ਭਾਰਤ ਦਾ 'ਖੇਤੀ ਸੰਕਟ' ਹੁਣ ਖੇਤੀ ਤੋਂ ਬਹੁਤ ਅਗਾਂਹ ਚਲਾ ਗਿਆ ਹੈ।
ਇਹ ਸਾਡੇ ਸਮਾਜ ਦਾ ਸੰਕਟ ਹੈ। ਇਹ ਤਾਂ ਸਗੋਂ ਸੱਭਿਅਤਾ ਦਾ ਸੰਕਟ ਵੀ ਹੋ ਸਕਦਾ ਹੈ, ਜਿਸ ਵਿਚ ਸ਼ਾਇਦ ਇਸ ਧਰਤੀ ਉਤਲੇ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦੀ ਸਭ ਤੋਂ ਵੱਡੀ ਗਿਣਤੀ ਆਪਣਾ ਰਿਜ਼ਕ/ਰੁਜ਼ਗਾਰ ਬਚਾਉਣ ਖ਼ਾਤਿਰ ਜੂਝ ਰਹੀ ਹੈ। ਖੇਤੀ ਸੰਕਟ ਹੁਣ ਮਹਿਜ਼ ਜ਼ਮੀਨ ਖੁੱਸਣ ਤੱਕ ਸੀਮਤ ਨਹੀਂ। ਨਾ ਹੀ ਇਹ ਮਨੁੱਖੀ ਜਿੰਦੜੀਆਂ ਖ਼ਤਮ ਹੋਣ, ਰੁਜ਼ਗਾਰ ਜਾਂ ਪੈਦਾਵਾਰ ਦਾ ਨੁਕਸਾਨ ਹੈ। ਇਹ ਤਾਂ ਸਾਡੀ ਨਾਸ ਹੋ ਚੁੱਕੀ ਮਨੁੱਖਤਾ ਦਾ ਸੋਗੀ ਗੀਤ ਹੈ; ਸਾਡੀ ਮਨੁੱਖਤਾ ਅਤੇ ਦਿਆਲਤਾ ਦੀਆਂ ਹੱਦਾਂ ਸੁੰਗੜ ਜਾਣ ਦਾ ਮਰਸੀਆ ਹੈ। ਅਸੀਂ ਪਿਛਲੇ ਵੀਹ ਵਰ੍ਹਿਆਂ ਦੌਰਾਨ ਇਨ੍ਹਾਂ ਬੇਦਖ਼ਲ ਜਿਊੜਿਆਂ ਦੇ ਨਿੱਤ ਦਿਨ ਡੂੰਘੇ ਹੁੰਦੇ ਜਾ ਰਹੇ ਸੰਤਾਪ ਅਤੇ ਦੁਰਦਸ਼ਾ ਨੂੰ ਦੇਖ ਰਹੇ ਹਾਂ। ਇਨ੍ਹਾਂ ਵਿਚ ਤਿੰਨ ਲੱਖ ਤੋਂ ਉਪਰ ਕਿਸਾਨ ਹਨ ਜੋ ਖ਼ੁਦਕੁਸ਼ੀ ਕਰ ਚੁੱਕੇ ਹਨ। ਇਸ ਦੌਰਾਨ ਕੁਝ 'ਉੱਘੇ ਅਰਥ ਸ਼ਾਸਤਰੀਆਂ' ਨੇ ਸਾਡੇ ਆਲੇ-ਦੁਆਲੇ ਮੰਡਰਾ ਰਹੇ ਇਨ੍ਹਾਂ ਬੇਅੰਤ ਦੁੱਖ-ਤਕਲੀਫ਼ਾਂ ਨੂੰ ਤੁੱਛ ਦੱਸਿਆ, ਇੱਥੋਂ ਤੱਕ ਕਿ ਅਜਿਹਾ ਕੋਈ ਸੰਕਟ ਹੋਣ ਤੋਂ ਵੀ ਕੋਰੀ ਨਾਂਹ ਕੀਤੀ ਹੈ।
ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਨੇ ਪਿਛਲੇ ਦੋ ਵਰ੍ਹਿਆਂ ਤੋਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਅੰਕੜੇ ਨਹੀਂ ਛਾਪੇ। ਇਸ ਤੋਂ ਕੁਝ ਵਰ੍ਹੇ ਪਹਿਲਾਂ, ਕਈ ਅਹਿਮ ਸੂਬਿਆਂ ਨੇ ਬਿਊਰੋ ਦੇ ਅੰਦਾਜ਼ਿਆਂ ਨੂੰ ਬੁਰੀ ਤਰ੍ਹਾਂ ਤੋੜ-ਮੋਰੜ ਕੇ ਫ਼ਰੇਬੀ ਅੰਕੜੇ ਪੇਸ਼ ਕੀਤੇ। ਮਸਲਨ, ਛੱਤੀਸਗੜ੍ਹ ਤੇ ਪੱਛਮੀ ਬੰਗਾਲ ਅਤੇ ਕੁਝ ਹੋਰਾਂ ਨੇ ਦਾਅਵਾ ਕੀਤਾ ਕਿ ਉੱਥੇ ਕੋਈ ਕਿਸਾਨ ਖ਼ੁਦਕੁਸ਼ੀ ਨਹੀਂ ਹੋਈ। 2014 ਵਿੱਚ 12 ਸੂਬਿਆਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਵੀ ਇਹੀ ਦਾਅਵਾ ਕੀਤਾ। ਬਿਊਰੋ ਦੀਆਂ 2014 ਅਤੇ 2015 ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਅੰਕੜੇ ਘਟਾ ਕੇ ਦੱਸਣ ਦੇ ਇਰਾਦੇ ਨਾਲ ਕਾਰਜਵਿਧੀ ਵਿੱਚ ਵੱਡੀ ਪੱਧਰ 'ਤੇ, ਨਿਰਲੱਜ ਤਰੁੱਟੀਆਂ ਰੱਖ ਕੇ ਛਲ ਕੀਤਾ ਗਿਆ।
ਤੇ ਅੰਕਿੜਆਂ ਦੀ ਇਹ ਗਿਣਤੀ ਫਿਰ ਵੀ ਵਧ ਰਹੀ ਹੈ।
ਇਸ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਰੋਸ ਵਿਖਾਵੇ ਲਗਾਤਾਰ ਵਧ ਅਤੇ ਪ੍ਰਚੰਡ ਹੋ ਰਹੇ ਹਨ। ਮੱਧ ਪ੍ਰਦੇਸ਼ ਵਿੱਚ ਕਿਸਾਨ ਗੋਲੀ ਨਾਲ ਮਾਰ ਸੁੱਟੇ। ਮਹਾਂਰਾਸ਼ਟਰ ਵਿਚ ਉਨ੍ਹਾਂ ਨੂੰ ਟਿੱਚ ਜਾਣਿਆ ਅਤੇ ਸਮਝੌਤਿਆਂ ਵਿਚ ਧੋਖਾਧੜੀ ਕੀਤੀ। ਜਿੱਧਰ ਦੇਖੋ, ਹਰ ਪਾਸੇ ਨੋਟਬੰਦੀ ਦੇ ਝੰਬੇ ਜਿਊੜੇ ਦਿਸਦੇ ਹਨ। ਦਿਹਾਤ ਵਿਚ ਰੋਸ, ਰੋਹ, ਦਰਦ ਤੇ ਬੇਚੈਨੀ ਵਧ ਰਹੀ ਹੈ। ਤੇ ਇਹ ਸਿਰਫ਼ ਕਿਸਾਨਾਂ ਵਿਚ ਹੀ ਨਹੀਂ ਹੋ ਰਿਹਾ ਸਗੋਂ ਮਜ਼ਦੂਰਾਂ ਅੰਦਰ ਵੀ ਹੈ ਜਿਨ੍ਹਾਂ ਨੂੰ ਜਾਪਦਾ ਹੈ ਕਿ ਸਾਜ਼ਿਸ਼ ਤਹਿਤ 'ਮਨਰੇਗਾ' ਨੂੰ ਸਮੇਟਿਆ ਜਾ ਰਿਹਾ ਹੈ: ਇਨ੍ਹਾਂ ਵਿਚ ਮਛੇਰੇ, ਜੰਗਲ ਵਾਲੇ ਭਾਈਚਾਰੇ, ਦਸਤਕਾਰ, ਸ਼ੋਸ਼ਿਤ ਹੋ ਰਹੇ ਆਂਗਨਵਾੜੀ ਕਾਮੇ ਸ਼ਾਮਿਲ ਹਨ; ਇਨ੍ਹਾਂ ਵਿਚ ਉਹ ਲੋਕ ਸ਼ਾਮਿਲ ਹਨ ਜਿਹੜੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਭੇਜਦੇ ਹਨ ਤੇ ਉਥੇ ਉਨ੍ਹਾਂ ਨੂੰ ਇਲਮ ਹੁੰਦਾ ਹੈ ਕਿ ਸਰਕਾਰ ਤਾਂ ਆਪਣੇ ਸਕੂਲ ਖ਼ੁਦ ਤਬਾਹ ਕਰ ਰਹੀ ਹੈ; ਇਨ੍ਹਾਂ ਵਿਚ ਉਹ ਛੋਟੇ ਸਰਕਾਰੀ ਮੁਲਾਜ਼ਮ ਅਤੇ ਟਰਾਂਸਪੋਰਟ ਤੇ ਸਰਕਾਰੀ ਖੇਤਰ ਨਾਲ ਸਬੰਧਤ ਕਾਮੇ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਰਿਜ਼ਕ/ਰੁਜ਼ਗਾਰ ਉੱਤੇ ਸਦਾ ਤਲਵਾਰ ਲਟਕੀ ਰਹਿੰਦੀ ਹੈ।





