ਦੋਵਾਂ ਦੀ ਉਮਰ 17 ਸਾਲ ਹੈ ਅਤੇ ਦੋਵੇਂ ਹੀ ਗਰਭਵਤੀ ਹਨ। ਦੋਵੇਂ ਹੀ ਯਕਦਮ ਹੱਸ ਪੈਂਦੀਆਂ ਹਨ ਅਤੇ ਕਈ ਵਾਰੀ ਆਪਣੇ ਮਾਪਿਆਂ ਵੱਲੋਂ ਦਿੱਤੀਆਂ ਇਹ ਹਿਦਾਇਤਾਂ ਭੁੱਲ ਜਾਂਦੀਆਂ ਹਨ ਕਿ ਆਪਣੀਆਂ ਨਜ਼ਰਾਂ ਨੀਵੀਂਆਂ ਰੱਖਣੀਆਂ ਹਨ। ਦੋਵੇਂ ਇਸ ਗੱਲੋਂ ਡਰੀਆਂ ਵੀ ਹੋਈਆਂ ਹਨ ਕਿ ਆਉਣ ਵਾਲ਼ਾ ਸਮਾਂ ਪਤਾ ਨਹੀਂ ਕੀ ਰੰਗ ਦਿਖਾਵੇਗਾ।
ਸਲੀਮਾ ਪਰਵੀਨ ਅਤੇ ਅਸਮਾ ਖ਼ਾਤੂਨ (ਬਦਲੇ ਨਾਮ) ਪਿਛਲ਼ੇ ਸਾਲ ਸੱਤਵੀਂ ਜਮਾਤ ਵਿੱਚ ਸਨ, ਹਾਲਾਂਕਿ ਪਿੰਡ ਦਾ ਸਰਕਾਰੀ ਸਕੂਲ ਸਾਲ 2020 ਦੇ ਸ਼ੈਸ਼ਨ ਵਿੱਚ ਪੂਰੇ ਸਾਲ ਬੰਦ ਰਿਹਾ। ਪਿਛਲੇ ਸਾਲ ਜਿਓਂ ਹੀ ਤਾਲਾਬੰਦੀ ਸ਼ੁਰੂ ਹੋਈ ਅਤੇ ਪਟਨਾ, ਦਿੱਲੀ ਅਤੇ ਮੁੰਬਈ ਵਿੱਚ ਕੰਮ ਕਰਨ ਗਏ ਹੋਏ ਉਨ੍ਹਾਂ ਦੇ ਪਰਿਵਾਰਾਂ ਦੇ ਪੁਰਸ਼ ਬਿਹਾਰ ਦੇ ਅਰਰਿਆ ਜ਼ਿਲ੍ਹੇ ਵਿੱਚ ਬੰਗਾਲੀ ਟੋਲਾ ਬਸਤੀ ਵਿੱਚ ਸਥਿਤ ਆਪਣੇ ਘਰ ਮੁੜ ਆਏ। ਬੱਸ ਫਿਰ ਕੀ ਸੀ ਉਨ੍ਹਾਂ ਦੇ ਘਰਾਂ ਵਿੱਚ ਇੱਕ ਤੋਂ ਬਾਅਦ ਇੱਕ ਵਿਆਹ ਹੋਣ ਲੱਗੇ।
''ਕਰੋਨਾ ਮੇਂ ਹੁਈ ਸ਼ਾਦੀ, '' ਅਸਮਾ ਕਹਿੰਦੀ ਹਨ ਜੋ ਦੋਵਾਂ ਵਿੱਚੋਂ ਵੱਧ ਗਾਲ਼੍ਹੜੀ ਹਨ। ''ਮੇਰਾ ਵਿਆਹ ਕਰੋਨਾ ਕਾਲ਼ ਵਿੱਚ ਹੋਇਆ।''
ਸਲੀਮਾ ਦਾ ਨਿਕਾਹ ਦੋ ਸਾਲ ਪਹਿਲਾਂ ਹੋ ਗਿਆ ਸੀ ਅਤੇ ਉਹਦੇ 18 ਸਾਲ ਦੀ ਹੋਣ ਤੋਂ ਪਹਿਲਾਂ ਹੀ ਉਹ ਆਪਣੇ ਪਤੀ ਨਾਲ਼ ਰਹਿਣਾ ਸ਼ੁਰੂ ਕਰਨ ਵਾਲ਼ੀ ਸਨ। ਅਚਾਨਕ ਤਾਲਾਬੰਦੀ ਲੱਗ ਗਈ ਅਤੇ ਦਰਜ਼ੀ ਦਾ ਕੰਮ ਕਰਨ ਵਾਲ਼ੇ ਉਨ੍ਹਾਂ ਦੇ 20 ਸਾਲਾ ਪਤੀ ਅਤੇ ਉਹਦੇ ਪਰਿਵਾਰ ਨੇ ਜੋ ਉਸੇ ਬਸਤੀ ਵਿੱਚ ਰਹਿੰਦਾ ਸੀ, ਜ਼ਿੱਦ ਫੜ੍ਹ ਲਈ ਕਿ ਉਹ (ਸਲੀਮਾ) ਉਨ੍ਹਾਂ ਦੇ ਘਰ ਆ ਜਾਵੇ। ਇਹ ਜੁਲਾਈ 2020 ਦੀ ਗੱਲ ਹੈ। ਪਤੀ ਕੋਲ਼ ਕੰਮ ਨਹੀਂ ਸੀ ਅਤੇ ਉਹ ਪੂਰਾ ਦਿਨ ਘਰ ਹੀ ਰਹਿੰਦੇ ਸਨ ਬਾਕੀ ਦੇ ਪੁਰਸ਼ ਮੈਂਬਰ ਵੀ ਘਰ ਹੀ ਰਹਿੰਦੇ- ਅਜਿਹੇ ਵੇਲ਼ੇ ਕੰਮ ਕਰਨ ਵਾਲ਼ੇ ਵੱਧ ਹੱਥਾਂ ਦਾ ਮਿਲ਼ਣਾ ਚੰਗੀ ਗੱਲ ਹੁੰਦੀ ਹੈ।
ਅਸਮਾ ਕੋਲ਼ ਵਿਆਹ ਵਾਸਤੇ ਆਪਣਾ ਮਨ ਰਾਜ਼ੀ ਕਰਨ ਤੱਕ ਦਾ ਸਮਾਂ ਨਹੀਂ ਸੀ। ਉਨ੍ਹਾਂ ਦੀ 23 ਸਾਲਾ ਵੱਡੀ ਭੈਣ ਦੀ ਸਾਲ 2019 ਵਿੱਚ ਕੈਂਸਰ ਕਾਰਨ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੇ ਜੀਜਾ ਨੇ ਪਿਛਲੇ ਸਾਲ ਜੂਨ ਵਿੱਚ ਤਾਲਾਬੰਦੀ ਦੌਰਾਨ ਅਸਮਾ ਨਾਲ਼ ਵਿਆਹ ਕਰਨ ਦੀ ਜ਼ਿੱਦ ਕੀਤੀ, ਜੋ ਪਲੰਬਰ ਦਾ ਕੰਮ ਕਰਦੇ ਹਨ। ਜੂਨ 2020 ਵਿੱਚ ਉਨ੍ਹਾਂ ਦਾ ਆਪਸ ਵਿੱਚ ਵਿਆਹ ਕਰ ਦਿੱਤਾ ਗਿਆ।
ਦੋਵਾਂ ਵਿੱਚੋਂ ਕਿਸੇ ਕੁੜੀ ਨੂੰ ਨਹੀਂ ਪਤਾ ਕਿ ਬੱਚੇ ਕਿਵੇਂ ਪੈਦਾ ਹੁੰਦੇ ਹਨ। ''ਇਹ ਗੱਲਾਂ ਮਾਂ ਨਹੀਂ ਸਮਝਾ ਸਕਦੀ, ਅਸਮਾ ਦੀ ਮਾਂ ਰੁਖਸਾਨਾ ਜਿਓਂ ਹੀ ਇਹ ਗੱਲ ਕਹਿੰਦੀ ਹਨ, ਦੋਵੇਂ ਕੁੜੀਆਂ ਹੋਰ ਜ਼ੋਰ-ਜ਼ੋਰ ਦੀ ਹੱਸਣ ਲੱਗਦੀਆਂ ਹਨ। '' ਲਾਜ ਕੀ ਬਾਤ ਹੈ (ਸ਼ਰਮ ਆਉਂਦੀ ਹੈ)।'' ਇਸ ਗੱਲ ਨਾਲ਼ ਹਰ ਕੋਈ ਸਹਿਮਤ ਹੈ ਕਿ ਕੁੜੀ (ਲਾੜੀ ਬਣਨ ਵਾਲ਼ੀ) ਦੀ ਭਾਬੀ ਉਹਨੂੰ ਇਹ ਜਾਣਕਾਰੀ ਦੇਣ ਦਾ ਸਹੀ ਜ਼ਰੀਆ ਹੈ। ਪਰ, ਅਸਮਾ ਅਤੇ ਸਲੀਮਾ ਨਨਾਣ-ਭਰਜਾਈ ਹਨ ਅਤੇ ਦੋਵਾਂ ਵਿੱਚੋਂ ਕੋਈ ਵੀ ਗਰਭਅਵਸਥਾ ਜਾਂ ਪ੍ਰਸਵ ਬਾਰੇ ਸਲਾਹ ਦੇਣ ਦੀ ਹਾਲਤ ਵਿੱਚ ਨਹੀਂ ਹੈ।
ਅਸਮਾ ਦੀ ਚਾਚੀ ਬੰਗਾਲੀ ਟੋਲਾ ਦੀ ਆਸ਼ਾ (ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਰਮੀ) ਵਰਕਰ ਹਨ ਅਤੇ ਦੋਵਾਂ ਕੁੜੀਆਂ ਨੂੰ ''ਛੇਤੀ ਹੀ'' ਸਾਰਾ ਕੁਝ ਸਮਝਾਉਣ ਦਾ ਵਾਅਦਾ ਕਰਦੀ ਹਨ। ਬੰਗਾਲੀ ਟੋਲਾ ਬਸਤੀ ਰਾਣੀਗੰਜ ਬਲਾਕ ਦੀ ਬੇਲਵਾ ਪੰਚਾਇਤ ਦੇ ਅਧੀਨ ਆਉਂਦੀ ਹੈ, ਜਿਸ ਵਿੱਚ ਕਰੀਬ 40 ਪਰਿਵਾਰ ਰਹਿੰਦੇ ਹਨ।
ਜਾਂ ਫਿਰ ਕੁੜੀਆਂ ਇਸ ਬਾਰੇ ਜ਼ਕੀਆ ਪਰਵੀਨ ਤੋਂ ਪੁੱਛ ਸਕਦੀਆਂ ਹਨ ਜੋ ਉਨ੍ਹਾਂ ਤੋਂ ਮਹਿਜ਼ ਦੋ ਸਾਲ ਵੱਡੀ ਹਨ। ਉਨ੍ਹਾਂ ਦਾ ਬੇਟਾ, ਨਿਜ਼ਾਮ ਅਜੇ 25 ਦਿਨਾਂ ਦਾ ਹੈ ਅਤੇ ਆਪਣੀਆਂ ਕੱਜਲ ਲੱਗੀਆਂ ਅੱਖਾਂ ਨਾਲ਼ ਘੂਰ ਰਿਹਾ ਹੈ। 'ਮਾੜੀ ਨਜ਼ਰ' ਤੋਂ ਬਚਾਉਣ ਲਈ ਉਹਦੇ ਇੱਕ ਗੱਲ੍ਹ 'ਤੇ ਕਾਲ਼ਾ ਟਿਮਕਣਾ ਲਾਇਆ ਗਿਆ ਹੈ। ਜ਼ਕੀਆ ਦੀ ਉਮਰ 19 ਸਾਲ ਹੈ, ਪਰ ਉਹ ਹੋਰ ਵੀ ਛੋਟੀ ਜਾਪਦੀ ਹਨ। ਸੂਤੀ ਸਾੜੀ ਪਾ ਕੇ ਉਹ ਹੋਰ ਵੀ ਮਲ਼ੂਕ ਅਤੇ ਕਮਜ਼ੋਰ ਨਜ਼ਰ ਆਉਂਦੀ ਹਨ। ਉਹ ਕਦੇ ਸਕੂਲ ਨਹੀਂ ਗਈ ਅਤੇ 16 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਇੱਕ ਚਚੇਰੇ ਭਰਾ ਨਾਲ਼ ਕਰ ਦਿੱਤਾ ਗਿਆ ਸੀ।
ਸਿਹਤਕਰਮੀਆਂ ਅਤੇ ਖ਼ੋਜਕਾਰਾਂ ਨੇ ਇਹ ਵੀ ਦੇਖਿਆ ਹੈ ਕਿ ਬਿਹਾਰ ਦੀਆਂ 'ਕੋਵਿਡ ਬਾਲ ਲਾੜੀਆਂ' ਹੁਣ ਗਰਭਵਤੀ ਹਨ ਅਤੇ ਪੋਸ਼ਕ ਤੱਤਾਂ ਅਤੇ ਜਾਣਕਾਰੀ ਦੀ ਘਾਟ ਨਾਲ਼ ਜੂਝ ਰਹੀਆਂ ਹਨ। ਹਾਲਾਂਕਿ, ਬਿਹਾਰ ਦੇ ਗ੍ਰਾਮੀਣ ਇਲਾਕਿਆਂ ਵਿੱਚ ਤਾਲਾਬੰਦੀ ਤੋਂ ਪਹਿਲਾਂ ਵੀ ਅੱਲ੍ਹੜ-ਉਮਰੇ ਗਰਭਵਤੀ ਹੋਣਾ ਨਵੀਂ ਗੱਲ ਨਹੀਂ ਸੀ। ਬਲਾਕ ਹੈਲਥ ਮੈਨੇਜਰ ਪ੍ਰੇਰਣਾ ਵਰਮਾ ਕਹਿੰਦੀ ਹਨ,''ਇੱਥੇ ਇਹ ਕੋਈ ਅਸਧਾਰਣ ਗੱਲ ਨਹੀਂ ਹੈ। ਛੋਟੀ ਉਮਰ ਦੀਆਂ ਇਹ ਕੁੜੀਆਂ ਵਿਆਹ ਕਰਦਿਆਂ ਹੀ ਗਰਭਵਤੀ ਹੋ ਜਾਂਦੀਆਂ ਹਨ ਅਤੇ ਪਹਿਲੇ ਸਾਲ ਹੀ ਬੱਚੇ ਨੂੰ ਜਨਮ ਦੇ ਦਿੰਦੀਆਂ ਹਨ।''
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫ਼ਐੱਚਐੱਸ-5, 2019-2020) ਦੇ ਮੁਤਾਬਕ, ਸਰਵੇਖਣ ਦੇ ਸਮੇਂ 15-19 ਉਮਰ ਵਰਗ ਦੀਆਂ 11 ਫੀਸਦ ਕੁੜੀਆਂ ਮਾਂ ਬਣ ਚੁੱਕੀਆਂ ਸਨ ਜਾਂ ਗਰਭਵਤੀ ਸਨ। ਪੂਰੇ ਦੇਸ਼ ਦੇ ਅੰਕੜਿਆਂ 'ਤੇ ਨਜ਼ਰ ਫੇਰੀਏ ਤਾਂ ਕੁੱਲ ਬਾਲ ਵਿਆਹਾਂ ਵਿੱਚੋਂ ਇਕੱਲੇ ਬਿਹਾਰ ਵਿੱਚ 11 ਫੀਸਦ ਕੁੜੀਆਂ (18 ਸਾਲ ਤੋਂ ਪਹਿਲਾਂ) ਅਤੇ 8 ਫੀਸਦ ਮੁੰਡਿਆਂ (21 ਸਾਲ ਤੋਂ ਪਹਿਲਾਂ) ਦੇ ਵਿਆਹ ਹੁੰਦੇ ਹਨ।
ਸਾਲ 2016 ਵਿੱਚ ਬਿਹਾਰ ਵਿੱਚ ਕੀਤਾ ਗਿਆ ਇੱਕ ਹੋਰ ਸਰਵੇਅ ਵੀ ਇਹੀ ਤਸਵੀਰ ਦਿਖਾਉਂਦਾ ਹੈ। ਸਿਹਤ ਅਤੇ ਵਿਕਾਸ ਦੇ ਮੁੱਦਿਆਂ 'ਤੇ ਕੰਮ ਕਰਨ ਵਾਲ਼ੀ ਇੱਕ ਗ਼ੈਰ-ਲਾਭਕਾਰੀ ਸੰਸਥਾ, ਪਾਪੁਲੇਸ਼ਨ ਕਾਉਂਸਿਲ ਦੇ ਇੱਕ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ 15-19 ਸਾਲ ਉਮਰ ਵਰਗ ਦੀਆਂ 7 ਫੀਸਦ ਕੁੜੀਆਂ ਦਾ ਵਿਆਹ 15 ਸਾਲ ਦੀ ਉਮਰ ਤੋਂ ਪਹਿਲਾਂ ਕਰ ਦਿੱਤਾ ਗਿਆ ਸੀ। ਉੱਥੇ ਦੂਜੇ ਪਾਸੇ ਗ੍ਰਾਮੀਣ ਇਲਾਕਿਆਂ ਵਿੱਚ 18-19 ਸਾਲ ਉਮਰ ਵਰਗ ਦੀਆਂ 44 ਫੀਸਦ ਕੁੜੀਆਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਕਰ ਦਿੱਤਾ ਗਿਆ ਸੀ।
ਇਸੇ ਦਰਮਿਆਨ, ਪਿਛਲੇ ਸਾਲ ਤਾਲਾਬੰਦੀ ਦੌਰਾਨ ਘੱਟ ਉਮਰ ਵਿੱਚ ਵਿਆਹ ਕਰਨ ਵਾਲ਼ੀਆਂ ਇਨ੍ਹਾਂ ਅੱਲ੍ਹੜ ਲਾੜੀਆਂ ਦੀ ਹਾਲਤ ਅਜਿਹੀ ਹੈ ਕਿ ਕੰਮ ਕਰਨ ਵਾਸਤੇ ਸ਼ਹਿਰ ਪਰਤੇ ਪਤੀ ਬਗ਼ੈਰ ਪੂਰੀ ਤਰ੍ਹਾਂ ਅਣਜਾਣ ਮਾਹੌਲ ਵਿੱਚ ਰਹਿ ਰਹੀਆਂ ਹਨ।
ਜ਼ਕੀਆ ਦੇ ਪਤੀ ਮੁੰਬਈ ਵਿੱਚ ਜ਼ਰੀ ਕਢਾਈ ਯੁਨਿਟ ਵਿੱਚ ਕੰਮ ਕਰਦੇ ਹਨ। ਜਨਵਰੀ ਵਿੱਚ ਨਿਜ਼ਾਮ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਹੀ ਉਹ ਪਿੰਡ ਛੱਡ ਕੇ ਮੁੰਬਈ ਆ ਗਏ। ਬੱਚੇ ਦੇ ਜਨਮ ਤੋਂ ਬਾਅਦ ਹੀ ਜ਼ਕੀਆ ਨੂੰ ਪੋਸ਼ਣ ਵਾਸਤੇ ਜ਼ਰੂਰੀ ਅਹਾਰ ਨਹੀਂ ਮਿਲ਼ ਰਿਹਾ। ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲ਼ੀਆਂ ਕੈਲਸ਼ੀਅਮ ਅਤੇ ਆਇਰਨ ਦੀਆਂ ਗੋਲ਼ੀਆਂ ਦਾ ਵੰਡਿਆ ਜਾਣਾ ਅਜੇ ਬਾਕੀ ਹੈ। ਹਾਲਾਂਕਿ, ਉਨ੍ਹਾਂ ਨੂੰ ਗਰਭਅਵਸਥਾ ਦੌਰਾਨ ਆਂਗਨਵਾੜੀ ਤੋਂ ਮਿਲ਼ਣ ਵਾਲ਼ੀਆਂ ਗੋਲ਼ੀਆਂ ਠੀਕ ਸਮੇਂ 'ਤੇ ਮਿਲ਼ ਗਈਆਂ ਸਨ।
ਉਹ ਦੱਸਦੀ ਹਨ,'' ਆਲੂ ਕਾ ਤਰਕਾਰੀ ਔਰ ਚਾਵਲ '' ਹੀ ਉਨ੍ਹਾਂ ਦਾ ਰੋਜ਼ ਦਾ ਭੋਜਨ ਹੁੰਦਾ ਹੈ। ਦਾਲ ਅਤੇ ਫ਼ਲ ਭੋਜਨ ਵਿੱਚ ਸ਼ਾਮਲ ਨਹੀਂ ਹੁੰਦਾ। ਅਗਲੇ ਕੁਝ ਦਿਨਾਂ ਲਈ, ਜ਼ਕੀਆ ਦੇ ਪਰਿਵਾਰ ਨੇ ਉਨ੍ਹਾਂ ਨੂੰ ਮਾਸ ਜਾਂ ਆਂਡੇ ਖਾਣ ਤੋਂ ਮਨ੍ਹਾ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ਼ ਬੱਚੇ ਨੂੰ ਪੀਲੀਆ ਹੋ ਸਕਦਾ ਹੈ। ਘਰ ਦੇ ਬੂਹੇ 'ਤੇ ਦੁਧਾਰੂ ਗਾਂ ਬੱਝੀ ਰਹਿੰਦੀ ਹੈ ਪਰ ਦੋ ਮਹੀਨਿਆਂ ਤੱਕ ਜ਼ਕੀਆ ਨੂੰ ਦੁੱਧ ਪੀਣ ਦੀ ਵੀ ਮਨਾਹੀ ਹੈ। ਇਨ੍ਹਾਂ ਸਾਰੇ ਪਦਾਰਥਾਂ ਤੋਂ ਪੀਲੀਆ ਹੋਣ ਦਾ ਖ਼ਦਸ਼ਾ ਮੰਨਿਆ ਜਾਂਦਾ ਹੈ।
ਪਰਿਵਾਰ, ਨਿਜ਼ਾਮ ਨੂੰ ਲੈ ਕੇ ਕਾਫ਼ੀ ਸਾਵਧਾਨ ਹੈ। ਜ਼ਕੀਆ ਦਾ ਵਿਆਹ 16 ਸਾਲ ਦੀ ਉਮਰ ਵਿੱਚ ਹੋਇਆ ਸੀ ਅਤੇ ਦੋ ਸਾਲ ਬਾਅਦ ਨਿਜ਼ਾਮ ਦਾ ਜਨਮ ਹੋਇਆ ਸੀ। ''ਸਾਨੂੰ ਉਹਨੂੰ ਕੇਸਰਾਰਾ ਪਿੰਡ ਵਿੱਚ ਇੱਕ ਬਾਬਾ ਕੋਲ਼ ਲਿਜਾਣਾ ਪਿਆ। ਉੱਥੇ ਸਾਡੇ ਰਿਸ਼ਤੇਦਾਰ ਰਹਿੰਦੇ ਹਨ। ਬਾਬਾ ਨੇ ਸਾਨੂੰ ਉਹਦੇ ਖਾਣ ਵਾਸਤੇ ਜੜ੍ਹੀ (ਬੂਟੀ) ਦਿੱਤੀ। ਉਹਦੇ ਫ਼ੌਰਨ ਬਾਅਦ ਉਹ ਗਰਭਵਤੀ ਹੋ ਗਈ ਸੀ। ਇਹ ਇੱਕ ਜੰਗਲੀ ਦਵਾ ਹੈ,'' ਜ਼ਕੀਆ ਦੀ ਮਾਂ ਕਹਿੰਦੀ ਹਨ ਜੋ ਇੱਕ ਘਰੇਲੂ ਔਰਤ ਹਨ (ਉਨ੍ਹਾਂ ਦੇ ਪਿਤਾ ਮਜ਼ਦੂਰੀ ਕਰਦੇ ਹਨ)। ''ਜੇ ਉਹ ਦੋਬਾਰਾ ਗਰਭਵਤੀ ਨਾ ਹੋਈ ਤਾਂ ਕੀ ਉਹ ਉਹਨੂੰ ਲੈ ਕੇ ਦੋਬਾਰਾ 50 ਕਿਲੋਮੀਟਰ ਦੂਰ ਕੇਸਰਾਰਾ ਜਾਣਗੇ? ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੀ ਹਨ,''ਨਹੀਂ, ਦੂਸਰਾ ਬੱਚਾ ਉਦੋਂ ਹੀ ਆਵੇਗਾ, ਜਦੋਂ ਅੱਲ੍ਹਾ ਦੀ ਮਰਜ਼ੀ ਹੋਵੇਗੀ।''
ਜ਼ਕੀਆ ਦੀਆਂ ਤਿੰਨ ਛੋਟੀਆਂ ਭੈਣਾਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟੀ ਭੈਣ ਪੰਜ ਸਾਲ ਦੀ ਵੀ ਨਹੀਂ ਹੋਈ। ਉਨ੍ਹਾਂ ਦਾ ਇੱਕ ਵੱਡਾ ਭਰਾ ਵੀ ਹੈ ਜੋ ਲਗਭਗ 20 ਸਾਲ ਦਾ ਹੈ ਅਤੇ ਮਜ਼ਦੂਰੀ ਦਾ ਹੀ ਕੰਮ ਕਰਦਾ ਹੈ। ਸਾਰੀਆਂ ਭੈਣਾਂ ਸਕੂਲ ਅਤੇ ਮਦਰਸੇ ਜਾਂਦੀਆਂ ਹਨ। ਹਾਲਾਂਕਿ, ਜ਼ਕੀਆ ਨੂੰ ਘਰ ਦੀ ਮਾਲੀ ਹਾਲਤ ਖ਼ਸਤਾ ਹੋਣ ਕਾਰਨ ਸਕੂਲ ਨਹੀਂ ਭੇਜਿਆ ਗਿਆ।
ਕੀ ਡਿਲਵਰੀ ਤੋਂ ਬਾਅਦ ਉਨ੍ਹਾਂ ਨੂੰ ਟਾਂਕੇ ਲਗਾਉਣ ਦੀ ਲੋੜ ਪਈ ਸੀ? ਜ਼ਕੀਆ ਸਿਰ ਹਿਲਾ ਕੇ ਹਾਮੀ ਭਰਦੀ ਹਨ। ਹੁਣ ਵੀ ਪੀੜ੍ਹ ਹੁੰਦੀ ਹੈ? ਇਹ ਸਵਾਲ ਸੁਣ ਕੇ ਉਨ੍ਹਾਂ ਦੀਆਂ ਅੱਖਾਂ ਭਰ ਜਾਂਦੀਆਂ ਹਨ, ਪਰ ਉਹ ਕੁਝ ਜਵਾਬ ਨਹੀਂ ਦਿੰਦੀ; ਅਤੇ ਨਿਜ਼ਾਮ ਵੱਲ ਦੇਖਣ ਲੱਗਦੀ ਹਨ।
ਦੋ ਹੋਰ ਗਰਭਵਤੀ ਕੁੜੀਆਂ ਪੁੱਛਦੀਆਂ ਹਨ ਕਿ ਕੀ ਉਹ ਡਿਲੀਵਰੀ ਦੌਰਾਨ ਰੋਈ ਸਨ ਅਤੇ ਉਨ੍ਹਾਂ ਦੇ ਆਸਪਾਸ ਦੀਆਂ ਔਰਤਾਂ ਇਹ ਸਵਾਲ ਸੁਣ ਕੇ ਹੱਸਣ ਲੱਗਦੀਆਂ ਹਨ। ਜ਼ਕੀਆ ਸਾਫ਼ ਕਹਿੰਦੀ ਹਨ,'' ਬਹੁਤ ਰੋਈ। ''' ਹੁਣ ਤੱਕ ਦੀ ਹੋਈ ਗੱਲਬਾਤ ਵਿੱਚ ਇਹ ਜਵਾਬ ਸਭ ਤੋਂ ਉੱਚੀ ਅਵਾਜ਼ ਵਿੱਚ ਸੀ। ਅਸੀਂ ਬੇਹਤਰ ਹਾਲਾਤ ਵਿੱਚ ਰਹਿ ਰਹੇ ਇੱਕ ਗੁਆਂਢੀ ਦੇ ਅੱਧ-ਉਸਰੇ ਘਰ ਵਿੱਚ, ਕਿਤੋਂ ਮੰਗ ਕੇ ਲਿਆਂਦੀਆਂ ਗਈਆਂ ਪਲਾਸਟਿਕ ਦੀਆਂ ਕੁਰਸੀਆਂ 'ਤੇ ਬੈਠੇ ਸਾਂ, ਜੋ ਫ਼ਰਸ਼ 'ਤੇ ਲੱਗੇ ਖੁੱਲ੍ਹੇ ਸੀਮਟ ਦੇ ਢੇਰ 'ਤੇ ਲਿਆ ਕੇ ਟਿਕਾਈਆਂ ਗਈਆਂ ਸਨ।
ਵਿਸ਼ਵ ਸਿਹਤ ਸੰਗਠਨ (ਸੰਸਾਰ-ਵਿਆਹੀ ਸਿਹਤ ਅਨੁਮਾਨ 2016: ਹੋਈਆਂ ਮੌਤਾਂ ਦੇ ਕਾਰਨ; ਉਮਰ, ਲਿੰਗ ਦੇ ਹਿਸਾਬ ਨਾਲ਼, ਦੇਸ਼ ਅਤੇ ਇਲਾਕੇ ਦੇ ਹਿਸਾਬ ਨਾਲ਼, 2000-2016) ਮੁਤਾਬਕ, ਦੁਨੀਆ ਭਰ ਦੇ 20-24 ਸਾਲ ਦੀਆਂ ਔਰਤਾਂ ਦੀ ਤੁਲਨਾ ਵਿੱਚ, 10-19 ਸਾਲ ਦੀ ਉਮਰ ਵਰਗ ਦੀਆਂ ਮਾਵਾਂ ਵਿੱਚ ਇਕਲੰਪਸਿਆ (ਬੱਚੇ ਦੇ ਜਨਮ ਤੋਂ ਪਹਿਲਾਂ, ਦੌਰਾਨ ਜਾਂ ਬਾਅਦ ਦਾ ਬਲੱਡ ਪ੍ਰੈਸ਼ਰ ਅਤੇ ਦੌਰੇ), ਜੱਚਾ-ਬੱਚਾ (ਪ੍ਰਸਵ ਤੋਂ ਬਾਅਦ ਛੇ ਹਫ਼ਤਿਆਂ ਤੀਕਰ) ਇੰਡੋਮੇਟ੍ਰੋਯੋਸਿਸਸ ਅਤੇ ਦੂਸਰੀਆਂ ਲਾਗਾਂ ਦੇ ਖ਼ਤਰਾ ਜ਼ਿਆਦਾ ਰਹਿੰਦਾ ਹੈ। ਜਨਮ ਦੇ ਸਮੇਂ ਘੱਟ ਵਜ਼ਨ ਨੂੰ ਲੈ ਕੇ, ਹੋਰ ਗੰਭੀਰ ਬੀਮਾਰੀਆਂ ਦਾ ਖ਼ਦਰਾ ਨਵਜਾਤ ਬੱਚਿਆਂ ਦੇ ਸਿਰਾਂ 'ਤੇ ਵੀ ਮੰਡਰਾਉਂਦਾ ਰਹਿੰਦਾ ਹੈ।
ਜ਼ਕੀਆ ਨੂੰ ਲੈ ਕੇ ਅਰਰਿਆ ਦੀ ਬਲਾਕ ਹੈਲਥ ਮੈਨੇਜਰ ਪ੍ਰੇਰਣਾ ਵਰਮਾ ਇੱਕ ਹੋਰ ਚਿੰਤਾ ਜ਼ਾਹਰ ਕਰਦੀ ਹਨ। ਉਹ ਜ਼ਕੀਆ ਨੂੰ ਸਲਾਹ ਦਿੰਦੀ ਹਨ,''ਆਪਣੇ ਪਤੀ ਕੋਲ਼ ਨਾ ਜਾਵੀਂ।'' ਬਿਹਾਰ ਦੇ ਗ੍ਰਾਮੀਣ ਇਲਾਕਿਆਂ ਵਿੱਚ ਕੰਮ ਕਰਨ ਵਾਲ਼ੇ ਹੈਲਥ ਵਰਕਰ ਅੱਲ੍ਹੜ ਉਮਰ ਦੀਆਂ ਮਾਵਾਂ ਨੂੰ ਬਾਰ-ਬਾਰ ਗਰਭਵਤੀ ਹੁੰਦੇ ਦੇਖਦੇ ਰਹਿੰਦੇ ਹਨ।
ਦੂਸਰੇ ਪਾਸੇ, ਡਿਲੀਵਰੀ ਤੋਂ ਪਹਿਲਾਂ ਦੇਖਭਾਲ਼ ਵਾਸਤੇ, ਇੱਕ ਮਹੀਨੇ ਦੀ ਗਰਭਵਤੀ ਸਲੀਮਾ (ਫ਼ਰਵਰੀ ਵਿੱਚ, ਜਦੋਂ ਮੈਂ ਉਨ੍ਹਾਂ ਨਾਲ਼ ਮਿਲ਼ੀ ਸਾਂ) ਦਾ ਲੋਕਲ ਆਂਗਨਵਾੜੀ ਵਿੱਚ ਨਾਮਾਕਣ ਹੋਣਾ ਅਜੇ ਬਾਕੀ ਹੈ। ਅਸਮਾ ਛੇ ਮਹੀਨਾ ਦੀ ਗਰਭਵਤੀ ਹਨ, ਪਰ ਉਨ੍ਹਾਂ ਦੇ ਢਿੱਡ ਦਾ ਉਭਾਰ ਬਹੁਤ ਛੋਟਾ ਹੈ। ਉਨ੍ਹਾਂ ਨੂੰ ' ਤਾਕਤ ਦੀ ਦਵਾ ' ਮਿਲ਼ਣ ਲੱਗੀ ਹੈ- ਦਰਅਸਲ, ਇਹ ਕੈਲਸ਼ੀਅਮ ਅਤੇ ਆਇਰਨ ਦੀਆਂ ਗੋਲ਼ੀਆਂ ਹਨ, ਜੋ ਸਰਕਾਰ ਦੁਆਰਾ ਸਾਰੀਆਂ ਗਰਭਵਤੀ ਔਰਤਾਂ ਨੂੰ 180 ਦਿਨਾਂ ਤੱਕ ਉਪਲਬਧ ਕਰਾਈਆਂ ਜਾਂਦੀਆਂ ਹਨ।
ਪਰ, ਐੱਨਐੱਫ਼ਐੱਚਐੱਸ-5 ਦੱਸਦਾ ਹੈ ਕਿ ਬਿਹਾਰ ਵਿੱਚ ਸਿਰਫ਼ 9.3 ਫੀਸਦ ਔਰਤਾਂ ਨੇ ਹੀ ਆਪਣੀ ਗਰਭਅਵਸਥਾ ਦੌਰਾਨ, 180 ਦਿਨਾਂ ਜਾਂ ਉਸ ਤੋਂ ਵੱਧ ਸਮੇਂ ਤੀਕਰ ਆਇਰਨ ਫ਼ੌਲਿਕ ਐਸਿਡ ਦੀਆਂ ਗੋਲ਼ੀਆਂ ਖਾਧੀਆਂ ਹਨ। ਸਿਰਫ਼ 25.2 ਫੀਸਦ ਮਾਵਾਂ ਹੀ ਘੱਟ ਤੋਂ ਘੱਟ ਚਾਰ ਵਾਰ ਡਿਲੀਵਰੀ ਤੋਂ ਪਹਿਲਾਂ ਸਿਹਤ ਕੇਂਦਰ ਗਈਆਂ ਸਨ।
ਜਦੋਂ ਅਸਮਾ ਦੀ ਮਾਂ ਦੱਸਦੀ ਹਨ ਤਾਂ ਹੋਣ ਵਾਲ਼ਾ ਦੁਲਹਾ ਵਿਆਹ ਲਈ ਇੱਕ ਸਾਲ ਉਡੀਕ ਕਿਉਂ ਨਹੀਂ ਕਰ ਸਕਦਾ ਤਾਂ ਅਸਮਾ ਘਬਰਾਹਟ ਵਿੱਚ ਮੁਸਕਰਾਉਣ ਲੱਗਦੀ ਹੈ। ਰੁਖਸਾਨਾ ਕਹਿੰਦੀ ਹਨ,''ਲੜਕੇ ਦੇ ਪਰਿਵਾਰ ਨੂੰ ਲੱਗਿਆ ਕਿ ਪਿੰਡ ਦਾ ਕੋਈ ਹੋਰ ਮੁੰਡਾ ਇਹਨੂੰ ਭਜਾ ਲਿਜਾਵੇਗਾ। ਉਹ ਸਕੂਲ ਜਾਂਦੀ ਸੀ ਅਤੇ ਜ਼ਾਹਰ ਹੈ ਕਿ ਸਾਡੇ ਪਿੰਡ ਵਿੱਚ ਇਹ ਸਾਰਾ ਕੁਝ ਵਾਪਰਦਾ ਹੈ।''
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (2019-2020) ਮੁਤਾਬਕ, 15 ਤੋਂ 19 ਉਮਰ ਵਰਗ ਦੀਆਂ 11 ਫੀਸਦੀ ਕੁੜੀਆਂ ਸਰਵੇਖਣ ਦੇ ਸਮੇਂ ਤੱਕ ਮਾਂ ਬਣ ਚੁੱਕੀਆਂ ਸਨ ਜਾਂ ਗਰਭਵਤੀ ਸਨ
*****
ਜਨਸੰਖਿਆ ਪਰਿਸ਼ਦ ਦੇ ਸਾਲ 2016 ਦੇ ਸਰਵੇਖਣ (ਸਿਰਲੇਖ- ਅੰਡਰਸਟੇਡਿੰਗ ਅਡੋਲਸੇਂਟਸ ਐਂਡ ਯੰਗ ਅਡੈਲਟਸ) ਵਿੱਚ ਭਾਵਨਾਤਮਕ, ਸਰੀਰਕ ਅਤੇ ਯੌਨ ਹਿੰਸਾ ਦੇ ਮੁੱਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ, ਜੋ ਕੁੜੀਆਂ ਨੂੰ ਆਪਣੇ ਪਤੀਆਂ ਤੋਂ ਸਹਿਣੀ ਪੈਂਦੀ ਹੈ। ਇਹਦੇ ਮੁਤਾਬਕ, 15 ਤੋਂ 19 ਸਾਲ ਦੀਆਂ 27 ਫੀਸਦੀ ਵਿਆਹੁਤਾ ਕੁੜੀਆਂ ਨੂੰ ਘੱਟੋ-ਘੱਟ ਇੱਕ ਵਾਰ ਚਪੇੜ ਮਾਰੀ ਗਈ ਸੀ ਅਤੇ 37.4 ਫੀਸਦ ਕੁੜੀਆਂ ਨੂੰ ਘੱਟ ਤੋਂ ਘੱਟ ਇੱਕ ਵਾਰ ਸੈਕਸ ਕਰਨ ਲਈ ਮਜ਼ਬੂਰ ਕੀਤਾ ਗਿਆ। ਇੰਨਾ ਹੀ ਨਹੀਂ ਇਸ ਉਮਰ-ਵਰਗ ਦੀਆਂ 24.7 ਫੀਸਦ ਵਿਆਹੁਤਾ ਕੁੜੀਆਂ 'ਤੇ ਵਿਆਹ ਤੋਂ ਫ਼ੌਰਨ ਬਾਅਦ ਬੱਚਾ ਪੈਦਾ ਕਰਨ ਦਾ ਦਬਾਅ ਬਣਾਇਆ ਗਿਆ ਅਤੇ 24.3 ਫੀਸਦ ਵਿਆਹੁਤਾ ਕੁੜੀਆਂ ਨੂੰ ਇਸ ਗੱਲ ਦਾ ਡਰ ਸੀ ਕਿ ਜੇਕਰ ਉਨ੍ਹਾਂ ਨੇ ਵਿਆਹ ਤੋਂ ਫ਼ੌਰਨ ਬਾਅਦ ਬੱਚੇ ਪੈਦਾ ਨਹੀਂ ਕੀਤੇ ਤਾਂ ਲੋਕ ਉਨ੍ਹਾਂ ਨੂੰ 'ਬਾਂਝ' ਕਹਿਣਾ ਸ਼ੁਰੂ ਕਰ ਦੇਣਗੇ।
ਪਟਨਾ ਦੀ ਰਹਿਣ ਵਾਲ਼ੀ 'ਸਕਸ਼ਮਾ: ਇਨਸ਼ਿਏਟਿਵ ਫਾਰ ਵ੍ਹੱਟ ਵਰਕਸ, ਬਿਹਾਰ' ਦੇ ਤਹਿਤ ਹੋਣ ਵਾਲ਼ੀ ਖੋਜ ਦੀ ਅਗਵਾਈ ਕਰਨ ਵਾਲ਼ੀ ਅਨਾਮਿਕਾ ਪ੍ਰਿਯਦਰਸ਼ਨੀ ਦੱਸਦੀ ਹਨ ਕਿ ਤਾਲਾਬੰਦੀ ਕਾਰਨ ਰਾਜ ਵਿੱਚ ਬਾਲ ਵਿਆਹ ਦੀ ਰੋਕਥਾਮ ਵਿੱਚ ਅੜਚਨਾਂ ਆਈਆਂ ਹਨ। ਉਹ ਕਹਿੰਦੀ ਹਨ,''ਸਾਲ 2016-17 ਵਿੱਚ ਯੂਐੱਨਐੱਫ਼ਪੀਏ ਅਤੇ ਰਾਜ ਸਰਕਾਰ ਨੇ ਮਿਲ਼ ਕੇ ਬੰਧਨ ਤੋੜ ਨਾਮਕ ਇੱਕ ਐਪ ਲਾਂਚ ਕੀਤਾ ਸੀ, ਉਦੋਂ ਬਾਲ ਵਿਆਹ ਨੂੰ ਲੈ ਕੇ ਕਈ ਰਿਪੋਰਟਾਂ ਅਤੇ ਸ਼ਿਕਾਇਤਾਂ ਮਿਲ਼ੀਆਂ ਸਨ। ਇਸ ਐਪ ਵਿੱਚ ਦਾਜ ਅਤੇ ਯੌਨ ਅਪਰਾਧ ਜਿਹੇ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਨਾਲ਼ ਹੀ ਇੱਕ ਐੱਸਓਐੱਸ ਬਟਨ ਹੁੰਦਾ ਹੈ ਜਿਹਦੀ ਮਦਦ ਨਾਲ਼ ਨਜ਼ਦੀਕੀ ਪੁਲਿਸ ਸਟੇਸ਼ਨ ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।
ਜਨਵਰੀ 2021 ਵਿੱਚ ਸਕਸ਼ਮਾ ਨੇ 'ਭਾਰਤ ਵਿੱਚ ਬਾਲ ਵਿਆਹ, ਖਾਸ ਕਰਕੇ ਬਿਹਾਰ ਦੇ ਸੰਦਰਭ ਵਿੱਚ' ਸਿਰਲੇਖ ਹੇਠ ਇੱਕ ਰਿਪੋਰਟ ਤਿਆਰ ਕੀਤੀ। ਇਹ ਸੰਸਥਾ ਬਾਲ ਵਿਆਹ 'ਤੇ ਇੱਕ ਵਿਸਤ੍ਰਿਤ ਸਰਵੇਖਣ ਕਰਨ ਦੀ ਤਿਆਰੀ ਕਰ ਰਿਹਾ ਹੈ। ਅਨਾਮਿਕਾ ਦੱਸਦੀ ਹਨ ਕਿ ਕੁੜੀਆਂ ਦੀ ਅੱਲ੍ਹੜ ਉਮਰੇ ਵਿਆਹ ਨੂੰ ਰੋਕਣ ਲਈ, ਉਨ੍ਹਾਂ ਦੀ ਚੰਗੀ ਸਿੱਖਿਆ, ਵੱਖੋ-ਵੱਖ ਸਰਕਾਰੀ ਯੋਜਨਾਵਾਂ, ਸ਼ਰਤਾਂ 'ਤੇ ਨਗਦੀ ਹਸਤਾਂਤਰਣ ਅਤੇ ਕਈ ਹੋਰ ਉਪਾਵਾਂ 'ਤੇ ਰਲ਼ੀ-ਮਿਲ਼ੀ ਪ੍ਰਤੀਕਿਰਿਆ ਮਿਲ਼ੀ ਹੈ। ਉਹ ਕਹਿੰਦੀ ਹਨ,''ਇਨ੍ਹਾਂ ਵਿੱਚੋਂ ਕੁਝ ਪ੍ਰੋਗਰਾਮਾਂ ਦਾ ਨਿਸ਼ਚਤ ਰੂਪ ਨਾਲ਼ ਸਕਾਰਾਤਮਕ ਪ੍ਰਭਾਵ ਪਿਆ ਹੈ। ਉਦਾਹਰਣ ਲਈ ਕੁੜੀਆਂ ਨੂੰ ਸਕੂਲ ਭੇਜਣ ਲਈ ਕੈਸ਼ ਇਨਾਮ ਜਾਂ ਬਿਹਾਰ ਵਿੱਚ ਕੁੜੀਆਂ ਲਈ ਸਾਈਕਲ ਦੀ ਯੋਜਨਾ ਨੇ ਸੈਕੰਡਰੀ ਸਕੂਲ ਵਿੱਚਕ ਕੁੜੀਆਂ ਦੀ ਹਾਜ਼ਰੀ ਅਤੇ ਭਰਤੀ ਵਿੱਚ ਵਾਧਾ ਕੀਤਾ ਹੈ। ਇਨ੍ਹਾਂ ਯੋਜਨਾਵਾਂ ਦਾ ਲਾਭ ਚੁੱਕਣ ਵਾਲ਼ੀਆਂ ਕੁੜੀਆਂ ਦਾ ਵਿਆਹ ਵੀ 18 ਸਾਲ ਦੀ ਉਮਰ ਵਿੱਚਹੋ ਜਾਂਦਾ ਹੈ, ਪਰ ਫਿਰ ਵੀ ਇਹ ਯੋਜਨਾਵਾਂ ਵਜੂਦ ਵਿੱਚ ਹਨ।''
ਬਾਲ ਵਿਆਹ ਰੋਕਥਾਮ ਐਕਟ 2006 ਨੂੰ ਸਖ਼ਤੀ ਨਾਲ਼ ਲਾਗੂ ਕਿਉਂ ਨਹੀਂ ਕੀਤਾ ਜਾਂਦਾ ਹੈ, ਇਸ ਸਬੰਧੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ''ਬਿਹਾਰ ਵਿੱਚ ਬਾਲ ਵਿਆਹ ਕਨੂੰਨਾਂ ਦੇ ਪ੍ਰਭਾਵੀ ਢੰਗ ਨਾਲ਼ ਲਾਗੂ ਹੋਣ ਨਾਲ਼ ਸਬੰਧਤ ਕੋਈ ਵੀ ਅਧਿਐਨ ਜਨਤਕ ਰੂਪ ਵਿੱਚ ਉਪਲਬਧ ਨਹੀਂ ਹੈ। ਹਾਲਾਂਕਿ, ਆਂਧਰਾ ਪ੍ਰਦੇਸ਼, ਗੁਜਰਾਤ, ਪੱਛਮ ਬੰਗਾਲ ਅਤੇ ਰਾਜਸਥਾਨ ਜਿਹੇ ਹੋਰਨਾਂ ਰਾਜਾਂ ਵਿੱਚ ਕੀਤੇ ਗਏ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਰਾਜਨੀਤਕ ਸਰਪ੍ਰਸਤੀ ਅਤੇ ਨਿਹਿੱਤ ਸਵਾਰਥ ਵਾਲ਼ੇ ਜਥੇਬੰਦ ਸਮੂਹਾਂ ਅਤੇ ਨੈਟਵਰਕ ਦੇ ਪ੍ਰਭਾਵ ਕਾਰਨ, ਕਨੂੰਨ ਲਾਗੂ ਕਰਨ ਵਾਲ਼ੀਆਂ ਏਜੰਸੀਆਂ ਪੀਸੀਐੱਮਏ ਨੂੰ ਲਾਗੂ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ।''
ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਰਾਜਨੀਤੀ ਨਾਲ਼ ਜੁੜੇ ਜਾਂ ਸੰਪੰਨ ਪਰਿਵਾਰਾਂ ਸਣੇ, ਸਮਾਜ ਵਿੱਚ ਵੱਡੇ ਪੱਧਰ 'ਤੇ ਪ੍ਰਵਾਨਗੀ ਕਾਰਨ ਬਾਲ ਵਿਆਹ ਨੂੰ ਰੋਕਣ ਅਸਾਨ ਨਹੀਂ ਹੈ। ਇਸ ਤੋਂ ਇਲਾਵਾ, ਕਿਉਂਕਿ ਇਹ ਪ੍ਰਥਾ ਸੱਭਿਆਚਾਰਕ ਅਤੇ ਧਾਰਮਿਕ ਮਾਨਤਾਵਾਂ ਨਾਲ਼ ਪੂਰੀ ਤਰ੍ਹਾਂ ਜੁੜੀ ਹੋਈ ਹੈ, ਇਸਲਈ ਸਰਕਾਰ ਲਈ ਦਖਲ ਦੇ ਪਾਉਣਾ ਮੁਸ਼ਕਲ ਹੋ ਜਾਂਦਾ ਹੈ।
ਅਰਰਿਆ ਤੋਂ 50 ਕਿਲੋਮੀਟਰ ਪੂਰਬ ਦਿਸ਼ਾ ਵਿੱਚ, ਪੂਰਨਿਆ ਜ਼ਿਲ੍ਹੇ ਦੇ ਪੂਰਨਿਆ ਪੂਰਬੀ ਤਾਲੁਕਾ ਵਿੱਚ, ਆਗਾਟੋਲਾ ਪਿੰਡ ਦੀ ਮਨੀਸ਼ਾ ਕੁਮਾਰੀ ਆਪਣੀ ਮਾਂ ਦੇ ਘਰ ਦੀ ਬਰਾਂਡੇ ਦੀ ਸੁਹਾਨੀ ਛਾਂ ਹੇਠ ਆਪਣੇ ਇੱਕ ਸਾਲਾ ਬੱਚੇ ਨੂੰ ਖੁਆ ਰਹੀ ਹੈ। ਉਹ ਦੱਸਦੀ ਹਨ ਕਿ ਉਨ੍ਹਾਂ ਦੀ ਉਮਰ 19 ਸਾਲ ਹੈ। ਉਨ੍ਹਾਂ ਨੂੰ ਗਰਭਨਿਰੋਧਕ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਅਤੇ ਅਗਲੇ ਗਰਭ ਨੂੰ ਟਾਲਣ ਲਈ ਉਹ ਅਕਸਰ ਕਿਸਮਤ 'ਤੇ ਭਰੋਸਾ ਕਰਦੀ ਹਨ। ਉਨ੍ਹਾਂ ਦੀ ਛੋਟੀ ਭੈਣ, 17 ਸਾਲਾ ਮਨਿਕਾ, ਪਰਿਵਾਰ ਦੁਆਰਾ ਵਿਆਹ ਲਈ ਦਬਾਅ ਬਣਾਉਣ ਕਾਰਨ ਉਦਾਸ ਰਹਿਣ ਲੱਗੀ ਹਨ। ਉਨ੍ਹਾਂ ਦੀ ਮਾਂ ਘਰੇਲੂ ਔਰਤ ਹਨ ਅਤੇ ਪਿਤਾ ਖੇਤ ਮਜ਼ਦੂਰ।
ਮਨਿਕਾ ਕਹਿੰਦੀ ਹਨ,''ਮੇਰੇ ਸਰ ਨੇ ਦੱਸਿਆ ਹੈ ਕਿ ਵਿਆਹ ਦੀ ਘੱਟ ਤੋਂ ਘੱਟ ਉਮਰ 18 ਸਾਲ ਹੈ।'' ਉਹ ਪੂਰਨਿਆ ਸ਼ਹਿਰ ਦੇ ਰਿਹਾਇਸ਼ੀ ਸਕੂਲ ਦੇ ਇੱਕ ਟੀਚਰ ਦਾ ਹਵਾਲਾ ਦੇ ਰਹੀ ਹੈ, ਜਿੱਥੇ ਉਹ 10ਵੀਂ ਤੱਕ ਪੜ੍ਹਦੀ ਰਹੀ ਸਨ। ਪਰ, ਮਾਰਚ 2020 ਵਿੱਚ ਤਾਲਾਬੰਦੀ ਸ਼ੁਰੂ ਹੋਣ ਤੋਂ ਬਾਅਦ ਉਹ ਘਰ ਮੁੜ ਆਈ ਸਨ। ਹੁਣ ਉਹਦਾ ਪਰਿਵਾਰ ਉਹਨੂੰ ਸਕੂਲ ਵਾਪਸ ਭੇਜਣ ਨੂੰ ਲੈ ਕੇ ਦੁਚਿੱਤੀ ਵਿੱਚ ਹੈ- ਇਸ ਸਾਲ ਕਈ ਹੋਰ ਚੀਜ਼ਾਂ ਵੱਸੋਂ ਬਾਹਰ ਹੋ ਗਈਆਂ ਹਨ। ਘਰ ਮੁੜਨ ਤੋਂ ਬਾਅਦ ਇਸ ਗੱਲ ਦਾ ਤੌਖ਼ਲਾ ਹੈ ਕਿ ਮਨਿਕਾ ਦਾ ਵਿਆਹ ਤੈਅ ਕਰ ਦਿੱਤਾ ਜਾਵੇਗਾ। ਉਹ ਦੱਸਦੀ ਹਨ,''ਹਰ ਕੋਈ ਇਹੀ ਕਹਿੰਦੀ ਹੈ ਵਿਆਹ ਕਰ ਲੈ।''
ਗੁਆਂਢ ਵਿੱਚ, ਕਰੀਬ 20-25 ਪਰਿਵਾਰਾਂ ਦੀ ਬਸਤੀ ਰਾਮਘਾਟ ਵਿੱਚ ਰਹਿਣ ਵਾਲ਼ੀ ਬੀਬੀ ਤੰਜ਼ੀਲਾ 38 ਜਾਂ 39 ਸਾਲ ਦੀ ਉਮਰ ਵਿੱਚ, ਅੱਠ ਸਾਲ ਦੇ ਇੱਕ ਲੜਕੇ ਅਤੇ ਦੋ ਸਾਲ ਦੀ ਲੜਕੀ ਦੀ ਦਾਦੀ ਹਨ। ਤੰਜ਼ੀਲਾ ਕਹਿੰਦੀ ਹਨ,''ਜੇ ਕੋਈ ਲੜਕੀ 19 ਸਾਲ ਦੀ ਉਮਰ ਤੱਕ ਕੁਆਰੀ ਹੈ ਤਾਂ ਉਹਨੂੰ ਬੁੱਢੀ ਸਮਝਿਆ ਜਾਂਦਾ ਹੈ, ਕੋਈ ਉਸ ਨਾਲ਼ ਵਿਆਹ ਨਹੀਂ ਕਰੇਗਾ। ਅਸੀਂ ਸ਼ੇਰਸਾਹਬਾਦੀ ਮੁਸਲਮਾਨ ਹਾਂ, ਅਸੀਂ ਆਪਣੇ ਧਰਮ ਗ੍ਰੰਥ ਦੀ ਸਖ਼ਤੀ ਨਾਲ਼ ਪਾਲਣਾ ਕਰਦੇ ਹਾਂ।'' ਅੱਗੇ ਉਹ ਦੱਸਦੀ ਹਨ ਕਿ ਸਾਡੇ ਧਰਮ ਵਿੱਚ ਗਰਭਨਿਰੋਧਕ ਦੀ ਮਨਾਹੀ ਹੈ ਅਤੇ ਬਾਲਗ਼ ਹੋਣ ਤੋਂ ਕੁਝ ਸਾਲਾਂ ਬਾਅਦ ਕੁੜੀ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਤੰਜ਼ੀਲਾ 14 ਸਾਲ ਦੀ ਉਮਰ ਵਿੱਚ ਦੁਲਹਨ ਬਣੀ ਅਤੇ ਇੱਕ ਸਾਲ ਬਾਅਦ ਮਾਂ। ਚੌਥੇ ਬੱਚੇ ਦੇ ਜਨਮ ਤੋਂ ਬਾਅਦ ਕੁਝ ਮੁਸ਼ਕਲਾਂ ਆਈਆਂ ਅਤੇ ਉਨ੍ਹਾਂ ਦੀ ਨਸਬੰਦੀ ਕਰ ਦਿੱਤੀ ਗਈ। ਬਿਹਾਰ ਵਿੱਚ (ਐੱਨਐੱਫ਼ਐੱਚਐੱਸ-5) ਗਰਭਨਿਰੋਧ ਦੇ ਸਭ ਤੋਂ ਪਸੰਦੀਦਾ ਤਰੀਕੇ ਭਾਵ ਬੱਚੇਦਾਨੀ ਨੂੰ ਕੱਢੇ ਜਾਣ ਅਤੇ ਨਸਬੰਦੀ ਕਰਾਉਣ ਬਾਰੇ ਗੱਲ ਕਰਦਿਆਂ ਉਹ ਕਹਿੰਦੀ ਹਨ,''ਸਾਡੇ ਧਰਮ ਵਿੱਚ, ਕੋਈ ਵੀ ਸਵੈ-ਇੱਛਾ ਨਾਲ਼ ਓਪਰੇਸ਼ਨ ਨਹੀਂ ਕਰਵਾਉਂਦਾ। ਕੋਈ ਇਹ ਨਹੀਂ ਕਹਿੰਦਾ ਕਿ ਸਾਡੇ 4-5 ਬੱਚੇ ਹੋ ਗਏ ਹਨ, ਇਸਲਈ ਹੁਣ ਅਸੀਂ ਹੋਰ ਬੱਚਾ ਨਹੀਂ ਪਾਲ਼ ਸਕਦੇ।''
ਰਾਮਘਾਟ ਦੇ ਸ਼ੇਰਸ਼ਾਹਬਾਦੀ ਮੁਸਲਮਾਨਾਂ ਦੇ ਕੋਲ਼ ਖੇਤੀ ਵਾਲ਼ੀ ਵਾਹੀਯੋਗ ਭੋਇੰ ਨਹੀਂ ਹੈ। ਇੱਥੋਂ ਦੇ ਪੁਰਸ਼ ਨੇੜੇ ਹੀ ਸਥਿਤ ਪੂਰਨਿਆ ਸ਼ਹਿਰ ਵਿੱਚ ਦਿਹਾੜੀ-ਦੱਪਾ ਕਰਦੇ ਹਨ। ਕੁਝ ਪਟਨਾ ਜਾਂ ਦਿੱਲੀ ਚਲੇ ਜਾਂਦੇ ਹਨ ਅਤੇ ਕੁਝ ਪੁਰਸ਼ ਮਿਸਤਰੀ ਜਾਂ ਪਲੰਬਰ ਦਾ ਕੰਮ ਕਰਦੇ ਹਨ। ਉਹ ਦੱਸਦੇ ਹਨ ਕਿ ਇਹ ਨਾਮ ਉਨ੍ਹਾਂ ਨੂੰ ਪੱਛਮ ਬੰਗਾਲ ਦੇ ਮਾਲਦਾ ਵਿੱਚ ਸਥਿਤ ਸ਼ੇਰਸ਼ਾਹਬਾਦ ਕਸਬੇ ਤੋਂ ਮਿਲ਼ਿਆ ਹੈ, ਜੋ ਸ਼ੇਰਸ਼ਾਹ ਸੂਰੀ ਦੇ ਨਾਮ 'ਤੇ ਰੱਖਿਆ ਗਿਆ ਸੀ। ਉਹ ਆਪਸ ਵਿੱਚ ਬੰਗਾਲੀ ਭਾਸ਼ਾ ਬੋਲਦੇ ਹਨ ਅਤੇ ਆਪਣੇ ਹੀ ਭਾਈਚਾਰੇ ਦੇ ਲੋਕਾਂ ਦੀ ਸੰਘਣੀ ਅਬਾਦੀ ਵਿੱਚ ਰਹਿੰਦੇ ਹਨ। ਉਨ੍ਹਾਂ 'ਤੇ ਅਕਸਰ ਬੰਗਲਾਦੇਸ਼ੀ ਹੋਣ ਦਾ ਦੋਸ਼ ਲਾਇਆ ਜਾਂਦਾ ਹੈ।
ਪਿੰਡ ਦੀ ਆਸ਼ਾ ਸੇਵਕਾ, ਸੁਨੀਤਾ ਦੇਵੀ ਦਾ ਕਹਿਣਾ ਹੈ ਕਿ ਰਾਮਘਾਟ ਜਿਹੀਆਂ ਬਸਤੀਆਂ ਵਿੱਚ ਪਰਿਵਾਰ ਨਿਯੋਜਨ ਅਤੇ ਗਰਭ-ਨਿਰੋਧ 'ਤੇ ਸਰਕਾਰੀ ਦਖਲ ਦਾ ਕਾਫ਼ੀ ਘੱਟ ਅਸਰ ਪਿਆ ਹੈ, ਕਿਉਂਕਿ ਇੱਥੇ ਲੋਕ ਬਹੁਤ ਘੱਟ ਪੜ੍ਹੇ-ਲਿਖੇ ਹਨ, ਬਾਲ ਵਿਆਹ ਆਮ ਗੱਲ ਹੈ ਅਤੇ ਗਰਭਨਿਰੋਧਕ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਹ ਇੱਕ ਨੌਜਵਾਨ ਕੁੜੀ, 19 ਸਾਲਾ ਸਾਦਿਆ (ਬਦਲਿਆ ਨਾਮ) ਨਾਲ਼ ਜਾਣ-ਪਛਾਣ ਕਰਦੀ ਹਨ ਜੋ ਦੋ ਬੱਚਿਆਂ ਦੀ ਮਾਂ ਹਨ। ਸਾਦਿਆ ਦਾ ਦੂਸਰਾ ਬੇਟਾ ਮਈ 2020 ਦੀ ਤਾਲਾਬੰਦੀ ਦੌਰਾਨ ਪੈਦਾ ਹੋਇਆ। ਉਨ੍ਹਾਂ ਦੇ ਦੋਵਾਂ ਬੱਚਿਆਂ ਵਿਚਾਲੇ ਸਿਰਫ਼ 13 ਮਹੀਨਿਆਂ ਦਾ ਫ਼ਰਕ ਹੈ। ਸਾਦਿਆ ਦੀ ਨਨਾਣ ਨੇ ਆਪਣੇ ਪਤੀ ਦੀ ਇਜਾਜ਼ਤ ਨਾਲ਼ ਗਰਭਨਿਰੋਧਕ ਇੰਜੈਕਸ਼ਨ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪਤੀ ਨਾਈ ਦਾ ਕੰਮ ਕਦੇ ਹਨ ਅਤੇ ਪਤਨੀ ਨੂੰ ਇਹ ਆਗਿਆ ਉਨ੍ਹਾਂ ਨੇ ਆਸ਼ਾ ਵਰਕਰ ਦੇ ਸਮਝਾਉਣ ਦੇ ਚੱਲਦਿਆਂ ਨਹੀਂ ਸਗੋਂ ਆਰਥਿਕ ਤੰਗੀ ਕਾਰਨ ਦਿੱਤੀ ਹੈ।
ਤੰਜ਼ੀਲਾ ਕਹਿੰਦੀ ਹਨ ਕਿ ਸਮਾਂ ਹੁਣ ਮੱਠੀ-ਮੱਠੀ ਚਾਲੇ ਬਦਲਣ ਲੱਗਿਆ ਹੈ। ਉਹ ਕਹਿੰਦੀ ਹਨ,''ਬੇਸ਼ੱਕ, ਬੱਚਾ ਜੰਮਣਾ ਸ਼ੁਰੂ ਤੋਂ ਹੀ ਪੀੜ੍ਹਦਾਇਕ ਰਿਹਾ ਹੈ ਪਰ ਉਨ੍ਹੀਂ ਦਿਨੀਂ ਇੰਨਾ ਵੀ ਬੁਰਾ ਹਾਲ ਨਹੀਂ ਹੁੰਦਾ ਸੀ ਜਿਨ੍ਹਾਂ ਅੱਜਕੱਲ੍ਹ ਨਜ਼ਰੀਂ ਪੈਂਦਾ ਹੈ। ਹੋ ਸਕਦਾ ਹੈ ਅੱਜਕੱਲ੍ਹ ਸਾਡੇ ਭੋਜਨ ਵਿੱਚ ਪੋਸ਼ਟਿਕ ਆਹਾਰ ਦੀ ਘਾਟ ਦੇ ਚੱਲਦਿਆਂ ਇਹ ਸਮੱਸਿਆ ਆਉਂਦੀ ਹੋਵੇ।'' ਉਨ੍ਹਾਂ ਨੂੰ ਪਤਾ ਹੈ ਕਿ ਰਾਮਘਾਟ ਦੀਆਂ ਕੁਝ ਔਰਤਾਂ ਹੁਣ ਗਰਭਨਿਰੋਧਕ ਗੋਲ਼ੀਆਂ, ਇੰਜੈਕਸ਼ਨ ਜਾਂ ਕਾਪਰ-ਟੀ ਦਾ ਇਸਤੇਮਾਲ ਕਰਨ ਲੱਗੀਆਂ ਹਨ। ''ਗਰਭ ਨੂੰ ਰੋਕਣਾ ਗ਼ਲਤ ਹੈ, ਪਰ ਇੰਝ ਜਾਪਦਾ ਹੈ ਕਿ ਅੱਜਕੱਲ੍ਹ ਲੋਕਾਂ ਕੋਲ਼ ਹੋਰ ਕੋਈ ਵਿਕਲਪ ਹੀ ਨਹੀਂ ਬਚਿਆ ਹੈ।''
ਦੂਸੇ ਪਾਸੇ ਕਰੀਬ 55 ਕਿਲੋਮੀਟਰ ਦੂਰ ਅਰਰਿਆ ਦੇ ਬੰਗਾਲੀ ਟੋਲੇ ਵਿੱਚ ਅਸਮਾ ਦੱਸਦੀ ਹਨ ਕਿ ਉਨ੍ਹਾਂ ਨੇ ਸਕੂਲ ਨਹੀਂ ਛੱਡਿਆ। ਜਦੋਂ ਉਨ੍ਹਾਂ ਦਾ ਵਿਆਹ ਹੋਇਆ ਤਾਂ ਤਾਲਾਬੰਦੀ ਕਰਕੇ ਸਕੂਲ ਬੰਦ ਹੋ ਗਿਆ ਸੀ। ਪਰ, ਫਰਵਰੀ 2021 ਵਿੱਚ ਸਿਹਤ ਕਾਰਨਾਂ ਕਰਕੇ ਉਹ ਆਪਣੇ ਪੇਕੇ ਘਰ ਮੁੜ ਆਈ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਉਹ ਆਪਣੇ ਸਕੂਲ, ਕੰਨਿਆ ਮੱਧਯ ਵਿਦਿਆਰਲੇ ਪੈਦਲ ਤੁਰ ਕੇ ਜਾ ਸਕਣ ਦੇ ਯੋਗ ਹੋ ਜਾਵੇਗੀ। ਉਹ ਇਹ ਵੀ ਕਹਿੰਦੀ ਹਨ ਕਿ ਇੰਝ ਕਰਨ ਵਿੱਚ ਉਨ੍ਹਾਂ ਦੇ ਪਤੀ ਨੂੰ ਕੋਈ ਇਤਰਾਜ਼ ਵੀ ਨਹੀਂ ਹੋਵੇਗਾ।
ਸਿਹਤ ਬਾਰੇ ਪੁੱਛਣ 'ਤੇ, ਇਹਦਾ ਜਵਾਬ ਰੁਖਸਾਨਾ ਦਿੰਦੀ ਹਨ: ''ਇੱਕ ਸ਼ਾਮ ਨੂੰ ਮੈਨੂੰ ਇਹਦੇ ਸਹੁਰੇ ਪਰਿਵਾਰ ਵੱਲੋਂ ਫ਼ੋਨ ਆਇਆ ਕਿ ਉਹਨੂੰ ਹਲਕਾ-ਹਲਕਾ ਖ਼ੂਨ ਪੈ ਰਿਹਾ ਹੈ। ਮੈਂ ਬੱਸ ਫੜ੍ਹੀ ਤੇ ਕਿਸ਼ਨਗੰਜ ਪਹੁੰਚ ਗਈ। ਅਸੀਂ ਸਾਰੇ ਸਹਿਮ ਨਾਲ਼ ਰੋਣ ਲੱਗੇ। ਉਹ ਗੁਸਲ ਕਰਨ ਬਾਹਰ ਗਈ ਸਨ ਅਤੇ ਜ਼ਰੂਰ ਉੱਥੇ ਹਵਾ ਵਿੱਚ ਕੁਝ ਹੋਇਆ ਹੋਣਾ, ਕੋਈ ਚੁੜੈਲ ਵਗੈਰਾ।''ਉਹਦੇ ਬਾਅਦ ਇਸ ਹੋਣ ਵਾਲ਼ੀ ਮਾਂ ਦੀ ਸੁਰੱਖਿਆ ਲਈ ਰਿਵਾਜ਼ ਕਰਨ ਖ਼ਾਤਰ ਬਾਬਾ ਨੂੰ ਸੱਦਿਆ ਗਿਆ। ਪਰ ਘਰ ਵਾਪਸ ਆਉਣ ਤੋਂ ਬਾਅਦ, ਅਸਮਾ ਨੇ ਪਰਿਵਾਰ ਨੂੰ ਕਿਹਾ ਕਿ ਉਹ ਡਾਕਟਰ ਦੇ ਕੋਲ਼ ਜਾਣਾ ਚਾਹੁੰਦੀ ਹਨ। ਅਗਲੇ ਦਿਨ, ਉਹ ਅਸਮਾ ਨੂੰ ਕਿਸ਼ਨਗੰਜ ਦੇ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਸੋਨੋਗ੍ਰਾਫ਼ੀ ਤੋਂ ਪਤਾ ਚੱਲਿਆ ਕਿ ਭਰੂਣ ਨੂੰ ਕੋਈ ਹਾਨੀ ਨਹੀਂ ਪਹੁੰਚੀ ਹੈ।
ਆਪਣੇ ਇਸ ਫ਼ੈਸਲੇ ਨੂੰ ਚੇਤੇ ਕਰਕੇ ਅਸਮਾ ਮੁਸਕਰਾਉਣ ਲੱਗਦੀ ਹਨ, ਹਾਲਾਂਕਿ ਯਾਦਾਂ ਧੁੰਦਲੀ ਪੈ ਚੁੱਕੀਆਂ ਹਨ। ਉਹ ਕਹਿੰਦੀ ਹਨ,''ਮੈਂ ਇਹ ਯਕੀਨੀ ਬਣਾਉਣਾ ਚਾਹੁੰਦੀ ਹਾਂ ਕਿ ਮੈਂ ਅਤੇ ਮੇਰਾ ਬੱਚਾ ਠੀਕ ਹਨ।'' ਉਹ ਗਰਭਨਿਰੋਧਕ ਬਾਰੇ ਨਹੀਂ ਜਾਣਦੀ, ਪਰ ਸਾਡੀ ਗੱਲਬਾਤ ਨੇ ਉਨ੍ਹਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ। ਇਹਦੇ ਬਾਰੇ ਉਹ ਹੋਰ ਜਾਣਨਾ ਲੋਚਦੀ ਹਨ।
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ