ਅਹਿਮਦਬਾਦ ਦੇ ਅਸਮਾਨੀਂ ਉੱਡਦੇ ਇਹ ਹਜ਼ਾਰਾਂ ਹਜ਼ਾਰ ਰੰਗ-ਬਿਰੰਗੇ ਜਹਾਜ। ਅਸਮਾਨੀਂ ਤੈਰਦੇ ਇਨ੍ਹਾਂ ਕਾਗ਼ਜ਼ੀ ਜਹਾਜ਼ਾਂ ਦਾ ਨਜ਼ਾਰਾ ਕਿਸੇ ਪਰੇਡ ਨਾਲ਼ੋਂ ਘੱਟ ਨਹੀਂ। ਉਨ੍ਹਾਂ ਨੂੰ ਉਡਾਉਣ ਵਾਲ਼ੇ ਪਾਈਲਟ ਅਤੇ ਮਾਲਕ ਦੋਵੇਂ ਹੀ ਆਮ ਲੋਕ ਹਨ। ਉਨ੍ਹਾਂ ਵਿੱਚੋਂ ਕੋਈ ਨਹੀਂ ਜਾਣਦਾ ਕਿ ਜਿਸ ਪਤੰਗ (ਜਹਾਜ਼) ਨੂੰ ਉਹ ਉਡਾ ਰਹੇ ਹਨ ਉਸਨੂੰ ਬਣਾਉਣ ਵਾਸਤੇ, ਉਹਦੇ ਅਸਮਾਨੀਂ ਉੱਡਦੇ ਰਹਿਣ ਵਾਸਤੇ ਅਤੇ ਇਸ ਪੂਰੇ ਉਦਯੋਗ ਅੰਦਰ ਜਾਨ-ਫੂਕਣ ਵਾਸਤੇ ਪੂਰੇ ਅੱਠ ਕਰਮੀਆਂ ਦਾ ਇੱਕ ਦਲ ਇੱਕ ਸਾਲ ਤੋਂ ਕੰਮ ਕਰਦਾ ਰਿਹਾ ਹੈ। ਬਹੁਤੇਰੇ ਕਰਮੀ ਔਰਤਾਂ ਹਨ ਜੋ ਕਿ ਗ੍ਰਾਮੀਣ ਜਾਂ ਛੋਟੇ ਸ਼ਹਿਰਾਂ ਤੋਂ ਹਨ ਅਤੇ ਆਪਣੀਆਂ ਨਾਜ਼ੁਕ ਉਂਗਲਾਂ ਦੇ ਨਾਲ਼ ਇਸ ਪੇਚੀਦਾ ਅਤੇ ਔਖ਼ੇ ਕੰਮ ਨੂੰ ਨੇਪਰੇ ਚਾੜ੍ਹਦੀਆਂ ਹਨ ਅਤੇ ਬਦਲੇ ਵਿੱਚ ਬਹੁਤ ਹੀ ਨਿਗੂਣੀ ਕਮਾਈ ਕਰਦੀਆਂ ਹਨ... ਉਹ ਔਰਤਾਂ ਜਿਨ੍ਹਾਂ ਨੇ ਖ਼ੁਦ ਕਦੇ ਇੰਨੀ ਉੱਚੀ ਉਡਾਰੀ ਨਹੀਂ ਭਰੀ ਹੋਣੀ।
ਮਕਰ ਸੰਕ੍ਰਾਂਤੀ (ਮਾਘੀ) ਦਾ ਸਮਾਂ ਹੈ ਅਤੇ ਹਿੰਦੂਆਂ ਦੇ ਇਸ ਤਿਓਹਾਰ ਦੇ ਜਸ਼ਨ ਵਿੱਚ ਸ਼ਹਿਰ ਦੇ ਅਸਮਾਨੀਂ ਰੰਗ-ਬਿਰੰਗੀਆਂ ਪਤੰਗਾਂ ਉਡਾਈਆਂ ਜਾਣੀਆਂ ਹਨ, ਗੁਜਰਾਤ ਦੇ ਅਹਿਮਾਦਾਬਾਦ ਵਿੱਚ ਅਤੇ ਅਨੰਦ ਜ਼ਿਲ੍ਹੇ ਦੇ ਖੰਭਾਤ ਤਾਲੁਕਾ ਵਿਖੇ ਤਿਆਰ ਹੋਣ ਵਾਲ਼ੀਆਂ ਇਹ ਪਤੰਗਾਂ, ਮੁਸਲਮਾਨ ਔਰਤਾਂ ਅਤੇ ਹਿੰਦੂ ਚੁਨਾਰਾ ਭਾਈਚਾਰੇ ਦੀਆਂ ਔਰਤਾਂ ਵੱਲੋਂ ਬਣਾਈਆਂ ਜਾਂਦੀਆਂ ਹਨ। ਜ਼ਾਹਰ ਹੈ ਇਨ੍ਹਾਂ ਪਤੰਗਾਂ ਨੂੰ ਵੱਡੀ ਗਿਣਤੀ ਵਿੱਚ ਉਡਾਉਣ ਵਾਲ਼ੇ ਵੀ ਹਿੰਦੂ ਹੀ ਹੋਣਗੇ।
14 ਜਨਵਰੀ ਨੂੰ ਅਸਮਾਨ ਨੂੰ ਸਜਾਉਣ ਵਾਲ਼ੀਆਂ ਇਨ੍ਹਾਂ ਰੰਗ-ਬਿਰੰਗੀਆਂ ਪਤੰਗਾਂ ਨੂੰ ਤਿਆਰ ਕਰਨ ਲਈ ਇਹ ਔਰਤਾਂ ਸਾਲ ਦੇ 10 ਮਹੀਨੇ ਤੋਂ ਵੱਧ ਸਮਾਂ ਕੰਮ ਕਰਦੀਆਂ ਹਨ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਨਿਗੂਣੇ ਪੈਸੇ ਮਿਲ਼ਦੇ ਹਨ। ਗੁਜਰਾਤ ਦੇ 625 ਕਰੋੜ ਰੁਪਏ ਦੇ ਉਦਯੋਗ ਕੰਮੀਂ ਲੱਗੇ 1.28 ਲੱਖ ਲੋਕਾਂ ਵਿੱਚ ਹਰ 10 ਵਿਅਕਤੀਆਂ ਪਿੱਛੇ 7 ਔਰਤਾਂ ਕੰਮ ਕਰਦੀਆਂ ਹਨ।
''ਇੱਕ ਪਤੰਗ ਮੁਕੰਮਲ ਹੋਣ ਤੋਂ ਪਹਿਲਾਂ ਸੱਤ ਹੱਥਾਂ 'ਚੋਂ ਨਿਕਲ਼ਦੀ ਹੈ,'' 40 ਸਾਲਾ ਸਬਿਨ ਅੱਬਾਸ ਨਿਆਜ ਹੂਸੈਨ ਮਲਿਕ ਕਹਿੰਦੇ ਹਨ। ਅਸੀਂ ਖੰਭਾਤ ਦੇ ਲਾਲ ਮਹਿਲ ਇਲਾਕੇ ਦੀ ਇੱਕ ਭੀੜੀ ਜਿਹੀ ਗਲ਼ੀ ਵਿੱਚ ਉਨ੍ਹਾਂ ਦੀ 12x10 ਫੁੱਟੀ ਘਰਨੁਮਾ ਦੁਕਾਨ ਅੰਦਰ ਬੈਠੇ ਹੋਏ ਹਾਂ ਅਤੇ ਉਹ ਸਾਨੂੰ ਬਾਹਰੋਂ ਸੋਹਣੇ ਜਾਪਦੇ, ਲਿਸ਼ਕੋਰਾਂ ਛੱਡਦੇ ਇਸ ਉਦਯੋਗ ਦੇ ਹਨ੍ਹੇਰੇ ਪੱਖਾਂ ਬਾਰੇ ਸੁਚੇਤ ਕਰ ਰਹੇ ਹਨ, ਪਤੰਗਾਂ ਦੀ ਖੇਪ ਦੁਆਲ਼ੇ ਲਪੇਟਿਆ ਚਾਂਦੀ ਜਿਹਾ ਵਰਕ ਵੀ ਲਿਸ਼ਕਾਂ ਮਾਰ ਰਿਹਾ ਹੈ ਅਤੇ ਹੁਣ ਇਹ ਖੇਪ ਦੁਕਾਨਾਂ 'ਤੇ ਜਾਣ ਲਈ ਤਿਆਰ ਹੈ।


















