ਰੇਖਾ ਨੂੰ 10 ਦਿਨ ਪਹਿਲਾਂ ਹੀ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਕੋਲ਼ ਵਿਆਹ ਤੋਂ ਬਚਣ ਦਾ ਕੋਈ ਵਿਕਲਪ ਨਹੀਂ ਹੈ। 15 ਸਾਲ ਦਾ ਕੋਈ ਬੱਚਾ ਆਪਣੇ ਹੱਕ ਲਈ ਜਿੰਨਾ ਕੁ ਲੜ ਸਕਦਾ ਹੁੰਦਾ ਹੈ ਓਨਾ ਵਿਰੋਧ ਉਨ੍ਹਾਂ ਨੇ ਆਪਣੇ ਮਾਂ-ਬਾਪ ਦੀ ਇੱਛਾ ਦਾ ਕੀਤਾ ਵੀ ਸੀ। ਪਰ ਉਨ੍ਹਾਂ ਦੇ ਮਾਪਿਆਂ ਨੇ ਇਸ ਵਿਰੋਧ ਨੂੰ ਕੋਈ ਤਵੱਜੋ ਨਹੀਂ ਦਿੱਤੀ। ਉਨ੍ਹਾਂ ਦੀ ਮਾਂ, ਭਾਗਿਆਸ਼੍ਰੀ ਕਹਿੰਦੀ ਹਨ,''ਉਹ ਹਾੜੇ ਕੱਢਦਿਆਂ ਕਹਿੰਦੀ ਰਹੀ ਕਿ ਉਹਨੇ ਹਾਲੇ ਹੋਰ ਪੜ੍ਹਨਾ ਹੈ।''
ਭਾਗਿਆਸ਼੍ਰੀ ਅਤੇ ਉਨ੍ਹਾਂ ਦੇ ਪਤੀ, ਅਮਰ, ਦੋਵੇਂ 40 ਸਾਲ ਦੇ ਹੋਣ ਵਾਲ਼ੇ ਹਨ। ਉਹ ਆਪਣੇ ਬੱਚਿਆਂ ਦੇ ਨਾਲ਼ ਮਹਾਂਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਇੱਕ ਬੇਹੱਦ ਪਿਛੜੇ ਅਤੇ ਕੰਗਾਲ਼ ਪਿੰਡ ਵਿੱਚ ਰਹਿੰਦੇ ਹਨ। ਹਰ ਸਾਲ ਨਵੰਬਰ ਦੇ ਨੇੜੇ ਤੇੜੇ ਉਹ ਪ੍ਰਵਾਸੀ ਮਜ਼ਦੂਰ ਦੇ ਤੌਰ 'ਤੇ ਗੰਨੇ ਦੀ ਵਾਢੀ ਦੇ ਕੰਮ ਲਈ ਪੱਛਮੀ ਮਹਾਰਾਸ਼ਟਰ ਜਾਂ ਕਰਨਾਟਕ ਜਾਂਦੇ ਹਨ। 6 ਮਹੀਨੇ ਤੱਕ ਹੱਢ-ਭੰਨਵੀਂ ਮੁਸ਼ੱਕਤ ਕਰਨ ਬਾਅਦ ਦੋਵੇਂ ਬਤੌਰ ਮਜ਼ਦੂਰ ਕੁੱਲ ਮਿਲ਼ਾ ਕੇ 80,000 ਰੁਪਏ ਤੱਕ ਕਮਾ ਲੈਂਦੇ ਹਨ। ਇੱਕ ਇੰਚ ਜ਼ਮੀਨ 'ਤੇ ਵੀ ਮਾਲਿਕਾਨਾ ਹੱਕ ਨਾ ਹੋਣ ਦੇ ਕਾਰਨ ਗੰਨੇ ਦੀ ਕਟਾਈ ਦਾ ਦਾ ਕੰਮ ਹੀ ਪਰਿਵਾਰ ਦੀ ਕਮਾਈ ਦਾ ਇਕਲੌਤਾ ਜ਼ਰੀਆ ਹੈ। ਪਰਿਵਾਰ ਦਾ ਸਬੰਧ ਮਤੰਗ ਜਾਤੀ ਨਾਲ਼ ਹੈ ਜੋ ਇੱਕ ਦਲਿਤ ਭਾਈਚਾਰਾ ਹੈ।
ਜਿੰਨੀ ਵਾਰ ਵੀ ਰੇਖਾ ਦੇ ਮਾਪੇ ਕੰਮ ਖਾਤਰ ਬਾਹਰ ਜਾਂਦੇ ਓਨੀ ਵਾਰ ਰੇਖਾ ਅਤੇ ਉਨ੍ਹਾਂ ਦੇ ਭਰਾ (ਉਮਰ 12 ਅਤੇ 8 ਸਾਲ) ਨੂੰ ਉਨ੍ਹਾਂ ਦੀ ਦਾਦੀ (ਜਿੰਨ੍ਹਾਂ ਦੀ ਪਿਛਲੇ ਸਾਲ ਮਈ ਵਿੱਚ ਮੌਤ ਹੋ ਗਈ) ਦੀ ਦੇਖਰੇਖ ਵਿੱਚ ਰਹਿਣਾ ਪਿਆ। ਉਨ੍ਹਾਂ ਦੀ ਪੜ੍ਹਾਈ ਪਿੰਡ ਦੀ ਫਿਰਨੀ 'ਤੇ ਸਥਿਤ ਸਰਕਾਰੀ ਸਕੂਲ ਵਿੱਚ ਹੋਈ। ਪਰ ਜਦੋਂ 2020 ਵਿੱਚ ਮਾਰਚ ਮਹੀਨੇ ਵਿੱਚ ਮਹਾਂਮਾਰੀ ਕਾਰਨ ਸਕੂਲਾਂ ਨੂੰ ਬੰਦ ਕਰਨਾ ਪਿਆ ਤਾਂ 9ਵੀਂ ਦੀ ਵਿਦਿਆਰਥਣ ਰੇਖਾ ਦਾ ਸਾਹਮਣੇ ਘਰੇ ਰਹਿਣ ਤੋਂ ਇਲਾਵਾ ਕੋਈ ਵਿਕਲਪ ਨਾ ਬਚਿਆ। ਬੀਡ ਜ਼ਿਲ੍ਹੇ ਵਿੱਚ ਸਕੂਲਾਂ ਦੇ ਬੰਦ ਹੋਇਆਂ 500 ਦਿਨ ਤੋਂ ਵੀ ਵੱਧ ਸਮਾਂ ਲੰਘ ਚੁੱਕਿਆ ਹੈ।
ਭਾਗਿਆਸ਼੍ਰੀ ਕਹਿੰਦੀ ਹਨ,''ਸਾਨੂੰ ਲੱਗਿਆ ਕਿ ਸਕੂਲ ਇੰਨੀ ਛੇਤੀ ਤਾਂ ਖੁੱਲ੍ਹਣ ਨਹੀਂ ਵਾਲ਼ੇ ਅਤੇ ਜਦੋਂ ਸਕੂਲ ਖੁੱਲ੍ਹਿਆ ਸੀ ਤਾਂ ਆਸ ਪਾਸ ਅਧਿਆਪਕ ਅਤੇ ਬੱਚੇ ਹੋਇਆ ਕਰਦੇ ਸਨ। ਪਿੰਡ ਵਿੱਚ ਥੋੜ੍ਹੀ ਚਹਿਲਕਦਮੀ ਹੋਇਆ ਕਰਦੀ ਸੀ। ਸਕੂਲ ਬੰਦ ਹੋਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਉਹਨੂੰ ਘਰੇ ਇਕੱਲੇ ਨਹੀਂ ਛੱਡ ਸਕਦੇ ਸਾਂ।''
ਇਸਲਈ ਭਾਗਿਆਸ਼੍ਰੀ ਅਤੇ ਅਮਰ ਨੇ ਪਿਛਲੇ ਸਾਲ ਜੂਨ ਵਿੱਚ 22 ਸਾਲਾ ਅਦਿਤਯ ਦੇ ਨਾਲ ਰੇਖਾ ਦਾ ਵਿਆਹ ਕਰਵਾ ਦਿੱਤਾ। ਉਨ੍ਹਾਂ ਦਾ ਪਰਿਵਾਰ ਰੇਖਾ ਦੇ ਪਿੰਡੋਂ 30 ਕਿਲੋਮੀਟਰ ਦੂਰ ਸਥਿਤ ਇੱਕ ਪਿੰਡ ਦਾ ਰਹਿਣ ਵਾਲ਼ਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਵੀ ਸੀਜ਼ਨਲ ਪ੍ਰਵਾਸੀ ਮਜ਼ਦੂਰ ਹਨ। 2020 ਵਿੱਚ ਨਵੰਬਰ ਦੇ ਮਹੀਨੇ ਵਿੱਚ ਜਦੋਂ ਕਮਾਦ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਵਾਲ਼ਾ ਸੀ ਤਾਂ ਰੇਖਾ ਅਤੇ ਅਦਿਤਯ ਵੀ ਕੰਮ ਦੇ ਸਿਲਸਿਲੇ ਵਿੱਚ ਪੱਛਮੀ ਮਹਾਰਾਸ਼ਟਰ ਗਏ ਅਤੇ ਸਕੂਲ ਦੇ ਰਜਿਸਟਰ ਵਿੱਚ ਉਹਦਾ ਨਾਮ ਬੋਲਦਾ ਰਹਿ ਗਿਆ।
ਰੇਖਾ ਜਿਹੀਆਂ ਕੁੜੀਆਂ ਅਤੇ ਉਨ੍ਹਾਂ ਤੋਂ ਵੀ ਛੋਟੀਆਂ ਕੁੜੀਆਂ ਮਹਾਂਮਾਰੀ ਦੇ ਦਬਾਅ ਕਾਰਨ ਵਿਆਹ ਕਰਨ ਲਈ ਮਜ਼ਬੂਰ ਹਨ। ਮਾਰਚ 2021 ਵਿੱਚ ਯੂਨੀਸੈਫ ਦੁਆਰਾ COVID-19: A threat to progress against child marriage ਸਿਰਲੇਖ ਹੇਠ ਰਿਲੀਜ਼ ਕੀਤੀ ਗਈ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗੀ ਹੈ ਕਿ ਇਸ ਦਹਾਕੇ ਦੇ ਅੰਤ ਤੀਕਰ ਸੰਸਾਰ ਪੱਧਰ 'ਤੇ 10 ਮਿਲੀਅਨ ਤੋਂ ਵੱਧ ਗਿਣਤੀ ਵਿੱਚ ਕੁੜੀਆਂ 'ਤੇ ਘੱਟ ਉਮਰ ਵਿੱਚ ਵਿਆਹ ਯਾਨਿ ਬਾਲ-ਵਿਆਹ ਦਾ ਖਤਰਾ ਹੋਵੇਗਾ। ਰਿਪੋਰਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਸਕੂਲਾਂ ਦਾ ਬੰਦ ਹੋਣਾ, ਵੱਧਦੀ ਗ਼ਰੀਬੀ, ਮਾਂ-ਬਾਪ ਦੀ ਮੌਤ ਅਤੇ ਕੋਵਿਡ-19 ਮਹਾਂਮਾਰੀ ਦੇ ਫਲਸਰੂਪ ਪੈਦਾ ਕੁਝ ਹੋਰ ਕਾਰਨਾਂ ਕਰਕੇ ਲੱਖਾਂ ਕੁੜੀਆਂ ਜਿਲ੍ਹਣਨੁਮਾ ਜ਼ਿੰਦਗੀ ਹੋਰ ਨਰਕ ਵਿੱਚ ਲੱਥ ਗਈ।
ਪਿਛਲੇ 10 ਸਾਲਾਂ ਵਿੱਚ ਬੱਚੀਆਂ ਦੇ ਰੂਪ ਵਿੱਚ ਵਿਆਹੀਆਂ ਕੁੜੀਆਂ ਦੇ ਅਨੁਪਾਤ ਵਿੱਚ 15 ਫੀਸਦੀ ਦੀ ਕਮੀ ਆਈ ਹੈ ਅਤੇ ਰਿਪੋਰਟ ਮੁਤਾਬਕ ਹੀ ਦੁਨੀਆ ਭਰ ਵਿੱਚ ਕਰੀਬ 25 ਮਿਲੀਅਨ ਮਾਮਲਿਆਂ ਵਿੱਚ ਬਾਲ-ਵਿਆਹ ਨੂੰ ਰੋਕਣ ਵਿੱਚ ਸਫ਼ਲਤਾ ਹਾਸਲ ਹੋਈ ਸੀ। ਪਰ ਹਾਲੀਆ ਕੁਝ ਸਾਲਾਂ ਵਿੱਚ ਜੇ ਹਾਲਤ ਮਾਸਾ ਬੇਹਤਰ ਹੋਈ ਵੀ ਹੈ ਤਾਂ ਮਹਾਂਮਾਰੀ ਕਾਰਨ ਉਹਦੀ ਹਾਲਤ ਬਦ ਤੋਂ ਬਦਤਰ ਹੋਣ ਦਾ ਖ਼ਦਸ਼ਾ ਵੱਧ ਗਿਆ ਹੈ, ਇੱਥੋਂ ਤੱਕ ਕਿ ਮਹਾਰਾਸ਼ਟਰ ਦੇ ਮਾਮਲੇ ਵਿੱਚ ਵੀ ਹਾਲਤ ਇਹੀ ਹੈ।
ਮਹਾਰਾਸ਼ਟਰ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਅਪ੍ਰੈਲ 2020 ਤੋਂ ਜੂਨ 2021 ਦਰਮਿਆਨ 780 ਅਜਿਹੇ ਮਾਮਲੇ ਦਰਜ਼ ਕੀਤੇ ਹਨ ਜਿਨ੍ਹਾਂ ਵਿੱਚ ਬਾਲ-ਵਿਆਹ ਨੂੰ ਰੋਕਿਆ ਗਿਆ ਹੈ। ਟਾਂਗੜੇ ਅਤੇ ਕਾਂਬਲੇ ਮੁਤਾਬਕ ਇਹ ਅੰਕੜਾ ਅਸਲ ਅੰਕੜੇ ਨਾਲ਼ੋਂ ਕਿਤੇ ਘੱਟ ਹੈ
ਮਹਾਰਾਸ਼ਟਰ ਵਿੱਚ 2015 ਤੋਂ 2020 ਦੇ ਵਕਫ਼ੇ ਦੌਰਾਨ ਕੁੜੀਆਂ ਦੇ ਬਾਲ-ਵਿਆਹ ਦੇ ਮਾਮਲਿਆਂ ਵਿੱਚ 4 ਫੀਸਦ ਗਿਰਾਵਟ ਦਰਜ ਕੀਤੀ ਗਈ ਸੀ। 2015-2016 ਦੇ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ( NFHS-4 ) ਵਿੱਚ ਇਹ ਪਾਇਆ ਗਿਆ ਹੈ ਕਿ 20-24 ਸਾਲ ਦੀਆਂ ਕੁੱਲ ਔਰਤਾਂ ਅੰਦਰ 26 ਫੀਸਦੀ ਔਰਤਾਂ ਦਾ ਵਿਆਹ, ਵਿਆਹ ਦੀ ਘੱਟ ਤੋਂ ਘੱਟ ਉਮਰ ਭਾਵ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਵਿਆਹ ਹੋ ਗਿਆ ਸੀ। 2019-20 ਦੇ ਸਰਵੇਅ ( NFHS-5 ) ਵਿੱਚ ਇਹ ਅਨੁਪਾਤ 22 ਫੀਸਦ ਸੀ। ਉਸ ਦੌਰਾਨ 25-29 ਉਮਰ ਵਰਗ ਦੇ ਪੁਰਖਾਂ ਵਿੱਚ ਸਿਰਫ਼ 10.5 ਫੀਸਦੀ ਪੁਰਖਾਂ ਦਾ ਵਿਆਹ ਕਨੂੰਨ ਮੁਤਾਬਕ 21 ਸਾਲ ਦੀ ਉਮਰ ਤੋਂ ਪਹਿਲਾਂ ਹੋਇਆ ਸੀ।
ਖ਼ੈਰ, ਮਹਾਂਮਾਰੀ ਦੌਰਾਨ ਬਾਲ ਅਤੇ ਕਿਸ਼ੋਰ ਵਿਆਹਾਂ ਦੇ ਮਾਮਲਿਆਂ ਵਿੱਚ ਵਾਧਾ ਹੋਣ ਦੇ ਸਬੂਤ ਮੌਜੂਦ ਹੋਣ ਦੇ ਬਾਵਜੂਦ ਵੀ ਰਾਜ ਸਰਕਾਰ ਨੇ ਉਨ੍ਹਾਂ ਨੂੰ ਰੋਕਣ ਲਈ ਬਣਦੇ ਲਾਜ਼ਮੀ ਕਦਮ ਨਹੀਂ ਚੁੱਕੇ ਹਨ। ਬੀਡ ਦੇ ਸਮਾਜਿਕ ਕਾਰਕੁੰਨ, 34 ਸਾਲਾ ਤਤਵਸ਼ੀਲ ਕਾਂਬਲੇ ਕਹਿੰਦੇ ਹਨ ਕਿ ਜੇਕਰ ਗੱਲ ਬੱਚਿਆਂ ਅਤੇ ਨੌਜਵਾਨਾਂ ਦੀ ਹੋਵੇ ਤਾਂ ਰਾਜ ਸਰਕਾਰ ਆਨਲਾਈਨ ਜਮਾਤਾਂ 'ਤੇ ਧਿਆਨ ਦਿੰਦੀ ਰਹੀ ਹੈ, ਜੋ ਕਿ ਉਨ੍ਹਾਂ ਦੀ ਸਮਰੱਥਾ ਦੇ ਦਾਇਰੇ ਵਿੱਚ ਆਉਂਦਾ ਹੈ ਜਿਨ੍ਹਾਂ ਦੇ ਮਾਪੇ ਸਮਾਰਟਫੋਨ ਅਤੇ ਬੇਹਤਰ ਇੰਟਰਨੈੱਟ ਕੁਨੈਕਸ਼ਨ ਵਰਗੀਆਂ ਸੁਵਿਧਾਵਾਂ ਦਾ ਖ਼ਰਚ ਝੱਲ ਸਕਣ ਵਿੱਚ ਸਮਰੱਥ ਹਨ।
2017-18 ਦੇ ਰਾਸ਼ਟਰੀ ਸੈਂਪਲ ਸਰਵੇ ਦੀ ਰਿਪੋਰਟ ਅਨੁਸਾਰ ਮਹਾਰਾਸ਼ਟਰ ਵਿੱਚ ਸਿਰਫ਼ 18.5 ਫੀਸਦ ਪਰਿਵਾਰਾਂ ਦੇ ਕੋਲ਼ ਹੀ ਇੰਟਰਨੈੱਟ ਕੁਨੈਕਸ਼ਨ ਦੀ ਸੁਵਿਧਾ ਸੀ। ਰਿਪੋਰਟ ਮੁਤਾਬਕ ਮਹਾਂਰਾਸ਼ਟਰ ਦੇ ਗ੍ਰਾਮੀਣ ਇਲਾਕਿਾਂ ਵਿੱਚ ਤਕਰੀਬਨ 17 ਫੀਸਦ ਲੋਕ (5 ਸਾਲ ਜਾਂ ਉਸ ਤੋਂ ਵੱਧ ਉਮਰ ਦੇ) ਹੀ ਇੰਟਰਨੈੱਟ ਦਾ ਇਸਤੇਮਾਲ ਕਰਨ ਦੀ ਕਾਬਲੀਅਤ ਰੱਖਦੇ ਹਨ, ਪਰ ਔਰਤਾਂ ਦੇ ਮਾਮਲੇ ਵਿੱਚ ਇਹ ਅਨੁਪਾਤ 11 ਫੀਸਦ ਦਾ ਸੀ।
ਇੰਟਰਨੈੱਟ ਕੁਨੈਕਸ਼ਨ ਤੱਕ ਪਹੁੰਚ ਨਾ ਰੱਖਣ ਵਾਲ਼ੇ ਬਹੁਤੇਰੇ ਬੱਚੇ ਹਾਸ਼ੀਏ ਦੇ ਸਮੁਦਾਵਾਂ ਤੋਂ ਆਉਂਦੇ ਹਨ, ਜਿੱਥੇ ਪਹਿਲਾਂ ਤੋਂ ਹੀ ਗ਼ਰੀਬੀ ਅਥੇ ਮਟੀਰਿਅਲ ਇਨਸਿਕਊਰਿਟੀ ਦੇ ਦਬਾਅ ਵਿੱਚ ਕੁੜੀਆਂ ਵਿਆਹ ਲਈ ਮਜ਼ਬੂਰ ਹੁੰਦੀਆਂ ਆ ਰਹੀਆਂ ਹਨ ਅਤੇ ਸਕੂਲਾਂ ਦੇ ਬੰਦ ਹੋਣ ਕਰਕੇ ਹਾਲਤ ਹੋਰ ਮਾੜੀ ਹੋ ਗਈ ਹੈ, ਬੀਡ ਵਿੱਚ ਜੋ ਸਾਫ਼ ਜ਼ਾਹਰ ਹੈ।
2019-20 ਵਿੱਚ ਬੀਡ ਅੰਦਰ 20-24 ਉਮਰ ਵਰਗ ਦੀਆਂ ਲਗਭਗ 44 ਫੀਸਦ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 18 ਸਾਲ (NFHS-5) ਦੀ ਉਮਰ ਤੋਂ ਪਹਿਲਾਂ ਹੋ ਗਿਆ ਸੀ। ਇਹਦਾ ਪਿੱਛੇ ਦਾ ਮੁੱਖ ਕਾਰਨ ਜ਼ਿਲ੍ਹੇ ਵਿੱਚ ਅਕਾਲ ਅਤੇ ਖੇਤੀ ਸੰਕਟ ਦੇ ਕਾਰਨ ਕਰਕੇ ਲੋਕਾਂ ਦਾ ਕੰਮ ਲਈ ਪ੍ਰਵਾਸੀ ਮਜ਼ਦੂਰੀ 'ਤੇ ਨਿਰਭਰ ਹੋਣਾ ਹੈ, ਖ਼ਾਸ ਤੌਰ 'ਤੇ ਕਮਾਦ ਦੀ ਕਟਾਈ ਵਰਗੇ ਸੀਜ਼ਨਲ ਕੰਮ।
ਮਜ਼ਦੂਰਾਂ ਨੂੰ ਗੰਨੇ ਦੀ ਕਟਾਈ ਦਾ ਕੰਮ ਦੇਣ ਵਾਲ਼ੇ ਕਾਂਟ੍ਰੈਕਟ ਕੰਮ ਦੇਣ ਵਿੱਚ ਵਿਆਹੁਤਾ ਜੋੜਿਆਂ ਨੂੰ ਕਿਰਾਏ 'ਤੇ ਲੈਣਾ ਪਸੰਦ ਕਰਦੇ ਹਨ ਕਿਉਂਕਿ ਇਸ ਵਿੱਚ ਦੋ ਲੋਕਾਂ ਨੂੰ ਇਕੱਠਿਆਂ ਰਲ਼ ਕੇ ਕੰਮ ਕਰਨ ਦੀ ਲੋੜ ਹੁੰਦੀ ਹੈ, ਤਾਂਕਿ ਜੇਕਰ ਇੱਕ ਗੰਨੇ ਦੀ ਕਟਾਈ ਕਰੇ ਤਾਂ ਦੂਸਰਾ ਉਹਦੀ ਪੰਡ ਬਣਾ ਕੇ ਟਰੈਕਟ 'ਤੇ ਲੱਦ ਦੇਵੇ। ਜੋੜੇ ਨੂੰ ਇੱਕ ਇਕਾਈ ਵਾਂਗ ਦੇਖਿਆ ਜਾਂਦਾ ਹੈ, ਇਸ ਨਾਲ਼ ਉਨ੍ਹਾਂ ਨੂੰ ਕੰਮ ਦੇ ਬਦਲੇ ਭੁਗਤਾਨ ਵਿੱਚ ਅਸਾਨੀ ਹੁੰਦੀ ਹੈ ਅਤੇ ਮਜ਼ਦੂਰਾਂ ਦੇ ਇੱਕ-ਦੂਸਰੇ ਤੋਂ ਬੇਪਛਾਣੇ ਹੋਣ 'ਤੇ ਪੈਸੇ ਦੀ ਵੰਡ ਨੂੰ ਲੈ ਕੇ ਹੋਣ ਵਾਲ਼ੀ ਬਹਿਸ ਜਾਂ ਲੜਾਈ ਦੀ ਹਾਲਤ ਤੋਂ ਵੀ ਬਚਿਆ ਜਾ ਸਕਦਾ ਹੈ। ਵਿਆਹ ਤੋਂ ਬਾਅਦ ਕੁੜੀ ਆਪਣੇ ਪਤੀ ਦੇ ਨਾਲ਼ ਕੰਮ 'ਤੇ ਜਾ ਸਕਦੀ ਹੈ। ਮਾਪਿਆਂ ਦੇ ਹਿਸਾਬ ਨਾਲ਼ ਇਸ ਤਰ੍ਹਾਂ ਉਹ ਆਪਣੇ ਪਤੀ ਦੇ ਨਾਲ਼ ਸੁਰੱਖਿਅਤ ਵੀ ਰਹੇਗੀ ਅਤੇ ਇਸ ਨਾਲ਼ ਉਨ੍ਹਾਂ ਦਾ ਆਰਥਿਕ ਬੋਝ ਵੀ ਕੁਝ ਘੱਟ ਜਾਵੇਗਾ।
ਤਤਵਸ਼ੀਲ ਕਾਂਬਲੇ ਦੱਸਦੇ ਹਨ ਕਿ ਮਹਾਂਮਾਰੀ ਦੌਰਾਨ ਰੁਪਏ-ਪੈਸੇ ਦੇ ਲਈ ਜੂਝ ਰਹੇ ਮਾਪਿਆਂ ਨੇ ਆਪਣੇ ਬੱਚਿਆਂ ਲਈ ਦੋ ਰਾਹਾਂ ਵਿੱਚੋਂ ਇੱਕ ਨੂੰ ਚੁਣਿਆ ਹੈ,''ਮੁੰਡੇ ਤੋਂ ਬਾਲ਼-ਮਜ਼ਦੂਰੀ ਕਰਾਈ ਜਾ ਰਹੀ ਹੈ। ਲੜਕੀ ਦਾ ਬਾਲ-ਵਿਆਹ ਕੀਤਾ ਜਾ ਰਿਹਾ ਹੈ। ਚਾਈਲਡ ਵੈਲਫੇਅਰ ਕਮੇਟੀ, ਜੋ ਕਿ ਲੋੜਵੰਦ ਬੱਚਿਆਂ ਦੀ ਦੇਖਭਾਲ਼ ਅਤੇ ਸੁਰੱਖਿਆ ਲਈ ਕੰਮ ਕਰਨ ਵਾਲ਼ੀ ਇੱਕ ਕਨੂੰਨੀ ਸੰਸਥਾ ਹੈ, ਦੇ ਮੈਂਬਰ ਦੇ ਤੌਰ 'ਤੇ ਕਾਂਬਲੇ ਨੇ ਬੀਡ ਵਿੱਚ ਬਾਲ਼-ਵਿਆਹ ਦੇ ਕਾਫ਼ੀ ਸਾਰੇ ਮਾਮਲਿਆਂ ਨੂੰ ਰੋਕਣ ਵਿੱਚ ਮਦਦ ਕੀਤੀ ਹੈ।
ਬੀਡ ਤਾਲੁਕਾ ਦੇ ਚਾਈਲਡ ਪ੍ਰੋਟੈਕਸ਼ਨ ਕਮੇਟੀ, ਜੋ ਬਾਲ਼-ਵਿਆਹ ਅਤੇ ਬਾਲ਼-ਮਜ਼ਦੂਰੀ ਨੂੰ ਰੋਕਣ ਲਈ ਕੰਮ ਕਰਦੀ ਹੈ, ਦੇ ਮੈਂਬਰ ਅਸ਼ੋਕ ਟਾਂਗੜੇ ਦੇ ਨਾਲ਼ ਮਿਲ਼ ਕੇ ਕਾਂਬਲੇ ਨੇ ਮਾਰਚ 2020 ਵਿੱਚ ਕੋਵਿਡ-19 ਮਹਾਂਮਾਰੀ ਦੀ ਲਾਗ ਫੈਲਣ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ 100 ਤੋਂ ਵੀ ਵੱਧ ਮਾਮਲਿਆਂ ਵਿੱਚ ਬਾਲ਼-ਵਿਆਹ ਨੂੰ ਰੋਕਿਆ ਹੈ। 53 ਸਾਲਾ ਟਾਂਗੜੇ ਕਹਿੰਦੇ ਹਨ, ''ਇਹ ਸਿਰਫ਼ ਉਹ ਮਾਮਲੇ ਹਨ ਜੋ ਸਾਡੇ ਸਾਹਮਣੇ ਆਏ। ਸਾਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੈ ਕਿ ਕਿੰਨੇ ਲੋਕ ਇਸ ਖਾਈ ਵਿੱਚ ਜਾ ਡਿੱਗੇ ਹਨ।''
ਘੱਟ ਉਮਰ ਵਿੱਚ ਵਿਆਹ ਦੇ ਮਾਮਲਿਆਂ ਵਿੱਚ ਇੱਕ ਹੱਦ ਤੱਕ ਮਹਾਂਮਾਰੀ ਦੌਰਾਨ ਲੋਕਾਂ ਦੀ ਘੱਟ ਚੁੱਕੀ ਕਾਰਜ ਸ਼ਕਤੀ ਦੀ ਵੀ ਭੂਮਿਕਾ ਹੈ। ਟਾਂਗੜੇ ਕਹਿੰਦੇ ਹਨ,''ਦੁਲਹੇ ਦੇ ਮਾਪੇ ਜ਼ਿਆਦਾ ਦਾਜ ਲਈ ਜ਼ੋਰ ਨਹੀਂ ਦੇ ਰਹੇ ਹਨ। ਵਿਆਹਾਂ ਵਿੱਚ ਆਉਣ ਵਾਲ਼ਾ ਖਰਚਾ ਘੱਟ ਹੋ ਗਿਆ ਹੈ। ਸਿਰਫ਼ ਨੇੜਲੇ ਰਿਸ਼ਤੇਦਾਰਾਂ ਨੂੰ ਸੱਦ ਕੇ ਤੁਸੀਂ ਵਿਆਹ ਦਾ ਕੰਮ ਨਬੇੜ ਸਕਦੇ ਹੋ, ਕਿਉਂਕਿ ਅਜੇ ਭਾਰੀ ਗਿਣਤੀ ਵਿੱਚ ਲੋਕਾਂ ਦੇ ਇਕੱਠ ਕਰਨ ਦੀ ਆਗਿਆ ਨਹੀਂ ਹੈ।''
ਉੱਥੇ ਦੂਸਰੇ ਪਾਸੇ, ਮਹਾਂਮਾਰੀ ਦੇ ਕਾਰਨ ਕਰਕੇ ਮੌਤ ਦਾ ਖ਼ੌਫ਼ ਵੱਧਣ ਕਾਰਨ ਮਾਪਿਆਂ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਜੇਕਰ ਕਿਤੇ ਉਨ੍ਹਾਂ ਦੀ ਮੌਤ ਹੋ ਗਈ ਤਾਂ ਉਨ੍ਹਾਂ ਦੀ ਧੀ ਦਾ ਭਵਿੱਖ ਕੀ ਹੋਵੇਗਾ। ਟਾਂਗੜੇ ਕਹਿੰਦੇ ਹਨ,''ਇਨ੍ਹਾਂ ਸਭ ਦੇ ਕਾਰਨ ਬਾਲ਼-ਵਿਆਹ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਜਿਨ੍ਹਾਂ ਦਾ ਵਿਆਹ ਕੀਤਾ ਜਾ ਰਿਹਾ ਹੈ ਉਨ੍ਹਾਂ ਵਿੱਚੋਂ ਕੁਝ ਕੁੜੀਆਂ ਤਾਂ 12 ਸਾਲ ਦੀ ਉਮਰ ਦੀਆਂ ਵੀ ਹਨ।''
ਮਹਾਰਾਸ਼ਟਰ ਸਰਕਾਰ ਨੇ ਮਹਿਲਾ ਅਤੇ ਬਾਲ਼ ਵਿਕਾਸ ਵਿਭਾਗ ਨੇ ਅਪ੍ਰੈਲ 2020 ਤੋਂ ਜੂਨ 2021 ਦਰਮਿਆਨ 780 ਅਜਿਹੇ ਮਾਮਲੇ ਦਰਜ਼ ਕੀਤੇ ਹਨ ਜਿਨ੍ਹਾਂ ਵਿੱਚ ਬਾਲ਼-ਵਿਆਹ ਨੂੰ ਰੋਕਿਆ ਗਿਆ ਹੈ। ਟਾਂਗੜੇ ਅਤੇ ਕਾਂਬਲੇ ਇਸ ਅੰਕੜੇ ਨੂੰ ਅਸਲ ਅੰਕੜਿਆਂ ਨਾਲੋਂ ਕਿਤੇ ਘੱਟ ਦੱਸਦਿਆਂ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ 40 ਮਾਮਲੇ ਤਾਂ ਬੀਡ ਵਿੱਚ ਸਨ, ਜੋਕਿ ਉਹਦੀ ਤੁਲਨਾ ਵਿੱਚ ਕਿਤੇ ਘੱਟ ਹਨ ਜਿੰਨੇ ਕਿ ਉਨ੍ਹਾਂ ਨੇ ਉਸ ਦੌਰਾਨ ਰੋਕੇ ਸਨ।
ਇਹ ਅਸਲੀਅਤ ਨਾਲ਼ੋਂ ਘੱਟ ਮਾਮਲਿਆਂ ਦਾ ਅੰਕੜਾ ਵੀ ਮਹਾਂਮਾਰੀ ਦੇ ਦਿਨਾਂ ਵਿੱਚ ਬਾਲ਼ ਅਤੇ ਕਿਸ਼ੋਰ ਵਿਆਹ ਦੇ ਮਾਮਲਿਆਂ ਦੇ ਵਾਧੇ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਸਰਕਾਰ ਦੇ ਅੰਕੜਿਆਂ ਦੇ ਮੁਤਾਬਕ, ਜਨਵਰੀ 2019 ਤੋਂ ਸਤੰਬਰ 2019 ਤੱਕ ਮਹਾਰਾਸ਼ਟਰ ਵਿੱਚ ਬਾਲ਼-ਵਿਆਹ ਦੇ 187 ਮਾਮਲਿਆਂ ਵਿੱਚ ਦਖਲ ਦੇ ਕੇ ਰੋਕਿਆ ਗਿਆ ਸੀ। ਇਸ ਨਾਲ਼ ਕੋਵਿਡ-19 ਆਊਟਬ੍ਰੇਕ ਤੋਂ ਬਾਅਦ ਦਖਲ ਦੇ ਕੇ ਬਾਲ਼-ਵਿਆਹ ਰੋਕਣ ਦੇ ਮਾਮਲਿਆਂ ਵਿੱਚ 150 ਫੀਸਦ ਦੇ ਵਾਧੇ ਦਾ ਸੰਕੇਤ ਮਿਲ਼ਦਾ ਹੈ।
ਕਾਂਬਲੇ ਅਤੇ ਟਾਂਗੜੇ ਨੂੰ ਵਿਆਹਾਂ ਦੀਆਂ ਮਿਲ਼ਦੀਆਂ ਖਬਰ ਨਾਲ਼ ਉਨ੍ਹਾਂ ਨੂੰ ਰੋਕਣ ਵਿੱਚ ਮਦਦ ਮਿਲ਼ਦੀ ਹੈ। ਕਾਂਬਲੇ ਦੱਸਦੇ ਹਨ,''ਆਸ਼ਾ ਵਰਕਰ ਜਾਂ ਗ੍ਰਾਮ ਸੇਵਕਾਂ ਤੋਂ ਸਾਨੂੰ ਇਹਦੀ ਖ਼ਬਰ ਮਿਲ਼ਦੀ ਹੈ। ਪਰ ਉਸੇ ਪਿੰਡ ਵਿੱਚ ਰਹਿਣ ਕਾਰਨ ਉਹ ਅਕਸਰ ਡਰੇ ਰਹਿੰਦੇ ਹਨ। ਜੇਕਰ ਵਿਆਹ ਕਰਵਾਉਣ ਵਾਲ਼ੇ ਪਰਿਵਾਰ ਨੂੰ ਇਸ ਗੱਲ ਦਾ ਕਿਤੋਂ ਵੀ ਪਤਾ ਚੱਲਦਾ ਹੈ ਤਾਂ ਉਹ ਖਬਰੀ ਦੀ ਜ਼ਿੰਦਗੀ ਵਿੱਚ ਅੜਿਕੇ ਖੜ੍ਹੇ ਕਰ ਸਕਦੇ ਹਨ।''
ਟਾਂਗੜੇ ਇਸੇ ਵਿੱਚ ਆਪਣੀ ਗੱਲ ਜੋੜਦਿਆਂ ਕਹਿੰਦੇ ਹਨ,''ਪਿੰਡ ਦੇ ਵਿਰੋਧੀ ਧੜੇ ਵੀ ਇਸ ਵਿੱਚ ਆਪਣੀ ਭੂਮਿਕਾ ਅਦਾ ਕਰਦੇ ਹਨ। ਕਦੇ-ਕਦੇ ਵਿਰੋਧੀ ਧੜੇ ਦਾ ਕੋਈ ਵੀ ਵਿਅਕਤੀ ਸਾਨੂੰ ਖ਼ਬਰ ਦਿੰਦਾ ਹੈ। ਕਦੇ-ਕਦਾਈਂ ਜਿਸ ਕੁੜੀ ਦਾ ਵਿਆਹ ਹੋਣ ਵਾਲ਼ਾ ਹੁੰਦਾ ਹੈ ਉਸ ਨਾਲ਼ ਪਿਆਰ ਕਰਨ ਵਾਲ਼ਾ ਮੁੰਡਾ ਵੀ ਸਾਡੇ ਤੱਕ ਸੂਚਨਾ ਪਹੁੰਚਾ ਦਿੰਦਾ ਹੈ।''
ਗੁਪਤ ਸੂਚਨਾਵਾਂ ਦਾ ਮਿਲ਼ਣਾ ਵਿਆਹ ਰੋਕਣ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ। ਇਸ ਵਿੱਚ ਸ਼ਾਮਲ ਪਰਿਵਾਰ ਬਚਣ ਖਾਤਰ ਵੰਨ-ਸੁਵੰਨੇ ਹਥਕੰਡੇ ਅਪਣਾਉਂਦੇ ਹਨ, ਕਦੇ-ਕਦੇ ਤਾਂ ਰਾਜਨੀਤਕ ਪਹੁੰਚ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਕਾਂਬਲੇ ਕਹਿੰਦੇ ਹਨ,''ਸਾਨੂੰ ਇਹਦੇ ਲਈ ਧਮਕਾਇਆ ਗਿਆ ਹੈ ਅਤੇ ਸਾਡੇ 'ਤੇ ਹਮਲੇ ਵੀ ਹੋਏ ਹਨ। ਲੋਕਾਂ ਨੇ ਸਾਨੂੰ ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਪਰ ਅਸੀਂ ਸਦਾ ਪੁਲਿਸ ਨੂੰ ਸੂਚਿਤ ਅਤੇ ਜਾਗਰੂਕ ਕਰ ਦਿੰਦੇ ਹਾਂ। ਕੁਝ ਲੋਕ ਬੜੀ ਛੇਤੀ ਮੰਨ ਜਾਂਦੇ ਹਨ। ਕੁਝ ਲੋਕ ਬਿਨਾ ਝਗੜੇ ਚੁਪ ਨਾ ਬਹਿੰਦੇ।''
2020 ਦੇ ਅਕਤੂਬਰ ਮਹੀਨੇ ਵਿੱਚ ਕਾਂਬਲੇ ਅਤੇ ਟਾਂਗੜੇ ਨੂੰ 16 ਸਾਲਾ ਸਮਿਤਾ ਦੇ ਵਿਆਹ ਦਾ ਪਤਾ ਵਿਆਹ ਤੋਂ ਸਿਰਫ਼ ਇੱਕ ਦਿਨ ਪਹਿਲਾਂ ਹੀ ਚੱਲਿਆ। ਉਸ ਦਿਨ ਵਿਆਹ ਦੀ ਰਸਮ ਸ਼ੁਰੂ ਹੋਣ ਤੋਂ ਪਹਿਲਾਂ ਉਹ ਬੀਡ ਸ਼ਹਿਰ ਤੋਂ 50 ਕਿਲੋਮੀਟਰ ਦੂਰ ਸਥਿਤ ਵਿਆਹ ਸਥਲ 'ਤੇ ਪੁੱਜੇ। ਪਰ ਉਨ੍ਹਾਂ ਦੇ ਪਿਤਾ, ਵਿਠੁਲ ਨੇ ਸਾਰਾ ਕੁਝ ਰੋਕਣ ਤੋਂ ਇਨਕਾਰ ਕਰ ਦਿੱਤਾ। ਟਾਂਗੜੇ ਕਹਿੰਦੇ ਹਨ,''ਉਹ ਜ਼ੋਰ ਨਾਲ਼ ਚੀਕੇ,'ਉਹ ਮੇਰੀ ਧੀ ਹੈ ਅਤੇ ਮੈਂ ਜੋ ਚਾਹਾਂ ਉਹੀ ਕਰ ਸਕਦਾ ਹਾਂ। ਪੂਰੇ ਵਰਤਾਰੇ ਨੂੰ ਸਮਝਣ ਵਿੱਚ ਉਨ੍ਹਾਂ ਨੂੰ ਥੋੜ੍ਹੀ ਦੇਰ ਲੱਗੀ। ਅਸੀਂ ਉਨ੍ਹਾਂ ਨੂੰ ਪੁਲਿਸ ਸਟੇਸ਼ਨ ਲੈ ਗਏ ਅਤੇ ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ਼ ਕੀਤੀ।''
ਉਨ੍ਹਾਂ ਦੇ ਚਾਚਾ ਕਹਿੰਦੇ ਹਨ ਕਿ ਸਮਿਤਾ ਹੋਣਹਾਰ ਵਿਦਿਆਰਥਣ ਸੀ,''ਪਰ ਉਹਦੇ ਮਾਪੇ ਕਦੇ ਸਕੂਲ ਨਹੀਂ ਗਏ, ਇਸਲਈ ਉਨ੍ਹਾਂ ਨੂੰ ਇਹਦੀ ਅਹਿਮੀਅਤ ਕਦੇ ਸਮਝ ਨਾ ਆਈ। ਮਹਾਂਮਾਰੀ ਕਾਰਨ ਉਨ੍ਹਾਂ ਨੂੰ ਦੋ ਡੰਗ ਦੀ ਰੋਟੀ ਲਈ ਵੀ ਜੂਝਣਾ ਪੈ ਰਿਹਾ ਸੀ।'' ਵਿਠੁਲ ਅਤੇ ਉਨ੍ਹਾਂ ਦੀ ਪਤਨੀ, ਪੂਜਾ, ਦੋਵਾਂ ਦੀ ਉਮਰ 30 ਦੇ ਪਾਰ ਹੈ। ਉਹ ਇੱਟ ਦੇ ਭੱਠੇ 'ਤੇ ਕੰਮ ਕਰਦੇ ਹਨ ਅਤੇ ਚਾਰ ਮਹੀਨੇ ਦੀ ਮਿਹਨਤ ਬਦਲੇ ਉਨ੍ਹਾਂ ਨੂੰ ਸਾਂਝੇ 20,000 ਰੁਪਏ ਮਿਹਨਤਾਨਾ ਮਿਲ਼ਦਾ ਹੈ। ਕਿਸ਼ੋਰ ਆਪਣੀ ਗੱਲ ਨੂੰ ਖੋਲ੍ਹ ਕੇ ਦੱਸਦੇ ਹੋਏ ਕਹਿੰਦੇ ਹਨ, ''ਮਜ਼ਦੂਰੀ ਦਾ ਕੋਈ ਕੰਮ ਰਹਿ ਹੀ ਨਹੀਂ ਗਿਆ ਸੀ। ਸਮਿਤਾ ਦਾ ਵਿਆਹ ਹੋ ਜਾਣ ਦਾ ਮਤਲਬ ਸੀ ਕਿ ਇੱਕ ਇਨਸਾਨ ਦੇ ਖਾਣ ਦੀ ਚਿੰਤਾ ਦਾ ਮੁੱਕ ਜਾਣਾ।''
ਕਾਂਬਲੇ ਅਤੇ ਟਾਂਗੜੇ ਦੇ ਸਾਹਮਣੇ ਸਭ ਤੋਂ ਵੱਡੀ ਵੰਗਾਰ ਇਹ ਯਕੀਨੀ ਬਣਾਉਣਾ ਹੈ ਕਿ ਪਰਿਵਾਰ ਦੋਬਾਰਾ ਵਿਆਹ ਦੀ ਕੋਸ਼ਿਸ਼ ਨਾ ਕਰੇ,''ਜੇਕਰ ਅਤੀਤ ਵਿੱਚ ਕਿਸੇ ਕੁੜੀ ਦੇ ਬਾਲ਼-ਵਿਆਹ ਦੀ ਕੋਸ਼ਿਸ਼ ਹੋਈ ਸੀ ਅਤੇ ਉਹਨੇ ਦੋਬਾਰਾ ਤੋਂ ਸਕੂਲ ਆਉਣਾ ਬੰਦ ਕੀਤਾ ਹੁੰਦਾ ਸੀ ਤਾਂ ਸਕੂਲ ਦੇ ਅਧਿਆਪਕ ਇਸ ਗੱਲ ਨੂੰ ਸਾਡੀ ਜਾਣਕਾਰੀ ਵਿੱਚ ਲਿਆਉਂਦੇ ਸਨ ਅਤੇ ਅਸੀਂ ਫਿਰ ਫੌਲੋ-ਅਪ ਲੈਂਦੇ ਸਾਂ। ਪਰ ਹੁਣ ਜਦੋਂਕਿ ਸਕੂਲ ਬੰਦ ਹਨ, ਉਨ੍ਹਾਂ ਨੂੰ ਟ੍ਰੈਕ ਕਰ ਪਾਉਣਾ ਮੁਸ਼ਕਲ ਹੋ ਗਿਆ ਹੈ।''
ਵਿਠੁਲ ਨੂੰ ਹਰ ਦੋ ਮਹੀਨੇ 'ਤੇ ਪੁਲਿਸ ਸਟੇਸ਼ਨ ਵਿੱਚ ਹਾਜ਼ਰੀ ਭਰਨ ਲਈ ਕਿਹਾ ਗਿਆ ਹੈ। ਟਾਂਗੜੇ ਕਹਿੰਦੇ ਹਨ,''ਸਾਨੂੰ ਉਸ 'ਤੇ ਰਤਾ ਮਾਸਾ ਵੀ ਯਕੀਨ ਨਹੀਂ ਹੈ।'' ਇੰਝ ਇਸਲਈ ਹੈ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਹ ਆਪਣੀ ਨਾਬਾਲਗ਼ ਧੀ ਦਾ ਵਿਆਹ ਕਰਨ ਦੀ ਦੋਬਾਰਾ ਕੋਸ਼ਿਸ਼ ਕਰ ਸਕਦੇ ਹਨ।
ਵਿਆਹ ਰੁਕਣ ਤੋਂ ਬਾਅਦ ਸਮਿਤਾ ਤਿੰਨ ਮਹੀਨਿਆਂ ਲਈ ਕਿਸ਼ੋਰ ਦੇ ਕੋਲ਼ ਰਹਿਣ ਗਈ ਸਨ। ਉਹਦੇ ਚਾਚਾ ਕਹਿੰਦੇ ਹਨ ਕਿ ਉਸ ਦੌਰਾਨ ਉਹਦਾ ਚੁੱਪ ਰਹਿਣਾ ਕੁਝ ਅਜੀਬ ਸੀ,''ਉਹ ਜ਼ਿਆਦਾ ਗੱਲ ਨਹੀਂ ਕਰਦੀ ਸੀ, ਆਪਣੇ ਆਪ ਵਿੱਚ ਹੀ ਗੁਆਚੀ ਰਹਿੰਦੀ ਸਨ। ਉਹ ਆਪਣੇ ਹਿੱਸੇ ਦਾ ਕੰਮ ਕਰ ਲੈਂਦੀ ਸੀ, ਅਖ਼ਬਾਰ ਪੜ੍ਹ ਲੈਂਦੀ ਸੀ ਅਤੇ ਘਰ ਦੇ ਕੰਮ ਵਿੱਚ ਸਾਡੀ ਮਦਦ ਕਰ ਦਿੰਦੀ ਸੀ। ਇੰਨੀ ਛੇਤੀ ਵਿਆਹ ਲਈ ਉਹ ਕਦੇ ਵੀ ਇਛੁੱਕ ਨਹੀਂ ਸੀ।''
ਮਹਿਲਾਵਾਂ ਦੀ ਸਿਹਤ 'ਤੇ ਹੋਏ ਅਧਿਐਨਾਂ ਵਿੱਚ ਘੱਟ ਉਮਰ ਵਿੱਚ ਹੋਏ ਵਿਆਹ ਦੇ ਬੁਰੇ ਪ੍ਰਭਾਵਾਂ ਨੂੰ ਦਰਜ਼ ਕੀਤਾ ਗਿਆ ਹੈ ਜਿਸ ਵਿੱਚ ਬਾਲ-ਵਿਆਹ ਦਾ ਜਣੇਪੇ ਦੌਰਾਨ ਮਾਂ ਦੀ ਮੌਤ ਦਰ 'ਤੇ ਪ੍ਰਭਾਵ ਵੀ ਸ਼ਾਮਲ ਹੈ। ਨੈਸ਼ਨਲ ਕਮਿਸ਼ਨ ਫਾਰ ਪ੍ਰੌਟੈਕਸ਼ਨ ਆਫ਼ ਚਾਈਲਡ ਰਾਇਟਸ ਦੀ ਰਿਪੋਰਟ, ਜਿਸ ਵਿੱਚ 2011 ਦੀ ਜਨਗਣਨਾ ਦੇ ਅੰਕੜਿਆਂ ਦੇ ਅਧਾਰ 'ਤੇ ਭਾਰਤ ਵਿੱਚ ਬਾਲ-ਵਿਆਹ ਦਾ ਸੰਖਿਆਕੀ ਅਧਿਐਨ ਕੀਤਾ ਗਿਆ ਹੈ, ਵਿੱਚ ਇਸ ਗੱਲ ਨੂੰ ਰੇਖਾਂਕਿਤ ਕੀਤਾ ਗਿਆ ਹੈ ਕਿ 10 ਤੋਂ 14 ਸਾਲ ਦੀ ਵਿਚਕਾਰਲੀ ਉਮਰ ਦੀਆਂ ਕੁੜੀਆਂ ਦੀ ਗਰਭ-ਅਵਸਥਾ ਅਤੇ ਬੱਚੇ ਦੇ ਜਨਮ ਵੇਲੇ ਮੌਤ ਦੀ ਸੰਭਾਵਨਾ 20-24 ਉਮਰ ਵਰਗ ਦੀਆਂ ਔਰਤਾਂ ਦੇ ਮੁਕਾਬਲੇ ਵਿੱਚ 5 ਗੁਣਾ ਵੱਧ ਹੁੰਦੀ ਹੈ ਅਤੇ ਜੇਕਰ ਮਾਵਾਂ ਗਰਭ-ਅਵਸਥਾ ਤੋਂ ਪੂਰਵ ਜਾਂ ਗਰਭਅਵਸਥਾ ਦੌਰਾਨ ਕੁਪੋਸ਼ਿਤ ਹੋਣ ਤਾਂ ਬੱਚੇ ਜਨਮ ਤੋਂ ਹੀ ਕੁਪੋਸ਼ਿਤ ਹੁੰਦੇ ਹਨ।
ਰੇਖਾ ਦੇ ਮਾਮਲੇ ਵਿੱਚ ਸਰੀਰਕ ਕਮਜ਼ੋਰੀ, ਜੋ ਕਿ ਕੁਪੋਸ਼ਣ ਦਾ ਇੱਕ ਲੱਛਣ ਹੈ, ਇੱਕ ਕਾਰਨ ਰਿਹਾ ਹੈ ਜਿਹਦੇ ਕਾਰਨ ਕਰਕੇ ਉਨ੍ਹਾਂ ਦੇ ਸਹੁਰੇ ਵਾਲ਼ਿਆਂ ਨੇ ਉਨ੍ਹਾਂ ਨੂੰ ਪੇਕੇ ਭੇਜ ਦਿੱਤਾ। ਭਾਗਿਆਸ਼੍ਰੀ ਕਹਿੰਦੀ ਹਨ,''ਜਨਵਰੀ 2021 ਵਿੱਚ, ਪਤੀ ਦੇ ਨਾਲ਼ ਜਾਣ ਦੇ 2 ਜਾਂ 3 ਮਹੀਨੇ ਬਾਅਦ ਹੀ ਉਹ ਵਾਪਸ ਘਰ ਆ ਗਈ।''
ਰੇਖਾ ਲਈ ਗੰਨੇ ਦੀ ਵਾਢੀ ਅਤੇ 25 ਕਿਲੋ ਤੋਂ ਵੀ ਵੱਧ ਦੀਆਂ ਪੰਡਾਂ ਸਿਰ 'ਤੇ ਢੋਅ ਸਕਣਾ ਬੇਹੱਦ ਮੁਸ਼ਕਲ ਰਿਹਾ ਹੈ। ਉਨ੍ਹਾਂ ਦਾ ਭਾਰ ਸਧਾਰਣ ਨਾਲ਼ੋਂ ਬੇਹੱਦ ਘੱਟ ਹੈ। ਭਾਗਿਆਸ਼੍ਰੀ ਦੱਸਦੀ ਹਨ,''ਉਹ ਹੱਢ-ਭੰਨਵੀਂ ਮਿਹਨਤ ਨਾ ਕਰ ਸਕੀ। ਇਹਦਾ ਅਸਰ ਉਹਦੇ ਪਤੀ ਦੀ ਆਮਦਨੀ 'ਤੇ ਪਿਆ। ਇਸਲਈ ਉਹਦੇ ਸਹੁਰੇ ਵਾਲ਼ਿਆਂ ਨੇ ਵਿਆਹ ਤੋੜ ਦਿੱਤਾ ਅਤੇ ਉਹਨੂੰ ਵਾਪਸ ਭੇਜ ਦਿੱਤਾ।''
ਮੁੜਨ ਤੋਂ ਬਾਅਦ ਥੋੜ੍ਹਾ ਸਮੇਂ ਤੱਕ ਰੇਖਾ ਘਰੇ ਹੀ ਰਹੀ। ਉਨ੍ਹਾਂ ਦੀ ਮਾਂ ਕਹਿੰਦੀ ਹਨ, ''ਪਰ ਜਦੋਂ ਕੁੜੀ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਘਰ ਵਾਪਸ ਆ ਜਾਵੇ ਤਾਂ ਪਿੰਡ ਵਾਲ਼ੇ ਕਈ ਤਰ੍ਹਾਂ ਦੇ ਸਵਾਲ ਦਾਗ਼ਦੇ ਹਨ। ਇਸਲਈ ਉਹ ਬਹੁਤੇਰਾ ਸਮਾਂ ਆਪਣੀ ਇੱਕ ਚਾਚੀ/ਮਾਸੀ ਦੇ ਨਾਲ਼ ਰਹੀ।''
ਹੁਣ ਜਦੋਂਕਿ ਗੰਨੇ ਦੀ ਕਟਾਈ ਦਾ ਇੱਕ ਹੋਰ ਸੀਜ਼ਨ ਨੇੜੇ ਆ ਰਿਹਾ ਹੈ ਅਤੇ ਭਾਗਿਆਸ਼੍ਰੀ ਅਤੇ ਅਮਰ ਪ੍ਰਵਾਸ ਲਈ ਤਿਆਰ ਹਨ, ਰੇਖਾ ਦੇ ਭਵਿੱਖ ਨੂੰ ਲੈ ਕੇ ਇੱਕ ਹੋਰ ਵਾਰ ਯੋਜਨਾ ਬਣਾਈ ਜਾ ਰਹੀ ਹੈ। ਗੱਲ ਸਿਰਫ਼ ਇੰਨੀ ਅਲੱਗ ਹੈ ਕਿ ਇਸ ਵਾਰ ਰੇਖਾ ਵੱਲੋਂ ਕੋਈ ਇਤਰਾਜ਼ ਨਹੀਂ ਹੈ, ਉਨ੍ਹਾਂ ਨੇ ਦੋਬਾਰਾ ਵਿਆਹ ਲਈ ਸਹਿਮਤੀ ਦੇ ਦਿੱਤੀ ਹੈ।
ਸਟੋਰੀ ਵਿੱਚ ਆਏ ਬੱਚਿਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਮ
ਨਿੱਜਤਾ ਨੂੰ ਬਣਾਈ ਰੱਖਣ ਦੇ ਮੱਦੇਨਜ਼ਰ ਬਦਲ ਦਿੱਤੇ ਗਏ ਹਨ।
ਇਹ ਕਹਾਣੀ ਉਸ ਸੀਰੀਜ ਦੀ ਇੱਕ ਕੜੀ ਹੈ ਜਿਹਨੂੰ ਪੁਲਤੀਜ਼ਰ ਸੈਂਟਰ ਦਾ ਸਹਿਯੋਗ ਪ੍ਰਾਪਤ ਹੈ।
ਤਰਜਮਾ : ਕਮਲਜੀਤ ਕੌਰ