ਸਾਲ ਦੇ ਪਹਿਲੇ ਛੇ ਮਹੀਨੇ ਮਦੁਰਈ ਜਿਲ੍ਹੇ ਦੇ ਟ੍ਰਾਂਸ-ਕਲਾਕਾਰਾਂ ਲਈ ਬੇਹੱਦ ਅਹਿਮ ਸਾਬਤ ਹੁੰਦੇ ਹਨ। ਇਸ ਦੌਰਾਨ, ਪਿੰਡ ਵਿੱਚ ਸਥਾਨਕ ਤਿਓਹਾਰਾਂ ਦਾ ਅਯੋਜਨ ਹੁੰਦਾ ਹੈ ਅਤੇ ਮੰਦਰ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਹਨ। ਪਰ ਤਾਲਾਬੰਦੀ ਦੌਰਾਨ ਵੱਡੇ ਜਨਤਕ ਇਕੱਠਾਂ 'ਤੇ ਲੱਗੀ ਪਾਬੰਦੀ ਨੇ ਤਮਿਲਨਾਡੂ ਦੀਆਂ ਲਗਭਗ 500 ਟ੍ਰਾਂਸ ਮਹਿਲਾ ਕਲਾਕਾਰਾਂ ਨੂੰ ਬੁਰੀ ਤਰ੍ਹਾਂ ਹਲੂਣ ਸੁੱਟਿਆ ਹੈ।
ਉਨ੍ਹਾਂ ਵਿੱਚੋਂ ਇੱਕ ਲੋਕ ਕਲਾਕਾਰ ਮੈਗੀ ਹਨ ਅਤੇ ਮਦੁਰਈ ਤੋਂ 10 ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਸਥਿਤ ਵਿਲਾਂਗੁਡੀ ਕਸਬੇ ਵਿੱਚ ਉਨ੍ਹਾਂ ਦਾ ਦੋ ਕਮਰਿਆਂ ਵਾਲ਼ਾ ਘਰ, ਹੋਰਨਾਂ ਮਹਿਲਾ ਟ੍ਰਾਂਸ ਕਲਾਕਾਰਾਂ ਵਾਸਤੇ ਠ੍ਹਾਰ ਬਣਿਆ ਹੋਇਆ ਹੈ। ਮੈਗੀ ਜਿਲ੍ਹੇ ਦੀਆਂ ਕੁਝ ਉਨ੍ਹਾਂ ਮਹਿਲਾ ਟ੍ਰਾਂਸਾਂ ਵਿੱਚੋਂ ਇੱਕ ਹਨ ਜੋ ਬਿਜਾਈ ਤੋਂ ਬਾਅਦ ਬੀਜ-ਫੁਟਾਲ਼ੇ ਦੇ ਮੌਕੇ ਪਰੰਪਰਾਗਤ ਜਸ਼ਨ ਕੁੰਮੀ ਪੱਟੂ ਵਿੱਚ ਪੇਸ਼ਕਾਰੀ ਕਰਦੀਆਂ ਹਨ। ਹਰ ਸਾਲ ਜੁਲਾਈ ਵਿੱਚ ਤਮਿਲਨਾਡੂ ਵਿੱਚ ਮਨਾਏ ਜਾਣ ਵਾਲ਼ੇ 10-ਦਿਨਾ ਮੁਲਾਈਪਰੀ ਉਤਸਵ ਦੌਰਾਨ, ਮੀਂਹ, ਮਿੱਟੀ ਦੇ ਉਪਜਾਊਪੁਣੇ ਅਤੇ ਚੰਗੇ ਝਾੜ ਲਈ ਦੇਵੀ ਦੇ ਸਾਹਮਣੇ ਇਹ ਗੀਤ ਅਰਦਾਸ ਵਜੋਂ ਗਾਇਆ ਜਾਂਦਾ ਹੈ।
ਉਨ੍ਹਾਂ ਦੇ ਦੋਸਤ ਅਤੇ ਸਹਿਕਰਮੀ ਸਾਰੇ ਹੀ ਇਨ੍ਹਾਂ ਗੀਤਾਂ 'ਤੇ ਨਾਚ ਕਰਦੇ ਹਨ। ਇਹ ਲੰਬੇ ਸਮੇਂ ਤੋਂ ਉਨ੍ਹਾਂ ਲਈ ਆਮਦਨੀ ਦਾ ਇੱਕ ਵਸੀਲਾ ਰਿਹਾ ਹੈ। ਪਰ, ਮਹਾਂਮਾਰੀ ਦੇ ਚੱਲਦਿਆਂ ਲੱਗੀ ਤਾਲਾਬੰਦੀ ਦੇ ਕਾਰਨ, ਇਹ ਉਤਸਵ ਜੁਲਾਈ 2020 ਵਿੱਚ ਅਯੋਜਿਤ ਨਹੀਂ ਕੀਤਾ ਗਿਆ ਅਤੇ ਇਸ ਮਹੀਨੇ ਵੀ ਸੰਭਵ ਨਹੀਂ ਹੋਇਆ ( ਦੇਖੋ : ਮਦੁਰਈ ਦੇ ਟ੍ਰਾਂਸ ਲੋਕ ਕਲਾਕਾਰਾਂ ਦੀ ਦਰਦ ਭਰੀ ਦਾਸਤਾਨ )। ਉਨ੍ਹਾਂ ਦੀ ਆਮਦਨੀ ਦਾ ਦੂਸਰਾ ਪੱਕਾ ਵਸੀਲਾ ਵੀ ਠੱਪ ਹੋ ਗਿਆ ਜਿਸ ਵਿੱਚ ਉਹ ਮਦੁਰਈ ਅਤੇ ਉਹਦੇ ਨੇੜੇ-ਤੇੜੇ ਜਾਂ ਬੰਗਲੁਰੂ ਦੀਆਂ ਦੁਕਾਨਾਂ ਤੋਂ ਪੈਸਾ ਇਕੱਠਾ ਕਰਦੇ ਸਨ। ਇਨ੍ਹਾਂ ਕਾਰਨਾਂ ਕਰਕੇ ਤਾਲਾਬੰਦੀ ਦੌਰਾਨ ਉਨ੍ਹਾਂ ਦੀ ਮਹੀਨੇਵਾਰ ਆਮਦਨੀ ਜੋ 8,000 ਰੁਪਏ ਤੋਂ 10,000 ਰੁਪਏ ਹੁੰਦੀ ਸੀ, ਘੱਟ ਕੇ ਸਿਫ਼ਰ ਹੋ ਗਈ ਹੈ।
ਕੇ. ਸਵੇਸਤਿਕਾ (ਖੱਬੇ) 24 ਸਾਲਾ ਕੁੰਮੀ ਡਾਂਸਰ-ਪਰਫਾਰਮਰ ਹਨ। ਇੱਕ ਟ੍ਰਾਂਸ ਮਹਿਲਾ ਹੋਣ ਨਾਤੇ ਆਪਣੇ ਨਾਲ਼ ਹੁੰਦਾ ਉਤਪੀੜਨ ਬਰਦਾਸ਼ਤ ਨਾ ਕਰਦਿਆਂ ਉਨ੍ਹਾਂ ਨੂੰ ਬੀ.ਏ. ਡਿਗਰੀ ਦੀ ਪੜ੍ਹਾਈ ਬੰਦ ਕਰਨੀ ਪਈ; ਪਰ ਫਿਰ ਵੀ ਉਹ ਉਸ ਪੜ੍ਹਾਈ ਨੂੰ ਪੂਰਿਆਂ ਕਰਨ ਦਾ ਸੁਪਨਾ ਦੇਖਦੀ ਹਨ, ਤਾਂਕਿ ਉਨ੍ਹਾਂ ਨੂੰ ਨੌਕਰੀ ਮਿਲ਼ ਸਕੇ। ਉਹ ਆਪਣੀ ਰੋਜੀ-ਰੋਟੀ ਕਮਾਉਣ ਖਾਤਰ ਦੁਕਾਨਾਂ ਤੋਂ ਪੈਸਾ ਵੀ ਇਕੱਠਾ ਕਰਦੀ ਹਨ, ਪਰ ਉਨ੍ਹਾਂ ਦੇ ਇਸ ਕੰਮ ਅਤੇ ਕਮਾਈ 'ਤੇ ਵੀ ਤਾਲਾਬੰਦੀ ਦਾ ਡੂੰਘਾ ਅਸਰ ਪਿਆ ਹੈ।
25 ਸਾਲ ਦੀ ਬਵਿਆਸ਼੍ਰੀ (ਸੱਜੇ) ਕੋਲਞ ਬੀ.ਕਾਮ ਦੀ ਡਿਗਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ਼ ਰਹੀ ਹੈ। ਉਹ ਵੀ ਇੱਕ ਕੁੰਮੀ ਡਾਂਸਰ-ਪਰਫਾਰਮਰ ਹਨ ਅਤੇ ਕਹਿੰਦੀ ਹਨ ਕਿ ਉਹ ਉਦੋਂ ਹੀ ਖੁਸ਼ ਹੁੰਦੀ ਹਨ, ਜਦੋਂ ਉਹ ਹੋਰ ਟ੍ਰਾਂਸ ਔਰਤਾਂ ਦੇ ਨਾਲ਼ ਹੁੰਦੀ ਹਨ। ਹਾਲਾਂਕਿ, ਉਹ ਮਦੁਰਈ ਵਿੱਚ ਆਪਣੇ ਪਰਿਵਾਰ ਨੂੰ ਮਿਲ਼ਣ ਜਾਣਾ ਚਾਹੁੰਦੀ ਹਨ, ਪਰ ਉੱਥੇ ਜਾਣ ਤੋਂ ਵੀ ਬਚਦੀ ਹਨ, ਇਹਦਾ ਕਾਰਨ ਉਹ ਦੱਸਦੀ ਹਨ,''ਜਦੋਂ ਕਦੇ ਮੈਂ ਘਰ ਜਾਂਦੀ ਮੇਰੇ ਘਰਵਾਲ਼ੇ ਮੈਨੂੰ ਘਰ ਦੇ ਅੰਦਰ ਰਹਿਣ ਲਈ ਕਹਿੰਦੇ। ਉਹ ਮੈਨੂੰ ਕਹਿੰਦੇ ਕਿ ਮੈਂ ਘਰ ਦੇ ਬਾਹਰ ਕਿਸੇ ਨਾਲ਼ ਗੱਲ ਨਾ ਕਰਾਂ!''
ਆਰ. ਸ਼ਿਫਾਨਾ (ਖੱਬੇ) ਇੱਕ 23 ਸਾਲਾ ਕੁੰਮੀ ਡਾਂਸਰ-ਪਰਫਾਰਮਰ ਹਨ, ਜਿਨ੍ਹਾਂ ਨੇ ਟ੍ਰਾਂਸ ਮਹਿਲਾ ਹੋਣ ਕਾਰਨ ਲਗਾਤਾਰ ਸ਼ੋਸ਼ਣ ਦਾ ਸਾਹਮਣਾ ਕੀਤਾ ਅਤੇ ਪੜ੍ਹਾਈ ਦੇ ਦੂਸਰੇ ਸਾਲ ਹੀ ਕਾਲਜ ਜਾਣਾ ਬੰਦ ਕਰ ਦਿੱਤਾ। ਉਨ੍ਹਾਂ ਨੇ ਸਿਰਫ਼ ਆਪਣੇ ਮਾਂ ਦੇ ਮਨਾਉਣ 'ਤੇ ਹੀ ਦੋਬਾਰਾ ਕਾਲਜ ਜਾਣਾ ਸ਼ੁਰੂ ਕੀਤਾ ਅਤੇ ਬੀ.ਕਾਮ ਦੀ ਡਿਗਰੀ ਹਾਸਲ ਕੀਤੀ। ਮਾਰਚ 2020 ਵਿੱਚ ਤਾਲਾਬੰਦੀ ਸ਼ੁਰੂ ਹੋਣ ਤੱਕ, ਉਹ ਮਦੁਰਈ ਵਿੱਚ ਦੁਕਾਨਾਂ ਤੋਂ ਪੈਸਾ ਇਕੱਠਾ ਕਰਕੇ ਆਪਣੀ ਰੋਜ਼ੀਰੋਟੀ ਚਲਾਉਂਦੀ ਰਹੀ ਸਨ।
ਵੀ. ਅਰਾਸੀ (ਵਿਚਕਾਰ) 34 ਸਾਲ ਦੀ ਇੱਕ ਕੁੰਮੀ ਡਾਂਸਰ-ਪਰਫਾਰਮਰ ਹਨ, ਜਿਨ੍ਹਾਂ ਨੇ ਤਮਿਲ ਸਾਹਿਤ ਵਿੱਚ ਮਾਸਟਰ (ਪੀ.ਜੀ.) ਕੀਤਾ ਹੈ, ਨਾਲ਼ ਹੀ ਐੱਮ.ਫਿਲ. ਅਤੇ ਬੀ.ਐੱਡ. ਵੀ ਕੀਤੀ ਹੈ। ਆਪਣੇ ਸਹਿਪਾਠੀਆਂ ਦੁਆਰਾ ਤੰਗ ਕੀਤੇ ਜਾਣ ਦੇ ਬਾਵਜੂਦ, ਉਨ੍ਹਾਂ ਨੇ ਆਪਣਾ ਪੂਰਾ ਧਿਆਨ ਪੜ੍ਹਾਈ ਵੱਲ ਹੀ ਕੇਂਦਰਿਤ ਕੀਤਾ। ਇਹਦੇ ਬਾਅਦ, ਉਨ੍ਹਾਂ ਨੇ ਨੌਕਰੀ ਵਾਸਤੇ ਕਈ ਥਾਵਾਂ 'ਤੇ ਅਪਲਾਈ ਵੀ ਕੀਤਾ, ਪਰ ਨੌਕਰੀ ਮਿਲ਼ੀ ਨਹੀਂ। ਤਾਲਾਬੰਦੀ ਤੋਂ ਪਹਿਲਾਂ ਉਨ੍ਹਾਂ ਨੂੰ ਵੀ ਆਪਣੇ ਖਰਚੇ ਚੁੱਕਣ ਵਾਸਤੇ ਦੁਕਾਨਾਂ ਤੋਂ ਪੈਸਾ ਇਕੱਠਾ ਕਰਨ ਦਾ ਕੰਮ ਹੀ ਕਰਨਾ ਪੈਂਦਾ ਸੀ।
ਆਈ. ਸ਼ਾਲਿਨੀ (ਸੱਜੇ) ਇੱਕ 30 ਸਾਲਾ ਕੁੰਮੀ ਡਾਂਸਰ-ਪਰਫਾਰਮਰ ਹਨ, ਜਿਨ੍ਹਾਂ ਨੇ ਲਗਾਤਾਰ ਹੋ ਰਹੇ ਉਤਪੀੜਨ ਤੋਂ ਹਾਰ ਕੇ, 11ਵੀਂ ਜਮਾਤ ਵਿੱਚ ਹੀ ਹਾਈ ਸਕੂਲ ਛੱਡ ਦਿੱਤਾ ਸੀ। ਉਹ ਕਰੀਬ 15 ਸਾਲਾਂ ਤੋਂ ਦੁਕਾਨਾਂ ਤੋਂ ਪੈਸਾ ਇਕੱਠਾ ਕਰ ਰਹੀ ਹਨ ਅਤੇ ਨਾਚ ਕਰ ਰਹੀ ਹਨ, ਪਰ ਜਦੋਂ ਤੋਂ ਤਾਲਾਬੰਦੀ ਹੋਈ ਹੈ, ਉਹ ਖ਼ਰਚਿਆਂ ਵਾਸਤੇ ਸੰਘਰਸ਼ ਕਰ ਰਹੀ ਹਨ। ਸ਼ਾਲਿਨੀ ਕਹਿੰਦੀ ਹਨ ਕਿ ਉਨ੍ਹਾਂ ਨੂੰ ਮਾਂ ਦੀ ਬੜੀ ਯਾਦ ਆਉਂਦੀ ਹੈ ਅਤੇ ਉਹ ਚਾਹੁੰਦੀ ਹਨ ਕਿ ਉਹ ਉਨ੍ਹਾਂ ਦੇ ਨਾਲ਼ ਹੀ ਰਹਿਣ। ਉਹ ਅੱਗੇ ਦੱਸਦੀ ਹਨ,''ਮੇਰੇ ਮਰਨ ਤੋਂ ਪਹਿਲਾਂ, ਕਾਸ਼ ਮੇਰੇ ਪਿਤਾ ਮੇਰੇ ਨਾਲ਼ ਇੱਕ ਵਾਰ ਤਾਂ ਗੱਲ ਕਰ ਲੈਣ।''
ਤਰਜਮਾ: ਕਮਲਜੀਤ ਕੌਰ