"ਉਹ ਮਾਂ ਆਪਣੇ ਚਾਰੋ ਬੱਚਿਆਂ ਦੇ ਨਾਲ਼ ਇੱਕ ਤੋਂ ਬਾਦ ਦੂਸਰੀ ਰਾਤ ਤੁਰਦੀ ਰਹੀ ਤੁਰਦੀ ਰਹੀ- ਮੇਰੇ ਲਈ ਤਾਂ ਉਹ ਮਾਂ ਦੁਰਗਾ ਹੈ।"
ਇੱਕ ਪ੍ਰਵਾਸੀ ਮਜ਼ਦੂਰ ਦੇ ਰੂਪ ਵਿੱਚ ਦੇਵੀ ਦੁਰਗਾ ਦੀ ਮੂਰਤੀ ਬਣਾਉਣ ਵਾਲ਼ੇ ਕਲਾਕਾਰ, ਰਿੰਟੂ ਦਾਸ ਨਾਲ਼ ਮਿਲ਼ੋ। ਇਹ ਦੱਖਣ-ਪੱਛਮ ਕੋਲਕਾਤਾ ਵਿੱਚ ਬੇਹਲਾ ਦੇ ਬਾਰਿਸ਼ਾ ਕਲੱਬ ਵਿੱਚ, ਦੁਰਗਾ ਪੂਜਾ ਦੇ ਪੰਡਾਲ ਵਿੱਚ ਇੱਕ ਅਸਧਾਰਣ ਮੂਰਤੀਕਲਾ ਹੈ। ਦੁਰਗਾ ਦੇ ਨਾਲ਼ ਪ੍ਰਵਾਸੀ ਮਜ਼ਦੂਰਾਂ ਦੇ ਰੂਪ ਵਿੱਚ ਹੋਰ ਦੇਵੀ-ਦੇਵਤਾ ਵੀ ਹਨ-ਸਰਸਵਤੀ, ਲਕਸ਼ਮੀ, ਗਣੇਸ਼ ਆਦਿ। ਇਹ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਪ੍ਰਵਾਸੀਆਂ ਦੇ ਸੰਘਰਸ਼ ਪ੍ਰਤੀ ਇੱਕ ਸ਼ਰਧਾਂਜਲੀ ਹੈ।
ਤਾਲਾਬੰਦੀ ਦੇ ਵਕਫੇ ਵਿੱਚ 46 ਸਾਲਾ ਰਿੰਟੂ ਦਾਸ ਨੂੰ ਜਾਪਦਾ ਸੀ ਕਿ ਉਹ "ਪਿਛਲੇ ਛੇ ਮਹੀਨਿਆਂ ਤੋਂ ਘਰ ਵਿੱਚ ਨਜ਼ਰਬੰਦ ਹੈ।" ਅਤੇ, ਉਹ ਕਹਿੰਦੇ ਹਨ,"ਟੈਲੀਵਿਜ਼ਨ ਸਕਰੀਨ ਨੂੰ ਖੋਲ੍ਹਦਿਆਂ ਹੀ ਮੈਂ ਉਸ 'ਤੇ ਮੌਤ ਦਾ ਨਾਚ ਦੇਖਿਆ, ਇੰਨੇ ਸਾਰੇ ਲੋਕ ਪ੍ਰਭਾਵਤ ਹੋਏ ਸਨ। ਕਈ ਤਾਂ, ਦਿਨ-ਰਾਤ ਪੈਦਲ ਤੁਰ ਰਹੇ ਸਨ। ਕਦੇ-ਕਦੇ ਤਾਂ ਉਨ੍ਹਾਂ ਨੂੰ ਖਾਣਾ-ਪੀਣਾ ਵੀ ਨਹੀਂ ਮਿਲ਼ ਰਿਹਾ ਸੀ। ਮਾਵਾਂ, ਕੁੜੀਆਂ, ਸਭ ਤੁਰ ਰਹੀਆਂ ਹਨ। ਉਦੋਂ ਹੀ ਮੈਂ ਸੋਚਿਆ ਕਿ ਜੇਕਰ ਇਸ ਸਾਲ ਪੂਜਾ ਕਰਦਾ ਹਾਂ ਤਾਂ ਮੈਂ ਲੋਕਾਂ ਵਾਸਤੇ ਪੂਜਾ ਕਰਾਂਗਾ। ਮੈਂ ਉਨ੍ਹਾਂ ਮਾਵਾਂ ਨੂੰ ਸਨਮਾਨਤ ਕਰਾਂਗਾ।" ਅਤੇ ਇਸਲਈ, ਮਾਂ ਦੁਰਗਾ ਪ੍ਰਵਾਸੀ ਮਜ਼ਦੂਰ ਮਾਂ ਦੇ ਰੂਪ ਵਿੱਚ ਹੈ।
"ਮੂਲ਼ ਵਿਚਾਰ ਕੁਝ ਹੋਰ ਸਨ," 41 ਸਾਲਾ, ਪੱਲਬ ਭੌਮਿਕਾ, ਜਿਨ੍ਹਾਂ ਨੇ ਰਿੰਟੂ ਦਾਸ ਦੀਆਂ ਯੋਜਨਾਵਾਂ 'ਤੇ ਮੂਰਤੀ ਘੜ੍ਹੀ, ਨੇ ਪੱਛਮ ਬੰਗਾਲ ਦੇ ਨਾਦਿਆ ਜਿਲ੍ਹੇ ਵਿੱਚ ਸਥਿਤ ਆਪਣੇ ਘਰੋਂ ਪਾਰੀ (PARI) ਨੂੰ ਦੱਸਿਆ। 2019 ਦੀ ਦੁਰਗਾ ਪੂਜਾ ਦਾ ਧੂਮ-ਧੜੱਕਾ ਖ਼ਤਮ ਹੋਣ ਤੋਂ ਪਹਿਲਾਂ ਹੀ "ਬਾਰਿਸ਼ਾ ਕਲੱਬ ਦੇ ਅਯੋਜਕਾਂ ਨੇ ਇਸ ਸਾਲ ਦੀ ਪੂਜਾ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਪਰ ਫਿਰ ਕੋਵਿਡ-19 ਮਹਾਂਮਾਰੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ 2020 ਅਲੱਗ ਹੋਵੇਗਾ-ਇਸਲਈ ਕਲੱਬ ਨੂੰ ਪੁਰਾਣੀਆਂ ਯੋਜਨਾਵਾਂ ਨੂੰ ਰੱਦ ਕਰਨਾ ਪਿਆ।" ਅਤੇ ਨਵੀਆਂ ਯੋਜਨਾਵਾਂ ਤਾਲਾਬੰਦੀ ਅਤੇ ਮਜ਼ਦੂਰੀ ਦੇ ਸੰਕਟ ਦੁਆਲ਼ੇ ਉਣੀਆਂ ਗਈਆਂ।



