ਜਿਸ ਮਿੱਟੀ ਨਾਲ ਛਟੀਨਾ ਦੇ ਮਰਕਜ਼ ਤੱਕ ਦੇ ਰਸਤੇ ਨਾਲ ਲਗਦੇ ਸਾਰੇ ਘਰਾਂ ਦੀਆਂ ਦੀਵਾਰਾਂ ਬਣੀਆ ਹਨ, ਉਹੀ ਮਿੱਟੀ ਇਸ ਸੰਗੀਤ ’ਚੋਂ ਮਹਿਕਦੀ ਹੈ। ਤੇ ਇੱਕ ਜ਼ਮਾਨੇ ਵਿੱਚ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਇਸ ਆਦਿਵਾਸੀ ਪਿੰਡ ਵਿਚੋਂ ਬਨਮ ਅਤੇ ਗਬਗੁਬੀ ਦੀਆਂ ਮਿੱਠੀਆਂ ਅਵਾਜ਼ਾਂ ਆਉਂਦੀਆਂ ਸਨ। ਇਹ ਵਾਜੇ ਇਥੋਂ ਦੇ ਸੰਤਲ ਆਦਿਵਾਸੀ ਵਜਾਉਂਦੇ ਸੀ।
ਹੁਣ ਇਹ ਸੰਗੀਤ ਅਤੇ ਧੁੰਨਾਂ ਮੱਧਮ ਪੈ ਰਿਹੇ ਹਨ।
"ਅਸੀਂ ਇਹ ਸੰਗੀਤ ਸਾਧਨ ਖਾਸ ਤੌਰ ਤੇ ਆਪਣੇ ਪਰਬਾਂ (ਤਿਉਹਾਰਾਂ) ਤੇ ਵਜਾਉਂਦੇ ਹਾਂ," ਗਣੇਸ਼ ਸੋਰੇਨ, ਕਹਿੰਦਾ ਹੈ। ਉਹ ਰਾਜਨਗਰ ਬਲਾਕ ਦੇ ਸੰਤਲ ਵਸਨੀਕਾਂ ਦੇ ਗੜ੍ਹ, ਗੁਲਾਲਗੱਛੀ ਪਿੰਡ, ਦਾ ੪੨ ਸਾਲਾਂ ਦਾ ਨਿਵਾਸੀ ਹੈ। ਉਹ ਖੇਤ ਮਜ਼ਦੂਰ ਅਤੇ ਬਨਮ-ਵਾਦਕ ਹੈ, ਅਤੇ ਉਸਨੇ ਦੋਤਾਰੇ ਗਬਗੁਬੀ ਦੀ ਆਪ ਓਹ ਕਿਸਮ ਈਜਾਦ ਕੀਤੀ ਹੈ ਜਿਹੜੀ ਉਹ ਵਜਾਉਂਦੇ ਹੈ। ਇੱਕਤਾਰਾ ਬਨਮ ਇਸ ਤੋਂ ਪੁਰਾਣਾ ਸੰਗੀਤ ਸਾਧਨ ਹੈ, ਅਤੇ ਸੰਤਲਾਂ ਅਤੇ ਹੋਰ ਆਦਿਵਾਸੀ ਸਮੂਹਾਂ ਲਈ ਖਾਸ ਇਤਿਹਾਸਕ ਤੇ ਸਭਿਆਚਾਰਕ ਮਹੱਤਵ ਰਖਦਾ ਹੈ।
ਉਹਦੇ ਲਈ, ਇਹਨਾਂ ਰਚਨਾਵਾਂ ਦੀਆਂ ਅਵਾਜ਼ਾਂ ਉਹਨਾਂ ਦੇ ਅਜ਼ਾਦੀ, ਜਲ, ਜੰਗਲ, ਤੇ ਜ਼ਮੀਨ ਲਈ ਕੀਤੇ ਸੰਤਲ ਸੰਘਰਸ਼ਾਂ ਨੂੰ ਦਰਸਾਉਂਦੀਆਂ ਹਨ। ਇਹ ਮੁੱਦੇ ਅੱਜ ਵੀ ਕਾਇਮ ਹਨ
"ਅਸੀਂ ਸਿੱਧੂ - ਕਾਹਨੂੰ ਦੇ ਤਿਉਹਾਰ ਤੇ ਬਨਮ ਵਜਾਇਆ ਸੀ," ਹੋਪੋਨ ਸੋਰੇਨ, ੪੬, ਜੋ ਛਟੀਨਾ ਵਿੱਚ ਇੱਕ ਖੇਤ ਮਜ਼ਦੂਰ ਹੈ, ਕਹਿੰਦਾ ਹੈ। ਇਹ ਤਿਉਹਾਰ ਸਿੱਧੂ ਮੁਰਮੂ ਤੇ ਕਾਹਨੂੰ ਮੁਰਮੂ ਦੇ ਨਾਂਵਾਂ ਤੇ ਮਨਾਇਆ ਜਾਂਦਾ ਹੈ। ਇਹ ਦੋਵੇਂ ਸੰਤਲਾਂ ਦੇ ਉਹ ਨੇਤਾ ਸਨ ਜਿਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ਼ ੧੮੫੫ ਵਿੱਚ ਹੂਲ (ਬਗ਼ਾਵਤ) ਕੀਤੀ ਸੀ। ਅੰਗਰੇਜ਼ਾਂ ਨੇ ਉਹਨਾਂ ਨੂੰ ਫੜਨ ਲਈ ੧੦,੦੦੦ ਰੁਪਿਆਂ ਦਾ ਇਨਾਮ ਐਲਾਨ ਕੀਤਾ ਸੀ, ਜੋ ਕਿ ਉਸ ਵੇਲੇ ਵੱਡੀ ਰਕਮ ਸੀ। ਅੰਗਰੇਜ਼ ਉਹਨਾਂ ਨੂੰ ਹਰ ਹਾਲਤ ਵਿੱਚ ਫੜਨਾ ਚਾਹੁੰਦੇ ਸਨ। ਇਸ ਖੂਨੀ ਬਗ਼ਾਵਤ ਵਿੱਚ ਘੱਟ ਤੋਂ ਘੱਟ ੬੦,੦੦੦ ਵਿਚੋਂ ੧੫,੦੦੦ ਸੰਤਲ ਮਾਰੇ ਗਏ, ਕਿਉਂਕਿ ਉਹਨਾਂ ਦੇ ਤੀਰ-ਕਮਾਨ ਅੰਗਰੇਜ਼ਾਂ ਦੀਆਂ ਬੰਦੂਕਾਂ ਦਾ ਮੁਕਾਬਲਾ ਨਹੀਂ ਕਰ ਸਕੇ। ਇਹ ਬਨਮ ਇਸ ਤਿਉਹਾਰ ਵਿੱਖੇ ਉਹਨਾਂ ਦੀਆਂ ਯਾਦਾਂ ਤਾਜ਼ਾ ਕਰਦਾ ਹੈ।
"ਸਾਡੇ ਬਚਪਨ ਵਿੱਚ, " ਹੋਪੋਨ ਸੋਰੇਨ ਬੋਲਦਾ ਹੈ, "ਮਸ਼ਹੂਰ ਬਨਮ-ਵਾਦਕ ਹੁੰਦੇ ਸਨ ਜਿਹਨਾਂ ਨੂੰ ਅਸੀਂ ਰੇਡੀਓ ਤੇ ਸੁਣਦੇ ਸੀ। ਅਸੀਂ ਇਸ ਸੰਗੀਤ ਸਾਧਨ ਨੂੰ ਉਹਨਾਂ ਨੂੰ ਦੇਖ-ਦੇਖ ਕੇ ਬਣਾਉਣਾ ਤੇ ਵਜਾਉਣਾ ਸਿੱਖਿਆ। ਉਹਨਾਂ ਦੀਆਂ ਧੁੰਨਾਂ ਸਮਝੀਆਂ ਤੇ ਅਪਣਾਈਆਂ।"
ਗਣੇਸ਼ ਸੋਰੇਨ ਦੀ ਗਬਗੁਬੀ ਦਾ ਵੀ ਇਤਿਹਾਸਕ ਮਹੱਤਵ ਹੈ। ਇਹਦੇ ਲਈ, ਇਹਨਾਂ ਰਚਨਾਵਾਂ ਦੀਆਂ ਅਵਾਜ਼ਾਂ ਇਹਨਾਂ ਦੇ ਅਜ਼ਾਦੀ, ਜਲ, ਜੰਗਲ ਤੇ ਜ਼ਮੀਨ ਲਈ ਕੀਤੇ ਸੰਤਲ ਸੰਘਰਸ਼ਾਂ ਨੂੰ ਦਰਸਾਉਂਦੀਆਂ ਹਨ। ਇਹ ਮੁੱਦੇ ਅੱਜ ਵੀ ਕਾਇਮ ਹਨ। ਦੋਵੇਂ ਗਣੇਸ਼ ਤੇ ਹੋਪੋਨ ਇਲਾਕੇ ਦੇ ਮਹਾਜਨ ਦੇ ਖੇਤਾਂ ਵਿੱਚ ਕੰਮ ਕਰਦੇ ਹਨ। ਭਾਵੇਂ ਇਸ ਇਲਾਕੇ ਦੀ ਤਹਿਸ਼ੁਦਾ ਮਜ਼ਦੂਰੀ ੨੪੦ ਰੁਪਏ ਹੈ, ਅਤੇ ਕਾਗਜ਼ਾਂ ਵਿੱਚ ਇਹੀ ਲਿਖਿਆ ਹੈ, ਇਹਨਾਂ ਨੂੰ ਮਹੀਨਿਆਂ ਤੋਂ ਰੋਜ਼ਾਨਾ ਸਿਰਫ਼ ੧੦੦-੨੦੦ ਰੁਪਏ ਹੀ ਮਿਲ ਰਹੇ ਹਨ। ਕਦੀ-ਕਦੀ ਜਦੋਂ ਇਹਨਾਂ ਨੂੰ ਮਿਸਤਰੀਆਂ ਦਾ ਕੰਮ ਮਿਲ ਜਾਂਦਾ ਹੈ, ਇਹ ੨੬੦ ਰੁਪਿਆਂ ਤੱਕ ਕਮਾ ਲੈਂਦੇ ਹਨ। ਪੱਛਮੀ ਬੰਗਾਲ ਲਈ ਮ.ਗ.ਨ.ਰੇ.ਗਾ. ਦਾ ਰੇਟ ੨੪੦ ਰੁਪਏ ਹੈ, ਪਰ ਅਸਲ ਵਿੱਚ ਇਹਨਾਂ ਨੂੰ ਸਿਰਫ਼ ੧੮੨-੨੦੨ ਰੁਪਏ ਹੀ ਨਸੀਬ ਹੁੰਦੇ ਹਨ। ਅਤੇ ਕੰਮ ਵੱਜੋਂ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਲ ਦੇ ਸਿਰਫ਼ ੨੫ ਦਿਨਾਂ ਦਾ ਇਹ ਕੰਮ ਮਿਲਦਾ ਹੈ।
ਇਸ ਇਲਾਕੇ ਦੇ ਵਸਨੀਕ ਮੈਨੂੰ ਦੱਸਦੇ ਹਨ ਕਿ ਉਸ ਥਾਂ ਦੀ ਤਹਿਸ਼ੁਦਾ ਮਜ਼ਦੂਰੀ ਪਹਿਲੇ ਜ਼ਿਆਦਾ ਹੋਇਆ ਕਰਦੀ ਸੀ, ਪਰ ਕੁੱਝ ਸਾਲਾਂ ਤੋਂ ਘੱਟ ਗਈ ਹੈ। ਇਹ ੨੦੧੧ ਦੇ ਆਸ-ਪਾਸ ੨੪੦ ਰੁਪਏ ਤੇ ਪੱਕੀ ਕੀਤੀ ਗਈ ਸੀ। ਪਰ ਰੇਟ ਗਿਰਨ ਲਗ ਪਿਆ ਤੇ ਕਰੋਨਾ ਦੀ ਮਹਾਮਾਰੀ ਤੇ ਲੌਕਡਾਊਨ ਕਰਕੇ ਹੋਰ ਘੱਟ ਗਿਆ। ਫਿਰ ਵੀ, ਚੰਗੀ ਬਰਸਾਤ ਕਰਕੇ ਖੇਤੀ-ਬਾੜੀ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ, ਤੇ ਇਹਨਾਂ ਨੂੰ ਕੁੱਝ ਦਿਨਾਂ ਜਾਂ ਹਫ਼ਤਿਆਂ ਲਈ ਫਿਰ ਰੋਜ਼ਾਨਾ ੨੪੦ ਰੁਪਏ ਮਿਲ ਸਕਦੇ ਹਨ।
ਹਰ ਇੱਕ ਬਨਮ ਤੇ ਗਬਗੁਬੀ ਖਾਸ ਤੌਰ ਤੇ ਬਣਾਈ ਜਾਂਦੀ ਹੈ, ਤੇ ਸ਼ਿਲਪਕਾਰ ਦੀ ਰਚਨਾਤਮਕਤਾ ਨੂੰ ਦਰਸਾਉਂਦੀ ਹੈ। ਇਸ ਲਈ, ਇਸ ਸੰਗੀਤ ਸਾਧਨ ਦੀ ਸ਼ਕਲ ਤੇ ਚਰਿੱਤਰ ਇਸ ਦੇ ਸ਼ਿਲਪਕਾਰ ਦੇ ਹਿਸਾਬ ਨਾਲ ਬਦਲਦੇ ਰਹਿੰਦੇ ਹਨ। ਹੋਪੋਨ ਸੋਰੇਨ ਦੀ ਬਨਮ ਲੱਕੜ ਵਿਚੋਂ ਬਸਲੇ (ਕੁਲਹਾੜੀ) ਤੇ ਰੁਕਾ (ਛੈਣੀ) ਨਾਲ ਪਿਆਰ ਨਾਲ ਤਰਾਸ਼ੀ ਗਈ ਹੈ।
ਗਣੇਸ਼ ਸੋਰੇਨ ਦੀ ਬਨਮ ਦੀ ਇੱਕ ਅਨੋਖੀ ਸੁੰਦਰਤਾ ਹੈ, ਤੇ ਇਹ ਬੇਤਰਤੀਬ ਹਿੱਸਿਆਂ ਨਾਲ ਬਣੀ ਹੈ ਜਿਵੇਂ: ਨਾਰੀਅਲ ਦੇ ਖੋਲ, ਜਾਨਵਰ ਦੀ ਖੱਲ, ਤੇ ਇੱਕ ਛਤਰੀ ਦੀ ਛੜੀ।
ਡਾ. ਨਿਵੇਦਿਤਾ ਲਹਿਰੀ, ਜੋ ਕਿ ਰਾਬਿੰਦਰ ਭਾਰਤੀ ਵਿਸ਼ਵ ਵਿਦਿਆਲਾ, ਕੋਲਕਤਾ ਤੋਂ ਹਨ, ਤੇ ਕਬੀਲਿਆਂ ਦੇ ਸੰਗੀਤ ਦੀ ਪੜ੍ਹਾਈ ਵਿੱਚ ਮਾਹਰ ਹਨ, ਕਹਿੰਦੇ ਨੇ, "ਬਨਮ ਇੱਕ ਤਾਰ ਵਾਲੀ ਸੰਗੀਤ ਸਾਧਨ ਹੈ ਜੋ ਸ਼ਾਇਦ ਵਾਇਲਨ ਦੇ ਪਰਿਵਾਰ ਦੀ ਜੀਅ ਹੈ, ਇੱਕ ਛੜੀ (ਬੋ) ਨਾਲ ਵਜਾਈ ਜਾ ਸਕਦੀ ਹੈ, ਤੇ ਤਾਲ-ਵਾਦਕ ਅਵਾਜ਼ ਕੱਢਦੀ ਹੈ। ਇਹ ਇੱਕ ਤਾਰ-ਵਾਦਕ (ਕੌਰਡੋਫੋਨ) ਹੈ ਜੋ ਕਿ ਹੱਥ ਨਾਲ ਹੀ ਸਿੱਧੀ ਪੁੱਟ - ਪੁੱਟ ਕੇ ਵਜਾਈ ਨਹੀਂ ਜਾ ਸਕਦੀ । ਇਹ ਸਿਰਫ਼ ਛਾਰ (ਛੜੀ / ਬੋ) ਨਾਲ ਵਜਾਈ ਜਾ ਸਕਦੀ ਹੈ, ਜੋ ਕਿ ਤਾਰਾਂ ਜਾਂ ਕੁੱਝ ਕਿਸਮਾਂ ਦੇ ਜਾਨਵਰਾਂ ਦੇ ਵਾਲਾਂ ਨਾਲ ਬਣੀ ਹੋਵੇ। ਤੁਸੀਂ ਬੰਗਾਲ ਵਿੱਚ ਕਈ ਕਿਸਮਾਂ ਦੇ ਬਨਮ ਲੱਭ ਸਕਦੇ ਹੋ, ਜਿਵੇਂ ਕਿ ਫਨਤੋਰ ਬਨਮ, ਬੇਲੇ ਬਨਮ ਤੇ ਹੋਰ: ਕਿਉਂਕਿ ਉਨ੍ਹਾਂ ਦੇ ਸ਼ਿਲਪਕਾਰ ਓਹਨਾਂ ਨੂੰ ਆਪਣੇ ਖਾਸ ਤਰੀਕਿਆਂ ਨਾਲ ਬਣਾਉਂਦੇ ਹਨ।"
ਗਣੇਸ਼ ਸੋਰੇਨ ਦੀ ਗਬਗੁਬੀ ਖੋਮੋਕ ਤੋਂ ਉਪਜਦੀ ਹੈ। ਇਹ ਇਸ ਮਸ਼ਹੂਰ ਬੰਗਾਲੀ ਸੰਗੀਤ ਸਾਧਨ ਦੀ ਕਿਸਮ ਹੈ ਜੋ ਓਹਨਾਂ ਦੇ ਕਬੀਲੇ ਵਿੱਚ ਵਰਤੀ ਜਾਂਦੀ ਹੈ। ਇਸਨੇ ਇੱਕ ਢੋਲ ਅਤੇ ਆਪਣੇ ਪੁੱਤਰ ਦੇ ਇੱਕ ਖਿਡੌਣੇ ਨੂੰ ਵਰਤ ਕੇ ਇਹ ਬਣਾਈ ਹੈ। ਗਣੇਸ਼ ਕਹਿੰਦਾ ਹੈ ਕਿ ਇਸਦੀ ਧੁੰਨ ਉਸ ਨੂੰ ਆਪਣੇ ਬੇਟੇ ਦੇ ਖਿੜਖਿੜਾਂਦੇ ਮਸੂਮ ਹਾਸੇ ਦੀ ਯਾਦ ਦਵਾਉਂਦੀ ਹੈ, ਤੇ ਇਸਦੀ ਤਾਲ ਤੋਂ ਉਸਨੂੰ ਜੰਗਲ ਦੀ ਅਵਾਜ਼ ਆਉਂਦੀ ਹੈ। "ਮੈਂ ੧੫ ਸਾਲਾਂ ਤੋਂ ਇਹ ਦੋਵੇਂ ਸੰਗੀਤ ਸਾਧਨ ਵਜਾ ਰਿਹਾ ਹਾਂ, ਤਾਂਜੋ ਮੇਰਾ ਮਨ ਚੁਸਤ ਰ੍ਹਵੇ," ਓਹ ਕਹਿੰਦਾ ਹੈ। "ਇੱਕ ਸਮਾਂ ਸੀ ਜਦੋਂ ਮੈਂ ਕਸ਼ਟ-ਭਰੇ ਦਿਨਾਂ ਵਿੱਖੇ ਸ਼ਾਮ ਨੂੰ ਇਹ ਸੰਗੀਤ ਸਾਧਨ ਵਜਾਉਂਦਾ ਸੀ ਤੇ ਲੋਕ ਮੇਰਾ ਸੰਗੀਤ ਸੁਣਨ ਲਈ ਆਉਂਦੇ ਸਨ। ਪਰ ਅੱਜ-ਕੱਲ੍ਹ ਬਹੁਤ ਸਾਰੇ ਵਿਕਲਪ ਹਨ ਤੇ ਇਸ ਬਜ਼ੁਰਗ ਆਦਮੀ ਨੂੰ ਕੋਈ ਵੀ ਨਹੀਂ ਸੁਣਨਾ ਚਾਹੁੰਦਾ।"
ਓਹਨਾਂ ਦੇ ਪਿੰਡ ਦੇ ਬਹੁਤ ਆਦਮੀ ਮਿਸਤਰੀ ਦਾ ਕੰਮ ਕਰਦੇ ਹਨ, ਜਾਂ ਕਈ ਕਸਬਿਆਂ ਵਿੱਚ ਮਜ਼ਦੂਰੀ ਕਰਦੇ ਹਨ। ਕੰਮ ਤੇ ਜਾਣ ਵੇਲੇ ਇਹਨਾਂ ਵਿਚੋਂ ਕੁੱਝ ਲੋਕ ਅਜੇ ਵੀ ਆਪਣੇ ਨਾਲ ਬਨਮ ਲੈ ਕੇ ਜਾਂਦੇ ਹਨ। ਪਰ ਬਹੁਤਿਆਂ ਨੂੰ ਇਸ ਸੰਗੀਤ ਦੀ ਪਰੰਪਰਾ ਨਾਲ ਕੋਈ ਲੈਣ-ਦੇਣ ਨਹੀਂ ਹੈ, ਗਣੇਸ਼ ਤੇ ਹੋਪੋਨ ਕਹਿੰਦੇ ਹਨ। "ਸਾਡੇ ਪਿੰਡ ਅਤੇ ਸਮਾਜ ਵਿੱਚ ਹੁਣ ਬਹੁਤ ਘੱਟ ਲੋਕ ਬਚੇ ਹਨ," ਹੋਪੋਨ ਕਹਿੰਦਾ ਹੈ, "ਕੁੱਝ ਹੀ ਲੋਕ ਬਚੇ ਹਨ ਜਿਹਨਾਂ ਕੋਲ ਇਹ ਖਾਸ ਧੁੰਨੀ ਬਣਾਉਣ ਦਾ ਗਿਆਨ ਅਤੇ ਹੁਨਰ ਹੈ।"
"ਸਾਡੇ ਇਲਾਕੇ ਦੇ ਸਕੂਲ ਵਿੱਚ ਕੁੱਝ ਇੱਛਕ ਬੱਚੇ ਹੋਣਗੇ, ਜਿਹਨਾਂ ਨੂੰ ਅਸੀਂ ਸਿਖਾ ਸਕੀਏ," ਗਣੇਸ਼ ਕਹਿੰਦਾ ਹੈ। ਪਰ, ਉਹ ਕਹਿੰਦਾ ਹੈ, ਇਹ ਪੀੜ੍ਹੀ ਮੋਬਾਇਲ ਦੀਆਂ ਐਪਸ ਅਤੇ ਉਹਨਾਂ ਦੇ ਗਾਣਿਆਂ ਵਿੱਚ ਮਸਰੂਫ ਹੈ। ਇਹ ਸੱਭ ਕੁੱਝ ਇੱਕ ਕਲਿੱਕ ਦੇ ਨਾਲ ਕੀਤਾ ਜਾ ਸਕਦਾ ਹੈ। ਉਹਨਾਂ ਦੀ ਬਨਮ ਸੰਗੀਤ ਵਿੱਚ ਰੁਚੀ ਕਿਵੇਂ ਬਣਾਈਏ?
ਨਾ ਗਣੇਸ਼, ਤੇ ਨਾਂ ਹੀ ਹੋਪੋਨ ਕੋਲ ਮੋਬਾਇਲ ਫੋਨ ਹੈ, ਤੇ ਉਹ ਇਸ ਨੂੰ ਖਰੀਦ ਵੀ ਨਹੀਂ ਸਕਦੇ।
ਦੋਵੇਂ ਗਣੇਸ਼ ਤੇ ਹੋਪੋਨ ਆਪਣੇ ਪਿਆਰੇ ਬਨਮ ਦਾ ਪਤਨ ਆਪਣੀ ਮੁਸ਼ਕਿਲ ਆਰਥਕ ਸਥਿਤੀ ਨਾਲ ਜੋੜਦੇ ਹਨ। ਉਹ ਗਰੀਬ ਖੇਤ ਮਜ਼ਦੂਰ ਹਨ ਜੋ ਕਈ ਘੰਟੇ ਕੰਮ ਕਰਕੇ ਵੀ ਥੋੜੇ ਪੈਸੇ ਹੀ ਕਮਾ ਪਾਉਂਦੇ ਹਨ। "ਜੇ ਮੈਂ ਬਨਮ ਵਜਾਉਣਾ ਚਾਹਵਾਂ," ਗਣੇਸ਼ ਕਹਿੰਦਾ ਹੈ, "ਮੇਰਾ ਪੂਰਾ ਪਰਿਵਾਰ ਕਈ ਦਿਨਾਂ ਲਈ ਭੁੱਖਾ ਰਹੇਗਾ।"
"ਇਹ ਧੁੰਨੀ ਸਾਡੇ ਢਿੱਡ ਨਹੀਂ ਭਰ ਸਕਦੀ," ਹੋਪੋਨ ਕਹਿੰਦਾ ਹੈ।
ਤਰਜਮਾ: ਤ੍ਰਿਪਤ ਕੌਰ