''ਮੈਂ ਸੁਣਿਆ ਏ ਕਿ ਸਰਕਾਰੀ ਸਕੀਮਾਂ ਜ਼ਰੀਏ ਕਈ ਲੋਕਾਂ ਨੇ ਵਧੀਆ ਨੌਕਰੀਆਂ ਪਾਈਆਂ ਅਤੇ ਆਪੋ-ਆਪਣੀ ਜ਼ਿੰਦਗੀ ਲੀਹ 'ਤੇ ਲੈ ਆਂਦੀ,'' ਗੌਰੀ ਕਹਿੰਦੀ ਹਨ। ''ਟੈਲਵਿਜ਼ਨ ਦੀ ਇੱਕ ਖ਼ਬਰ (ਇਸ਼ਤਿਹਾਰ) ਤੋਂ ਮੈਨੂੰ ਇਹ ਪਤਾ ਲੱਗਿਆ।''
ਹਾਲਾਂਕਿ ਗੌਰੀ ਵਘੇਲਾ ਨੂੰ ਅਜਿਹਾ ਇੱਕ ਵੀ ਵਿਅਕਤੀ ਨਹੀਂ ਮਿਲ਼ਿਆ ਜਿਹਨੂੰ ਅਜਿਹੀ ਨੌਕਰੀ ਮਿਲ਼ੀ ਹੋਵੇ ਜਾਂ ਉਹਨੇ ਸਰਕਾਰੀ ਸਕੀਮਾਂ ਦਾ ਲਾਹਾ ਲਿਆ ਹੋਵੇ, ਜਿਵੇਂ ਕਿ ਇਸ਼ਤਿਹਾਰ ਦਾਅਵਾ ਕਰਦੇ ਹਨ। ਸੱਚਾਈ ਤਾਂ ਇਹ ਹੈ ਕਿ ਗੌਰੀ ਦੇ ਸਾਹਮਣੇ ਵੀ ਮਾਮੂਲੀ ਤੋਂ ਮਾਮੂਲੀ ਨੌਕਰੀ ਦੇ ਵਿਕਲਪ ਵੀ ਸੀਮਤ ਹੀ ਹਨ। ''ਮੈਂ ਸਰਕਾਰ ਦੁਆਰਾ ਸੰਚਾਲਤ ਹੁਨਰ ਵਿਕਾਸ ਦਾ ਕੋਰਸ ਕੀਤਾ ਹੋਇਆ ਹੈ ਅਤੇ ਮੈਂ ਸਿਲਾਈ ਮਸ਼ੀਨ ਵੀ ਚਲਾ ਸਕਦੀ ਹਾਂ,'' ਇਸ 19 ਸਾਲਾ ਕੁੜੀ ਦਾ ਕਹਿਣਾ ਹੈ। ''ਮੈਨੂੰ ਨੌਕਰੀ (ਕੱਪੜਾ ਮਿੱਲ ਵਿੱਚ) ਮਿਲ਼ੀ ਸੀ। ਪਰ 8 ਘੰਟਿਆਂ ਦੀ ਸ਼ਿਫ਼ਟ ਬਦਲੇ ਮੈਨੂੰ ਮਹੀਨਾ ਦਾ ਸਿਰਫ਼ 4000 ਰੁਪਿਆ ਹੀ ਮਿਲ਼ਦਾ। ਹੋਰ ਤਾਂ ਹੋਰ ਇਹ ਮਿੱਲ ਮੇਰੇ ਘਰੋਂ 6 ਕਿਲੋਮੀਟਰ ਦੂਰ ਵੀ ਸੀ। ਮੇਰੀ ਪੂਰੀ ਕਮਾਈ ਖਾਣ-ਪੀਣ ਅਤੇ ਕਿਰਾਏ 'ਤੇ ਹੀ ਖ਼ਰਚ ਹੋ ਜਾਇਆ ਕਰਦੀ। ਇਸਲਈ ਦੋ ਮਹੀਨਿਆਂ ਬਾਅਦ ਮੈਂ ਕੰਮ ਛੱਡ ਦਿੱਤਾ।'' ਅੱਗੇ ਬੋਲਣ ਤੋਂ ਪਹਿਲਾਂ ਉਹ ਹੱਸਦੀ ਹੈ ਅਤੇ ਕਹਿੰਦੀ ਹੈ,''ਹੁਣ... ਹੁਣ ਮੈਂ ਘਰੇ ਰਹਿ ਕੇ ਲੋਕਾਂ ਦੇ ਕੱਪੜੇ ਸਿਊਂਦੀ ਹਾਂ ਅਤੇ ਇੱਕ ਜੋੜੀ ਕੱਪੜਾ ਸਿਊਣ ਬਦਲੇ 100 ਰੁਪਿਆ ਲੈਂਦੀ ਹਾਂ। ਪਰ ਪਿਛਲੇ ਇੱਕ ਸਾਲ ਤੋਂ ਇੱਥੋਂ ਦੇ ਬਾਸ਼ਿੰਦਿਆਂ ਨੇ ਸਿਰਫ਼ ਦੋ ਜੋੜੀ ਕੱਪੜੇ ਹੀ ਸਿਲਾਏ ਹੋਣੇ, ਸੋ ਮੈਨੂੰ ਬਹੁਤੀ ਕਮਾਈ ਨਹੀਂ ਹੁੰਦੀ!''
ਅਸੀਂ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਭੁਜ ਸ਼ਹਿਰ ਦੀ ਰਾਮਨਗਰੀ ਝੁੱਗੀ ਬਸਤੀ ਦੀਆਂ ਨੌਜਵਾਨ ਔਰਤਾਂ ਦੇ ਇੱਕ ਸਮੂਹ ਨਾਲ਼ ਗੱਲ ਕਰ ਰਹੇ ਹਾਂ। ਸਾਡੀ ਪੂਰੀ ਗੁਫ਼ਤਗੂ ਅੱਜ, ਯਾਨਿ ਕਿ 23 ਅਪ੍ਰੈਲ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ 'ਤੇ ਹੀ ਕੇਂਦਰਤ ਹੈ।
2014 ਦੀਆਂ ਚੋਣਾਂ ਵਿੱਚ, ਕੱਛ ਦੇ ਪੰਜੀਕ੍ਰਿਤ ਲਗਭਗ 15.34 ਲੱਖ ਵੋਟਰਾਂ ਵਿੱਚੋਂ 9.47 ਲੱਖ ਲੋਕਾਂ ਨੇ ਵੋਟਾਂ ਪਾਈਆਂ ਸਨ, ਭਾਰਤੀ ਜਨਤਾ ਪਾਰਟੀ ਨੇ ਰਾਜ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਕੱਛ ਦੇ ਸਾਂਸਦ ਵਿਨੋਦ ਚਾਵੜਾ ਨੇ ਆਪਣੇ ਨੇੜਲੇ ਪ੍ਰਤਿਪੱਖੀ (ਵਿਰੋਧੀ) ਕਾਂਗਰਸ ਪਾਰਟੀ ਦੇ ਡਾ. ਦਿਨੇਸ਼ ਪਰਮਾਰ ਨੂੰ 2.5 ਲੱਖ ਤੋਂ ਵੱਧ ਵੋਟਾਂ ਨਾਲ਼ ਹਰਾਇਆ ਸੀ। ਇਸ ਤੋਂ ਇਲਾਵਾ, 2017 ਵਿੱਚ ਗੁਜਰਾਤ ਦੀਆਂ 182 ਸੀਟਾਂ ਵਾਲ਼ੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ, ਭਾਜਪਾ ਨੂੰ ਜਿਨ੍ਹਾਂ 99 ਚੋਣ ਹਲਕਿਆਂ ਵਿੱਚ ਜਿੱਤ ਹਾਸਲ ਕੀਤੀ ਸੀ ਉਨ੍ਹਾਂ ਵਿੱਚੋਂ ਇੱਕ ਭੁਜ ਹਲਕਾ ਵੀ ਸੀ। ਕਾਂਗਰਸ ਨੂੰ 77 ਸੀਟਾਂ ਮਿਲ਼ੀਆਂ ਸਨ।
ਰਾਮਨਗਰੀ ਦੇ ਬਹੁਤੇਰੇ ਨਿਵਾਸੀ ਕੱਛ ਦੇ ਪੇਂਡੂ ਇਲਾਕਿਆਂ ਦੇ ਪ੍ਰਵਾਸੀ ਹਨ, ਜੋ ਕੰਮ ਦੀ ਭਾਲ਼ ਵਿੱਚ ਇੱਥੇ ਆਏ ਅਤੇ ਇੱਥੇ ਹੀ ਵੱਸ ਗਏ। ਕਰੀਬ 150,000 ਲੋਕਾਂ ਦੀ ਅਬਾਦੀ ਵਾਲ਼ੇ ਸ਼ਹਿਰ (ਮਰਦਮਸ਼ੁਮਾਰੀ 2011), ਭੁਜ ਵਿੱਚ ਅਜਿਹੀਆਂ ਕਰੀਬ 78 ਕਲੋਨੀਆਂ ਹਨ ਜਿੱਥੇ ਗੁਜਰਾਤ ਦੇ ਪੇਂਡੂ ਇਲਾਕਿਆਂ ਦੇ ਪ੍ਰਵਾਸੀ ਰਹਿੰਦੇ ਹਨ, ਭੁਜ ਵਿਖੇ ਔਰਤਾਂ ਦੇ ਨਾਲ਼ ਕੰਮ ਕਰਨ ਵਾਲ਼ੇ ਸੰਗਠਨ, ਕੱਛ ਮਹਿਲਾ ਵਿਕਾਸ ਸੰਗਠਨ ਦੀ ਕਾਰਜਕਾਰੀ ਨਿਰਦੇਸ਼ਕਾ ਅਰੁਣਾ ਢੋਲਕੀਆ ਦੱਸਦੀ ਹਨ।
ਰਾਮਨਗਰੀ ਦੀਆਂ ਜਿਹੜੀਆਂ 13 ਔਰਤਾਂ ਨਾਲ਼ ਸਾਡੀ ਮੁਲਾਕਾਤ ਹੋਈ ਉਨ੍ਹਾਂ ਸਾਰੀਆਂ ਦੀ ਉਮਰ 17 ਸਾਲ ਤੋਂ 23 ਸਾਲਾਂ ਵਿਚਕਾਰ ਹੀ ਹੈ। ਇਨ੍ਹਾਂ ਵਿੱਚੋਂ ਕੁਝ ਤਾਂ ਇੱਥੇ ਹੀ ਪੈਦਾ ਹੋਈਆਂ ਅਤੇ ਕੁਝ ਆਪਣੇ ਮਾਪਿਆਂ ਦੇ ਨਾਲ਼ ਭੁਜ ਆਈਆਂ ਸਨ। ਇਨ੍ਹਾਂ ਵਿੱਚੋਂ ਸਿਰਫ਼ ਪੂਜਾ ਵਾਘੇਲਾ ਹੀ ਹਨ ਜਿਨ੍ਹਾਂ ਨੇ ਪਹਿਲਾਂ ਵੀ ਕਦੇ (2017 ਵਿਧਾਨ ਸਭਾ ਚੋਣਾਂ ਵਿੱਚ) ਵੋਟ ਪਾਈ ਹੈ। ਗੌਰੀ ਸਣੇ ਹੋਰ ਕਿਸੇ ਨੇ ਵੀ ਵੋਟ ਪਾਉਣ ਲਈ ਪੰਜੀਕਰਣ ਨਹੀਂ ਕਰਾਇਆ, ਜਦੋਂਕਿ ਉਨ੍ਹਾਂ ਦੀ ਉਮਰ 18 ਸਾਲ ਜਾਂ ਥੋੜ੍ਹੀ ਵੱਧ ਹੈ।
ਇਨ੍ਹਾਂ ਸਾਰੀਆਂ (ਔਰਤਾਂ/ਕੁੜੀਆਂ) ਨੇ ਪ੍ਰਾਇਮਰੀ ਸਕੂਲ ਤੱਕ ਪੜ੍ਹਾਈ ਕੀਤੀ ਹੈ, ਪਰ 5ਵੀਂ ਅਤੇ 8ਵੀਂ ਤੋਂ ਬਾਅਦ ਬਹੁਤੇਰੀਆਂ ਨੇ ਪੜ੍ਹਾਈ ਛੱਡ ਦਿੱਤੀ, ਜਿਵੇਂ ਕਿ ਗੌਰੀ ਨੇ ਕੀਤਾ। ਉਹਨੇ ਭੁਜ ਤਾਲੁਕਾ ਦੇ ਕੋਡਕੀ ਪਿੰਡ ਵਿਖੇ ਰਾਜ ਦੁਆਰਾ ਸੰਚਾਲਤ ਬੋਰਡਿੰਗ ਸਕੂਲ ਵਿੱਚ 6ਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ। ਇਨ੍ਹਾਂ ਵਿੱਚੋਂ ਸਿਰਫ਼ ਇੱਕ, ਗੌਰੀ ਦੀ ਛੋਟੀ ਭੈਣ ਚੰਪਾ ਵਾਘੇਲਾ ਨੇ ਅੱਗੇ ਪੜ੍ਹਾਈ ਕੀਤੀ ਹੈ ਅਤੇ ਹਾਲੇ 10ਵੀਂ ਜਮਾਤ ਵਿੱਚ ਹੈ। ਅੱਧੀਆਂ ਔਰਤਾਂ ਤਾਂ ਅਜਿਹੀਆਂ ਹਨ ਜੋ ਪੜ੍ਹ-ਲਿਖ ਨਹੀਂ ਸਕਦੀਆਂ, ਹਾਲਾਂਕਿ ਇਨ੍ਹਾਂ ਵਿੱਚ ਕੁਝ ਕੁ ਅਜਿਹੀਆਂ ਵੀ ਹਨ ਜਿਨ੍ਹਾਂ ਨੇ 5ਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ।
ਵਨੀਤਾ ਬਢਿਆਰਾ ਜਦੋਂ 5ਵੀਂ ਜਮਾਤ ਵਿੱਚ ਸਨ ਤਾਂ ਉਨ੍ਹਾਂ ਦਾ ਸਕੂਲ ਜਾਣਾ ਬੰਦ ਹੋ ਗਿਆ। ਉਨ੍ਹਾਂ ਨੇ ਆਪਣੇ ਦਾਦਾ-ਦਾਦੀ ਨੂੰ ਦੱਸਿਆ ਕਿ ਇੱਕ ਮੁੰਡਾ ਉਨ੍ਹਾਂ ਦਾ ਪਿੱਛਾ ਕਰਦਾ ਹੈ ਅਤੇ ਉਨ੍ਹਾਂ ਨੂੰ ਡਰ ਲੱਗ ਰਿਹਾ ਹੈ, ਇਹ ਸੁਣ ਉਨ੍ਹਾਂ ਨੇ ਵਨੀਤਾ ਨੂੰ ਹੀ ਸਕੂਲੋਂ ਹਟਾ ਲਿਆ। ਉਹ ਇੱਕ ਚੰਗੀ ਗਾਇਕਾ ਹਨ ਅਤੇ ਇੱਕ ਸੰਗੀਤ ਮੰਡਲੀ ਵੱਲੋਂ ਉਨ੍ਹਾਂ ਨੂੰ ਨਾਲ਼ ਕੰਮ ਦੀ ਪੇਸ਼ਕਸ਼ ਕੀਤੀ ਗਈ। ''ਪਰ ਮੰਡਲੀ ਵਿੱਚ ਕਈ ਮੁੰਡੇ ਸਨ, ਇਸਲਈ ਮੇਰੇ ਮਾਪਿਆਂ ਨੇ ਮੈਨੂੰ ਆਗਿਆ ਨਾ ਦਿੱਤੀ,'' ਉਹ ਕਹਿੰਦੀ ਹਨ। ਵਨੀਤਾ, ਆਪਣੇ ਭੈਣ-ਭਰਾਵਾਂ ਨਾਲ਼ ਮਿਲ਼ ਕੇ ਬਾਂਧਨੀ ਦਾ ਕੰਮ ਕਰਦੀ ਹਨ। ਇਹ ਇੱਕ ਟਾਈ-ਐਂਡ-ਡਾਈ (ਰੰਗਾਈ ਦਾ ਇੱਕ ਤਰੀਕਾ) ਦਾ ਕੰਮ ਹੈ ਜਿੱਥੇ ਉਨ੍ਹਾਂ ਨੂੰ 1000 ਗੰਢਾਂ ਬੰਨ੍ਹਣ ਵਾਸਤੇ 150 ਰੁਪਏ ਮਿਲ਼ਦੇ ਹਨ ਅਤੇ ਇੰਝ ਉਹ ਮਹੀਨੇ ਦਾ 1,000-1,500 ਰੁਪਏ ਕਮਾ ਲੈਂਦੇ ਹਨ।
22 ਸਾਲਾ ਇਹ ਮੁਟਿਆਰ ਇਹ ਦੇਖਣ ਵਿੱਚ ਅਸਮਰੱਥ ਹੈ ਕਿ ਵੋਟਾਂ ਉਨ੍ਹਾਂ ਦੇ ਜੀਵਨ ਵਿੱਚ ਕੀ ਬਦਲਾਅ ਲਿਆ ਸਕਦੀਆਂ ਹਨ। ''ਸਾਡਾ ਜੀਵਨ ਤਾਂ ਕਈ ਸਾਲਾਂ ਤੋਂ ਗੁਸਲ/ਪਖ਼ਾਨੇ ਤੋਂ ਵੀ ਵਿਰਵਾ ਹੈ ਅਤੇ ਖੁੱਲ੍ਹੇ ਵਿੱਚ ਹੀ ਸਾਨੂੰ ਜੰਗਲ ਪਾਣੀ ਜਾਣਾ ਪੈਂਦਾ ਹੈ। ਰਾਤ-ਬਰਾਤੇ ਬਾਹਰ ਜਾਣ ਤੋਂ ਸਾਨੂੰ ਡਰ ਆਉਂਦਾ ਹੈ। ਸਾਡੇ ਵਿੱਚੋਂ ਕਈਆਂ ਦੇ ਘਰ ਦੇ ਬਾਹਰ ਆਪੋ-ਆਪਣੇ ਗ਼ੁਸਲ ਹਨ ਪਰ ਉਨ੍ਹਾਂ ਵਿੱਚੋਂ ਵੀ ਕਈ ਸੀਵਰਾਂ ਦੇ ਨਾਲ਼ ਨਹੀਂ ਜੁੜੇ, ਇਸਲਈ ਵਰਤੋਂ ਹੇਠ ਨਹੀਂ ਹਨ। ਇਸ ਬਸਤੀ ਦੇ ਸਭ ਤੋਂ ਮੁਫ਼ਲਿਸ ਲੋਕਾਂ ਨੂੰ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣਾ ਪੈਂਦਾ ਹੈ।''
ਇਨ੍ਹਾਂ ਇਕੱਠੀਆਂ ਹੋਈਆਂ ਔਰਤਾਂ ਦੇ ਪਰਿਵਾਰਾਂ ਦੇ ਪੁਰਸ਼ ਰਸੋਈਏ, ਆਟੋ-ਰਿਕਸ਼ਾ ਚਾਲਕ, ਫਲ ਵੇਚਣ ਵਾਲ਼ੇ ਅਤੇ ਮਜ਼ਦੂਰ ਵਜੋਂ ਕੰਮ ਕਰਦੇ ਹਨ। ਕਈ ਨੌਜਵਾਨ ਔਰਤਾਂ ਘਰਾਂ ਜਾਂ ਰੇਸਤਰਾਂ ਵਿਖੇ ਨੌਕਰਾਣੀ ਦਾ ਕੰਮ ਕਰਦੀਆਂ ਹਨ। ''ਮੈਂ ਅਤੇ ਮੇਰੀ ਮਾਂ ਪਾਰਟੀ ਕੈਟਰਸਾਂ ਦੇ ਨਾਲ਼ ਕੰਮ ਕਰਦੀਆਂ ਹਨ ਅਤੇ ਸਾਡਾ ਕੰਮ ਸ਼ਾਮੀਂ 4 ਵਜੇ ਤੋਂ ਲੈ ਕੇ ਅੱਧੀ ਰਾਤ ਤੱਕ ਚੱਲਦਾ ਹੈ ਜਿੱਥੇ ਅਸੀਂ ਰੋਟੀਆਂ ਪਕਾਉਂਦੀਆਂ ਅਤੇ ਜੂਠੇ ਭਾਂਡੇ ਮਾਂਜਦੀਆਂ ਹਾਂ,'' 23 ਸਾਲਾ ਪੂਜਾ ਵਾਘੇਲਾ ਕਹਿੰਦੀ ਹਨ। ''ਇਸ ਕੰਮ ਬਦਲੇ ਸਾਨੂੰ ਸਿਰਫ਼ 200-200 ਰੁਪਏ ਦਿਹਾੜੀ ਮਿਲ਼ਦੀ ਹੈ। ਜੇ ਅਸੀਂ ਕਿਸੇ ਦਿਨ ਛੁੱਟੀ/ਅੱਧੀ ਛੁੱਟੀ ਕਰ ਲਈਏ ਤਾਂ ਸਾਡੀ ਦਿਹਾੜੀ ਜ਼ਰੂਰ ਕੱਟੀ ਜਾਂਦੀ ਹੈ ਪਰ ਵਾਧੂ ਕੰਮ ਕਰਨ ਦੇ ਪੈਸੇ ਕਦੇ ਨਹੀਂ ਮਿਲ਼ਦੇ। ਅਕਸਰ ਸਾਨੂੰ ਜ਼ਿਆਦਾ ਕਾਮ ਕਰਨਾ ਹੀ ਪੈਂਦਾ ਹੈ।
ਪੂਜਾ ਅਤੇ ਹੋਰਨਾਂ ਔਰਤਾਂ ਨੂੰ ਇਹੀ ਲੱਗਦਾ ਹੈ ਕਿ ਜੇ ਮਹਿਲਾ ਸਾਂਸਦ ਹੋਣ ਤਾਂ ਉਹ ਉਨ੍ਹਾਂ ਦੇ ਭਾਈਚਾਰਿਆਂ ਦੀਆਂ ਚਿੰਤਾਵਾਂ ਪ੍ਰਤੀ ਵੱਧ ਜਵਾਬਦੇਹ ਹੋਣਗੀਆਂ। ''ਜੇ ਸਾਡੇ ਜਿਹਾ ਗ਼ਰੀਬ ਬੰਦਾ ਨੇਤਾ ਬਣਨਾ ਚਾਹੇ ਤਾਂ ਉਹਦੇ ਕੋਲ਼ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ,'' ਗੌਰੀ ਕਹਿੰਦੀ ਹਨ। ''ਜੇ ਸੰਸਦ ਦਾ ਅੱਧਾ ਹਿੱਸਾ ਔਰਤਾਂ ਹੋਣ ਤਾਂ ਉਹ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਣਗੀਆਂ ਅਤੇ ਘੱਟੋ-ਘੱਟ ਸਾਡੇ ਜਿਹੀਆਂ ਔਰਤਾਂ ਦੇ ਦਰਪੇਸ਼ ਆਉਂਦੀਆਂ ਸਮੱਸਿਆਵਾਂ ਬਾਰੇ ਜਾਣ ਤਾਂ ਜਾਣਗੀਆਂ। ਪਰ ਫ਼ਿਲਹਾਲ ਤਾਂ ਹਾਲਤ ਇਹ ਹੈ ਕਿ ਜੇਕਰ ਕੋਈ ਔਰਤ ਚੁਣੀ ਵੀ ਜਾਵੇ ਤਾਂ ਉਹ ਸਿਰਫ਼ ਕੁਰਸੀ 'ਤੇ ਹੀ ਬਹਿੰਦੀ ਹੈ ਉਹਦੀਆਂ ਸ਼ਕਤੀਆਂ ਤਾਂ ਉਹਦਾ ਪਿਤਾ ਜਾਂ ਪਤੀ ਹੀ ਵਰਤਦਾ ਹੈ।''
'ਵੱਡੀਆਂ ਕੰਪਨੀਆਂ ਆਪਣਾ ਬਚਾਅ ਖ਼ੁਦ ਕਰ ਸਕਦੀਆਂ ਹਨ, ਸਰਕਾਰ ਨੂੰ ਉਨ੍ਹਾਂ ਦੀ ਬਾਂਹ ਫੜ੍ਹਨ ਦੀ ਲੋੜ ਹੀ ਕੀ ਹੈ? ਮੈਂ ਟੀਵੀ ਦੀਆਂ ਖ਼ਬਰਾਂ ਵਿੱਚ ਸੁਣਿਆ ਕਿ ਉਨ੍ਹਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਗਏ ਹਨ...'
ਉਨ੍ਹਾਂ ਦੇ ਖ਼ਦਸ਼ਿਆਂ ਦੀਆਂ ਗੂੰਜਾਂ ਕਰੀਬ 50 ਕਿਲੋਮੀਟਰ ਦੂਰ, ਕੱਛ ਜ਼ਿਲ੍ਹੇ ਦੇ ਨਖ਼ਤਰਾਣਾ ਤਾਲੁਕਾ ਦੇ ਡਾਡੋਰ ਪਿੰਡ ਵਿਖੇ ਵੀ ਸੁਣੀਆਂ ਜਾ ਰਹੀਆਂ ਹਨ। ਇਸ ਲੋਕਸ਼ਾਹੀ (ਲੋਕਤੰਤਰ) ਵਿੱਚ, ਲੋਕਾਂ ਨੂੰ ਖਰੀਦਿਆ ਜਾਂਦਾ ਹੈ- ਵੋਟਾਂ ਦੇਣ ਬਦਲੇ ਉਨ੍ਹਾਂ ਨੂੰ 500 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਜਾਂ ਇੱਥੋਂ ਤੱਕ ਕਿ 50,000 ਰੁਪਏ ਤੱਕ ਦਿੱਤੇ ਜਾਂਦੇ ਹਨ,'' 65 ਸਾਲਾ ਹਾਜੀ ਇਬਰਾਹਿਮ ਗਫੂਰ ਕਹਿੰਦੇ ਹਨ ਜਿਨ੍ਹਾਂ ਕੋਲ਼ 20 ਏਕੜ ਪੈਲੀ ਹੈ ਅਤੇ ਉਹ ਅਰੰਡੀ ਦੀ ਖੇਤੀ ਕਰਦੇ ਹਨ ਅਤੇ ਉਨ੍ਹਾਂ ਕੋਲ਼ ਦੋ ਮੱਝਾਂ ਵੀ ਹਨ। ''ਗ਼ਰੀਬ ਲੋਕ ਵੰਡੇ ਜਾਂਦੇ ਹਨ, ਅੱਧੇ ਇੱਕ ਪਾਸੇ ਤੇ ਅੱਧੇ ਦੂਜੇ ਪਾਸੇ। ਲਾਭ ਕੋਈ ਮਿਲ਼ਦਾ ਨਹੀਂ। ਭਾਈਚਾਰੇ ਦੇ ਨੇਤਾ ਨੂੰ ਚੋਣ ਲੜਨ ਵਾਲ਼ੇ ਲੋਕਾਂ ਪਾਸੋਂ ਪੈਸੇ ਮਿਲ਼ਦਾ ਹੈ। ਪਰ ਜੋ ਲੋਕ ਵੋਟਾਂ ਪਾਉਣ ਲਈ ਉਸ ਨੇਤਾ ਦੇ ਪ੍ਰਭਾਵ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਕੋਈ ਅਸਲੀ ਲਾਭ ਨਹੀਂ ਮਿਲ਼ਦਾ। ਉਹ ਮਤਦਾਨ ਦੇ ਨਾਮ 'ਤੇ ਦਾਨ ਹੀ ਦੇ ਰਹੇ ਹੁੰਦੇ ਹਨ।''
ਨੰਦੂਬਾ ਜਡੇਜਾ, ਜੋ ਸਾਨੂੰ ਉਸੇ ਤਾਲੁਕਾ (ਉਹ ਦੇਵੀਸਰ ਪਿੰਡ ਤੋਂ ਹਨ) ਦੇ ਵਾਂਗ ਪਿੰਡ ਵਿਖੇ ਮਿਲ਼ੇ ਸਨ, ਦੇ ਕੋਲ਼ ਸਰਕਾਰ ਵਾਸਤੇ ਸਲਾਹ ਹੈ: ''ਜੇ ਉਹ ਅਸਲ ਵਿੱਚ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਹਨ ਤਾਂ ਉਹਨੂੰ ਕਿਸਾਨਾਂ ਅਤੇ ਪਿੰਡ ਵਾਸੀਆਂ ਦੇ ਕਰਜੇ ਮੁਆਫ਼ ਕਰ ਦੇਣੇ ਚਾਹੀਦੇ ਹਨ। ਕਿਉਂਕਿ ਉਨ੍ਹਾਂ ਦੇ ਇਸ ਕਦਮ ਨਾਲ਼ ਹੀ ਅਸੀਂ ਬਚ ਸਕਦੇ ਹਾਂ- ਸਾਨੂੰ ਦੁੱਧ ਅਤੇ ਭੋਜਨ ਮਿਲ਼ ਸਕਦਾ ਹੈ। ਮੇਰੀ ਸਰਕਾਰ ਅੱਗੇ ਬੇਨਤੀ ਹੈ ਕਿ ਉਹਨੂੰ ਇਨ੍ਹਾਂ ਗ਼ਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ।''
60 ਸਾਲਾ ਨੰਦੂਬਾ, ਕੱਛ ਮਹਿਲਾ ਵਿਕਾਸ ਸੰਗਠਨ ਦੇ ਔਰਤਾਂ ਦੇ ਸਾਂਝੇ ਰੂਪ, ਸਾਇਯੇਰੇ ਜੋ (Saiyere Jo) ਸੰਗਠਨ ਦੇ ਨਾਲ਼ ਕੰਮ ਕਰਦੀ ਹਨ। ''ਵੱਡੀਆਂ ਕੰਪਨੀਆਂ ਆਪਣਾ ਬਚਾਅ ਖ਼ੁਦ ਕਰ ਸਕਦੀਆਂ ਹੁੰਦੀਆਂ ਹਨ, ਸਰਕਾਰ ਨੂੰ ਉਨ੍ਹਾਂ ਦੀ ਬਾਂਹ ਫੜ੍ਹਨ ਦੀ ਲੋੜ ਹੀ ਕੀ ਹੈ?'' ਉਹ ਅੱਗੇ ਕਹਿੰਦੀ ਹਨ। ''ਮੈਂ ਟੀਵੀ ਖ਼ਬਰਾਂ ਵਿੱਚ ਸੁਣਿਆ ਹੈ ਕਿ ਉਨ੍ਹਾਂ ਦੇ ਕਰਜੇ ਸਰਕਾਰ ਵੱਲੋਂ ਮੁਆਫ਼ ਕਰ ਦਿੱਤੇ ਗਏ ਹਨ ਅਤੇ ਜਦੋਂ ਕਦੇ ਕਿਸਾਨ ਆਪਣੇ ਕਰਜੇ ਮੁਆਫ਼ੀ ਦੀ ਗੱਲ ਕਰਦੇ ਹਨ ਤਾਂ ਸਰਕਾਰ ਅੱਗਿਓਂ ਅਜਿਹਾ ਕੋਈ ਨਿਯਮ ਨਹੀਂ ਹੈ- ਕਹਿ ਕੇ ਟਾਲ਼ਦੀ ਰਹਿੰਦੀ ਹੈ। ਸੱਚ ਗੱਲ ਤਾਂ ਇਹ ਹੈ ਕਿ ਇਸ ਦੇਸ਼ ਦੇ ਲੋਕ ਖੇਤੀ ਸਿਰ ਹੀ ਜਿਊਂਦੇ ਹਨ। ਉਹ ਇਨ੍ਹਾਂ ਵੱਡੀਆਂ ਵੱਲੋਂ ਤਿਆਰ ਕੀਤੀ ਜਾਂਦੀ ਪਲਾਸਟਿਕ ਤਾਂ ਨਹੀਂ ਖਾ ਸਕਦੇ ਨਾ।''
ਰਾਮਨਗਰੀ ਤੋਂ ਡਾਡੋਰ ਅਤੇ ਵਾਂਗ ਤੀਕਰ ਲੋਕਾਂ ਦੁਆਰਾ ਰੱਖੇ ਗਏ ਮੁੱਦੇ ਸਪੱਸ਼ਟ ਹਨ। ਪਰ... ਚੱਲੋ ਜੇ ਇਨ੍ਹਾਂ ਮੁੱਦਿਆਂ ਨੂੰ ਮੁੱਖ ਗੱਲ ਮੰਨ ਕੇ ਵੀ ਚੱਲੀਏ ਤਾਂ ਕੀ ਚੋਣਾਂ ਦਾ ਜੋ ਇਤਿਹਾਸ ਰਿਹਾ ਹੈ ਅਤੇ ਭਾਵੀ ਚੋਣਾਂ ਦੇ ਰਹਿਣ ਵਾਲ਼ੇ ਰੁਝਾਨ ਇਨ੍ਹਾਂ ਮੁੱਦਿਆਂ ਨਾਲ਼ ਤਵਾਜ਼ਨ ਬਿਠਾ ਸਕਣਗੇ?
ਲੇਖਿਕਾ ਭੁਜ ਦੇ ਕੱਛ ਮਹਿਲਾ ਵਿਕਾਸ ਸੰਗਠਨ ਦੀ ਟੀਮ, ਖ਼ਾਸ ਕਰਕੇ ਕੇਵੀਐੱਮਐੱਸ ਦੀ ਸਖੀ ਸੰਗਿਨੀ ਦੀ ਮੈਂਬਰ ਸ਼ਬਾਨਾ ਪਠਾਨ ਅਤੇ ਰਾਜਵੀ ਰਬਾਰੀ ਅਤੇ ਨਖਤਰਾਣਾ, ਕੱਛ ਦੇ ਸੰਗਠਨ ਸਾਇਯੇਰੇ ਜੋ ( Saiyere Jo ) ਸੰਗਠਨ ਦੀ ਹਕੀਮਾਬਾਈ ਥੇਬਾ ਨੂੰ ਆਪਣੀ ਮਦਦ ਦੇਣ ਲਈ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਨ।
ਤਰਜਮਾ: ਕਮਲਜੀਤ ਕੌਰ