ਜਦੋਂ ਸ਼ਿਵਪੂਜਨ ਪਾਂਡੇ ਨੂੰ ਕਿਸੇ ਦੂਸਰੇ ਟੈਕਸੀ ਡਰਾਈਵਰ ਵੱਲ਼ੋਂ ਫ਼ੋਨ ਜ਼ਰੀਏ ਇਹ ਸੂਚਨਾ ਮਿਲ਼ੀ ਤਾਂ ਉਨ੍ਹਾਂ ਨੇ ਖੜ੍ਹੇ ਪੈਰ ਤਤਕਾਲ ਕੋਟੇ ਵਿੱਚ ਰੇਲ ਦੀ ਟਿਕਟ ਬੁੱਕ ਕਰਾਈ ਅਤੇ 4 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਸਟੇਸ਼ਨ ਤੋਂ ਰੇਲ ਵਿੱਚ ਸਵਾਰ ਹੋਏ।
ਉਹ ਅਗਲੇ ਦਿਨ ਮੁੰਬਈ ਅੱਪੜ ਗਏ। ਪਰ ਇੰਨੀ ਕਾਹਲੀ-ਕਾਹਲੀ ਆਉਣ ਦੇ ਬਾਵਜੂਦ ਵੀ 63 ਸਾਲਾ ਸ਼ਿਵਪੂਜਨ ਆਪਣੀ ਟੈਕਸੀ ਵਿਕਣ ਤੋਂ ਬਚਾ ਨਾ ਸਕੇ।
ਮੁੰਬਈ ਇੰਟਰਨੈਸ਼ਨਲ ਹਵਾਈ ਅੱਡਾ ਲਿਮਿਟਿਡ ਦੁਆਰਾ ਇਸ ਟੈਕਸੀ ਨੂੰ ਵੀ ਨੀਲਾਮ ਕਰ ਦਿੱਤਾ ਗਿਆ ਸੀ ਅਤੇ ਇਹ ਟੈਕਸੀ ਉਨ੍ਹਾਂ 42 ਟੈਕਸੀਆਂ ਵਿੱਚੋਂ ਇੱਕ ਸੀ ਜੋ ਮਹਾਂਮਾਰੀ ਕਾਰਨ ਲੱਗੀ ਤਾਲਾਬੰਦੀ ਦੌਰਾਨ ਸ਼ਹਿਰ ਦੇ ਹਵਾਈ ਅੱਡਾ ਦੇ ਬਾਹਰ ਕਈ ਮਹੀਨਿਆਂ ਤੋਂ ਬੇਕਾਰ ਖੜ੍ਹੀਆਂ ਸਨ।
ਇਸ ਤਰ੍ਹਾਂ ਸ਼ਿਵਪੂਜਨ ਦੀ ਰੋਜ਼ੀਰੋਟੀ ਦਾ ਇਕਲੌਤਾ ਵਸੀਲਾ ਵੀ ਹੱਥੋਂ ਖੁੰਝ ਗਿਆ। ਉਹ 1987 ਤੋਂ ਟੈਕਸੀ ਚਲਾਉਂਦੇ ਆਏ ਹਨ ਅਤੇ 2009 ਵਿੱਚ ਉਨ੍ਹਾਂ ਨੇ ਕਰਜ਼ਾ ਚੁੱਕਿਆ ਅਤੇ ਮਾਰੂਤੀ ਓਮਨੀ ਖਰੀਦੀ।
''ਇਹ ਸਭ ਕਰਕੇ ਉਨ੍ਹਾਂ ਨੂੰ ਮਿਲ਼ਿਆ ਕੀ?'' ਦੁਪਹਿਰ ਵੇਲ਼ੇ ਸਹਾਰ ਹਵਾਈ ਅੱਡੇ ਦੇ ਕੋਲ਼ ਫੁਟਪਾਥ 'ਤੇ ਖੜ੍ਹੇ ਸ਼ਿਵਪੂਜਨ ਗੁੱਸੇ ਵਿੱਚ ਪੁੱਛਦੇ ਹਨ। ''ਮੈਂ ਆਪਣੀ ਪੂਰੀ ਜ਼ਿੰਦਗੀ ਇਸੇ ਕੰਮ ਵਿੱਚ ਬਿਤਾ ਦਿੱਤੀ ਅਤੇ ਜੋ ਕੁਝ ਵੀ ਸਾਡੇ ਕੋਲ਼ ਸੀ ਉਹ ਵੀ ਖੋਹਿਆ ਜਾ ਰਿਹਾ ਹੈ। ਇਸ ਬਿਪਤਾ ਦੀ ਘੜੀ ਵਿੱਚ ਉਹ ਸਾਡੇ ਨਾਲ਼ ਜੋ ਕਰ ਰਹੇ ਹਨ ਉਸ ਤੋਂ ਬੁਰਾ ਹੋਰ ਕੁਝ ਹੋ ਹੀ ਨਹੀਂ ਸਕਦਾ ਸੀ।''
ਹਾਲੀਆ ਸਮੇਂ ਸੰਜੈ ਮਾਲੀ ਨੇ ਵੀ ਕੁਝ ਕੁਝ ਇਸੇ ਤਰ੍ਹਾਂ ਦੀ ਹਾਲਤ ਦਾ ਸਾਹਮਣਾ ਕੀਤਾ। ਉਨ੍ਹਾਂ ਦੀ ਵੈਗਨ-ਆਰ 'ਕੂਲ ਕੈਬ' ਮਾਰਚ 2020 ਤੋਂ ਹੀ ਉੱਤਰ ਮੁੰਬਈ ਦੇ ਮਰੋਲ ਇਲਾਕੇ ਦੇ ਅੰਨਾਵਾੜੀ ਦੀ ਇੱਕ ਪਾਰਕਿੰਗ ਵਿੱਚ ਖੜ੍ਹੀ ਸੀ, ਜੋ ਸਹਾਰ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਬਹੁਤੀ ਦੂਰ ਨਹੀਂ ਹੈ।
29 ਜੂਨ 2021 ਦੀ ਰਾਤੀਂ ਉਨ੍ਹਾਂ ਦੀ ਕਾਰ ਨੂੰ ਪਾਰਕਿੰਗ ਤੋਂ ਕੱਢ ਦਿੱਤਾ ਗਿਆ। ਅਗਲੇ ਦਿਨ ਉਨ੍ਹਾਂ ਦੇ ਇੱਕ ਦੋਸਤ ਨੇ ਇਹਦੀ ਸੂਚਨਾ ਦਿੱਤੀ। 42 ਸਾਲਾ ਸੰਜੈ ਕਹਿੰਦੇ ਹਨ,''ਮੈਨੂੰ ਸਮਝ ਨਹੀਂ ਆਇਆ ਕਿ ਇਹ ਹੋਇਆ ਕਿਵੇਂ।''














