ਐੱਸ. ਮੁਥੂਪਚੀ ਸ਼ਾਂਤੀ ਨਾਲ਼ ਆਪਣੀਆਂ ਦਿੱਕਤਾਂ ਬਾਰੇ ਦੱਸਦੀ ਹਨ। ਕਰਾਗੱਟਮ, ਇੱਕ ਪਰੰਪਰਾਗਤ ਕਲਾ ਦਾ ਅਜਿਹਾ ਰੂਪ ਹੈ ਜਿਸ ਦੀ ਪੇਸ਼ਕਾਰੀ ਕਰਕੇ ਉਹ ਆਪਣੀ ਰੋਜ਼ੀਰੋਟੀ ਚਲਾਉਂਦੀ ਹਨ, ਜੋ ਪੂਰੀ ਰਾਤ ਨੱਚਣ ਵਾਸਤੇ ਮੁਹਾਰਤ ਅਤੇ ਤਾਕਤ ਦੀ ਮੰਗ ਕਰਦਾ ਹੈ। ਫਿਰ ਵੀ, ਪ੍ਰਦਰਸ਼ਨ ਕਰਨ ਵਾਲ਼ਿਆਂ ਨਾਲ਼ ਅਕਸਰ ਅਭੱਦਰ ਸਲੂਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਲੰਕਤ ਕੀਤਾ ਜਾਂਦਾ ਹੈ, ਇੰਨਾ ਹੀ ਨਹੀਂ ਉਨ੍ਹਾਂ ਲਈ ਸਮਾਜਿਕ ਸੁਰੱਖਿਆ ਦੀ ਵੀ ਘਾਟ ਹੈ। 44 ਸਾਲਾ ਇਸ ਕਲਾਕਾਰ ਨੇ ਸਾਰਿਆਂ ਨੂੰ ਪਛਾੜ ਦਿੱਤਾ ਹੈ।
10 ਸਾਲ ਪਹਿਲਾਂ ਪਤੀ ਦੀ ਮੌਤ ਹੋਣ ਕਰਕੇ ਇਕੱਲੀ ਮਾਂ ਹੋਣ ਦੇ ਬਾਵਜੂਦ ਮੁਥੂਪਚੀ ਨੇ ਆਪਣੇ ਸਾਰੇ ਖ਼ਰਚਿਆਂ ਦੀ ਪੂਰਤੀ ਆਪਣੀ ਕਮਾਈ ਤੋਂ ਹੀ ਕੀਤੀ, ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੀਆਂ ਦੋ ਧੀਆਂ ਦਾ ਵਿਆਹ ਵੀ ਕੀਤਾ। ਪਰ ਉਦੋਂ ਹੀ, ਕੋਵਿਡ-19 ਨੇ ਦਸਤਕ ਦਿੱਤੀ।
ਜਦੋਂ ਉਹ ਕਰੋਨਾਵਾਇਰਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੀ ਅਵਾਜ਼ ਗੁੱਸੇ ਅਤੇ ਤਕਲੀਫ਼ ਨਾਲ਼ ਭਰ ਗਈ। "ਪਾਜ਼੍ਹਾ ਪੋਨਾ ਕਰੋਨਾ (ਇਹ ਮਨਹੂਸ ਕਰੋਨਾ)," ਉਹ ਇਸ ਬੀਮਾਰੀ ਨੂੰ ਕੋਸਦਿਆਂ ਕਹਿੰਦੀ ਹਨ। "ਕੋਈ ਕਮਾਈ ਨਹੀਂ ਰਹੀ ਕਿਉਂਕਿ ਕੋਈ ਪੇਸ਼ਕਾਰੀ ਹੀ ਨਹੀਂ ਹੁੰਦੀ। ਮੈਨੂੰ ਆਪਣੀਆਂ ਧੀਆਂ ਕੋਲ਼ੋਂ ਉਧਾਰ ਫੜ੍ਹਨ ਲਈ ਮਜ਼ਬੂਰ ਹੋਣਾ ਪਿਆ।" "ਸਰਕਾਰ ਨੇ ਪਿਛਲੇ ਸਾਲ 2,000 ਰੁਪਏ ਸਹਾਇਤਾ ਰਾਸ਼ੀ ਦੇਣ ਦਾ ਵਾਅਦਾ ਕੀਤਾ," ਮੁਥੂਪਚੀ ਕਹਿੰਦੀ ਹਨ। "ਪਰ ਸਿਰਫ਼ 1000 ਰੁਪਏ ਹੀ ਸਾਡੇ ਹੱਥ ਆਏ। ਅਸੀਂ ਇਸ ਸਾਲ ਮਧੁਰਾਈ ਦੇ ਕੁਲੈਕਟਰ ਅੱਗੇ ਅਪੀਲ ਕੀਤੀ ਪਰ ਇਸ ਅਪੀਲ ਵਿੱਚੋਂ ਹਾਲੇ ਤੀਕਰ ਕੁਝ ਬਾਹਰ ਨਹੀ ਨਿਕਲ਼ਿਆ।" ਅਪ੍ਰੈਲ-ਮਈ 2020 ਵਿੱਚ, ਤਮਿਲਨਾਡੂ ਸਰਕਾਰ ਨੇ ਦੋ ਵਾਰ ਲੋਕ ਕਲਾਕਾਰਾਂ ਦੇ ਭਲਾਈ ਫੰਡ ਬੋਰਡ ਵਿੱਚ ਪੰਜੀਕ੍ਰਿਤ ਕਲਾਕਾਰਾਂ ਲਈ 1,000 ਰੁਪਏ ਵਿਸ਼ੇਸ਼ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਸੀ।
ਮਹਾਂਮਾਰੀ ਦੇ ਆਉਣ ਨਾਲ਼ ਮਧੁਰਾਈ ਜਿਲ੍ਹੇ ਅੰਦਰ ਕਰੀਬ 1,200 ਕਲਾਕਾਰ ਬਗ਼ੈਰ ਕੰਮ ਤੋਂ ਸੰਘਰਸ਼ ਕਰਦੇ ਰਹੇ, ਮਧੂਰਾਈ ਗੋਵਿੰਦਰਾਜ ਕਹਿੰਦੀ ਹਨ, ਜੋ ਪ੍ਰਸਿੱਧ ਕਲਾਕਾਰ ਅਤੇ ਲੋਕ ਕਲਾ ਦੇ ਇਸ ਰੂਪ ਦੀ ਅਧਿਆਪਕਾ ਹਨ। ਕਰਾਗੱਟਮ ਦੇ ਕਰੀਬ 120 ਕਲਾਕਾਰ ਅਵਾਨਿਆਪੁਰਮ ਸ਼ਹਿਰ ਦੇ ਅੰਬੇਦਕਰ ਨਗਰ ਦੇ ਗੁਆਂਢ ਵਿੱਚ ਰਹਿੰਦੇ ਹਨ, ਜਿੱਥੇ ਮੈਂ ਮਈ ਮਹੀਨੇ ਵਿੱਚ ਮੁਥੂਪਚੀ ਅਤੇ ਹੋਰਨਾਂ ਨਾਲ਼ ਮਿਲ਼ਿਆ ਸਾੰ।
ਧਾਰਮਿਕ ਤਿਓਹਾਰਾਂ/ਸਮਾਗਮਾਂ ਦੌਰਾਨ, ਸੱਭਿਆਚਾਰਕ ਸਮਾਗਮਾਂ ਅਤੇ ਸਮਾਜਿਕ ਸਮਾਗਮਾਂ ਜਿਵੇਂ ਵਿਆਹ ਅਤੇ ਅੰਤਮ ਸਸਕਾਰਾਂ ਮੌਕੇ ਵੱਡੇ ਪੱਧਰ 'ਤੇ ਇਸ ਗ੍ਰਾਮੀਣ ਨਾਚ, ਕਰਾਗੱਟਮ ਦਾ ਮੰਚਨ ਮੰਦਰਾਂ ਵਿੱਚ ਹੀ ਕੀਤਾ ਜਾਂਦਾ ਹੈ। ਕਲਾਕਾਰ ਆਦਿ ਦ੍ਰਾਵਿੜਾ ਜਾਤੀ ਨਾਲ਼ ਸਬੰਧ ਰੱਖਣ ਵਾਲ਼ੇ ਦਲਿਤ ਹਨ। ਉਹ ਗੁ਼ਜ਼ਾਰੇ ਲਈ ਆਪਣੀ ਕਲਾ 'ਤੇ ਨਿਰਭਰ ਕਰਦੇ ਹਨ।
ਕਰਾਗੱਟਮ ਇੱਕ ਸਮੂਹ ਨਾਚ ਹੈ ਜੋ ਔਰਤਾਂ ਅਤੇ ਪੁਰਸ਼ਾਂ ਦੁਆਰਾ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਿਰਾਂ 'ਤੇ ਸਜੇ ਹੋਏ ਭਾਰੇ ਮਟਕੇ ਟਿਕਾਏ ਹੁੰਦੇ ਹਨ ਜਿਨ੍ਹਾਂ ਨੂੰ ਕਰਾਗਮ ਕਹਿੰਦੇ ਹਨ। ਅਕਸਰ ਉਹ ਪੂਰੀ ਰਾਤ ਪੇਸ਼ਕਾਰੀ ਕਰਦੇ ਹਨ ਜੋ ਰਾਤੀਂ 10 ਵਜੇ ਤੋਂ ਸਵੇਰ ਦੇ 3 ਵਜੇ ਤੱਕ ਹੁੰਦੀ ਹੈ।













