ਜੈਪਾਲ ਦਾ ਘਰ ਭਾਵੇਂ ਇੱਟਾਂ ਨਾਲ਼ ਬਣਿਆ ਹੈ ਜਿੱਥੇ ਦੋ ਕਮਰੇ ਹਨ ਪਰ ਘਰ ਦੀ ਛੱਤ ਟੀਨ ਦੀ ਹੈ ਅਤੇ ਇਸ ਅੱਧ-ਬਣੇ ਘਰ ਦੇ ਅੰਦਰ ਕਈ ਘਰ ਮੌਜੂਦ ਹਨ ਜੋ ਬਹੁਤ ਵੱਡੇ- ਵੱਡੇ ਹਨ। ਇਨ੍ਹਾਂ ਘਰਾਂ ਵਿੱਚ ਕਈ ਕਈ ਮੰਜ਼ਲਾਂ ਹਨ, ਉੱਚੇ ਥੰਮ੍ਹ, ਬਾਲਕਾਨੀਆਂ ਅਤੇ ਬੁਰਜ਼ ਵੀ ਹਨ।
ਜੈਪਾਲ ਦੁਆਰਾ ਬਣਾਏ ਇਹ ਘਰ ਕਾਗ਼ਜ਼ ਨੂੰ ਗੂੰਦ ਨਾਲ਼ ਚਿਪਕਾ ਕੇ ਬਣਾਏ ਗਏ ਹਨ।
ਮੱਧ ਪ੍ਰਦੇਸ਼ ਦੇ ਖੰਡਵਾ ਜਿਲ੍ਹੇ ਦੇ ਕਰੋਲੀ ਪਿੰਡ ਵਿੱਚ ਰਹਿਣ ਵਾਲ਼ੇ 19 ਸਾਲਾ ਜੈਪਾਲ ਚੌਹਾਨ ਨੇ ਪਿਛਲੇ 4-5 ਸਾਲਾਂ ਦਾ ਆਪਣਾ ਸਮਾਂ ਆਪਣੇ ਘਰ ਦੇ ਅੰਦਰ ਕਦੇ-ਕਦਾਈਂ ਸਵੇਰੇ ਅਤੇ ਕਦੇ ਦੁਪਹਿਰ ਵੇਲ਼ੇ ਬੜੀ ਸਾਵਧਾਨੀ ਨਾਲ਼ ਕਾਗ਼ਜ਼ ਦੇ ਰੋਲ਼ ਬਣਾਉਣ ਅਤੇ ਉਨ੍ਹਾਂ ਨੂੰ ਇੱਕ-ਦੂਸਰੇ ਉੱਪਰ ਇੱਟਾਂ ਵਾਂਗ ਟਿਕਾਉਂਦਿਆਂ ਕੰਧ ਬਣਾਉਣ ਅਤੇ ਫਿਰ ਉਨ੍ਹਾਂ ਨੂੰ ਗੂੰਦ ਦੀ ਮਦਦ ਨਾਲ਼ ਜੋੜਦਿਆਂ ਮਹਿਲ ਵਰਗਾ ਢਾਂਚਾ ਉਸਾਰਨ ਵਿੱਚ ਬਿਤਾਇਆ ਹੈ।
''ਮੈਨੂੰ ਹਮੇਸ਼ਾ ਤੋਂ ਇਮਾਰਤਾਂ ਅਤੇ ਉਨ੍ਹਾਂ ਦੇ ਬਣਨ ਦੀ ਪ੍ਰਕਿਰਿਆ ਬਾਰੇ ਜਾਣਨ ਵਿੱਚ ਦਿਲਚਸਪੀ ਰਹੀ ਹੈ,'' ਉਹ ਕਹਿੰਦੇ ਹਨ।
ਜੈਪਾਲ ਨੇ 13 ਸਾਲ ਦੀ ਉਮਰ ਵਿੱਚ ਆਪਣੇ ਕੰਮ ਦੀ ਇਸ ਯਾਤਰਾ ਦੀ ਸ਼ੁਰੂਆਤ ਗੱਤਿਆਂ ਦੀ ਮਦਦ ਨਾਲ਼ ਮੰਦਰਾਂ ਦੇ ਮਾਡਲ ਬਣਾਉਣ ਦੇ ਨਾਲ਼ ਕੀਤੀ। ਉਹ ਗੁਆਂਢ ਦੇ ਕਿਸੇ ਪਿੰਡ ਵਿਆਹ ਵਿੱਚ ਸ਼ਰੀਕ ਹੋਣ ਗਏ, ਜਿੱਥੇ ਉਨ੍ਹਾਂ ਨੇ ਕਿਸੇ ਦੇ ਘਰ ਵਿੱਚ ਸ਼ੀਸ਼ੇ ਦਾ ਬਣਿਆ ਮੰਦਰ ਦੇਖਿਆ, ਜਿਹਨੂੰ ਦੇਖ ਕੇ ਉਨ੍ਹਾਂ ਦੇ ਮਨ ਵਿੱਚ ਗੱਤੇ ਦੇ ਸਹਾਰੇ ਆਪਣੇ ਹੱਥੀਂ ਕੁਝ ਕੁਝ ਇਹੋ-ਜਿਹਾ ਹੀ ਬਣਾਉਣ ਦੀ ਉਤਸੁਕਤਾ ਪੈਦਾ ਹੋਈ। ਉਨ੍ਹਾਂ ਨੇ ਕੁਝ ਨਮੂਨੇ ਬਣਾਏ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਤੋਹਫੇ ਵਜੋਂ ਦਿੱਤੇ ਅਤੇ ਬਾਅਦ ਵਿੱਚ 2017 ਵਿੱਚ ਸਕੂਲ ਦੀ ਪ੍ਰਦਰਸ਼ਨੀ ਵਿੱਚ ਆਪਣੇ ਹੱਥੀਂ ਬਣਾਏ ਇੱਕ ਮਾਡਲ ਵਾਸਤੇ ਉਨ੍ਹਾਂ ਨੂੰ ਪੁਰਸਕਾਰ ਵੀ ਮਿਲ਼ਿਆ।
ਉਨ੍ਹਾਂ ਨੂੰ ਗੱਤੇ ਦਾ ਮੋਟਰਸਾਈਕਲ ਮਾਡਲ ਬਣਾਉਣ ਵਾਸਤੇ ਵੀ ਪੁਰਸਕਾਰ ਮਿਲ਼ਿਆ ਸੀ। ਉਨ੍ਹਾਂ ਦੁਆਰਾ ਬਣਾਏ ਮਾਡਲਾਂ ਦੀ ਕੁਲੈਕਸ਼ਨ ਵਿੱਚ ਟੇਬਲ ਫੈਨ, ਰੇਸ ਕਾਰ ਅਤੇ ਇੱਕ ਕ੍ਰੇਨ ਮਸ਼ੀਨ ਦਾ ਮਾਡਲ ਵੀ ਹੈ ਜਿਸ ਵਿੱਚ ਕਿਸੇ ਪੁਰਾਣੇ ਖਿਡੌਣੇ ਦੇ ਪਹੀਏ ਲੱਗੇ ਹਨ।
''ਪਰ ਸਮਾਂ ਬੀਤਣ ਦੇ ਨਾਲ਼ ਨਾਲ਼, ਨਮੀ ਕਾਰਨ ਗੱਤੇ ਮੁੜਨਾ ਸ਼ੁਰੂ ਹੋਣ ਲੱਗੇ,'' ਜੈਪਾਲ ਕਹਿੰਦੇ ਹਨ। ''ਫਿਰ ਇੱਕ ਦਿਨ ਮੈਂ ਸੋਚਿਆ ਕਿ ਕਿਉਂ ਨਾ ਰੱਦੀ ਵਿੱਚ ਵੇਚਣ ਲਈ ਘਰ ਰੱਖੀਆਂ (ਸਕੂਲ ਦੀਆਂ) ਪੁਰਾਣੀਆਂ ਕਿਤਾਬਾਂ ਦਾ ਇਸਤੇਮਾਲ ਕੀਤਾ ਜਾਵੇ। ਅਚਾਨਕ ਮੇਰੇ ਦਿਮਾਗ਼ ਵਿੱਚ ਇਹ ਫੁਰਨਾ ਫੁਰਿਆ। ਫਿਰ ਮੈਂ ਕਿਤਾਬ ਦੇ ਪੰਨਿਆਂ ਨੂੰ ਟਿਊਬਨੁਮਾ ਰੋਲ਼ ਕਰਕੇ ਉਨ੍ਹਾਂ ਰਾਹੀਂ ਹੀ ਘਰਾਂ ਦੇ ਇਹ ਵੱਡੇ-ਵੱਡੇ ਮਾਡਲ ਬਣਾਉਣੇ ਸ਼ੁਰੂ ਕੀਤੇ।''
ਪੁਨਾਸਾ ਤਹਿਸੀਲ ਵਿੱਚ ਸਥਿਤ ਉਨ੍ਹਾਂ ਦੇ ਪਿੰਡ ਵਿੱਚ ਬਣ ਰਹੇ ਸੀਮੇਂਟ ਦੇ ਨਵੇਂ-ਨਵੇਂ ਮਕਾਨਾਂ ਤੋਂ ਉਨ੍ਹਾਂ ਨੂੰ ਹੋਰ ਵਿਚਾਰ ਮਿਲ਼ਣ ਲੱਗੇ। ਉਹ ਦੱਸਦੇ ਹਨ,''ਜਿਨ੍ਹਾਂ ਲੋਕਾਂ ਦੇ ਨਵੇਂ ਘਰ ਬਣ ਰਹੇ ਹਨ, ਉਹ ਤਾਂ ਪਿੰਡ ਵਿੱਚ ਹੀ ਰਹਿੰਦੇ ਹਨ ਅਤੇ ਸਾਡੇ (ਉਨ੍ਹਾਂ ਦਾ ਪਰਿਵਾਰ) ਵਾਂਗਰ ਦੂਸਰਿਆਂ ਦੇ ਖੇਤਾਂ ਵਿੱਚ ਕੰਮ ਕਰਨ ਵਾਲ਼ੇ ਹੋਰ ਲੋਕ ਅਜੇ ਵੀ ਪਿੰਡ ਦੀ ਫਿਰਨੀ ਦੇ ਬਾਹਰ ਕੱਚੇ ਘਰਾਂ ਵਿੱਚ ਹੀ ਰਹਿੰਦੇ ਹਨ। ਪਰ ਮੈਨੂੰ ਸੀਮੇਂਟ ਦੇ ਇਨ੍ਹਾਂ ਘਰਾਂ ਵਿੱਚ ਕਿਸੇ ਵੀ ਘਰ ਦਾ ਕੋਈ ਵੀ ਡਿਜ਼ਾਇਨ ਪੂਰੀ ਤਰ੍ਹਾਂ ਠੀਕ ਨਹੀਂ ਲੱਗਦਾ। ਇਸਲਈ ਮੈਨੂੰ ਇਸ ਵਿੱਚ ਦੋ-ਤਿੰਨ ਵੱਖਰੇ ਆਈਡਿਆ ਰਲ਼ਾਉਣੇ ਪੈਂਦੇ ਹਨ। ਜੇਕਰ ਡਿਜ਼ਾਇਨ ਸਰਲ ਹੁੰਦੇ ਹਨ ਤਾਂ ਇਹ ਬਿਲਕੁਲ ਸਧਾਰਣ ਲੱਗਦਾ ਹੈ, ਪਰ ਜੇਕਰ ਡਿਜ਼ਾਇਨ ਕੁਝ ਖਾਸ ਜਾਂ ਅਸਧਾਰਣ ਹੋਵੇ ਤਾਂ ਮੈਂ ਇਹਨੂੰ ਪੇਪਰ ਮਾਡਲ ਵਿੱਚ ਬਣਾਉਣਾ ਪਸੰਦ ਕਰਦਾ ਹਾਂ।''
ਉਹ ਅਜਿਹੇ ਘਰਾਂ ਦੀ ਤਲਾਸ਼ ਵਿੱਚ ਰਹਿੰਦੇ ਹਨ, ਜਿਸ ਵਿੱਚ ਸਿਰਫ਼ ਮਿਆਰੀ ਪੱਧਰ ਦੇ ਬੂਹੇ ਅਤੇ ਬਾਰੀਆਂ ਹੀ ਨਾ ਹੋਣ, ਸਗੋਂ ਉਨ੍ਹਾਂ 'ਤੇ ਖਾਸ ਤਰੀਕੇ ਦੀ ਮੀਨਾਕਾਰੀ (ਡਿਜ਼ਾਇਨ) ਕਰਕੇ ਉਨ੍ਹਾਂ ਨੂੰ ਸੰਵਾਰਿਆ ਵੀ ਗਿਆ ਹੋਵੇ। ਉਸ ਮੁਤਾਬਕ ਢਾਲ਼ੇ ਆਪਣੇ ਇੱਕ ਮਾਡਲ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ, ''ਮੈਂ ਚੁਬਾਰੇ ਨੂੰ ਪਿੰਡ ਦੇ ਇੱਕ ਘਰ ਵਾਂਗ ਬਣਾਇਆ, ਪਰ ਗਰਾਊਂਡ ਫਲੋਰ ਉਸ ਤੋਂ ਥੋੜ੍ਹਾ ਅਲੱਗ ਢੰਗ ਦਾ ਹੈ।'' ਇਹ ਮਾਡਲ ਇੱਕ ਸਥਾਨਕ ਅਧਿਆਪਕ ਦੇ ਘਰ ਦੇ ਡਿਜ਼ਾਇਨ ਤੋਂ ਪ੍ਰੇਰਿਤ ਮਾਡਲ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਸਕੂਲ ਵਿੱਚ ਬੇਕਾਰ ਪਈਆਂ ਕਿਤਾਬਾਂ ਦਿੱਤੀਆਂ ਸਨ। ਪਰ ਉਨ੍ਹਾਂ ਕਿਤਾਬਾਂ ਵਿੱਚ ਕਾਫੀ ਸਾਰੇ ਚਿੱਤਰ ਅਤੇ ਕਾਰਟੂਨ ਬਣੇ ਹੋਏ ਸਨ, ਜੈਪਾਲ ਅਨੁਸਾਰ ਜੋ ਪੇਪਰ ਮਾਡਲ 'ਤੇ ਥੋੜ੍ਹੂ ਅਜੀਬ ਝਲਕ ਜ਼ਰੂਰ ਦਿੰਦੇ ਹਨ। ਇਸਲਈ, ਉਨ੍ਹਾਂ ਨੇ ਨੇੜਲੇ ਸਰਕਾਰੀ ਸਕੂਲ ਤੋਂ ਕੁਝ ਪੁਰਾਣੀਆਂ ਕਿਤਾਬਾਂ ਅਤੇ ਕਾਪੀਆਂ ਲਈਆਂ ਹਨ।
ਜੈਪਾਲ ਕਹਿੰਦੇ ਹਨ,''ਮੈਂ ਕੋਈ ਪਲਾਨ ਜਾਂ ਡਿਜ਼ਾਇਨ (ਆਰਕੀਟੈਕਚਰ ਨਾਲ਼ ਜੁੜਿਆ) ਨਹੀਂ ਬਣਾਉਂਦਾ, ਸਗੋਂ ਮੈਂ ਸਿੱਧੇ ਹਾਊਸ ਮਾਡਲ ਨੂੰ ਬਣਾਉਣਾ ਹੀ ਸ਼ੁਰੂ ਕਰ ਦਿੰਦਾ ਹਾਂ।'' ਸ਼ੁਰੂ ਸ਼ੁਰੂ ਵਿੱਚ ਬਣਾਏ ਗਏ ਮਾਡਲ ਰਿਸ਼ਤੇਦਾਰਾਂ ਨੂੰ ਤੋਹਫੇ ਵਜੋਂ ਦੇ ਦਿੱਤੇ ਸਨ, ਪਰ ਜਦੋਂ ਲੋਕ ਉਨ੍ਹਾਂ ਦੇ ਬਣਾਏ ਇਹ ਮਾਡਲ ਦੇਖਣ ਉਨ੍ਹਾਂ ਦੇ ਘਰ ਆਉਣ ਲੱਗੇ ਤਾਂ ਉਨ੍ਹਾਂ ਨੇ ਮਾਡਲਾਂ ਨੂੰ ਤੋਹਫੇ ਵਜੋਂ ਦੇਣਾ ਬੰਦ ਕਰ ਦਿੱਤਾ। ਉਨ੍ਹਾਂ ਨੇ ਹੁਣ ਤੱਕ ਕੋਈ ਵੀ ਮਾਡਲ ਵੇਚਿਆ ਨਹੀਂ ਹੈ ਅਤੇ ਕੁਝ ਤਾਂ ਹੁਣ ਉਨ੍ਹਾਂ ਦੇ ਘਰ ਵਿੱਚ ਨੁਮਾਇਸ਼ ਲਈ ਰੱਖੇ ਹਨ।
ਮਾਡਲ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲੱਗੇਗਾ, ਇਹ ਮਾਡਲ ਦੀ ਬਰੀਕੀ ਅਤੇ ਉਨ੍ਹਾਂ ਕੋਲ਼ ਉਪਲਬਧ ਸਮੇਂ 'ਤੇ ਨਿਰਭਰ ਕਰਦਾ ਹੈ। ਆਮ ਤੌਰ 'ਤੇ ਜੈਪਾਲ ਨੂੰ ਕਾਗ਼ਜ਼ ਨਾਲ਼ ਘਰ ਬਣਾਉਣ ਵਿੱਚ 4 ਤੋਂ 20 ਦਿਨ ਤੱਕ ਦਾ ਸਮਾਂ ਲੱਗਦਾ ਹੈ। ਹਰੇਕ ਮਾਡਲ ਦੀ ਉਚਾਈ ਅਤੇ ਡੂੰਘਾਈ 2x2 ਫੁੱਟ ਦੀ ਰਹਿੰਦੀ ਹੈ ਅਤੇ ਚੌੜਾਈ 2.5 ਫੁੱਟ।
ਜੈਪਾਲ ਉਸ ਵੇਲ਼ੇ ਪੜ੍ਹਦੇ ਹਨ ਜਦੋਂ ਉਹ ਮਾਡਲ ਬਣਾਉਣ ਦਾ ਕੰਮ ਨਹੀਂ ਕਰਦੇ। ਉਨ੍ਹਾਂ ਨੇ ਹਾਲ ਹੀ ਵਿੱਚ ਗੁਆਂਢ ਦੇ ਪਿੰਡ ਦੇ ਸਕੂਲ ਤੋਂ 12ਵੀਂ ਪ੍ਰੀਖਿਆ (ਮਹਾਂਮਾਰੀ ਕਰਕੇ ਆਨਲਾਈਨ) ਕੋਲ਼ ਕੀਤੀ ਹੈ। ਉਹ ਆਪਣੇ 45 ਸਾਲਾ ਪਿਤਾ, ਦਿਲਾਵਰ ਸਿੰਘ ਚੌਹਾਨ ਦੀ ਮਦਦ ਕਰਦੇ ਹਨ, ਜੋਕਿ ਤਰਖਾਣ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਪਿਤਾ ਕਰੋਲੀ ਅਤੇ ਆਸਪਾਸ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਮੇਜ਼, ਕੁਰਸੀ, ਬੱਚਿਆਂ ਲਈ ਝੂਲੇ ਅਤੇ ਹੋਰ ਫਰਨੀਚਰਾਂ ਦੇ ਨਾਲ਼-ਨਾਲ਼ ਡਿਓੜੀਆਂ (ਚੌਖਟਾਂ) ਵੀ ਬਣਾਉਂਦੇ ਹਨ।
ਜੈਪਾਲ ਕਹਿੰਦੇ ਹਨ ਕਿ ਲੱਕੜ ਦੇ ਕੰਮ ਵਿੱਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ, ਪਰ ਉਹ ਬੂਹਿਆਂ ਦੇ ਬਾਰੀਆਂ ਨੂੰ ਡਿਜ਼ਾਇਨ ਕਰਨ ਅਤੇ ਔਜ਼ਾਰਾਂ ਨੂੰ ਸੰਭਾਲਣ ਅਤੇ ਉਬੜ-ਖਾਬੜ ਛੱਤਾਂ ਨੂੰ ਬਰਾਬਰ ਕਰਨ ਵਿੱਚ ਮਦਦ ਕਰਦੇ ਹਨ। ਉਹ ਦੱਸਦੇ ਹਨ। ''ਮੈਂ ਕਰੋਲੀ ਵਿੱਚ ਦੋ ਅਤੇ ਨੇੜਲੇ ਇੱਕ ਪਿੰਡ ਵਿੱਚ ਤਿੰਨ ਬੂਹਿਆਂ ਨੂੰ ਡਿਜ਼ਾਇਨ ਕੀਤਾ ਹੈ। ਮੈਂ ਇੰਟਰਨੈੱਟ ਸ੍ਰੋਤਾਂ ਅਤੇ ਆਨਲਾਈਨ ਮੈਗ਼ਜ਼ੀਨਾਂ ਦੀ ਮਦਦ ਨਾਲ਼ ਅਨੋਖੇ ਅੰਦਾਜ਼ ਵਿੱਚ ਡਿਜ਼ਾਇਨ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਕਦੇ-ਕਦੇ ਇਹ ਕੰਮ ਕਾਗ਼ਜ਼ 'ਤੇ ਕਰਦਾ ਹਾਂ, ਪਰ ਜ਼ਿਆਦਾਤਰ ਵਾਰ ਸਿੱਧੇ ਲੱਕੜੀ 'ਤੇ ਹੀ ਤਿਆਰ ਕਰਦਾ ਹਾਂ ਅਤੇ ਫਿਰ ਮੇਰੇ ਪਿਤਾ ਉਹਨੂੰ ਬਣਾਉਂਦੇ ਹਨ।''
ਹੋਰ ਮੌਕਿਆਂ 'ਤੇ ਜੈਪਾਲ ਆਪਣੇ ਜੀਜਾ ਦੇ ਨਾਲ਼ ਵੀ ਕੰਮ ਕਰਦੇ ਹਨ, ਜੋਕਿ 60 ਕਿਲੋਮੀਟਰ ਦੂਰ ਸਥਿਤ ਪਿੰਡ ਵਿੱਚ ਦਰਜੀ ਦਾ ਕੰਮ ਕਰਦੇ ਹਨ। ਉਹ ਕਦੇ-ਕਦੇ ਉੱਥੇ ਜਾਂਦੇ ਹਨ ਅਤੇ ਕੱਪੜਾ ਕੱਟਣ ਜਾਂ ਪੈਂਟ (ਟਰਾਊਜ਼ਰ) ਸਿਊਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ।
ਜੈਪਾਲ ਦੀ 41 ਸਾਲਾ ਮਾਂ, ਰਾਜੂ ਚੌਹਾਨ ਗ੍ਰਹਿਣੀ ਹਨ। ਪਹਿਲਾਂ-ਪਹਿਲ ਉਨ੍ਹਾਂ ਨੇ ਵੀ ਪਰਿਵਾਰ ਦੇ ਫ਼ਰਨੀਚਰ ਦੇ ਕੰਮ ਵਿੱਚ ਮਦਦ ਕੀਤੀ ਹੈ। ਜੈਪਾਲ ਦੱਸਦੇ ਹਨ,''ਜੇ ਕੋਈ ਚਾਰਪਾਈ ਬਣਾਉਣ ਦਾ ਕੰਮ ਆਉਂਦਾ ਤਾਂ ਮਾਂ ਪਾਵੇ ਬਣਾਉਂਦੀ, ਜਦੋਂਕਿ ਬਾਕੀ ਦਾ ਸਾਰਾ ਕੰਮ ਮੇਰੇ ਪਿਤਾ ਕਰਦੇ ਸਨ।'' ਪਰ ਜਦੋਂ ਤੋਂ ਪਰਿਵਾਰ ਦੀ ਆਰਥਿਕ ਹਾਲਤ ਕੁਝ ਠੀਕ ਹੋਈ ਹੈ ਉਨ੍ਹਾਂ ਨੇ ਇਹ ਕੰਮ ਕਰਨਾ ਬੰਦ ਕਰ ਦਿੱਤਾ ਹੈ।
ਜੈਪਾਲ ਦੇ ਮਾਮਾ ਮਨੋਹਰ ਸਿੰਘ ਤੰਵਰ, ਜੋਕਿ ਕਿਸਾਨੀ ਦਾ ਕੰਮ ਕਰਦੇ ਹਨ, ਨੇ ਉਨ੍ਹਾਂ ਦੇ ਮਾਡਲ ਬਣਾਉਣ ਦੇ ਇਸ ਕੰਮ ਦਾ ਸਭ ਤੋਂ ਵੱਧ ਸਮਰਥਨ ਕੀਤਾ। ਉਹ ਉਨ੍ਹਾਂ ਦੇ ਘਰ ਦੇ ਐਨ ਨਾਲ਼ ਹੀ ਰਹਿੰਦੇ ਸਨ ਅਤੇ ਆਪਣੇ ਹਰ ਪ੍ਰਾਹੁਣੇ ਨੂੰ ਆਪਣੇ ਭਾਣਜੇ ਦਾ ਹੁਨਰ ਦਿਖਾਉਣ ਲਿਆਉਂਦੇ ਸਨ। ਪਿਛਲੇ ਸਾਲ ਸ਼ਾਇਦ ਡੇਂਗੂ ਕਰਕੇ ਉਨ੍ਹਾਂ ਦੀ ਮੌਤ ਹੋ ਗਈ।
ਦਿਲਾਵਰ ਅਤੇ ਰਾਜੂ, ਦੋਵੇਂ ਹੀ ਮਾਡਲ ਬਣਾਉਣ ਨੂੰ ਲੈ ਕੇ ਆਪਣੇ ਬੇਟੇ ਦੇ ਕੰਮ ਪ੍ਰਤੀ ਸਮਰਪਨ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਦੇ ਨਾਲ਼ ਖੜ੍ਹੇ ਹਨ। ਦਿਲਾਵਰ ਕਹਿੰਦੇ ਹਨ,''ਮੈਂ ਓਨਾ ਪੜ੍ਹਿਆ ਲਿਖਿਆ ਤਾਂ ਨਹੀਂ ਹਾਂ, ਪਰ ਮੈਨੂੰ ਲੱਗਦਾ ਹੈ ਕਿ ਉਹ ਸਹੀ ਦਿਸ਼ਾ ਵੱਲ ਅੱਗੇ ਵੱਧ ਰਿਹਾ ਹੈ ਅਤੇ ਕਿੰਨੇ ਹੀ ਲੋਕ ਉਹਦਾ ਕੰਮ ਦੇਖਣ ਆਉਂਦੇ ਹਨ।'' ਦਿਲਾਵਰ ਅੱਗੇ ਕਹਿੰਦੇ ਹਨ,''ਮੈਂ ਚਾਹੁੰਦਾ ਹਾਂ ਉਹ ਜਿੰਨੇ ਚਾਹੇ ਪੜ੍ਹਾਈ ਕਰੇ ਅਤੇ ਉਹਦੇ ਵਾਸਤੇ ਮੇਰੇ ਕੋਲ਼ੋਂ ਜਿੰਨਾ ਹੋ ਸਕਿਆ ਮੈਂ ਕਰੂੰਗਾ। ਮੈਂ ਉਹਨੂੰ ਕਹਿੰਦਾ ਹੀ ਰਹਿੰਦਾ ਹਾਂ ਕਿ ਜੇਕਰ ਉਹਦੀ ਪੜ੍ਹਾਈ ਖਾਤਰ ਮੈਨੂੰ ਆਪਣੀ ਜ਼ਮੀਨ ਵੀ ਵੇਚਣੀ ਪਈ ਤਾਂ ਮੈਂ ਝਿਜਕਾਂਗਾ ਨਹੀਂ। ਕਿਉਂਕਿ ਜ਼ਮੀਨ ਤਾਂ ਦੋਬਾਰਾ ਵੀ ਲਈ ਜਾ ਸਕਦੀ ਪਰ ਪੜ੍ਹਾਈ ਦਾ ਸਮਾਂ ਦੋਬਾਰਾ ਨਹੀਂ ਆਉਂਦਾ।'' ਰਾਜੂ ਹਲੀਮੀ ਭਰੇ ਲਹਿਜੇ ਵਿੱਚ ਮੈਨੂੰ ਕਹਿੰਦੀ ਹਨ,''ਕ੍ਰਿਪਾ ਕਰਕੇ ਉਹਦਾ ਖਿਆਲ ਰੱਖਿਓ। ਸਾਡੇ ਕੋਲ਼ ਉਹਨੂੰ ਦੇਣ ਲਈ ਬਹੁਤਾ ਕੁਝ ਤਾਂ ਨਹੀਂ ਹੈ, ਸਾਡੇ ਬੱਚਿਆਂ ਵਿੱਚੋਂ ਸਿਰਫ਼ ਉਹ ਹੀ ਸਾਡੇ ਕੋਲ਼ ਹੈ, ਉਹਦੀਆਂ ਦੋਵਾਂ ਭੈਣਾਂ ਦਾ ਵਿਆਹ ਹੋ ਚੁੱਕਿਆ ਹੈ।''
ਜਦੋਂਕਿ ਜੈਪਾਲ ਦੇ ਬਣਾਏ ਹੋਏ ਮਾਡਲ ਉਨ੍ਹਾਂ ਦੇ ਘਰ ਨੂੰ ਸ਼ਿੰਗਾਰ ਰਹੇ ਹਨ, ਉਨ੍ਹਾਂ ਦੇ ਪਰਿਵਾਰ ਨੇ ਵਿਸਥਾਪਨ ਦਾ ਦੌਰ ਝੱਲਿਆ ਹੈ। 2008 ਵਿੱਚ ਉਨ੍ਹਾਂ ਨੂੰ ਕਰੋਲੀ ਤੋਂ ਤਿੰਨ ਕਿਲੋਮੀਟਰ ਦੂਰ ਸਥਿਤ ਆਪਣਾ ਪਿੰਡ, ਟੋਕੀ ਛੱਡਣਾ ਪਿਆ ਸੀ, ਕਿਉਂਕਿ ਇਹ ਓਂਕਾਰੇਸ਼ਵਰ ਡੈਮ ਦੇ ਪਾਣੀ ਨਾਲ਼ ਬੱਸ ਡੁੱਬਣ ਹੀ ਵਾਲ਼ਾ ਸੀ।
ਪਰਿਵਾਰ ਨੂੰ ਤਕਰੀਬਨ ਦਸ ਕਿਲੋਮੀਟਰ ਦੂਰ ਸਥਿਤ ਕਿਸੇ ਹੋਰ ਪਿੰਡ ਵਿੱਚ ਵੱਸਣ ਨੂੰ ਕਿਹਾ ਗਿਆ ਸੀ, ਪਰ ਦਿਲਾਵਰ ਨੇ ਉੱਥੇ ਜਾਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਪਿੰਡ ਕਾਫੀ ਦੂਰ ਅਤੇ ਬੰਜਰ ਸੀ। ਜੈਪਾਲ ਦੱਸਦੇ ਹਨ,''ਨਾ ਤਾਂ ਉੱਥੇ ਦੁਕਾਨਾਂ ਸਨ ਅਤੇ ਨਾ ਹੀ ਕੋਈ ਮਿਲ਼ਣ ਵਾਲ਼ਾ ਸੀ।'' ਫਿਰ ਉਨ੍ਹਾਂ ਦੇ ਪਿਤਾ ਨੇ ਕਰੋਲੀ ਪਿੰਡ ਵਿੱਚ ਸਰਕਾਰ ਵੱਲੋਂ ਦਿੱਤੇ ਗਏ ਮੁਆਵਜੇ ਦੀ ਮਦਦ ਨਾਲ਼ ਜਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਖਰੀਦਿਆ। ਉਨ੍ਹਾਂ ਦਾ ਪਰਿਵਾਰ ਹੁਣ ਇਸੇ ਜ਼ਮੀਨ 'ਤੇ ਬਣੇ ਘਰ ਵਿੱਚ ਰਹਿੰਦਾ ਹੈ। ਦਿਲਾਵਰ ਦੇ ਨਾਮ ਹੇਠ ਕਰੋਲੀ ਤੋਂ ਕਰੀਬ 80 ਕਿਲੋਮੀਟਰ ਦੂਰ 2 ਏਕੜ ਦੀ ਜੱਦੀ ਜਮੀਨ ਵੀ ਮੌਜੂਦ ਹੈ, ਜਿੱਥੇ ਉਨ੍ਹਾਂ ਦਾ ਪਰਿਵਾਰ ਮੁੱਖ ਰੂਪ ਵਿੱਚ ਸੋਇਆਬੀਨ, ਕਣਕ ਅਤੇ ਪਿਆਜ਼ ਦੀ ਖੇਤੀ ਕਰਦਾ ਹੈ।
ਜੈਪਾਲ ਦੇ ਜ਼ਿਹਨ ਵਿੱਚ ਟੋਕੀ ਪਿੰਡ ਵਿੱਚ ਸਥਿਤ ਮਿੱਟੀ ਅਤੇ ਟੀਨ ਨਾਲ਼ ਬਣੇ ਆਪਣੇ ਉਸ ਮਾਮੂਲੀ ਜਿਹੇ ਘਰ ਦੀ ਧੁੰਦਲੀ ਜਿਹੀ ਯਾਦ ਵੱਸੀ ਹੋਈ ਹੈ। ਉਹ ਕਹਿੰਦੇ ਹਨ,''ਮੈਨੂੰ ਬਹੁਤਾ ਕੁਝ ਤਾਂ ਚੇਤੇ ਨਹੀਂ ਹੈ। ਪਰ ਹੁਣ ਜਦੋਂਕਿ ਮੈਂ ਖੁਦ ਮਕਾਨਾਂ ਦੇ ਮਾਡਲ ਬਣਾ ਰਿਹਾ ਹਾਂ, ਮੈਂ ਵਾਪਸ ਉਹਨੂੰ ਦੇਖਣ ਨਹੀਂ ਜਾ ਸਕਦਾ, ਕਿਉਂਕਿ ਉਹ ਡੁੱਬ ਚੁੱਕਿਆ ਹੈ। ਪਰ ਮੈਂ ਆਪਣੇ ਮੌਜੂਦਾ ਛੋਟੇ ਜਿਹੇ ਘਰ ਦਾ ਇੱਕ ਮਾਡਲ ਬਣਾਉਣ ਬਾਰੇ ਸੋਚ ਰਿਹਾ ਹਾਂ।''
ਹਾਲਾਂਕਿ, ਪਰਿਵਾਰ ਨੂੰ ਇਸ ਘਰੋਂ ਵੀ ਬੇਦਖਲ ਹੋਣਾ ਪੈ ਸਕਦਾ ਹੈ, ਕਿਉਂਕਿ ਘਰ ਦੀ ਜ਼ਮੀਨ ਉਸ ਸੜਕ ਦੇ ਕੋਲ਼ ਸਥਿਤ ਹੈ ਜਿਸ ਸੜਕ ਨੂੰ ਸਰਕਾਰ ਅਖੌਤੀ ਰੂਪ ਨਾਲ਼ ਛੇ-ਲੇਨ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾ ਰਹੀ ਹੈ। ਜੈਪਾਲ ਕਹਿੰਦੇ ਹਨ,''ਇੱਕ ਵਾਰ ਫਿਰ ਸਾਨੂੰ ਕਿਸੇ ਦੂਸਰੀ ਥਾਵੇਂ ਵੱਸਣਾ ਹੋਵੇਗਾ।''
ਉਹ ਅੱਗੇ ਦੀ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਇਮਾਰਤਾਂ ਅਤੇ ਉਨ੍ਹਾਂ ਦੇ ਬਣਨ ਦੀ ਪ੍ਰਕਿਰਿਆ ਵਿੱਚ ਆਪਣੇ ਦਿਲਚਸਪੀ ਦੇ ਕਾਰਨ ਉਹ ਸਿਵਿਲ ਇੰਜੀਨੀਅਰ ਬਣਨਾ ਚਾਹੁੰਦੇ ਹਨ। ਇੰਝ ਇਸਲਈ ਵੀ ਹੈ, ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਯੋਗਤਾ ਹਾਸਲ ਹੋਣ 'ਤੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ਼ ਜਾਊਗੀ।
ਹਾਲ ਹੀ ਵਿੱਚ ਉਨ੍ਹਾਂ ਨੇ ਤਾਜਮਹਲ ਦਾ ਮਾਡਲ ਬਣਾਉਣਾ ਸ਼ੁਰੂ ਕੀਤਾ ਹੈ। ਉਹ ਦੱਸਦੇ ਹਨ,''ਜੋ ਕੋਈ ਵੀ ਸਾਡੇ ਘਰ ਆਉਂਦਾ ਅਤੇ ਮਾਡਲਾਂ ਨੂੰ ਦੇਖ ਕੇ ਇਹੀ ਪੁੱਛਦਾ, ਕੀ ਮੈਂ ਅਜੇ ਤੱਕ ਤਾਜ ਮਹਲ ਦਾ ਮਾਡਲ ਬਣਾਇਆ ਕਿਉਂ ਨਹੀਂ?'' ਉਸ ਵਿੱਚ ਕਾਗ਼ਜ਼ ਵੱਧ ਲੱਗੇਗਾ, ਪਰ ਇਹ ਵਿਸ਼ਾਲ ਸਮਾਰਕ ਮਾਡਲ ਦੇ ਰੂਪ ਵਿੱਚ ਆਪਣਾ ਅਕਾਰ ਲੈ ਰਿਹਾ ਹੈ ਅਤੇ ਆਉਣ ਵਾਲ਼ੇ ਦਿਨੀਂ ਹੋਰ ਇਮਾਰਤਾਂ ਦੇ ਪ੍ਰਤੀਰੂਪ ਵੀ ਦੇਖਣ ਨੂੰ ਮਿਲ਼ਣਗੇ, ਜਿਨ੍ਹਾਂ ਨੂੰ ਬਣਾਉਣ ਲਈ ਉਹ ਗੂੰਦ ਨਾਲ਼ ਕਾਗ਼ਜ਼ ਨੂੰ ਜੋੜਨ ਦੇ ਨਾਲ਼-ਨਾਲ਼ ਆਪਣੇ ਠਰ੍ਹੰਮੇ ਅਤੇ ਹੁਨਰ ਨੂੰ ਵੀ ਜੋੜ ਦੇਣਗੇ।
ਤਰਜਮਾ: ਕਮਲਜੀਤ ਕੌਰ