''ਇਸ ਅੰਦੋਲਨ ਨੇ ਮੈਨੂੰ ਮੂਹਰੇ ਆਉਣਾ ਅਤੇ ਆਪਣੀ ਲੜਾਈ ਲੜਨ ਦੀ ਜਾਚ ਸਿਖਾਈ। ਇਹਨੇ ਸਾਨੂੰ ਸਨਮਾਨ ਦਵਾਇਆ।'' 'ਸਾਨੂੰ' ਤੋਂ ਰਜਿੰਦਰ ਕੌਰ ਦਾ ਭਾਵ ਆਪਣੇ ਜਿਹੀਆਂ ਉਨ੍ਹਾਂ ਔਰਤਾਂ ਤੋਂ ਹੈ ਜਿਨ੍ਹਾਂ ਨੇ ਸਤੰਬਰ 2020 ਨੂੰ ਪਾਸ ਹੋਏ ਖੇਤੀ ਕਨੂੰਨਾਂ ਖਿਲਾਫ਼ ਚੱਲ ਰਹੇ ਇਸ ਅੰਦੋਲਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਰਜਿੰਦਰ, ਜੋ ਕਿ ਇੱਕ ਕਿਸਾਨ ਹਨ, ਪੂਰੇ ਧਰਨੇ ਦੌਰਾਨ ਅਕਸਰ 220 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਅਤੇ ਧਰਨੇ ਸਥਲ ਵਿਖੇ ਅਪੜਦੀ ਅਤੇ ਤਕਰੀਰਾਂ ਕਰਦੀ।
ਪਿੰਡ ਦੌਨ ਕਲਾਂ ਤੋਂ ਉਨ੍ਹਾਂ ਦੀ ਇੱਕ ਗੁਆਂਢਣ, 50 ਸਾਲਾ ਹਰਜੀਤ ਕੌਰ ਨੇ ਦਿੱਲੀ-ਹਰਿਆਣਾ ਸੀਮਾ ਦੇ ਸਿੰਘੂ ਵਿਖੇ ਪੂਰੇ 205 ਦਿਨ ਬਿਤਾਏ। ''ਮੈਨੂੰ ਇੱਕ ਵੀ ਸਮਾਂ ਚੇਤਾ ਨਹੀਂ ਜਦੋਂ ਮੈਂ ਅਨਾਜ ਨਾ ਉਗਾਇਆ ਹੋਵੇ। ਹਰੇਕ ਉੱਗਦੀ ਜਾਂਦੀ ਫ਼ਸਲ ਦੇ ਨਾਲ਼ ਮੈਂ ਵੀ ਰਤਾ ਕੁ ਬੁੱਢੀ ਹੁੰਦੀ ਚਲੀ ਗਈ। ਹਰਜੀਤ ਕੌਰ ਪਿਛਲੇ 36 ਸਾਲਾਂ ਤੋਂ ਖੇਤੀ ਕਰਦੀ ਆਈ ਹਨ,''ਮੈਂ ਆਪਣੇ ਜੀਵਨ ਵਿੱਚ ਪਹਿਲੀ ਵਾਰੀ ਅਜਿਹੀ ਲਹਿਰ ਦੇਖੀ, ਅੰਤਾਂ ਦਾ ਜੋਸ਼ ਦੇਖਿਆ ਅਤੇ ਉਸ ਵਿੱਚ ਹਿੱਸਾ ਵੀ ਲਿਆ। ਮੈਂ ਬੱਚਿਆਂ ਨੂੰ, ਬਜ਼ੁਰਗਾਂ ਨੂੰ ਅਤੇ ਔਰਤਾਂ ਨੂੰ ਵੀ ਧਰਨਾ-ਸਥਲ ਵਿਖੇ ਹੁੰਮਹੁਮਾ ਕੇ ਅੱਪੜਦੇ ਦੇਖਿਆ,'' ਹਰਜੀਤ ਕਹਿੰਦੀ ਹਨ।
ਲੱਖਾਂ ਦੀ ਗਿਣਤੀ ਵਿੱਚ ਕਿਸਾਨ ਕੇਂਦਰ ਸਰਕਾਰ ਕੋਲ਼ ਇਨ੍ਹਾਂ ਵਿਵਾਦਤ ਕਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਲੈ ਕੇ ਦੇਸ਼ ਦੀ ਰਾਜਧਾਨੀ ਦੀਆਂ ਬਰੂਹਾਂ 'ਤੇ ਆਣ ਬੈਠੇ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਨਵੰਬਰ 2020 ਤੋਂ ਆਉਂਦੇ ਇੱਕ ਸਾਲ ਤੱਕ ਇੱਥੇ ਤੰਬੂ ਗੱਡੀ ਤਾਇਨਾਤ ਰਹੇ। ਕਿਸਾਨਾਂ ਦਾ ਇਹ ਅੰਦੋਲਨ ਇਤਿਹਾਸਕ ਤਾਂ ਸੀ ਹੀ ਬਲਕਿ ਹੁਣ ਤੱਕ ਦੀਆਂ ਲੋਕ- ਲਹਿਰਾਂ ਵਿੱਚੋਂ ਸਭ ਤੋਂ ਵਿਸ਼ਾਲ ਵੀ ਰਿਹਾ।
ਪੂਰੇ ਪੰਜਾਬ ਵਿੱਚੋਂ ਰਜਿੰਦਰ ਅਤੇ ਹਰਜੀਤ ਜਿਹੀਆਂ ਕਈ ਔਰਤਾਂ ਅੰਦੋਲਨ ਦਾ ਹਿਰਾਵਲ ਦਸਤਾ ਰਹੀਆਂ। ਉਹ ਕਹਿੰਦੀ ਹਨ ਕਿ ਜਿਸ ਸਾਂਝੀਵਾਲਤਾ ਦਾ ਅਹਿਸਾਸ ਉਨ੍ਹਾਂ ਕੀਤਾ ਉਹ ਅੱਜ ਵੀ ਜਾਰੀ ਹੈ ਅਤੇ ਉਸ ਪੂਰੇ ਸਮੇਂ ਦੌਰਾਨ ਉਨ੍ਹਾਂ ਨੇ ਜੋ ਹਿੰਮਤ ਅਤੇ ਅਜ਼ਾਦੀ ਹਾਸਲ ਕੀਤੀ ਉਹ ਹੁਣ ਹੋਰ ਪਕੇਰੀ ਹੋ ਗਈ ਹੈ। ''ਜਿੰਨਾ ਚਿਰ ਮੈਂ ਉੱਥੇ (ਧਰਨਾ ਸਥਲ) ਰਹੀ ਮੈਨੂੰ ਘਰ ਦੀ ਯਾਦ ਨਾ ਆਈ। ਹੁਣ ਜਦੋਂ ਮੈਂ ਘਰ ਪਰਤ ਆਈ ਹਾਂ, ਮੈਨੂੰ ਅੰਦੋਲਨ ਦੀ ਯਾਦ ਸਤਾਉਂਦੀ ਹੈ,'' ਮਾਨਸਾ ਜ਼ਿਲ੍ਹੇ ਦੀ 58 ਸਾਲਾ ਕੁਲਦੀਪ ਕੌਰ ਕਹਿੰਦੀ ਹਨ।
ਬੁਢਲਾਡਾ ਤਹਿਸੀਲ ਦੇ ਪਿੰਡ ਰਾਲੀ ਦੀ ਇਹ ਵਾਸੀ ਦੱਸਦੀ ਹਨ ਕਿ ਪਹਿਲਾਂ-ਪਹਿਲ ਘਰ ਦੇ ਕੰਮਾਂ ਦੇ ਬੋਝ ਕਾਰਨ ਉਨ੍ਹਾਂ ਦਾ ਮਨ ਉੱਚਾਟ ਹੋ ਜਾਂਦਾ ਅਤੇ ਘਰ ਵਿੱਚ ਮਜ਼ਾ ਨਾ ਆਉਂਦਾ। ''ਘਰੇ ਮੈਨੂੰ ਇੱਕ ਤੋਂ ਬਾਅਦ ਇੱਕ ਕੰਮ ਕਰਨਾ ਪੈਂਦਾ ਜਾਂ ਆਉਣ ਵਾਲ਼ੇ ਮਹਿਮਾਨਾਂ ਦਾ ਸੁਆਗਤ (ਜਿਨ੍ਹਾਂ ਦਾ ਰਸਮੀ ਸੁਆਗਤ ਕਰਨਾ ਲੋੜੀਂਦਾ ਹੁੰਦਾ) ਕਰਨਾ ਪੈਂਦਾ। ਉੱਥੇ ਮੈਂ ਅਜ਼ਾਦ ਸਾਂ,'' ਕੁਲਦੀਪ ਕਹਿੰਦੀ ਹਨ। ਧਰਨਾ ਸਥਲ ਵਿਖੇ, ਉਹ ਲੰਗਰ ਵਿਖੇ ਸੇਵਾ ਕਰਦੀ ਸਨ। ਉਹ ਕਹਿੰਦੀ ਹਨ ਕਿ ਉਹ ਤਾਉਮਰ ਉੱਥੇ ਸੇਵਾ ਕਰਦੀ ਰਹਿ ਸਕਦੀ ਸਨ। ''ਮੈਂ ਉੱਥੇ ਬਜ਼ੁਰਗਾਂ ਨੂੰ ਦੇਖਦੀ ਅਤੇ ਸੋਚਦੀ ਜਿਵੇਂ ਮੈਂ ਆਪਣੇ ਮਾਪਿਆਂ ਲਈ ਖਾਣਾ ਬਣਾ ਰਹੀ ਹੋਵਾਂ।''












