ਫੱਟ!
ਇਹ ਤੁਪਕੀ 'ਚੋਂ ਨਿਕਲ਼ੀ ਪੇਂਗ ਫਲ ਦੀ ਗੋਲ਼ੀ ਦੀ ਅਵਾਜ਼ ਹੈ। ਪੇਂਗ ਅਤੇ ਤੁਪਕੀ, ਛੱਤੀਸਗੜ੍ਹ ਦੇ ਜਗਦਲਪੁਰ ਸ਼ਹਿਰ ਵਿੱਚ ਅਯੋਜਿਤ ਗੋਂਚਾ ਤਿਓਹਾਰ ਮੌਕੇ ਭਗਵਾਨ ਨੂੰ ਸਨਮਾਨ ਦੇਣ ਦੇ ਕੰਮ ਆਉਂਦੇ ਹਨ।
ਤੁਪਕੀ ਇੱਕ ਤਰ੍ਹਾਂ ਦੀ 'ਬੰਦੂਕ' ਹੈ, ਜੋ ਬਾਂਸ ਨੂੰ ਖੋਖਲਾ ਕਰਕੇ ਬਣਾਈ ਜਾਂਦੀ ਹੈ ਅਤੇ ਕਾਰਤੂਸ ਜਾਂ ਗੋਲ਼ੀ ਵਜੋਂ ਜੰਗਲੀ ਫਲ-ਪੇਂਗ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ 'ਬੰਦੂਕਾਂ' ਇਸ ਹਰਮਨਪਿਆਰੇ ਤਿਓਹਾਰ ਮੌਕੇ ਭਗਵਾਨ ਜਗਨਨਾਥ ਨੂੰ ਸਲਾਮੀ ਦੇਣ ਲਈ ਰੱਥ ਦੇ ਆਲ਼ੇ-ਦੁਆਲ਼ੇ ਚਲਾਈਆਂ ਜਾਂਦੀਆਂ ਹਨ। ਜੁਲਾਈ ਮਹੀਨੇ ਵਿੱਚ ਅਯੋਜਿਤ ਹੋਣ ਵਾਲ਼ਾ ਇਹ ਤਿਓਹਾਰ ਰਾਜ ਦੇ ਬਸਤਰ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਇੱਥੇ ਖਿੱਚਦਾ ਹੈ।
ਜਗਦਲਪੁਰ ਦੇ ਨਿਵਾਸੀ ਵਨਮਾਲੀ ਪਾਨੀਗ੍ਰਹੀ ਦੱਸਦੇ ਹਨ,''ਗੋਂਚਾ ਤਿਓਹਾਰ ਮੌਕੇ ਨੇੜਲੇ ਪਿੰਡਾਂ ਤੋਂ ਲੋਕਾਂ ਦਾ ਹਜ਼ੂਮ ਇੱਥੇ ਅਪੜਦਾ ਹੈ ਤੇ ਘੱਟੋ-ਘੱਟ ਇੱਕ ਤੁਪਕੀ ਜ਼ਰੂਰ ਖ਼ਰੀਦਦਾ ਹੈ।'' ਉਨ੍ਹਾਂ ਨੇ ਚੇਤਿਆਂ ਵਿੱਚ ਅਜਿਹੀ ਕੋਈ ਰੱਥ ਯਾਤਰਾ ਨਹੀਂ ਰਹੀ ਜਿਸ ਵਿੱਚ ਤੁਪਕੀ ਦਾ ਇਸਤੇਮਾਲ ਨਾ ਕੀਤਾ ਗਿਆ ਹੋਵੇ।
ਗੋਲ਼ੀ ਜਾਂ ਕਾਰਤੂਸ ਵਜੋਂ ਇਸਤੇਮਾਲ ਵਿੱਚ ਲਿਆਂਦਾ ਜਾਣ ਵਾਲ਼ਾ ਪੇਂਗ ਇੱਕ ਗੋਲ਼-ਅਕਾਰੀ ਛੋਟਾ ਜਿਹਾ ਹਰਾ-ਪੀਲ਼ਾ ਫਲ ਹੈ, ਜੋ ਇੱਕ ਲੰਬੀ ਵੇਲ਼- ਮਲਕਾਂਗਨੀ (ਸੇਲਾਸਟ੍ਰਸ ਪੈਨੀਕਿਊਲੇਟਸ ਵਿਲਡ) 'ਤੇ ਗੁੱਛਿਆਂ ਵਿੱਚ ਲੱਗਦਾ ਹੈ। ਇਹ ਫਲ ਨੇੜੇ ਤੇੜੇ ਦੇ ਜੰਗਲਾਂ ਵਿੱਚ ਕਾਫ਼ੀ ਵੱਡੀ ਮਾਤਰਾ ਵਿੱਚ ਮਿਲ਼ਦਾ ਹੈ।
ਪੁਰੀ ਵਿਖੇ ਵੀ ਗੋਂਚਾ ਤਿਓਹਾਰ ਬੜੇ ਹਰਸ਼ੋ-ਉਲਾਸ ਨਾਲ਼ ਮਨਾਇਆ ਜਾਂਦਾ ਹੈ ਪਰ ਤੁਪਕੀ ਤੇ ਪੇਂਗ ਨਾਲ਼ ਦਿੱਤੀ ਜਾਣ ਸਲਾਮੀ ਦੀ ਪਰੰਪਰਾ ਬਸਤਰ ਦੇ ਇਲਾਕੇ ਵਿੱਚ ਮਨਾਏ ਜਾਣ ਵਾਲ਼ੇ ਗੋਂਚਾ ਤਿਓਹਾਰ ਦੀ ਖ਼ਾਸੀਅਤ ਰਹੀ ਹੈ। ਕਿਸੇ ਸਮੇਂ ਬਾਂਸਾਂ ਨਾਲ਼ ਬਣੀ ਇਹ ਬੰਦੂਕ ਜੰਗਲੀ ਜਾਨਵਰਾਂ ਨੂੰ ਵਾਪਸ ਜੰਗਲਾਂ ਵਿੱਚ ਭਜਾਉਣ ਦੇ ਕੰਮ ਵੀ ਆਉਂਦੀ ਸੀ।
ਜਮਵਾੜਾ ਪਿੰਡ ਦੇ ਨਿਵਾਸੀ 40 ਸਾਲਾ ਸੋਨਸਾਯ ਬਘੇਲ ਬਾਂਸ ਦੇ ਕਾਰੀਗਰ ਹੋਣ ਦੇ ਨਾਲ਼-ਨਾਲ਼ ਇੱਕ ਕਿਸਾਨ ਵੀ ਹਨ। ਉਹ ਧੁਰਵਾ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਤੇ ਜੁਲਾਈ ਵਿੱਚ ਅਯੋਜਿਤ ਹੋਣ ਵਾਲ਼ੇ ਇਸ ਤਿਓਹਾਰ ਤੋਂ ਕੁਝ ਹਫ਼ਤੇ ਪਹਿਲਾਂ ਹੀ ਭਾਵ ਜੂਨ ਦੇ ਮਹੀਨੇ ਤੋਂ ਹੀ ਆਪਣੀ ਪਤਨੀ ਨਾਲ਼ ਰਲ਼ ਕੇ ਤੁਪਕੀ ਬਣਾਉਣ ਦੇ ਕੰਮ ਵਿੱਚ ਮਸ਼ਰੂਫ਼ ਹੋ ਜਾਂਦੇ ਹਨ। ਉਹ ਦੱਸਦੇ ਹਨ,''ਹਰੇਕ ਸਾਲ ਤਿਓਹਾਰ ਤੋਂ ਪਹਿਲਾਂ ਅਸੀਂ ਤੁਪਕੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦੇ ਹਾਂ। ਅਸੀਂ ਪਹਿਲਾਂ ਤੋਂ ਹੀ ਜੰਗਲਾਂ ਤੋਂ ਬਾਂਸ ਇਕੱਠਾ ਕਰਕੇ ਸੁਕਾ ਲੈਂਦੇ ਹਾਂ।''
ਤੁਪਕੀ 'ਬੰਦੂਕ' ਨੂੰ ਬਣਾਉਣ ਲਈ ਬਾਂਸ ਦੇ ਲੰਬੇ ਤਣੇ ਨੂੰ ਕੁਹਾੜੀ ਅਤੇ ਚਾਕੂ ਦੇ ਸਹਾਰੇ ਖੋਖਲਾ ਕੀਤਾ ਜਾਂਦਾ ਹੈ। ਫਿਰ ਉਹਦੇ ਉੱਪਰ ਰੰਗ-ਬਿਰੰਗੇ ਪੱਤੇ ਤੇ ਵੰਨ-ਸੁਵੰਨੇ ਕਾਗ਼ਜ਼ ਲਪੇਟੇ ਜਾਂਦੇ ਹਨ ਤਾਂਕਿ ਦੇਖਣ ਨੂੰ ਤੁਪਕੀ ਸੋਹਣੀ ਜਾਪੇ।
''ਅਸੀਂ ਜੰਗਲਾਂ ਵਿੱਚੋਂ ਪੱਕੇ ਹੋਏ ਪੇਂਗ ਫਲ ਇਕੱਠੇ ਕਰਦੇ ਹਾਂ। ਮਾਰਚ ਤੋਂ ਬਾਅਦ ਇਹ ਫਲ ਮਿਲ਼ਣ ਲੱਗਦੇ ਹਨ ਤੇ ਕਰੀਬ 10 ਰੁਪਏ ਵਿੱਚ ਇੱਕ ਗੁੱਛੀ ਮਿਲ਼ ਜਾਂਦੀ ਹੈ। ਇੱਕ ਗੁੱਛੇ ਵਿੱਚ ਕਰੀਬ-ਕਰੀਬ 100 ਪੇਂਗ ਹੁੰਦੇ ਹਨ,'' ਸੋਨਾਸਯ ਦੱਸਦੇ ਹਨ। ਉਨ੍ਹਾਂ ਮੁਤਾਬਕ, ''ਇਹ ਫਲ ਇਲਾਜ ਦੇ ਕੰਮ ਵੀ ਆਉਂਦਾ ਹੈ। ਇਹਦਾ ਤੇਲ਼ ਗਠੀਆ ਤੇ ਜੋੜਾਂ ਦੇ ਦਰਦ ਤੋਂ ਰਾਹਤ ਦੇਣ ਵਾਲ਼ਾ ਮੰਨਿਆ ਜਾਂਦਾ ਹੈ।'' ਇਸ ਸਭ ਤੋਂ ਛੁੱਟ ਇਹ ਇੱਕ ਬਹੁਤ ਵਧੀਆ ਕਾਰਤੂਸ ਤਾਂ ਹੈ ਹੀ।
ਤੁਪਕੀ ਬਣਾਉਣਾ ਤੇ ਵੇਚਣਾ ਇਸ ਇਲਾਕੇ ਦੇ ਬਹੁਤ ਸਾਰੇ ਲੋਕਾਂ ਵਾਸਤੇ ਉਨ੍ਹਾਂ ਦੀ ਸਲਾਨਾ ਆਮਦਨ ਦਾ ਇੱਕ ਜ਼ਰੀਆ ਵੀ ਹੈ। ਤਿਓਹਾਰ ਦੇ ਸਮੇਂ ਹਰ ਪਿੰਡ ਵਿੱਚ ਕਾਫ਼ੀ ਵੱਡੀ ਗਿਣਤੀ ਵਿੱਚ ਤੁਪਕੀ ਬਣਾਉਣ ਵਾਲ਼ੇ ਨਜ਼ਰੀਂ ਪੈ ਜਾਂਦੇ ਹਨ। ਇੱਕ ਤੁਪਕੀ 35-40 ਰੁਪਏ ਵਿੱਚ ਵਿਕਦੀ ਹੈ ਤੇ ਬਘੇਲ ਇਨ੍ਹਾਂ ਨੂੰ ਵੇਚਣ ਲਈ ਆਪਣੇ ਪਿੰਡੋਂ ਕੋਈ 12 ਕਿਲੋਮੀਟਰ ਦਾ ਪੈਂਡਾ ਮਾਰ ਕੇ ਜਗਦਲਪੁਰ ਸ਼ਹਿਰ ਜਾਂਦੇ ਹਨ। ਉਹ ਕਹਿੰਦੇ ਹਨ ਕਿ ਤਿੰਨ ਦਹਾਕੇ ਪਹਿਲਾਂ ਇੱਕ ਤੁਪਕੀ ਦੀ ਕੀਮਤ ਸਿਰਫ਼ ਦੋ ਰੁਪਏ ਹੋਇਆ ਕਰਦੀ ਸੀ।
ਬਘੇਲ਼, ਬਸਤਰ ਜ਼ਿਲ੍ਹੇ ਦੇ ਜਗਦਲਪੁਰ ਤਹਿਸੀਲ ਵਿਖੇ ਆਪਣੀ ਚਾਰ ਏਕੜ ਜ਼ਮੀਨ 'ਤੇ ਝੋਨਾ ਉਗਾਉਂਦੇ ਹਨ, ਜੋ ਪੂਰੀ ਤਰ੍ਹਾਂ ਨਾਲ਼ ਮਾਨਸੂਨ 'ਤੇ ਨਿਰਭਰ ਰਹਿੰਦਾ ਹੈ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ, ਉਨ੍ਹਾਂ ਦੇ ਪਿੰਡ ਜਮਵਾੜਾ ਦੇ 780 ਪਰਿਵਾਰਾਂ ਵਿੱਚ 87 ਫ਼ੀਸਦ ਲੋਕ ਧੁਰਵਾ ਤੇ ਮਾਰਿਆ ਆਦਿਵਾਸੀ ਭਾਈਚਾਰੇ ਦੇ ਮੈਂਬਰ ਹਨ।
ਗੋਂਚਾ ਤਿਓਹਾਰ ਦੀ ਸ਼ੁਰੂਆਤ ਹੋਣ ਬਾਰੇ ਸੂਹ ਸਾਨੂੰ ਭਗਵਾਨ ਜਗਨਨਾਥ ਨਾਲ਼ ਜੁੜੀਆਂ ਦੰਦ-ਕਥਾਵਾਂ ਤੋਂ ਹੀ ਮਿਲ਼ਦੀ ਹੈ। ਚਾਲੁਕਯ ਵੰਸ਼ ਦੇ ਬਸਤਰ ਦੇ ਰਾਜਾ ਪੁਰਸ਼ੋਤਮ ਦੇਵ ਇੱਕ ਵਾਰੀਂ ਭਗਵਾਨ ਜਗਨਨਾਥ ਨੂੰ ਸੋਨੇ ਤੇ ਚਾਂਦੀ ਦਾ ਚੜ੍ਹਾਵਾ ਚੜ੍ਹਾਉਣ ਪੁਰੀ ਗਏ। ਚੜ੍ਹਾਵੇ ਤੋਂ ਖ਼ੁਸ਼ ਹੋ ਕੇ ਪੁਰੀ ਦੇ ਰਾਜਾ ਦੇ ਨਿਰਦੇਸ਼ 'ਤੇ ਜਗਨਨਾਥ ਮੰਦਰ ਦੇ ਪੁਜਾਰੀਆਂ ਨੇ ਪੁਰਸ਼ੋਤਮ ਦੇਵ ਨੂੰ ਤੋਹਫ਼ੇ ਵਿੱਚ 16 ਪਹੀਆਂ ਵਾਲ਼ਾ ਇੱਕ ਰੱਥ ਦਿੱਤਾ।
ਬਾਅਦ ਵਿੱਚ ਸਾਲ ਤੇ ਸਾਗਵਾਨ ਦੀ ਲੱਕੜਾਂ ਤੋਂ ਬਣਿਆ ਇਹ ਵਿਸ਼ਾਲ ਰੱਥ ਤਾਂ ਟੁੱਟ ਗਿਆ ਪਰ ਉਹਦੇ ਚਾਰ ਪਹੀਏ ਬਸਤਰ ਵਿਖੇ ਭਗਵਾਨ ਜਗਨਨਾਥ ਨੂੰ ਚੜ੍ਹਾ ਦਿੱਤੇ ਗਏ। ਬੱਸ ਇੱਥੋਂ ਹੀ ਬਸਤਰ ਦੀ ਰੱਥ ਯਾਤਰਾ ਜਾਂ ਗੋਂਚਾ ਤਿਓਹਾਰ ਦਾ ਮੁੱਢ ਬੱਝਾ ਮੰਨਿਆ ਜਾਂਦਾ ਹੈ। (ਬਾਕੀ ਬਚਿਆ 12 ਪਹੀਆਂ ਵਾਲ਼ਾ ਰੱਥ ਮਾਤਾ ਦੰਤੇਸ਼ਵਰੀ ਨੂੰ ਚੜ੍ਹਾ ਦਿੱਤਾ ਗਿਆ ਸੀ।)
ਇਹ ਪੁਰਸ਼ੋਤਮ ਦੇਵ ਹੀ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤੁਪਕੀ ਨੂੰ ਦੇਖਿਆ ਤੇ ਗੋਂਚਾ ਤਿਓਹਾਰ ਮੌਕੇ ਭਗਵਾਨ ਨੂੰ ਸਲਾਮੀ ਦੇਣ ਲਈ ਵਰਤੇ ਜਾਣ ਵਾਸਤੇ ਆਗਿਆ ਦਿੱਤੀ। ਇਸ ਤਿਓਹਾਰ ਵਿੱਚ ਭਗਵਾਨ ਜਗਨਨਾਥ ਨੂੰ ਪਨਸ ਕੂਆ ਦਾ ਪਰਸਾਦ ਚੜ੍ਹਾਇਆ ਜਾਂਦਾ ਹੈ। ਹਲਬੀ ਭਾਸ਼ਾ ਵਿੱਚ ਜਿਹਦਾ ਮਤਲਬ ਪੱਕਿਆ ਕਟਹਲ ਹੁੰਦਾ ਹੈ। ਜਗਦਲਪੁਰ ਸ਼ਹਿਰ ਦੇ ਗੋਂਚਾ ਤਿਓਹਾਰ ਮੌਕੇ ਪੱਕਿਆ ਹੋਇਆ ਕਟਹਲ ਵੀ ਖਿੱਚ ਦਾ ਇੱਕ ਕੇਂਦਰ ਬਣਿਆ ਰਹਿੰਦਾ ਹੈ।
ਤਰਜਮਾ: ਕਮਲਜੀਤ ਕੌਰ