ਇਸ ਕੰਮ ਨੂੰ ਲੈ ਕੇ ਉਸਤਾਦ ਲਲਾਰੀ ਅਬਦੁਲ ਰਾਸ਼ਿਦ ਦੇ ਕੋਲ਼ ਜੋ ਦਾਤ ਹੈ ਉਹ ਹੈ ਇੱਕ ਕਿਤਾਬ, ਜੋ ਤਾਉਮਰ ਇਸਤੇਮਾਲ ਕਰਦੇ ਰਹਿਣ ਕਾਰਨ ਘੱਸ ਚੁੱਕੀ ਹੈ। ਇਹ 'ਰੰਗਾਂ ਦੇ ਕੋਡ ਦੀ ਇੱਕ ਮਾਸਟਰ ਬੁੱਕ' ਹੈ- ਇੱਕ ਅਜਿਹੀ ਸੰਦਰਭ (ਹਵਾਲਾ) ਗਾਈਡ ਜਿਹਨੂੰ ਉਨ੍ਹਾਂ ਨੇ 1940 ਦੇ ਦਹਾਕੇ ਵਿੱਚ ਇੱਕ-ਇੱਕ ਪੰਨਾ ਕਰਕੇ ਜੋੜਿਆ, ਇਹ ਉਦੋਂ ਜਦੋਂ ਉਨ੍ਹਾਂ ਨੇ ਰਵਾਇਤੀ ਕਸ਼ਮੀਰੀ ਰੰਗਾਈ ਦੀ ਕਲਾ ਦਾ ਅਭਿਆਸ ਕਰਨਾ ਸ਼ੁਰੂ ਕੀਤਾ।
ਉਨ੍ਹਾਂ ਦੀ ਵਰਕਸ਼ਾਪ, ਅਬਦੁਲ ਰਾਸ਼ਿਦ ਐਂਡ ਸੰਸ, ਓਲਡ ਸ਼੍ਰੀਨਗਰ ਦੀ ਸ਼ਾਂਤ ਗਲ਼ੀ ਵਿੱਚ ਸਥਿਤ ਹੈ। 80 ਸਾਲ ਤੋਂ ਵੱਧ ਉਮਰ ਦੇ ਅਬਦੁਲ ਰਾਸ਼ਿਦ, ਆਪਣੇ ਹੱਥਾਂ ਵਿੱਚ ਕਿਤਾਬ ਫੜ੍ਹੀ ਇੱਕ ਖੂੰਜੇ ਵਿੱਚ ਝੁਕੇ ਬੈਠੇ ਹਨ। ਇੱਥੇ ਇੱਕ ਵਿਡੰਬਨਾ ਦੇਖੋ- ਬਿਨਾ ਪਲੱਸਤਰ ਦੇ ਇਨ੍ਹਾਂ ਉਦਾਸ ਕੰਧਾਂ ਦੇ ਅੰਦਰ ਮਨਮੋਹਕ ਰੰਗ ਤਿਆਰ ਕੀਤੇ ਜਾਂਦੇ ਹਨ।
ਸਵੇਰ ਦੇ ਕਰੀਬ 10:30 ਵਜੇ ਰੰਗਾਈ ਦਾ ਇਹ ਕੰਮ ਸ਼ੁਰੂ ਹੁੰਦਾ ਹੈ। ਰੇਸ਼ਮ ਦੇ ਧਾਗੇ ਦੇ ਸਿਰਫ਼ ਦੋ ਬੰਡਲਾਂ ਨੂੰ ਰੰਗਣ ਵਿੱਚ ਪੂਰਾ ਦਿਨ ਖੱਪ ਜਾਂਦਾ ਹੈ। ਇਹਦੀ ਸ਼ੁਰੂਆਤ ਧਾਗੇ ਦੀ ਧੁਆਈ ਤੋਂ ਹੁੰਦੀ ਹੈ ਕਿਉਂਕਿ ਰਾਸ਼ਿਦ ਦਾ ਮੰਨਣਾ ਹੈ,''ਰੰਗਾਈ ਤਾਂ ਹੀ ਖ਼ਾਲਸ ਹੋਵੇਗੀ ਜੇ ਧਾਗਾ ਸਾਫ਼ ਹੋਊ। ਅਸਲੀ ਸੁਹੱਪਣ ਭਰਨ ਲਈ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਸਾਰੀਆਂ ਅਸ਼ੁੱਧੀਆਂ ਨੂੰ ਦੂਰ ਕੀਤਾ ਜਾਵੇ।''
ਧੁਆਈ ਦਾ ਕੰਮ ਪੂਰਾ ਹੋਣ ਤੋਂ ਬਾਅਦ, ਰਾਸ਼ਿਦ ਦੇ ਸਭ ਤੋਂ ਵੱਡੇ ਬੇਟੇ, 42 ਸਾਲਾ ਨੌਸ਼ਾਦ (ਰਾਸ਼ਿਦ ਦਾ ਇਕਲੌਤਾ ਬੇਟਾ, ਜੋ ਇਸ ਕਾਰੋਬਾਰ ਵਿੱਚ ਹਨ; ਦੂਜਾ ਬੇਟਾ ਕਾਲੀਨ ਦੇ ਕਾਰੋਬਾਰ ਵਿੱਚ ਹੈ) ਇੱਕ ਪੁਰਾਤਨ ਜਾਪਦੇ ਤਾਂਬੇ ਦੇ ਭਾਂਡੇ ਵਿੱਚ, ਗਰਮ ਪਾਣੀ ਵਿੱਚ ਗੂੜ੍ਹਾ ਪੀਲਾ ਰੰਗ ਘੋਲ਼ਦੇ ਹਨ। ਤਾਂਬਾ, ਰੰਗ ਨੂੰ ਪੱਕਾ ਬਣਾਉਣ ਵਿੱਚ ਸਹਾਇਕ ਹੁੰਦਾ ਹੈ। ਸਥਾਨਕ ਬਜ਼ਾਰ ਤੋਂ ਖਰੀਦੇ ਗਏ ਇਸ ਰੰਗ ਨੂੰ ਪੂਰੀ ਸਾਵਧਾਨੀ ਅਤੇ ਸੂਖਮਤਾ ਦੇ ਨਾਲ਼ ਥੋੜ੍ਹਾ-ਥੋੜ੍ਹਾ ਕਰਕੇ ਛਿੜਕਿਆ ਜਾਂਦਾ ਹੈ ਤਾਂਕਿ ਪਾਣੀ ਵਿੱਚ ਰੰਗ ਇਕਸਾਰ ਘੁੱਲਦਾ ਜਾਵੇ। ਇਸ ਤੋਂ ਬਅਦ ਧਾਗੇ ਨੂੰ ਮੋਟੀਆਂ ਲੱਕੜਾਂ ਨਾਲ਼ ਵਲ੍ਹੇਟਾ ਮਾਰ ਕੇ ਰੱਖ ਦਿੱਤਾ ਜਾਂਦਾ ਹੈ, ਫਿਰ ਰੰਗ ਵਾਲ਼ੇ ਪਾਣੀ ਵਿੱਚ ਡੁਬੋ ਕੇ ਮਲ੍ਹਕੜੇ-ਮਲ੍ਹਕੜੇ ਚਾਰੇ ਪਾਸੇ ਘੁਮਾਇਆ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਘੰਟਿਆ-ਬੱਧੀ ਸਮਾਂ ਲੱਗਦਾ ਹੈ, ਕਿਉਂਕਿ ਧਾਗੇ ਦਾ ਅੰਦਰ ਤੱਕ ਰੰਗ ਨੂੰ ਸੋਖ ਲੈਣਾ ਜ਼ਰੂਰੀ ਹੁੰਦਾ ਹੈ।
ਰੰਗਾਈ ਪੂਰੀ ਹੋ ਜਾਣ ਬਾਅਦ, ਨੌਸ਼ਾਦ ਇੱਕ ਧਾਗਾ ਕੱਢ ਕੇ ਉਹਨੂੰ ਤਪਸ਼ 'ਤੇ ਸੁਕਾਉਂਦੇ ਹਨ, ਤਾਂ ਕਿ ਇਹ ਦੇਖਿਆ ਜਾ ਸਕੇ ਕਿ ਰੰਗ ਇਕਸਾਰ ਚੜ੍ਹਿਆ ਵੀ ਹੈ ਜਾਂ ਨਹੀਂ। ਪ੍ਰਵਾਨਗੀ ਲਈ ਇਹਨੂੰ ਆਪਣੇ ਪਿਤਾ ਨੂੰ ਦਿਖਾਉਂਦੇ ਹਨ। ਪਿਤਾ ਤੇ ਪੁੱਤਰ ਦੀ ਸੰਤੁਸ਼ਟੀ ਤੋਂ ਬਾਅਦ ਇਹ ਪ੍ਰਕਿਰਿਆ ਮੁਕੰਮਲ ਹੋ ਜਾਂਦੀ ਹੈ। ਜੇ ਉਹ ਸੰਤੁਸ਼ਟ ਨਹੀਂ ਹੁੰਦੇ ਤਾਂ ਪਾਣੀ ਵਿੱਚ ਥੋੜ੍ਹਾ ਹੋਰ ਰੰਗ ਜਾਂ ਬਲੀਚ ਰਲ਼ਾ ਕੇ ਧਾਗੇ ਨੂੰ ਕੁਝ ਦੇਰ ਉਸ ਵਿੱਚ ਡਬੋਇਆ ਜਾਂਦਾ ਹੈ। ਅਬਦੁਲ ਰਾਸ਼ਿਦ ਦਾ ਮੰਨਣਾ ਹੈ ਕਿ ਹਰ ਧਾਗਾ ਮਹਾਨਤਾ ਦੇ ਕਾਬਿਲ ਹੈ।
ਅੱਜ ਸਵੇਰੇ, ਇੰਝ ਲੱਗਦਾ ਹੈ ਕਿ ਰੰਗ ਪੂਰੀ ਤਰ੍ਹਾਂ ਚੜ੍ਹ ਚੁੱਕਿਆ ਹੈ, ਪਰ ਸਭ ਤੋਂ ਮਹੱਤਵਪੂਰਨ ਕੰਮ ਅਜੇ ਵੀ ਕਰਨਾ ਬਾਕੀ ਹੈ। ਢੁੱਕਵੇਂ ਤਰੀਕੇ ਨਾਲ਼, ਰਾਸ਼ਿਦ ਹੀ ਇਸ ਕੰਮ ਨੂੰ ਨੇਪਰੇ ਚਾੜ੍ਹਦੇ ਹਨ। ਉਹ ਇੱਕ 'ਤਿਆਰ ਹੋਇਆ' ਜਾਂ ਰੰਗਿਆ ਹੋਇਆ ਧਾਗਾ ਲੈਂਦੇ ਹਨ, ਇਹਨੂੰ ਆਪਣੀ ਸੰਦਰਭ ਗਾਈਡ ਦੇ ਤਾਜ਼ਾ ਪੰਨਿਆਂ 'ਤੇ ਚਿਪਕਾ ਦਿੰਦੇ ਹਨ ਅਤੇ ਆਪਣੇ ਕੰਬਦੇ ਹੋਏ ਹੱਥਾਂ ਦੇ ਨਾਲ਼ ਪੂਰਾ ਵੇਰਵਾ ਝਰੀਟਦੇ ਹਨ।
ਇਹ ਕਸ਼ਮੀਰੀ ਰੰਗਾਈ ਦੀ ਕਲਾ ਹੈ ਜੋ ਹੁਣ ਹੌਲ਼ੀ-ਹੌਲ਼ੀ ਮਰ ਰਹੀ ਹੈ। ਇਹਦਾ ਅਭਿਆਸ ਪਤਝੜ ਦੇ ਠੰਡੇ ਮੌਸਮ, ਯੱਖ਼ ਕਰ ਸੁੱਟਣ ਵਾਲ਼ੀਆਂ ਸਰਦੀਆਂ ਅਤੇ ਨਰੋਈਆਂ ਗਰਮੀਆਂ ਵਿੱਚ ਵੀ ਕੀਤਾ ਜਾਂਦਾ ਹੈ। ਆਮ ਤੌਰ 'ਤੇ ਕਾਲੀਨ ਅਤੇ ਸ਼ਾਲ ਦੇ ਜੁਲਾਹੇ ਇਹਦੇ ਗਾਹਕ ਹੁੰਦੇ ਹਨ, ਜੋ ਇਸ ਕਾਰਜਸ਼ਾਲਾ ਵਿੱਚ ਆਪਣੇ ਧਾਗਿਆਂ ਦੇ ਬੰਡਲ ਲੈ ਕੇ ਆਉਂਦੇ ਹਨ। ਜਦੋਂ ਮੰਗ ਵੱਧ ਹੁੰਦੀ ਹੈ ਤਾਂ ਰੰਗਾਈ ਕਰਨ ਵਾਲ਼ੇ ਕਾਰੀਗਰ, ਦਿਨ ਦੇ 12 ਘੰਟੇ ਕੰਮ ਕਰਦੇ ਹਨ ਅਤੇ ਕਰੀਬ 20,000-25,000 ਰੁਪਏ ਮਹੀਨਾ ਕਮਾਉਂਦੇ ਹਨ। ਪਰ ਗਰਮੀਆਂ ਵਿੱਚ ਜਦੋਂ ਮੰਗ ਘੱਟ ਜਾਂਦੀ ਹੈ ਤਾਂ ਉਹ ਸਿਰਫ਼ 10 ਘੰਟੇ ਹੀ ਕੰਮ ਕਰਦੇ ਹਨ।
ਹਾਲਾਂਕਿ, ਇੱਕ ਚੀਜ਼ ਜੋ ਇੱਥੇ ਕਦੇ ਵੀ ਨਹੀਂ ਬਦਲਦੀ ਉਹ ਹੈ ਰਾਸ਼ਿਦ, ਨੌਸ਼ਾਦ ਅਤੇ ਉਨ੍ਹਾਂ ਸਹਾਇਕ ਮੁਸ਼ਤਾਕ਼ ਦੀ ਆਪਣੇ ਕੰਮ ਪ੍ਰਤੀ ਵਚਨਬੱਧਤਾ। ਕਦੇ-ਕਦੇ ਗੁੱਸੇ ਭਰੇ ਨਾਅਰਿਆਂ ਨਾਲ਼ ਇਹ ਗਲ਼ੀ ਡੋਲ ਜ਼ਰੂਰ ਜਾਂਦੀ ਹੈ ਜਾਂ ਕਰਫਿਊ ਲੱਗਣ ਕਾਰਨ ਕੰਮ ਕਰਨਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ। ਪਰ, ਅਬਦੁਲ ਰਾਸ਼ਿਦ ਐਂਡ ਸੰਸ ਇਨ੍ਹਾਂ ਹਾਲਾਤਾਂ ਨੂੰ ਆਪਣੇ ਕੰਮ ਵਿੱਚ ਰੋੜ੍ਹਾ ਬਣਨ ਦੀ ਆਗਿਆ ਨਹੀਂ ਦਿੰਦੇ।
ਇਸ ਬਦਲਦੇ ਸਮੇਂ ਵਿੱਚ ਉਨ੍ਹਾਂ ਦਰਪੇਸ਼ ਵੱਡੀ ਚੁਣੌਤੀ ਹੈ- ਵੱਡੀ ਮਾਤਰਾ ਵਿੱਚ ਰੰਗੇ ਹੋਏ ਧਾਗਿਆਂ ਦਾ ਤਿਆਰ ਕੀਤਾ ਜਾਣਾ, ਜੋ ਸ਼ਾਲ ਤੇ ਕਾਲੀਨ ਨਿਰਮਾਤਾਵਾਂ ਨੂੰ ਮੋਂਹਦੇ ਜ਼ਰੂਰ ਹਨ ਪਰ ਕੰਮ ਦੀ ਰਫ਼ਤਾਰ ਤੇਜ਼ ਹੋਣ ਕਾਰਨ ਗੁਣਵੱਤਾ ਨਾਲ਼ ਸਮਝੌਤਾ ਕੀਤਾ ਜਾਂਦਾ ਹੈ। ਰਾਸ਼ਿਦ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਰੰਗਾਈ ਸ਼ੁਰੂ ਕੀਤੀ ਸੀ, ਤਾਂ ਇਹ ਕਲਾ ਆਪਣੇ ਸਿਖਰ 'ਤੇ ਸੀ ਅਤੇ ਅਣਗਿਣਤ ਕਸ਼ਮੀਰੀ ਪਰਿਵਾਰ ਇਸ ਕੰਮ ਤੋਂ ਆਪਣੀ ਰੋਜ਼ੀ-ਰੋਟੀ ਕਮਾ ਸਕਦੇ ਸਨ। ਪਰ ਅੱਜ, ਕਈ ਰਵਾਇਤੀ ਹੱਥ-ਕਲਾਵਾਂ ਆਪਣੇ ਅਖ਼ੀਰੀ ਸਾਹਾਂ 'ਤੇ ਹਨ।
''ਬਜ਼ਾਰ ਵਿੱਚ ਸੌਖਿਆਂ ਉਪਲਬਧ, ਚੀਨ ਦੇ ਸਸਤੇ ਉਤਪਾਦਾਂ ਨੇ ਇਨ੍ਹਾਂ ਪਰਿਵਾਰ-ਸੰਚਾਲਤ ਉੱਦਮਾਂ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਮੈਂ ਇਸ ਕਾਰੋਬਾਰ ਨੂੰ ਅੱਗੇ ਤੋਰਨ ਵਾਲ਼ੀ ਅਖ਼ੀਰਲੀ ਪੀੜ੍ਹੀ ਹਾਂ। ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਇਸ ਕੰਮ ਨੂੰ ਕਰਨ। ਮੈਂ ਚਾਹੁੰਦਾ ਹਾਂ ਕਿ ਉਹ ਘਾਟੀ 'ਚੋਂ ਬਾਹਰ ਨਿਕਲ਼ਣ, ਡਿਗਰੀ ਹਾਸਲ ਕਰਨ ਅਤੇ ਪ੍ਰਸ਼ਾਸਨਿਕ ਨੌਕਰੀਆਂ ਹਾਸਲ ਕਰਨ। ਮੇਰੇ ਮੁੱਕਣ ਨਾਲ਼ ਇਹ ਕਾਰੋਬਾਰ ਵੀ ਮੁੱਕ ਜਾਵੇਗਾ। ਹੁਣ ਇਸ ਕੰਮ ਵਿੱਚ ਕੋਈ ਭਵਿੱਖ ਵੀ ਤਾਂ ਨਹੀਂ ਬਚਿਆ।''
ਰਾਸ਼ਿਦ ਅਤੇ ਉਨ੍ਹਾਂ ਦਾ ਬੇਟਾ ਇਸ ਕੰਮ ਨੂੰ ਇੰਨੀ ਸਖ਼ਤ ਮਿਹਨਤ ਦੇ ਨਾਲ਼ ਕਿਉਂ ਕਰਦੇ ਹਨ, ਜਦੋਂ ਗਾਹਕ ਸ਼ਾਲ ਜਾਂ ਕਾਲੀਨ ਖਰੀਦਦੇ ਸਮੇਂ ਲਲਾਰੀਆਂ ਬਾਰੇ ਸੋਚਦੇ ਤੱਕ ਨਹੀਂ? ਅਬਦੁਲ ਰਾਸ਼ਿਦ ਕੋਲ਼ੋਂ ਜਦੋਂ ਮੈਂ ਇਹ ਸਵਾਲ ਪੁੱਛਿਆ ਤਾਂ ਉਹ ਮੇਰੇ ਵੱਲ ਟੀਰਾ-ਟੀਰਾ ਦੇਖਣ ਲੱਗੇ। ਉਹ ਖਿੜਕੀ ਤੋਂ ਢਲ਼ਦੀ ਧੁੱਪ ਨੂੰ ਦੇਖਦਿਆਂ ਕੁਝ ਕੁਝ ਭਾਵੁਕ ਹੋ ਕੇ ਮੈਨੂੰ ਕਹਿੰਦੇ ਹਨ ਕਿ ਕੋਈ ਵੀ ਸੂਰਜ ਦੀ ਰੌਸ਼ਨੀ ਵੱਲ ਧਿਆਨ ਨਹੀਂ ਦਿੰਦਾ, ਪਰ ਹਰ ਕੋਈ ਇਸ ਤੋਂ ਨਿੱਘ ਜ਼ਰੂਰ ਹਾਸਲ ਕਰਦਾ ਹੈ। ਦਿਨ ਢਲ਼ ਰਿਹਾ ਹੈ ਅਤੇ ਸ਼ਾਇਦ ਪਰਿਵਾਰ ਦੇ ਇਸ ਕਾਰੋਬਾਰ ਦਾ ਸੂਰਜ ਕਦੇ ਚੜ੍ਹੇ ਹੀ ਨਾ।
ਇਸ ਫ਼ੋਟੋ ਲੇਖ ਦਾ ਮੂਲ਼ ਸੰਸਕਰਣ, ਦਸੰਬਰ 2016 ਨੂੰ 'ਕਲਾਸਿਕ ਇਮੇਜਿੰਗ' ਮੈਗ਼ਜ਼ੀਨ ਵਿੱਚ ਛਪਿਆ ਸੀ।
ਤਰਜਮਾ: ਕਮਲਜੀਤ ਕੌਰ