34 ਸਾਲਾ ਜੁਨਾਲੀ ਅਪੋਂਗ ਬਣਾਉਣ ਦੀ ਮਾਹਰ ਹਨ। ਉਹ ਦੱਸਦੀ ਹਨ,''ਕਈ ਵਾਰੀਂ ਤਾਂ ਮੈਂ ਦਿਹਾੜੀ ਦਾ 30 ਤੋਂ ਵੀ ਵੱਧ ਲੀਟਰ ਅਪੋਂਗ ਬਣਾ ਲੈਂਦੀ ਹਾਂ।'' ਇਸ ਕੰਮ ਵਿੱਚ ਲੱਗੇ ਇਲਾਕੇ ਦੇ ਬਾਕੀ ਲੋਕ ਹਫ਼ਤੇ ਵਿੱਚ ਸਿਰਫ਼ ਕੁਝ ਕੁ ਲੀਟਰ ਅਪੋਂਗ ਹੀ ਬਣਾ ਪਾਉਂਦੇ ਹਨ। ਇਹ ਬੀਅਰ ਹੱਥੀਂ ਬਣਾਈ ਜਾਂਦੀ ਹੈ, ਬਗ਼ੈਰ ਕਿਸੇ ਮਸ਼ੀਨ ਦੇ।
ਜੁਨਾਲੀ ਦੀ ਭੱਠੀ ਸਮਝੋ ਉਨ੍ਹਾਂ ਦੇ ਤਿੰਨ ਕਮਰਿਆਂ ਵਾਲ਼ਾ ਘਰ ਹੀ ਹੈ ਜੋ ਅਸਾਮ ਦੇ ਬ੍ਰਹਮਪੁਤਰ ਨਦੀ ਦੇ ਵਿਚਕਾਰ ਪੈਂਦੇ ਮਾਜੁਲੀ ਦੀਪ ਦੇ ਗੜਮੂਰ ਸ਼ਹਿਰ ਦੇ ਨੇੜੇ ਹੈ। ਇਹ ਘਰ ਇੱਕ ਛੋਟੇ ਜਿਹੇ ਤਲਾਅ ਦੇ ਨਾਲ਼ ਬਣਿਆ ਹੋਇਆ ਹੈ, ਜੋ ਨਦੀ ਵਿੱਚ ਅਕਸਰ ਆਉਂਦੇ ਹੜ੍ਹ ਕਾਰਨ ਬਣ ਜਾਂਦਾ ਹੈ।
ਸਵੇਰ ਦੇ ਛੇ ਵਜੇ ਜਦੋਂ ਅਸੀਂ ਉਨ੍ਹਾਂ ਨੂੰ ਮਿਲ਼ਣ ਪਹੁੰਚੇ ਤਦ ਉਹ ਕੰਮ ਵਿੱਚ ਪੂਰੀ ਤਰ੍ਹਾਂ ਮਸ਼ਰੂਫ਼ ਲੱਗੀ। ਭਾਰਤ ਦੇ ਇਸ ਪੂਰਬੀ ਹਿੱਸੇ ਵਿੱਚ ਸੂਰਜ ਚੜ੍ਹਿਆਂ ਕਾਫ਼ੀ ਸਮਾਂ ਹੋ ਚੁੱਕਿਆ ਹੈ। ਜੁਨਾਲੀ ਇਸ ਤਰਲ-ਪਦਾਰਥ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਵਿੱਢਣ ਲਈ ਆਪਣੇ ਘਰ ਦੇ ਮਗਰਲੇ ਅਹਾਤੇ ਵਿੱਚ ਬਾਲ਼ਣ ਦੀਆਂ ਲੱਕੜਾਂ ਇਕੱਠੀਆਂ ਕਰ ਰਹੀ ਹਨ। ਇਸ ਕੰਮ ਵਿੱਚ ਵਰਤੀਂਦੇ ਉਨ੍ਹਾਂ ਦੇ ਸੰਦ ਤੇ ਬਾਕੀ ਸਮਾਨ ਅਜੇ ਘਰ ਦੇ ਅੰਦਰ ਹੀ ਪਿਆ ਹੈ।
ਅਪੋਂਗ, ਜੋ ਕਿ ਇੱਕ ਖਮੀਰਾ ਤਰਲ ਹੈ, ਨੂੰ ਅਸਾਮ ਦੇ ਮਿਸਿੰਗ ਕਬੀਲੇ ਦੇ ਲੋਕੀਂ ਬਣਾਉਂਦੇ ਹਨ। ਇਹਨੂੰ ਆਮ ਤੌਰ 'ਤੇ ਭੋਜਨ ਦੇ ਨਾਲ਼ ਪੀਤਾ ਜਾਂਦਾ ਹੈ ਤੇ ਜਿਵੇਂ ਕਿ ਮਿਸਿੰਗ ਭਾਈਚਾਰੇ ਦੇ ਭਰਤ ਚੰਡੀ ਕਹਿੰਦੇ ਹਨ,''ਸਾਡੇ ਮਿਸਿੰਗ ਲੋਕਾਂ ਦੇ ਜੀਵਨ ਵਿੱਚ ਜੇਕਰ ਅਪੋਂਗ ਨਾ ਹੋਵੇ ਤਾਂ ਅਸੀਂ ਕਿਸੇ ਪੂਜਾ ਜਾਂ ਸਮਾਰੋਹ ਬਾਰੇ ਸੋਚ ਤੱਕ ਨਹੀਂ ਸਕਦੇ।'' ਚੰਡੀ 'ਮਾਜੁਲੀ ਕਿਚਨ' ਦੇ ਮਾਲਕ ਹਨ, ਜੋ ਗੜਮੂਰ ਬਜ਼ਾਰ ਵਿੱਚ ਘਰੇਲੂ ਭੋਜਨ ਜਿਹਾ ਸਵਾਦ ਦੇਣ ਲਈ ਜਾਣਿਆ ਜਾਂਦਾ ਹੈ।
ਚੌਲ਼ ਅਤੇ ਜੜ੍ਹੀਆਂ-ਬੂਟੀਆਂ ਨਾਲ਼ ਬਣੀ ਹਲਕੇ ਕ੍ਰੀਮ ਰੰਗੀ ਇਸ ਬੀਅਰ ਨੂੰ ਖ਼ਾਸ ਤੌਰ 'ਤੇ ਜੁਨਾਲੀ ਜਿਹੀ ਮਿਸਿੰਗ ਔਰਤਾਂ ਹੀ ਬਣਾਉਂਦੀਆਂ ਹਨ। ਤਿਆਰ ਹੋਣ ਤੋਂ ਬਾਅਦ ਇਹਨੂੰ ਗੜਮੂਰ ਦੀਆਂ ਦੁਕਾਨਾਂ ਤੇ ਹੋਟਲਾਂ ਵਿੱਚ ਵੇਚਿਆ ਜਾਂਦਾ ਹੈ। ਜੁਨਾਲੀ ਹੱਸਦਿਆਂ ਕਹਿੰਦੀ ਹਨ,''ਬੰਦਿਆਂ ਨੂੰ ਇਹ ਬਣਾਉਣਾ ਪਸੰਦ ਨਹੀਂ। ਉਨ੍ਹਾਂ ਦੀ ਨਜ਼ਰੇ ਇਹ ਥਕਾ ਸੁੱਟਣ ਵਾਲ਼ਾ ਕੰਮ ਹੈ, ਖ਼ਾਸ ਕਰਕੇ ਜੜ੍ਹੀਆਂ-ਬੂਟੀਆਂ ਇਕੱਠੀਆਂ ਕਰਨੀਆਂ।''






















