ਬੇਲਦੰਗਾ ਦੇ ਉੱਤਰਪਾਰਾ ਇਲਾਕੇ ਵਿੱਚ ਆਪਣੇ ਘਰ ਦੀ ਛੱਤ ‘ਤੇ ਬੈਠੀ ਹੋਈ ਕੋਹਿਨੂਰ ਬੇਗ਼ਮ ਕਹਿੰਦੀ ਹਨ, “ਮੇਰੇ ਅੱਬੂ (ਬਾਪੂ ਜੀ) ਇੱਕ ਦਿਹਾੜੀ ਮਜ਼ਦੂਰ ਸਨ, ਪਰ ਮੱਛੀਆਂ ਫੜਨਾ ਉਹਨਾਂ ਦੀ ਜ਼ਿੰਦਗੀ ਦਾ ਮੁੱਖ ਕੇਂਦਰ ਸੀ । ਉਹ ਕਿਸੇ ਤਰ੍ਹਾਂ ਇੱਕ ਕਿੱਲੋ ਚਾਵਲ ਜਿੰਨੇ ਪੈਸੇ ਇਕੱਠੇ ਕਰਦੇ ਅਤੇ ਫਿਰ... ਸਾਰਾ ਦਿਨ ਕੰਮ ਤੋਂ ਗਾਇਬ ਰਹਿੰਦੇ। ਬਾਕੀ ਸਾਰੀ ਜਿੰਮੇਵਾਰੀ ਮੇਰੀ ਅੰਮੀ ਦੇ ਸਿਰ ਹੁੰਦੀ।,”
“ਜ਼ਰਾ ਸੋਚ ਕੇ ਵੇਖੋ ਕਿ ਮੇਰੀ ਅੰਮੀ ਕਿਵੇਂ ਉਸ ਇੱਕ ਕਿੱਲੋ ਵਿੱਚੋਂ ਚਾਰ ਬੱਚੇ, ਸਾਡੀ ਦਾਦੀ, ਮੇਰੇ ਅੱਬੂ, ਮੇਰੀ ਭੂਆ ਅਤੇ ਆਪਣੇ ਆਪ ਦਾ ਢਿੱਡ ਭਰਦੀ ਹੋਵੇਗੀ।” ਉਹ ਥੋੜ੍ਹਾ ਰੁਕਦੀ ਹਨ ਅਤੇ ਫਿਰ ਕਹਿੰਦੀ ਹਨ, “ਅਤੇ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਅੱਬੂ ਫਿਰ ਵੀ ਉਸ ਵਿੱਚੋਂ ਮੱਛੀਆਂ ਦੇ ਚਾਰੇ ਲਈ ਥੋੜ੍ਹੇ ਚਾਵਲ ਦੀ ਮੰਗ ਕਰਨ ਦੀ ਹਿੰਮਤ ਕਰ ਜਾਂਦੇ। ਅਸੀਂ ਇਸ ਆਦਮੀ ਦੀ ਅਕਲ ’ਤੇ ਹੈਰਾਨੀ ਹੁੰਦੀ!”
ਕੋਹਿਨੂਰ ਆਪਾ (ਭੈਣ), 55, ਇਥੇ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਇੱਕ ਪ੍ਰਾਇਮਰੀ ਸਕੂਲ, ਜਾਨਕੀ ਨਗਰ ਪ੍ਰਾਥਮਿਕ ਵਿਦਿਆਲਾ ਵਿਖੇ ਮਿਡ-ਡੇ-ਮੀਲ ਬਣਾਉਂਦੀ ਹਨ। ਆਪਣੇ ਬਚਦੇ ਸਮੇਂ ਵਿੱਚ ਉਹ ਬੀੜੀਆਂ ਲਪੇਟਣ ਦਾ ਕੰਮ ਕਰਦੀ ਹਨ ਅਤੇ ਇਸ ਕੰਮ ਵਿੱਚ ਲੱਗੀਆਂ ਦੂਜੀਆਂ ਔਰਤਾਂ ਦੇ ਹੱਕਾਂ ਲਈ ਵੀ ਅਵਾਜ਼ ਚੁੱਕਦੀ ਹਨ। ਮੁਰਸ਼ਿਦਾਬਾਦ ਵਿੱਚ ਇਹ ਔਰਤਾਂ ਸਭ ਤੋਂ ਗਰੀਬ ਤਬਕੇ ਨਾਲ ਸਬੰਧ ਰੱਖਦੀਆਂ ਹਨ ਜੋ ਬੀੜੀਆਂ ਲਪੇਟਣ ਦਾ ਕੰਮ ਕਰਦੀਆਂ ਹਨ— ਜੋ ਕਿ ਇੱਕ ਸਰੀਰਕ ਸਜ਼ਾ ਦੇ ਬਰਾਬਰ ਹੈ। ਬਹੁਤ ਛੋਟੀ ਉਮਰ ਤੋਂ ਹੀ ਤੰਬਾਕੂ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਨਾਲ ਉਹਨਾਂ ਦੀ ਸਿਹਤ ’ਤੇ ਵੀ ਖ਼ਤਰੇ ਦੀ ਤਲਵਾਰ ਲਟਕਦੀ ਰਹਿੰਦੀ ਹੈ। ਪੜ੍ਹੋ: ਜਿੱਥੇ ਬੀੜੀ ਦੇ ਧੂੰਏ ਨਾਲੋਂ ਸਸਤੀ ਹੋਈ ਔਰਤਾਂ ਮਜ਼ਦੂਰਾਂ ਦੀ ਸਿਹਤ।
2021 ਦੇ ਦਿਸੰਬਰ ਮਹੀਨੇ ਦੀ ਇੱਕ ਸਵੇਰ ਕੋਹਿਨੂਰ ਆਪਾ ਬੀੜੀ ਮਜ਼ਦੂਰਾਂ ਲਈ ਚਲਾਈ ਗਈ ਇੱਕ ਮੁਹਿੰਮ ਤੋਂ ਬਾਅਦ ਇਸ ਪੱਤਰਕਾਰ ਨੂੰ ਮਿਲੇ। ਥੋੜ੍ਹੇ ਸਮੇਂ ਬਾਅਦ, ਅਰਾਮ ਦੀ ਹਾਲਤ ’ਚ ਆਉਣ ’ਤੇ ਕੋਹਿਨੂਰ ਨੇ ਆਪਣੇ ਬਚਪਨ ਬਾਰੇ ਗੱਲਾਂ ਕੀਤੀਆਂ ਅਤੇ ਆਪਣੀ ਮੌਲਿਕ ਰਚਨਾ ਵੀ ਗਾ ਕੇ ਸੁਣਾਈ ਜੋ ਕਿ ਬੀੜੀ ਮਜ਼ਦੂਰਾਂ ਦੇ ਕਰੜੇ ਕਿੱਤੇ ਅਤੇ ਸ਼ੋਸ਼ਣਕਾਰੀ ਸਥਿਤੀਆਂ ’ਤੇ ਲਿਖਿਆ ਇੱਕ ਗੀਤ ਸੀ।
ਕੋਹਿਨੂਰ ਆਪਾ ਦੱਸਦੀ ਹਨ ਕਿ ਜਦੋਂ ਉਹ ਇੱਕ ਛੋਟੀ ਬੱਚੀ ਸਨ, ਉਹਨਾਂ ਦੇ ਪਰਿਵਾਰ ਦੀ ਗੰਭੀਰ ਆਰਥਿਕ ਸਥਿਤੀ ਕਾਰਨ ਘਰ ਦੇ ਹਾਲਾਤ ਠੀਕ ਨਹੀਂ ਸਨ। ਇੱਕ ਛੋਟੀ ਬੱਚੀ ਦੇ ਲਈ ਇਹ ਬਹੁਤ ਅਸਹਿਣਯੋਗ ਸੀ। ਉਹ ਦੱਸਦੀ ਹਨ,“ਮੈਂ ਸਿਰਫ ਨੌਂ ਵਰ੍ਹਿਆਂ ਦੀ ਸੀ ਜਦੋਂ ਇੱਕ ਸਵੇਰ ਘਰ ਦੇ ਆਮ ਲੜਾਈ-ਝਗੜੇ ਵਿੱਚ ਮੈਂ ਆਪਣੀ ਅੰਮੀ ਨੂੰ ਕੋਲੇ, ਪਾਥੀਆਂ ਅਤੇ ਲੱਕੜਾਂ ਨਾਲ ਚੁੱਲ੍ਹਾ ਬਾਲ਼ਦੇ ਹੋਏ ਰੋਂਦੇ ਵੇਖਿਆ। ਉਹਨਾਂ ਕੋਲ ਪਕਾਉਣ ਲਈ ਕੋਈ ਦਾਣਾ ਨਹੀਂ ਬਚਿਆ ਸੀ।”






