ਤਾਲਾਬੰਦੀ ਦੇ ਸਤਾਏ ਅਬਦੁਲ ਸੱਤਾਰ ਨੂੰ ਬੰਗਲੁਰੂ ਛੱਡਿਆਂ ਕੋਈ ਚਾਰ ਮਹੀਨਿਆਂ ਤੋਂ ਵੱਧ ਸਮਾਂ ਲੰਘ ਚੁੱਕਿਆ ਹੈ।
''ਅਸੀਂ ਕਿਸੇ ਵੀ ਤਰ੍ਹਾਂ ਇੱਥੋਂ ਨਿਕਲ਼ ਹੀ ਜਾਵਾਂਗੇ, ਭਾਵੇਂ ਥੋੜ੍ਹੀ ਦੇਰ ਹੀ ਕਿਉਂ ਨਾ ਹੋ ਜਾਵੇ,'' ਉਹ ਨੇ ਕਿਹਾ ਸੀ। ਇਹ ਉਦੋਂ ਦੀ ਗੱਲ ਹੈ ਜਦੋਂ 20 ਮਈ ਨੂੰ ਅੰਫਨ ਚੱਕਰਵਾਤ ਜ਼ਮੀਨ ਨਾਲ਼ ਟਕਰਾਉਣ ਵਾਲ਼ਾ ਸੀ। ਫਿਰ ਵੀ, ਅਬਦੁਲ ਅਤੇ ਉਨ੍ਹਾਂ ਦੇ ਦੋਸਤ ਪੱਛਮੀ ਬੰਗਾਲ ਦੇ ਪੱਛਮ ਮੋਦਿਨੀਪੁਰ ਜ਼ਿਲ੍ਹੇ ਵਿਖੇ ਆਪਣੇ ਪਿੰਡ, ਚਕ ਲੱਛੀਪੁਰ ਤੱਕ ਦੀ 1,800 ਕਿਲੋਮੀਟਰ ਦਾ ਲੰਬਾ ਪੈਂਡਾ ਮਾਰਨ ਨੂੰ ਵੀ ਰਾਜ਼ੀ ਸਨ।
ਅਬਦੁਲ ਨੂੰ ਮੁੰਬਈ ਤੋਂ ਬੰਗਲੁਰੂ ਆਇਆਂ ਬਾਮੁਸ਼ਕਲ ਅਜੇ ਥੋੜ੍ਹੇ ਕੁ ਹੀ ਮਹੀਨੇ ਹੋਏ ਸਨ। ਉਹ ਜਨਵਰੀ ਜਾਂ ਫਰਵਰੀ ਵਿੱਚ ਇੱਥੇ ਆਏ ਸਨ, ਉਨ੍ਹਾਂ ਦਾ ਕਹਿਣਾ ਹੈ। ਉਨ੍ਹਾਂ ਦੀ ਪਤਨੀ, 32 ਸਾਲਾ ਹਮੀਦਾ ਬੇਗ਼ਮ ਜੋ ਕਿ ਘਰੇਲੂ ਔਰਤ ਹਨ ਆਪਣੇ ਬੱਚਿਆਂ, ਸਲਮਾ ਖ਼ਾਤੂਨ (ਉਮਰ 13 ਸਾਲ) ਅਤੇ ਯਾਸਿਰ ਹਾਮਿਦ (ਉਮਰ 12 ਸਾਲ) ਦੇ ਨਾਲ਼ ਘਟਕ ਤਾਲੁਕਾ ਵਿਖੇ ਪੈਂਦੇ ਆਪਣੇ ਪਿੰਡ ਵਿੱਚ ਤਿੰਨ ਕਮਰਿਆਂ ਦੇ ਛੋਟੇ ਜਿਹੇ ਘਰ ਵਿੱਚ ਰਹਿੰਦੀ ਹਨ। ਉਨ੍ਹਾਂ ਦੇ ਪਰਿਵਾਰ ਦੇ ਕੋਲ਼ 24 ਡਿਸਮਿਲ (ਇੱਕ ਚੌਥਾਈ ਏਕੜ) ਜ਼ਮੀਨ ਹੈ, ਜਿਸ 'ਤੇ ਉਨ੍ਹਾਂ ਦਾ ਭਰਾ ਝੋਨੇ ਦੀ ਖੇਤੀ ਕਰਦਾ ਹੈ।
ਅਬਦੁਲ ਨੇ 8ਵੀਂ ਜਮਾਤ ਵਿੱਚ ਹੀ ਸਕੂਲ ਜਾਣਾ ਛੱਡ ਦਿੱਤਾ ਅਤੇ ਪਿੰਡ ਦੇ ਬਾਕੀ ਲੋਕਾਂ ਵਾਂਗਰ ਕਢਾਈ ਦਾ ਕੰਮ ਸਿੱਖਣ ਲੱਗੇ। ਉਦੋਂ ਤੋਂ ਹੀ ਉਹ ਅੱਡ-ਅੱਡ ਥਾਵਾਂ 'ਤੇ ਕੰਮ ਕਰਦੇ ਰਹੇ ਹਨ। ਕੁਝ ਸਾਲਾਂ ਤੱਕ ਉਨ੍ਹਾਂ ਨੇ ਦਿੱਲੀ ਵਿੱਚ ਕੰਮ ਕੀਤਾ, ਫਿਰ ਮੁੰਬਈ ਚਲੇ ਗਏ ਅਤੇ ਹਰ 5-6 ਮਹੀਨਿਆਂ ਵਿੱਚ ਇੱਕ ਵਾਰੀ ਘਰ ਗੇੜਾ ਮਾਰਦੇ ਹਨ। ''ਮੈਂ ਮਸ਼ੀਨੀ ਕਢਾਈ ਕਰਦਾ ਹਾਂ। ਮੁੰਬਈ ਰਹਿੰਦਿਆਂ ਮੈਨੂੰ ਬਹੁਤਾ ਕੰਮ ਨਹੀਂ ਸੀ ਮਿਲ਼ ਰਿਹਾ ਸੀ, ਇਸਲਈ ਮੈਂ ਆਪਣੇ ਚਚੇਰੇ ਭਰਾ ਦੇ ਨਾਲ਼ ਰਲ਼ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ,'' ਉਨ੍ਹਾਂ ਨੇ ਕਿਹਾ।
40 ਸਾਲਾ ਅਬਦੁਲ ਆਪਣੇ ਚਚੇਰੇ ਭਰਾ 33 ਸਾਲਾ ਹਸਨੁੱਲਾਹ ਸ਼ੇਖ ਵੱਲੋਂ ਸਥਾਪਤ ਕੀਤੇ ਸਿਲਾਈ ਦੇ ਉਸ ਛੋਟੇ ਜਿਹੇ ਕਾਰੋਬਾਰ ਵਿੱਚ ਸ਼ਾਮਲ ਹੋ ਗਏ। ਉਹ ਚੱਕ ਲੱਛੀਪੁਰ ਦੇ ਹੀ ਪੰਜ ਹੋਰਨਾਂ ਲੋਕਾਂ ਦੇ ਨਾਲ਼ ਇੱਕੋ ਕਮਰੇ ਵਿੱਚ ਰਹਿੰਦੇ ਸਨ- ਇਹ ਸਾਰੇ ਛੇ ਲੋਕ ਹਸਨ ਦੀ ਦੁਕਾਨ ਵਿਖੇ ਸਿਲਾਈ ਅਤੇ ਕਢਾਈ ਕਰਨ ਦਾ ਕੰਮ ਕਰਦੇ ਸਨ।







