਼ਣਾ ਮੁਸ਼ਕਲ ਹੁੰਦਾ ਜਾਂਦਾ ਹੈ, ਇੱਕ ਮਾੜੂ ਜਿਹੇ ਕਮਜ਼ੋਰ ਬਾਪੂ ਸਾਈਕਲ ‘ਤੇ ਸਵਾਰ ਹੋ ਇਚਲਾਕਰੰਜੀ ਅਤੇ ਰੰਗੋਲੀ ਪਿੰਡਾਂ (ਰੇਂਡਲ ਤੋਂ ਕੋਈ 5.2 ਕਿਲੋਮੀਟਰ ਦੂਰ) ਨੂੰ ਨਿਕਲ਼ ਜਾਂਦੇ ਹਨ ਤੇ ਮੋਟਰਾਂ ਦੀ ਮੁਰੰਮਤ ਕਰਦੇ ਹਨ। ਉਨ੍ਹਾਂ ਨੂੰ ਇੱਕ ਮੋਟਰ ਨੂੰ ਠੀਕ (ਰਿਵਾਇੰਡ) ਕਰਨ ਵਿੱਚ ਘੱਟੋ-ਘੱਟ ਦੋ ਦਿਨ ਲੱਗਦੇ ਹਨ ਅਤੇ ਉਹ ਮਹੀਨੇ ਦਾ 5,000 ਰੁਪਿਆ ਹੀ ਕਮਾ ਪਾਉਂਦੇ ਹਨ। “ਮੈਂ ਕੋਈ ਆਈਟੀਆਈ (ਉਦਯੋਗਿਕ ਸਿਖਲਾਈ ਸੰਸਥਾ ਦੇ ਗਰੈਜੂਏਟ) ਦਾ ਪਾੜ੍ਹਾ ਤਾਂ ਨਹੀਂ,” ਉਹ ਠਹਾਕਾ ਲਾਉਂਦੇ ਹਨ, “ਪਰ ਮੈਂ ਮੋਟਰਾਂ ਠੀਕ ਕਰ ਸਕਦਾ ਹਾਂ।”
ਉਹ ਆਪਣੀ 22 ਗੁੰਠਾ (ਅੱਧ-ਏਕੜ) ਵਿੱਚ ਕਮਾਦ, ਜੋਂਧਾਲਾ (ਜਵਾਰ ਦੀ ਕਿਸਮ), ਭੂਈਮਗ (ਮੂੰਗਫ਼ਲੀ) ਦੀ ਕਾਸ਼ਤ ਕਰਕੇ ਥੋੜ੍ਹੀ-ਬਹੁਤ ਵੱਖਰੀ ਕਮਾਈ ਕਰ ਲੈਂਦੇ ਹਨ। ਪਰ ਉਮਰ ਦੇ ਇਸ ਪੜਾਅ ‘ਤੇ ਆ ਕੇ ਉਹ ਖੇਤਾਂ ਵਿਖੇ ਕੋਈ ਬਹੁਤੀ ਸਖ਼ਤ ਮਿਹਨਤ ਕਰਨ ਦੇ ਸਮਰੱਥ ਨਹੀਂ ਰਹੇ। ਅਕਸਰ ਆਉਂਦੇ ਹੜ੍ਹਾਂ ਦੀ ਮਾਰ ਉਨ੍ਹਾਂ ਦੇ ਹੱਥ ਲੱਗਦੇ ਘੱਟ ਝਾੜ ਅਤੇ ਬਚੀ-ਖੁਚੀ ਮਾਮੂਲੀ ਆਮਦਨੀ ‘ਤੇ ਮੋਹਰ ਲਾਉਂਦੀ ਹੈ।
ਪਿਛਲੇ ਦੋ ਸਾਲ ਬਾਪੂ ਲਈ ਕਾਫ਼ੀ ਮੁਸ਼ਕਲ ਰਹੇ ਜਦੋਂ ਕੋਵਿਡ-19 ਮਹਾਂਮਾਰੀ ਅਤੇ ਤਾਲਾਬੰਦੀ ਨੇ ਉਨ੍ਹਾਂ ਦੇ ਕੰਮ ਅਤੇ ਆਮਦਨੀ ‘ਤੇ ਖਾਸਾ ਅਸਰ ਪਾਇਆ। “ਕਈ ਮਹੀਨਿਆਂ ਤੱਕ, ਮੇਰੇ ਕੋਲ਼ ਕੰਮ ਦਾ ਕੋਈ ਆਰਡਰ ਨਹੀਂ ਸੀ,” ਉਹ ਕਹਿੰਦੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੂੰ ਪਿੰਡ ਵਿਖੇ ਵੱਧ ਰਹੇ ਆਈਟੀਆਈ ਦੇ ਗ੍ਰੈਜੁਏਟਾਂ ਅਤੇ ਮਕੈਨਿਕਾਂ ਨਾਲ਼ ਵੀ ਮੁਕਾਬਲਾ ਪੈਂਦਾ ਹੈ। ਬਾਕੀ ਰਹੀ ਗੱਲ ਮੋਟਰਾਂ ਦੀ ਮੁਰੰਮਤ ਦੀ ਤਾਂ “ਹੁਣ ਚੰਗੀ ਗੁਣਵੱਤਾ ਵਾਲ਼ੀਆਂ ਮੋਟਰਾਂ ਬਣਦੀਆਂ ਹਨ ਜਿਨ੍ਹਾਂ ਨੂੰ ਰੀਵਾਈਡਿੰਗ ਦੀ ਬਹੁਤੀ ਲੋੜ ਨਹੀਂ ਪੈਂਦੀ।”
ਹੈਂਡਲੂਮ ਸੈਕਟਰ ਵਿੱਚ ਵੀ ਚੀਜ਼ਾਂ ਖ਼ੂਬਸੂਰਤ ਨਹੀਂ ਰਹੀਆਂ। ਹੈਂਡਲੂਮ ਜਨਗਣਨਾ 2019-20 ਮੁਤਾਬਕ, ਮਹਾਰਾਸ਼ਟਰ ਅੰਦਰ ਹੈਂਡਲੂਮ ਕਾਮਿਆਂ ਦੀ ਗਿਣਤੀ ਘੱਟ ਕੇ 3,509 ਰਹਿ ਗਈ ਹੈ। 1987-88 ਦੌਰਾਨ ਜਦੋਂ ਪਹਿਲੀ ਹੈਂਡਲੂਮ ਜਨਗਣਨਾ ਕੀਤੀ ਗਈ ਤਾਂ ਭਾਰਤ ਵਿੱਚ 67.39 ਲੱਖ ਹੈਂਡਲੂਮ ਕਾਮੇ ਸਨ। 2019-20 ਆਉਂਦੇ ਆਉਂਦੇ ਇਹ ਗਿਣਤੀ ਗੱਟ ਕੇ 35.22 ਲੱਖ ਕਾਮਿਆਂ ਦੀ ਰਹਿ ਗਈ। ਭਾਰਤ ਹਰ ਆਉਂਦੇ ਸਾਲ 100,000 ਹੈਂਡਲੂਮ ਕਾਮਿਆਂ ਤੋਂ ਹੱਥ ਧੋ ਰਿਹਾ ਹੈ।
ਜੁਲਾਹਿਆਂ ਨੂੰ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ, ਜਨਗਣਨਾ ਵਿੱਚ ਪਾਇਆ ਗਿਆ ਹੈ ਕਿ ਭਾਰਤ ਦੇ 31.44 ਲੱਖ ਹੈਂਡਲੂਮ ਕਾਮਿਆਂ ਦੇ ਪਰਿਵਾਰਾਂ ਵਿੱਚੋਂ 94,201 ਪਰਿਵਾਰ ਕਰਜ਼ੇ ਵਿੱਚ ਡੁੱਬੇ ਹੋਏ ਹਨ। ਹੈਂਡਲੂਮ ਦੇ ਕਾਮੇ ਸਾਲ ਦੇ ਔਸਤਨ 207 ਦਿਨ ਕੰਮ ਕਰਦੇ ਹਨ।
ਪਾਵਰਲੂਮਾਂ ਦੇ ਪੈਰ ਪਸਾਰਨ ਅਤੇ ਹੈਂਡਲੂਮ ਸੈਕਟਰ ਦੀ ਲਗਾਤਾਰ ਹੁੰਦੀ ਅਣਦੇਖੀ ਕਾਰਨ ਹੀ ਹੱਥ ਦੀ ਬੁਣਾਈ ਅਤੇ ਖੱਡੀ ਨਾਲ਼ ਜੁੜੀ ਸ਼ਿਲਪਕਾਰੀ ਦੋਵਾਂ ਨੂੰ ਇੰਨੀ ਬੁਰੀ ਤਰ੍ਹਾਂ ਠੇਸ ਲੱਗੀ ਹੈ। ਬਾਪੂ ਇਸ ਕਿਸਮ ਦੇ ਹਾਲਾਤਾਂ ਤੋਂ ਕਾਫ਼ੀ ਦੁਖੀ ਹਨ।
“ਅੱਜ ਕੋਈ ਵੀ ਹੱਥੀਂ-ਬੁਣਾਈ ਸਿੱਖਣੀ ਨਹੀਂ ਚਾਹੁੰਦਾ। ਦੱਸੋ ਇਹ ਕਿੱਤੇ ਬਚੇਗਾ ਕਿਵੇਂ?” ਉਹ ਪੁੱਛਦੇ ਹਨ। “ਸਰਕਾਰ ਨੂੰ ਨੌਜਵਾਨ ਪੀੜ੍ਹੀ ਵਾਸਤੇ ਸਿਖਲਾਈ (ਹੱਥਕਰਘੇ ਦੇ) ਕੇਂਦਰ ਖੋਲ੍ਹਣੇ ਚਾਹੀਦੇ ਹਨ।” ਅੱਜ ਤੱਕ ਰੇਂਡਲ ਦੇ ਇੱਕ ਵੀ ਬਾਸ਼ਿੰਦੇ ਨੇ ਬਾਪੂ ਕੋਲ਼ੋਂ ਲੱਕੜ ਦੇ ਹੱਥਕਰਘੇ ਨੂੰ ਬਣਾਉਣ ਦੀ ਕਲਾ ਨੂੰ ਸਿੱਖਣ ਦੀ ਜ਼ਹਿਮਤ ਨਹੀਂ ਕੀਤੀ ਹੋਣੀ। ਇੱਕ ਕਲਾ ਜੋ ਛੇ ਦਹਾਕੇ ਪਹਿਲਾਂ ਹੀ ਦਮ ਤੋੜ ਗਈ ਸੀ ਕਿਉਂਕਿ ਉਸ ਕਲਾ ਦੀ ਪਹਿਰੇਦਾਰੀ ‘ਤੇ ਸਿਰਫ਼ 82 ਸਾਲਾ ਇਹ ਬਾਪੂ ਹੀ ਬੈਠਾ ਰਿਹਾ।
ਮੈਂ ਪੁੱਛਿਆ, ਕੀ ਉਹ ਸੱਚੀਓ ਹੀ ਜ਼ਿੰਦਗੀ ਵਿੱਚ ਦੋਬਾਰਾ ਕੋਈ ਹੱਥਕਰਘਾ ਨਹੀਂ ਬਣਾਉਣਾ ਚਾਹੁੰਦੇ। “ਅੱਜ ਹੱਥਕਰਘੇ ਭਾਵੇਂ ਖਲਾਅ ਵਿੱਚ ਜਾ ਡਿੱਗੇ ਹਨ, ਪਰ ਮੇਰੇ ਰਵਾਇਤੀ ਲੱਕੜ ਦੇ ਔਜ਼ਾਰ ਅਤੇ ਮੇਰੇ ਇਹ ਹੱਥ ਅੱਜ ਵੀ ਜਿਊਂਦੇ ਹਨ,” ਬਾਪੂ ਜਵਾਬ ਦਿੰਦੇ ਹਨ। ਬਾਪੂ ਅਖ਼ਰੋਟ ਰੰਗੀ ਲੱਕੜ ਦੇ ਸੰਦੂਕ ਵੱਲ ਇੱਕਟਕ ਦੇਖਦੇ ਹੋਏ ਮੁਸਕਰਾਉਂਦੇ ਹਨ। ਉਨ੍ਹਾਂ ਦੀ ਇਹ ਫਿਕੀ ਮੁਸਕਾਨ, ਉਨ੍ਹਾਂ ਦੀ ਨਜ਼ਰ ਅਤੇ ਉਨ੍ਹਾਂ ਦੀਆਂ ਯਾਦਾਂ ਵਰਕਸ਼ਾਪ ਦੇ ਅਜੀਬ ਭੂਰੇ ਰੰਗ ਦੀਆਂ ਚੀਜ਼ਾਂ ਵਾਂਗ ਧੁੰਦਲੀਆਂ ਪੈ ਰਹੀਆਂ ਹਨ।
ਇਹ ਰਿਪੋਰਟ, ਸੰਕੇਤ ਜੈਨ ਦੁਆਰਾ ਪੇਂਡੂ ਕਾਰੀਗਰਾਂ ' ਤੇ ਇੱਕ ਲੜੀ ਦਾ ਹਿੱਸਾ ਹੈ ਅਤੇ ਉਨ੍ਹਾਂ ਨੂੰ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ ਦੁਆਰਾ ਸਮਰਥਨ ਕੀਤਾ ਜਾਂਦਾ ਹੈ।
ਤਰਜਮਾ: ਕਮਲਜੀਤ ਕੌਰ