ਸਭ ਤੋਂ ਪਹਿਲਾਂ ਸ਼ਾਨੂ ਨੂੰ ਉਸਦੇ ਚਚੇਰੇ ਭਰਾ, ਬਿਸਵਨਾਥ ਸੇਨ ਨੇ ਸੰਖ (ਘੋਗੇ ਦਾ ਖੋਲ) ਤੋਂ ਚੂੜੀਆਂ ਘੜ੍ਹਨੀਆਂ ਤੇ ਵੇਲ਼-ਬੂਟੇ ਉਕੇਰਨੇ ਸਿਖਾਏ।
“ਮੈਂ ਚੂੜੀਆਂ ’ਤੇ ਡਿਜ਼ਾਈਨ ਬਣਾਉਂਦਾ ਹਾਂ ਅਤੇ ਮਹਾਜਨਾਂ (ਠੇਕੇਦਾਰਾਂ) ਕੋਲ ਭੇਜ ਦਿੰਦਾ ਹਾਂ ਜੋ ਇਹਨਾਂ ਨੂੰ ਵੇਚਦੇ ਹਨ। ਮੈਂ ਸਿਰਫ਼ ਆਮ ਸਿੱਪ ਵਾਲੀਆਂ ਚੂੜੀਆਂ ਬਣਾਉਂਦਾ ਹਾਂ। ਦੂਜੇ ਕਾਰੀਗਰ ਡਿਜ਼ਾਈਨ ਉਕਰੀਆਂ ਚੂੜੀਆਂ ਤੇ ਸੰਖਾਂ ਨੂੰ ਸੋਨੇ ਦਾ ਪਾਣੀ ਚੜ੍ਹਾਉਣ ਲਈ ਭੇਜਦੇ ਹਨ,” 31 ਸਾਲਾ ਸ਼ਾਨੂ ਘੋਸ਼ ਨੇ ਦੱਸਿਆ ਜਿਹਦੇ ਮੁਤਾਬਕ ਉਹਦੀ ਅੱਧੀ ਉਮਰ ਇਸੇ ਕੰਮ ਨੂੰ ਕਰਦਿਆਂ ਨਿਕਲ਼ ਗਈ ਹੈ।
ਸੰਖ ਕਾਰੀਗਰ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ’ ਚ ਪੈਂਦੇ ਬੈਰਕਪੁਰ ਦੀ ਸੰਖਬਾਣਿਕ ਕਲੋਨੀ ਦੀ ਵਰਕਸ਼ਾਪ ਵਿੱਚ ਬੈਠਾ ਹੈ। ਇਸ ਪੂਰੇ ਇਲਾਕੇ ਦੇ ਆਲ਼ੇ-ਦੁਆਲ਼ੇ ਸੰਖ ਦੇ ਕੰਮ ਵਾਲੀਆਂ ਛੋਟੀਆਂ-ਛੋਟੀਆਂ ਕਈ ਵਰਕਸ਼ਾਪਾਂ ਹਨ। ਉਸਨੇ ਦੱਸਿਆ, “ਲਾਲਕੂਠੀ ਤੋਂ ਲੈ ਕੇ ਘੋਸ਼ਪਾੜਾ ਤੱਕ ਬਹੁਤ ਸਾਰੇ ਸੰਖ ਕਾਰੀਗਰ ਚੂੜੀਆਂ ਬਣਾਉਣ ਦਾ ਕੰਮ ਕਰਦੇ ਹਨ।”
ਮਹਾਜਨ ਅੰਡੇਮਾਨ ਤੇ ਚੇਨੱਈ ਤੋਂ ਸੰਖ ਮੰਗਵਾਉਂਦੇ ਹਨ। ਸੰਖ ਸਮੁੰਦਰੀ ਘੋਗੇ ਦਾ ਖੋਲ ਹੁੰਦਾ ਹੈ। ਖੋਲ ਦੇ ਆਕਾਰ ਦੇ ਮੁਤਾਬਕ ਜਾਂ ਤਾਂ ਇਸ ਤੋਂ ਵਜਾਇਆ ਜਾਣ ਵਾਲਾ ਸੰਖ ਬਣ ਸਕਦਾ ਹੁੰਦਾ ਹੈ ਜਾਂ ਫਿਰ ਚੂੜੀਆਂ ਬਣਾਉਣ ਲਈ ਭੇਜ ਦਿੱਤਾ ਜਾਂਦਾ ਹੈ। ਮੋਟੀ ਪਰਤ ਵਾਲੇ ਤੇ ਭਾਰੇ ਖੋਲ ਤੋਂ ਚੂੜੀਆਂ ਬਣਾਉਣੀਆਂ ਸੌਖੀਆਂ ਹਨ ਕਿਉਂਕਿ ਪਤਲਾ ਤੇ ਹਲਕਾ ਖੋਲ ਡਰਿੱਲ ਮਾਰਿਆਂ ਸੌਖਿਆਂ ਹੀ ਟੁੱਟ ਜਾਵੇਗਾ। ਇਸ ਲਈ ਹਲਕੇ ਖੋਲ ਤੋਂ ਸੰਖ ਬਣਾਏ ਜਾਂਦੇ ਹਨ ਜਦ ਕਿ ਭਾਰੇ ਖੋਲ ਚੂੜੀਆਂ ਬਣਾਉਣ ਲਈ ਵਰਤੇ ਜਾਂਦੇ ਹਨ।
ਖੋਲ ਅੰਦਰੋਂ-ਬਾਹਰੋਂ ਸਾਫ਼ ਕਰਨ ਤੋਂ ਬਾਅਦ ਕੰਮ ਦੀ ਸ਼ੁਰੂਆਤ ਹੁੰਦੀ ਹੈ। ਖੋਲ ਸਾਫ਼ ਕਰਨ ਤੋਂ ਬਾਅਦ ਇਸਨੂੰ ਧੋਣ ਲਈ ਗਰਮ ਪਾਣੀ ’ਚ ਸਲਫਿਊਰਿਕ ਐਸਿਡ ਮਿਲਾਇਆ ਜਾਂਦਾ ਹੈ। ਜਦ ਇਹਨੂੰ ਇੱਕ ਵਾਰ ਧੋ ਲਿਆ ਜਾਂਦਾ ਹੈ ਤਾਂ ਪਾਲਿਸ਼ ਕਰਨ ਦਾ ਕੰਮ ਸ਼ੁਰੂ ਹੁੰਦਾ ਹੈ ਅਤੇ ਇਸੇ ਪਾਲਿਸ਼ ਸਹਾਰੇ ਹੀ ਚੂੜੀਆਂ ’ਤੇ ਪਿਆ ਕੋਈ ਵੀ ਸੁਰਾਖ, ਤਰੇੜਾਂ ਅਤੇ ਉੱਬੜ-ਖਾਬੜ ਹਿੱਸੇ ਭਰ ਕੇ ਇਕਸਾਰ ਕੀਤੇ ਜਾਂਦੇ ਹਨ।
ਚੂੜੀਆਂ ਨੂੰ ਵੱਖ ਕਰਨ ਤੋਂ ਪਹਿਲਾਂ ਉਹਨਾਂ ਨੂੰ ਹਥੌੜੇ ਨਾਲ਼ ਤੋੜਿਆ ਅਤੇ ਡਰਿੱਲ ਨਾਲ਼ ਵੱਖ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਕਾਰੀਗਰਾਂ ਦਾ ਕੰਮ ਸ਼ੁਰੂ ਹੁੰਦਾ ਹੈ, ਹਰ ਟੁਕੜੇ ਨੂੰ ਰਗੜਨ ਤੇ ਪਾਲਿਸ਼ ਕਰਨ ਦਾ। “ਕੁਝ ਅੱਲ੍ਹੇ ਖੋਲ ਨੂੰ ਤੋੜਨ ਦਾ ਕੰਮ ਕਰਦੇ ਹਨ ਅਤੇ ਬਾਕੀ ਚੂੜੀਆਂ ਬਣਾਉਣ ਦਾ। ਅਸੀਂ ਸਾਰੇ ਵੱਖੋ-ਵੱਖਰੇ ਮਹਾਜਨਾਂ ਦੇ ਹੇਠ ਕੰਮ ਕਰਦੇ ਹਾਂ,” ਸ਼ਾਨੂ ਨੇ ਦੱਸਿਆ।
ਸੰਖਬਾਣਿਕ ਕਲੋਨੀ ਸੰਖ ਦੇ ਖੋਲਾਂ ਦੀਆਂ ਵਰਕਸ਼ਾਪਾਂ ਨਾਲ਼ ਭਰੀ ਪਈ ਹੈ, ਜਿਹਨਾਂ ’ ਚੋਂ ਜ਼ਿਆਦਾਤਰ ਵਰਕਸ਼ਾਪਾਂ ਇੱਕ ਛੋਟੇ ਸੌਣ ਵਾਲੇ ਕਮਰੇ ਜਾਂ ਗਰਾਜ ਦੇ ਆਕਾਰ ਦੀਆਂ ਹਨ। ਸ਼ਾਨੂ ਦੀ ਵਰਕਸ਼ਾਪ ’ ਚ ਇੱਕੋ ਹੀ ਖਿੜਕੀ ਹੈ ਅਤੇ ਕੰਧਾਂ ਖੋਲ ਕੱਟਣ ਵੇਲੇ ਉੱਡਣ ਵਾਲ਼ੀ ਚਿੱਟੀ ਧੂੜ ਨਾਲ਼ ਭਰੀਆਂ ਪਈਆਂ ਹਨ। ਇੱਕ ਖੂੰਜੇ ’ ਚ ਦੋ ਰਗੜਾਈ ਮਸ਼ੀਨਾਂ ਰੱਖੀਆਂ ਹਨ ਜਦ ਕਿ ਕਮਰੇ ਦਾ ਦੂਜਾ ਪਾਸਾ ਅੱਲ੍ਹੇ ਖੋਲਾਂ ਨਾਲ਼ ਭਰਿਆ ਪਿਆ ਹੈ ਜਿਹਨਾਂ ’ ਤੇ ਅਜੇ ਕੰਮ ਹੋਣਾ ਹੈ।
ਜ਼ਿਆਦਾਤਰ ਮਹਾਜਨ ਮੁਕੰਮਲ ਉਤਪਾਦਾਂ ਨੂੰ ਆਪਣੀਆਂ ਦੁਕਾਨਾਂ ’ ਤੇ ਹੀ ਵੇਚਦੇ ਹਨ ਪਰ ਹਰ ਬੁੱਧਵਾਰ ਨੂੰ ਖੋਲ ਤੋਂ ਬਣੀਆਂ ਚੂੜੀਆਂ ਦੀ ਥੋਕ ਮੰਡੀ ਵੀ ਲੱਗਦੀ ਹੈ।
ਕਈ ਵਾਰ ਮਹਾਜਨ, ਖ਼ਾਸ ਕਰਕੇ ਸੋਨੇ ਦੇ ਪਾਣੀ ਚੜ੍ਹੀਆਂ ਚੂੜੀਆਂ, ਸਿੱਧਾ ਉਸੇ ਗਾਹਕ ਨੂੰ ਵੇਚਦੇ ਹਨ, ਜਿਸਨੇ ਉਹ ਮੰਗਵਾਈਆਂ ਹੁੰਦੀਆਂ ਹਨ।
ਸ਼ਾਨੂ ਨੇ ਦੱਸਿਆ ਕਿ ਹਾਲ ਹੀ ਦੇ ਸਾਲਾਂ ’ ਚ ਖੋਲ ਦੀ ਕਮੀ ਕਾਰਨ ਸੰਖਾਂ ਤੋਂ ਬਣੀਆਂ ਚੂੜੀਆਂ ਤੇ ਸ਼ੰਖਾਂ ਦੀ ਵਿਕਰੀ ਘਟ ਗਈ ਹੈ। “ਅਸੀਂ ਚਾਹੁੰਦੇ ਹਾਂ ਕਿ ਕੱਚੇ ਮਾਲ ਦੀ ਕੀਮਤ ਥੋੜ੍ਹੀ ਘੱਟ ਤੇ ਮਾਫ਼ਕ ਹੋਵੇ। ਸਰਕਾਰ ਨੂੰ ਕੱਚੇ ਮਾਲ ਦੀ ਕਾਲਾ ਬਜ਼ਾਰੀ ਵੱਲ ਧਿਆਨ ਦੇਣਾ ਚਾਹੀਦਾ ਹੈ,” ਸ਼ਾਨੂ ਕਹਿੰਦਾ ਹੈ।
ਸੰਖ ਦੇ ਖੋਲ ਤੋਂ ਚੂੜੀਆਂ ਤੇ ਹੋਰ ਸਜਾਵਟੀ ਚੀਜ਼ਾਂ ਬਣਾਉਣ ਦੇ ਕੰਮ ਨਾਲ਼ ਸਿਹਤ ਸਬੰਧੀ ਚਿੰਤਾਵਾਂ ਵੀ ਜੁੜੀਆਂ ਹਨ। ਅਭਿਸ਼ੇਕ ਸੇਨ ਸੰਖਬਾਣਿਕ ਕਲੋਨੀ ’ ਚ ਕੰਮ ਕਰਨ ਵਾਲਾ ਇੱਕ 23 ਸਾਲਾ ਕਾਰੀਗਰ ਹੈ। ਉਹ ਕਹਿੰਦਾ ਹੈ, “ਖੋਲ ਦੀ ਰਗੜਾਈ ਵੇਲੇ ਉੱਡਣ ਵਾਲ਼ੀ ਧੂੜ ਸਾਡੇ ਨੱਕ ਤੇ ਮੂੰਹ ਨੂੰ ਚੜ੍ਹ ਜਾਂਦੀ ਹੈ। ਅਸੀਂ ਖ਼ਤਰਨਾਕ ਰਸਾਇਣਾਂ ਦੀ ਵੀ ਵਰਤੋਂ ਕਰਦੇ ਹਾਂ।” ਅਭਿਸ਼ੇਕ ਸੰਖ ਤੇ ਖੋਲ ਤੋਂ ਬਣਨ ਵਾਲ਼ੀਆਂ ਚੂੜੀਆਂ ਤਿਆਰ ਕਰਦਾ ਹੈ।
“ਮੇਰੀ ਤਨਖਾਹ, ਕੰਮ ਦੇ ਤਰੀਕੇ ਅਤੇ ਉਸਦੀ ਗੁਣਵੱਤਾ ’ ਤੇ ਨਿਰਭਰ ਹੈ। ਖੋਲ ਤੋਂ ਬਣਨ ਵਾਲ਼ੀ ਚੂੜੀ ਜਿੰਨੀ ਚੌੜੀ ਅਤੇ ਭਾਰੀ ਹੋਵੇਗੀ, ਤਨਖਾਹ ਵੀ ਓਨੀ ਹੀ ਜ਼ਿਆਦਾ ਮਿਲੇਗੀ। ਕਈ ਵਾਰ ਮੈਂ ਦਿਹਾੜੀ ਦਾ 1000 ਰੁਪਿਆ ਕਮਾ ਲੈਂਦਾ ਹਾਂ ਅਤੇ ਕਈ ਵਾਰ 350 ਰੁਪਏ ਹੀ ਮਸਾਂ ਬਣਦੇ ਹਨ। ਮੈਂ ਸਵੇਰੇ 9:30 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਕੰਮ ਕਰਦਾ ਹਾਂ। ਫਿਰ ਸ਼ਾਮੀਂ 6 ਵਜੇ ਕੰਮ ਸ਼ੁਰੂ ਕਰਦਾ ਹਾਂ ਅਤੇ ਕਈ ਵਾਰੀਂ ਰਾਤ ਦੇ 9 ਵੱਜ ਜਾਂਦੇ ਹਨ,” ਅਭਿਸ਼ੇਕ ਦੱਸਦਾ ਹੈ।
32 ਸਾਲਾ ਸਜਲ ਪਿਛਲੇ 12 ਸਾਲ ਤੋਂ ਖੋਲਾਂ ਦੀ ਰਗੜਾਈ ਅਤੇ ਪਾਲਿਸ਼ ਦਾ ਕੰਮ ਕਰ ਰਿਹਾ ਹੈ। ਉਹ ਦੱਸਦਾ ਹੈ, “ਜਦ ਮੈਂ ਪਹਿਲੀ ਵਾਰ ਕੰਮ ਸ਼ੁਰੂ ਕੀਤਾ ਸੀ ਤਾਂ ਮੈਨੂੰ (ਚੂੜੀਆਂ ਦੇ) ਇੱਕ ਜੋੜੇ ਲਈ ਢਾਈ ਰੁਪਏ ਮਿਲਦੇ ਸੀ। ਹੁਣ ਮੈਂ ਚਾਰ ਰੁਪਏ ਕਮਾਉਂਦਾ ਹਾਂ।” ਉਹ ਖੋਲ ਨੂੰ ਆਖ਼ਰੀ ਛੋਹ ਦਿੰਦਾ ਹੈ। ਉਹ ਗੂੰਦ ਅਤੇ ਜ਼ਿੰਕ ਆਕਸਾਈਡ ਨੂੰ ਮਿਲਾ ਕੇ ਇੱਕ ਪੇਸਟ ਤਿਆਰ ਕਰਦਾ ਹੈ, ਜਿਸ ਨਾਲ਼ ਉਹ ਚੂੜੀਆਂ ਦੇ ਸੁਰਾਖ ਤੇ ਤਰੇੜਾਂ ਭਰਦਾ ਹੈ। ਸਜਲ ਮੁਤਾਬਕ ਉਹ ਦਿਹਾੜੀ ਦੇ 300 ਤੋਂ 400 ਰੁਪਏ ਕਮਾਉਂਦਾ ਹੈ।
“ਸਾਡੇ ਵੱਲੋਂ ਬਣਾਏ ਸੰਖ ਤੇ ਚੂੜੀਆਂ ਅਸਾਮ, ਤ੍ਰਿਪੁਰਾ, ਕੰਨਿਆਕੁਮਾਰੀ ਅਤੇ ਬੰਗਲਾਦੇਸ਼ ਜਾਂਦੇ ਹਨ ਅਤੇ ਉੱਤਰ ਪ੍ਰਦੇਸ਼ ਦੇ ਥੋਕ ਵਪਾਰੀ ਵੀ ਇੱਥੇ ਖਰੀਦਦਾਰੀ ਕਰਨ ਆਉਂਦੇ ਹਨ,” ਸੁਸ਼ਾਂਤਾ ਧਾਰ ਦੱਸਦੇ ਹਨ। 42 ਸਾਲਾ ਇਹ ਕਾਰੀਗਰ ਦੱਸਦਾ ਹੈ ਕਿ ਉਹ ਸੰਖ ਦੇ ਖੋਲ ’ ਤੇ ਫੁੱਲ, ਪੱਤੇ, ਭਗਵਾਨ ਅਤੇ ਹੋਰ ਤਰ੍ਹਾਂ ਦੇ ਡਿਜ਼ਾਈਨ ਬਣਾਉਂਦਾ ਹੈ। “ਅਸੀਂ ਮਹੀਨੇ ਦੇ ਤਕਰੀਬਨ 5000 ਤੋਂ 6000 ਰੁਪਏ ਕਮਾਉਂਦੇ ਹਾਂ। ਇਸ ਕੰਮ ਦੀ ਮਾਰਕਿਟ ਖਤਮ ਹੋ ਰਹੀ ਹੈ ਅਤੇ ਕੱਚਾ ਮਾਲ ਮਹਿੰਗਾ ਹੋ ਰਿਹਾ ਹੈ। ਮੀਂਹ ਦੇ ਮੌਸਮ ’ ਚ ਹੋਰ ਬੁਰਾ ਹਾਲ ਹੁੰਦਾ ਹੈ ਕਿਉਂਕਿ ਮੀਂਹ ਦੇ ਮੌਸਮ ’ ਚ ਥੋਕ ਦੇ ਖਰੀਦਦਾਰ ਨਹੀਂ ਆਉਂਦੇ,” ਸੁਸ਼ਾਂਤਾਂ ਕਹਿੰਦਾ ਹੈ।
“ਜੇ ਮੈਂ ਦਿਹਾੜੀ 'ਚ ਚੂੜੀਆਂ ਦੇ 50 ਜੋੜੇ ਬਣਾਵਾਂ ਤਾਂ ਮੈਨੂੰ 500 ਰੁਪਏ ਮਿਲਣਗੇ। ਪਰ ਇੱਕ ਦਿਨ ’ ਚ 50 ਜੋੜੀ ਚੂੜੀਆਂ ਉਕਰਨੀਆਂ ਲਗਭਗ ਨਾਮੁਮਕਿਨ ਹਨ,” ਸ਼ਾਨੂ ਕਹਿੰਦਾ ਹੈ।
ਬਜ਼ਾਰ ਦੀ ਮੰਦੀ ਹਾਲਤ, ਆਰਥਿਕ ਅਨਿਸ਼ਚਿਤਤਾ ਅਤੇ ਸਰਕਾਰ ਵੱਲੋਂ ਮਦਦ ਦੀ ਘਾਟ ਕਰਕੇ ਉਸਨੂੰ ਤੇ ਸੰਖਬਾਣਿਕ ਕਲੋਨੀ ਦੇ ਹੋਰਨਾਂ ਕਾਰੀਗਰਾਂ ਨੂੰ ਵਪਾਰ ’ ਚ ਕਿਸੇ ਬਿਹਤਰ ਭਵਿੱਖ ਦੀ ਆਸ ਨਹੀਂ।
ਤਰਜਮਾ: ਅਰਸ਼ਦੀਪ ਅਰਸ਼ੀ