ਰਾਤ ਦੇ 2 ਵੱਜੇ ਸਨ। ਚਾਰੇ ਪਾਸੇ ਸੰਘਣਾ ਹਨ੍ਹੇਰਾ ਸੀ ਅਤੇ ਅਸੀਂ ਤਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ (ਅਕਸਰ ਬੋਲਚਾਲ ਦੀ ਭਾਸ਼ਾ ਵਿੱਚ ਰਾਮਨਾਦ ਕਿਹਾ ਜਾਂਦਾ ਹੈ) ਦੀ 'ਮਸ਼ੀਨੀਕ੍ਰਿਤ ਬੇੜੀ' ਵਜੋਂ ਜਾਣੀ ਜਾਂਦੀ ਬੇੜੀ 'ਤੇ ਸਵਾਰ ਹੋ ਸਮੁੰਦਰ ਵੱਲ ਨੂੰ ਕੂਚ ਕੀਤਾ।
ਇਹ 'ਮਸ਼ੀਨੀਕ੍ਰਿਤ ਬੇੜੀ' ਪੂਰੀ ਤਰ੍ਹਾਂ ਨਾਲ਼ ਖ਼ਸਤਾ-ਹਾਲਤ ਅਤੇ ਕੁਝ ਹੱਦ ਤੱਕ ਇੱਕ ਪ੍ਰਾਚੀਨ ਜਹਾਜ਼ ਸੀ, ਜਿਹਨੂੰ ਲੀਲੈਂਡ ਬੱਸ ਇੰਜਣ (1964 ਵਿੱਚ ਇੰਜਣ 'ਤੇ ਰੋਕ ਲਾ ਦਿੱਤੀ ਗਈ ਸੀ, ਪਰ ਕੁਝ ਸੋਧਾਂ ਦੇ ਨਾਲ਼ ਇਹਨੂੰ ਮੱਛੀ ਫੜ੍ਹਨ ਵਾਸਤੇ ਮੁੜ ਵਰਤਿਆ ਗਿਆ ਸੀ- ਅਤੇ ਇਹ ਉਦੋਂ ਤੋਂ ਵਰਤੋਂ ਵਿੱਚ ਸੀ ਜਦੋਂ ਮੈਂ 1993 ਵਿੱਚ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ) ਨਾਲ਼ ਫਿੱਟ ਕੀਤਾ ਗਿਆ ਸੀ। ਨਾਲ਼ ਦੇ ਮਛੇਰੇ, ਜੋ ਇਸੇ ਇਲਾਕੇ ਦੇ ਸਨ, ਜਾਣਦੇ ਸਨ ਅਸੀਂ ਕਿੱਥੇ ਹਾਂ, ਸਿਰਫ਼ ਮੈਂ ਹੀ ਅਣਜਾਣ ਸਾਂ। ਜਿੰਨਾ ਕੁ ਮੈਂ ਸਮਝ ਪਾਇਆ ਸ਼ਾਇਦ ਅਸੀਂ ਬੰਗਾਲ ਦੀ ਖਾੜੀ ਦੇ ਆਸਪਾਸ ਸਾਂ।
ਅਸੀਂ ਕੋਈ 16 ਘੰਟਿਆਂ ਤੋਂ ਸਮੁੰਦਰ ਵਿੱਚ ਸਾਂ, ਹਾਲਾਂਕਿ ਕੁਝ ਥਾਵਾਂ 'ਤੇ ਲਹਿਰਾਂ ਉੱਚੀਆਂ-ਨੀਵੀਆਂ ਹੁੰਦੀਆਂ ਰਹੀਆਂ। ਪਰ ਬਾਵਜੂਦ ਇਹਦੇ ਸਾਡੀ ਬੇੜੀ ਵਿੱਚ ਸਵਾਰ ਟੀਮ ਦੇ ਪੰਜੋ ਚਿਹਰਿਆਂ 'ਤੇ ਮੁਸਕਾਨ ਨਾ ਰੁਕੀ। ਉਨ੍ਹਾਂ ਸਾਰਿਆਂ ਦੇ ਉਪਨਾਮ 'ਫਰਨਾਡੋ' ਹਨ ਜੋ ਕਿ ਮੱਛੀਆਂ ਫੜ੍ਹਨ ਵਾਲ਼ੇ ਭਾਈਚਾਰਿਆਂ ਵਿਚਾਲੇ ਇਹ ਕਾਫ਼ੀ ਆਮ ਹੈ।
ਇਸ 'ਮਸ਼ੀਨੀਕ੍ਰਿਤ ਬੇੜੀ' ਵਿੱਚ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ, ਸਿਰਫ਼ ਕੱਪੜੇ ਦੇ ਇੱਕ ਟੁਕੜੇ ਤੋਂ ਇਲਾਵਾ, ਜਿਹਨੂੰ ਤੂੰਬਾ ਬਣਾ ਕੇ ਮਿੱਟੀ ਦੇ ਤੇਲ ਵਿੱਚ ਭਿਓਂ ਕੇ ਸੋਟੀ ਸਹਾਰੇ ਬੰਨ੍ਹ ਕੇ ਜਲਾ ਦਿੱਤਾ ਗਿਆ ਸੀ। ਸੋਟੀ ਦਾ ਇੱਕ ਸਿਰਾ ਕਿਸੇ ਇੱਕ ਫਰਨਾਡੋ ਦੇ ਹੱਥ ਵਿੱਚ ਸੀ। ਪਰ ਮੇਰੀ ਚਿੰਤਾ ਦਾ ਵਿਸ਼ਾ ਕੁਝ ਹੋਰ ਹੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਇਸ ਹਨ੍ਹੇਰੇ ਵਿੱਚ ਤਸਵੀਰਾਂ ਕਿਵੇਂ ਲਵਾਂ?
ਮੱਛੀ ਨੇ ਮੇਰੀ ਸਮੱਸਿਆ ਹੱਲ ਕਰ ਦਿੱਤੀ।
ਉਨ੍ਹਾਂ ਨੇ ਫਾਸਫਰੇਸੰਸ (ਮੈਨੂੰ ਪਤਾ ਨਹੀਂ ਕਿ ਉਹ ਹੋਰ ਕੀ ਹੋ ਸਕਦਾ ਹੈ) ਨਾਲ਼ ਲਿਸ਼ਕਦਾ ਹੋਇਆ ਜਾਲ਼ ਕੱਢਿਆ ਅਤੇ ਬੇੜੀ ਦਾ ਉਹ ਹਿੱਸਾ ਰੌਸ਼ਨੀ ਨਾਲ਼ ਭਰ ਗਿਆ। ਬਾਕੀ ਦਾ ਕੰਮ ਫ਼ਲੈਸ਼ ਨਾਲ਼ ਸਰ ਗਿਆ। ਮੈਂ ਫ਼ਲੈਸ਼ (ਇੱਕ ਅਜਿਹੀ ਐਕਸੇਸਰੀ ਜੋ ਕਦੇ ਮੈਨੂੰ ਪਸੰਦ ਨਹੀਂ ਆਈ) ਦਾ ਇਸਤੇਮਾਲ ਕੀਤੇ ਬਗ਼ੈਰ ਵੀ ਕੁਝ ਤਸਵੀਰਾਂ ਲਈਆਂ।
ਇੱਕ ਘੰਟੇ ਬਾਅਦ, ਮੈਨੂੰ ਖਾਣ ਨੂੰ ਮੱਛੀ ਦਿੱਤੀ ਗਈ। ਇਸ ਤੋਂ ਤਾਜ਼ੀ ਮੱਛੀ ਮੈਂ ਪੂਰੀ ਜ਼ਿੰਦਗੀ ਵਿੱਚ ਨਹੀਂ ਸੀ ਖਾਧੀ। ਇੱਕ ਵੱਡੇ ਅਤੇ ਕਾਫ਼ੀ ਪੁਰਾਣੇ ਪੀਪੇ ਅੰਦਰ ਛੇਕ ਕਰਕੇ ਇਹਨੂੰ ਰਿੰਨ੍ਹਿਆ ਗਿਆ ਸੀ। ਪੀਪੇ ਦੇ ਹੇਠਾਂ ਅਤੇ ਅੰਦਰ ਉਨ੍ਹਾਂ ਨੇ ਕੋਈ ਹੀਲਾ-ਵਸੀਲਾ ਕਰਕੇ ਅੱਗ ਬਾਲ਼ੀ। ਅਸੀਂ ਦੋ ਦਿਨਾਂ ਲਈ ਇਸ ਸਮੁੰਦਰੀ ਯਾਤਰਾ 'ਤੇ ਸਾਂ। ਇਹ ਅਜਿਹੀਆਂ ਤਿੰਨ ਯਾਤਰਾਵਾਂ ਵਿੱਚੋਂ ਇੱਕ ਸੀ ਜੋ ਮੈਂ 1993 ਵਿੱਚ ਰਾਮਨਾਡ ਦੇ ਸਮੁੰਦਰ ਤਟ 'ਤੇ ਕੀਤੀ ਸੀ। ਪੁਰਾਣੇ ਉਪਕਰਣ ਅਤੇ ਕਸੂਤੇ ਹਾਲਾਤਾਂ ਦੇ ਬਾਵਜੂਦ ਵੀ ਮਛੇਰੇ ਜੋਸ਼ ਅਤੇ ਬੜੀ ਨਿਪੁੰਨਤਾ ਨਾਲ਼ ਕੰਮ ਕਰ ਰਹੇ ਸਨ।



