"ਅਸੀਂ ਦਸ਼ਰਾਨਾਚ ਪੇਸ਼ ਕਰਨ ਜਾ ਰਹੇ ਹਾਂ,'' ਨਾਚੇ ਇਤਵਾਰੀ ਰਾਮ ਮਾਛੀਆ ਬੈਗਾ ਕਹਿੰਦੇ ਹਨ। ''ਇਹ ਨਾਚ ਦਸ਼ਰਾ (ਦੁਸਹਿਰੇ) ਵੇਲ਼ੇ ਸ਼ੁਰੂ ਹੁੰਦਾ ਹੈ ਅਤੇ ਤਿੰਨ-ਚਾਰ ਮਹੀਨਿਆਂ ਭਾਵ ਫ਼ਰਵਰੀ ਅਤੇ ਮਾਰਚ ਤੱਕ ਚੱਲਦਾ ਹੀ ਰਹਿੰਦਾ ਹੈ। ਦਸ਼ਰਾ ਮਨਾਉਣ ਤੋਂ ਬਾਅਦ, ਅਸੀਂ ਆਪਣੇ ਨਾਲ਼ ਦੇ ਬੈਗਾ ਪਿੰਡਾਂ ਵਿੱਚ ਜਾਂਦੇ ਹਾਂ ਅਤੇ ਸਾਰੀ ਰਾਤ ਨੱਚਦੇ ਹਾਂ,'' ਛੱਤੀਸਗੜ੍ਹ ਬੈਗਾ ਸਮਾਜ ਦੇ ਪ੍ਰਧਾਨ ਕਹਿੰਦੇ ਹਨ।
ਉਮਰ ਦੇ ਸੱਠਵਿਆਂ ਨੂੰ ਢੁੱਕਣ ਵਾਲ਼ਾ ਇਹ ਨਾਚਾ ਤੇ ਕਿਸਾਨ ਕਬੀਰਧਾਮ ਜ਼ਿਲ੍ਹੇ ਦੇ ਪਾਂਡਰੀਆ ਬਲਾਕ ਦੇ ਅਮਾਨੀਆ ਪਿੰਡ ਵਿਖੇ ਰਹਿੰਦਾ ਹੈ। ਮੰਡਲੀ ਦੇ ਹੋਰਨਾਂ ਮੈਂਬਰਾਂ ਨਾਲ਼ ਇਤਵਾਰੀ ਜੀ ਰਾਏਪੁਰ ਵਿਖੇ ਰਾਜ ਵੱਲੋਂ ਅਯੋਜਿਤ ਹੋਣ ਵਾਲ਼ੇ ਰਾਸ਼ਟਰੀ ਕਬਾਇਲੀ ਨਾਚ ਉਤਸਵ ਵਿੱਚ ਹਿੱਸਾ ਲੈਣ ਪਹੁੰਚੇ ਹਨ।
ਬੈਗਾ ਭਾਈਚਾਰਾ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਹੈ ਜੋ ਛੱਤੀਸਗੜ ਦੇ ਅਜਿਹੇ ਸੱਤ ਸਮੂਹਾਂ ਵਿੱਚੋਂ ਇੱਕ ਹੈ। ਇਸ ਭਾਈਚਾਰੇ ਦੇ ਕਈ ਲੋਕੀਂ ਮੱਧ ਪ੍ਰਦੇਸ਼ ਵੀ ਰਹਿੰਦੇ ਹਨ।
"ਆਮ ਤੌਰ 'ਤੇ ਲਗਭਗ 30 ਲੋਕ ਦਸ਼ਰਾਨਾਚ ਕਰਦੇ ਹਨ ਅਤੇ ਸਾਡੇ ਕੋਲ਼ ਪੁਰਸ਼ ਅਤੇ ਔਰਤ ਦੋਵੇਂ ਤਰ੍ਹਾਂ ਦੇ ਨਾਚੇ ਹਨ। ਪਿੰਡ ਵਿਚ ਨੱਚਣ ਵਾਲ਼ਿਆਂ ਦੀ ਗਿਣਤੀ ਸੈਂਕੜਿਆਂ ਤੱਕ ਹੋ ਸਕਦੀ ਹੈ," ਇਤਵਾਰੀ ਜੀ ਕਹਿੰਦੇ ਹਨ ਤੇ ਨਾਲ਼ ਹੀ ਗੱਲ ਜੋੜਦਿਆਂ ਕਹਿੰਦੇ ਹਨ ਕਿ ਜੇ ਕੋਈ ਪੁਰਸ਼ ਮੰਡਲੀ ਕਿਸੇ ਪਿੰਡ ਦਾ ਦੌਰਾ ਕਰਦੀ ਹੈ ਤਾਂ ਉਹ ਉਸ ਪਿੰਡ ਦੀ ਔਰਤ ਮੰਡਲੀ ਨਾਲ਼ ਨੱਚੇਗੀ। ਬਦਲੇ ਵਿੱਚ ਮੇਜ਼ਬਾਨ ਪਿੰਡ ਦੀ ਪੁਰਸ਼ ਮੰਡਲੀ ਮਹਿਮਾਨ ਟੀਮ ਦੇ ਪਿੰਡ ਦਾ ਦੌਰਾ ਕਰੇਗੀ ਅਤੇ ਉੱਥੋਂ ਦੀ ਔਰਤ ਮੰਡਲੀ ਨਾਲ਼ ਡਾਂਸ ਕਰੇਗੀ।
ਇਸੇ ਜ਼ਿਲ੍ਹੇ ਦੇ ਕਵਰਧਾ ਬਲਾਕ ਦੀ ਅਨੀਤਾ ਪਾਂਡਰੀਆ ਕਹਿੰਦੀ ਹਨ,"ਅਸੀਂ ਹਮੇਸ਼ਾ ਗਾਉਣ ਅਤੇ ਨੱਚਣ ਦਾ ਮਜ਼ਾ ਲੈਂਦੇ ਹਾਂ।'' ਉਹ ਡਾਂਸ ਫੈਸਟੀਵਲ ਦੀ ਟੀਮ ਦਾ ਵੀ ਹਿੱਸਾ ਸਨ ਤੇ ਅਤੇ ਇਤਵਾਰੀ ਜੀ ਦੀ ਟੀਮ ਦਾ ਵੀ।
ਨਾਚ, ਗਾਣੇ ਵਿੱਚ ਪੁੱਛੇ ਗਏ ਪ੍ਰਸ਼ਨ ਦੇ ਹਿਸਾਬ ਨਾਲ਼ ਹੁੰਦਾ ਹੈ ਅਤੇ ਇਸੇ ਤਰੀਕੇ ਨਾਲ਼ ਜਵਾਬ ਵੀ ਦਿੱਤੇ ਜਾਂਦੇ ਹਨ।
ਬੈਗਾ ਨਾਚ ਪੀੜ੍ਹੀਓਂ-ਪੀੜ੍ਹੀ ਚੱਲਦੀ ਆਉਂਦੀ ਪਰੰਪਰਾ ਹੈ ਜੋ ਸਾਰੇ ਬੈਗਾ ਪਿੰਡਾਂ ਵਿੱਚ ਦੇਖਣ ਨੂੰ ਮਿਲ਼ਦੀ ਹੈ। ਇਹ ਨਾਚ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਇਨ੍ਹਾਂ ਨਾਚ ਮੰਡਲੀਆਂ ਨੂੰ ਅਕਸਰ ਖ਼ਾਸ ਮੌਕਿਆਂ ਦੌਰਾਨ ਵੀਆਈਪੀ ਲੋਕਾਂ ਦਾ ਮਨੋਰੰਜਨ ਕਰਨ ਲਈ ਵੀ ਬੁਲਾਇਆ ਜਾਂਦਾ ਹੈ, ਪਰ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੇ ਪ੍ਰਦਰਸ਼ਨਾਂ ਬਦਲੇ ਬਣਦਾ ਭੁਗਤਾਨ ਨਹੀਂ ਕੀਤਾ ਜਾਂਦਾ।
ਕਵਰ ਫ਼ੋਟੋ: ਗੋਪੀਕ੍ਰਿਸ਼ਨਾ ਸੋਨੀ
ਤਰਜਮਾ: ਕਮਲਜੀਤ ਕੌਰ