ਮੀਨਾ ਯਾਦਵ ਕਦੇ ਭੋਜਪੁਰੀ, ਕਦੇ ਬੰਗਲਾ ਤੇ ਕਦੇ ਹਿੰਦੀ ਬੋਲਣ ਲੱਗਦੀ ਹਨ, ਉਹ ਇੱਕੋ ਵੇਲ਼ੇ ਤਿੰਨ ਜ਼ੁਬਾਨਾਂ ਬੋਲਦੀ ਹੋਈ; ਇੱਕ ਪਾਸੇ ਆਪਣੇ ਗਾਹਕਾਂ ਨਾਲ਼ ਗੱਲ ਕਰ ਰਹੀ ਹਨ, ਦੂਜੇ ਪਾਸੇ ਆਪਣੇ ਦੋਸਤਾਂ ਨਾਲ਼ ਤੇ ਕੁਝ ਰਾਹਗੀਰਾਂ ਨਾਲ਼ ਵੀ ਜੋ ਦੱਖਣੀ ਕੋਲਕਾਤਾ ਦੇ ਕੇਂਦਰ ਬਿੰਦੂ- ਲੇਕ ਮਾਰਕਿਟ ਦਾ ਰਾਹ ਪੁੱਛਣ ਆ ਗਏ ਹਨ। ਭਾਸ਼ਾ ਨੂੰ ਲੈ ਕੇ ਆਪਣੇ ਰੋਜ਼ਮੱਰਾ ਦੇ ਜੀਵਨ ਦਰਪੇਸ਼ ਦਿੱਕਤਾਂ ਬਾਰੇ ਗੱਲ ਕਰਦਿਆਂ ਉਹ ਕਹਿੰਦੀ ਹਨ,''ਕੋਲਕਾਤਾ 'ਚ ਇਹ ਕੋਈ ਦਿੱਕਤ ਨਹੀਂ।''
''ਯੇ ਸਿਰਫ਼ ਕਹਨੇ ਕਾ ਬਾਤ ਹੈ ਕਿ ਬਿਹਾਰੀ ਲੋਕ ਬਿਹਾਰ ਮੇਂ ਰਹੇਗਾ।'' ਸੱਚਾਈ ਤਾਂ ਇਹ ਹੈ ਕਿ ਜਿੰਨੇ ਵੀ ਸਖ਼ਤ ਮਿਹਨਤ ਵਾਲ਼ੇ ਕੰਮ ਹਨ ਉਹ ਅਸੀਂ ਹੀ ਕਰਦੇ ਹਾਂ। ਇੱਥੋਂ ਦੇ ਘੁਮਿਆਰ, ਭਿਸ਼ਤੀ ਤੇ ਕੁਲੀ ਸਾਰੇ ਦੇ ਸਾਰੇ ਬਿਹਾਰੀ ਹੀ ਹਨ। ਸਾਡੀ ਮਿਹਨਤ ਦੀ ਤੁਲਨਾ ਬੰਗਾਲੀ ਵੱਲੋਂ ਵੇਚੀ ਜਾਂਦੀ ਚਾਹ ਨਾਲ਼ ਨਹੀਂ ਹੋ ਸਕਦੀ। ਤੁਸੀਂ ਨਿਊ ਮਾਰਕਿਟ, ਹਾਵੜਾ ਤੇ ਸਿਆਲਦਾਹ ਜਾਓ... ਤੁਸੀਂ ਦੇਖੋਗੇ ਕਿ ਉਹ ਬਿਹਾਰੀ ਹੀ ਹਨ ਜੋ ਭਾਰੇ ਤੋਂ ਭਾਰਾ ਵਜ਼ਨ ਚੁੱਕ ਰਹੇ ਹਨ। ਪਰ ਬਾਵਜੂਦ ਇਹਦੇ ਉਨ੍ਹਾਂ ਨੂੰ ਕੋਈ ਸਨਮਾਨ ਨਹੀਂ ਮਿਲ਼ਦਾ। ਬਿਹਾਰੀ ਹਰੇਕ ਨੂੰ ਬਾਬੂ ਕਹਿੰਦੇ ਹਨ... ਪਰ ਜਦੋਂ ਉਨ੍ਹਾਂ ਦੀ ਵਾਰੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਹੀਣਾ ਹੀ ਮੰਨਿਆ ਜਾਂਦਾ ਹੈ। ਅੰਬ ਦਾ ਗੁੱਦਾ ਬੰਗਾਲੀ ਬਾਬੂਆਂ ਦੇ ਹਿੱਸੇ ਆਉਂਦਾ ਹੈ ਤੇ ਸਾਡੇ ਹਿੱਸੇ ਗਿਟਕ ਹੀ ਆਉਂਦੀ ਹੈ,'' ਉਹ ਆਪਣੇ ਦਿਲ ਦੀ ਭੜਾਸ ਕੱਢਦਿਆਂ ਬੇਰੋਕ ਬੋਲਦੀ ਹਨ।
ਭਾਸ਼ਾ ਤੇ ਪਛਾਣ ਦੀ ਰਾਜਨੀਤੀ ਵਿਚਾਲੇ ਮੀਨਾ ਬੜੀ ਸਿਆਣਪ ਨਾਲ਼ ਕਦਮ ਕਦਮ ਅੱਗੇ ਵੱਧਦੀ ਜਾਂਦੀ ਹਨ।
''ਇੱਥੇ ਚੇਨੱਈ 'ਚ ਸਾਨੂੰ ਅੱਡ ਤਰ੍ਹਾਂ ਦੀਆਂ ਦਿੱਕਤਾਂ (ਸੰਚਾਰ ਸਬੰਧੀ) ਆਉਂਦੀਆਂ ਨੇ,'' ਗੱਲ ਜਾਰੀ ਰੱਖਦਿਆਂ ਮੀਨਾ ਕਹਿੰਦੀ ਹਨ,''ਉਹ ਹਿੰਦੀ ਜਾਂ ਭੋਜਪੁਰੀ ਵਿੱਚ ਜਵਾਬ ਨਹੀਂ ਦਿੰਦੇ। ਉਹ ਆਪਣੀ ਹੀ ਭਾਸ਼ਾ ਬੋਲਦੇ ਨੇ ਜੋ ਸਾਡੇ ਪੱਲੇ ਨਹੀਂ ਪੈਂਦੀ। ਪਰ ਇੱਥੇ ਇਹ ਗੱਲ ਨਹੀਂ।'' ਬਿਹਾਰ ਦੇ ਛਪਰਾ ਤੋਂ ਆਉਣ ਵਾਲ਼ੀ 45 ਸਾਲਾ ਮੀਨਾ ਇੱਥੇ ਛੱਲੀਆਂ ਵੇਚਣ ਦਾ ਕੰਮ ਕਰਦੀ ਹਨ। ਉਹ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ,''ਦੇਖੋ, ਬਿਹਾਰ ਦੀ ਕੋਈ ਇੱਕ ਭਾਸ਼ਾ ਨਹੀਂ। ਘਰੇ ਅਸੀਂ 3-4 ਭਾਸ਼ਾਵਾਂ ਬੋਲ ਹੀ ਲੈਂਦੇ ਹਾਂ। ਕਦੇ ਅਸੀਂ ਭੋਜਪੁਰੀ ਬੋਲਦੇ ਹਾਂ, ਕਦੇ ਹਿੰਦੀ ਤੇ ਕਦੇ ਦਰਭੰਗੀਆ (ਮੈਥਿਲੀ) ਤੇ ਕਦੇ-ਕਦਾਈਂ ਬੰਗਾਲੀ ਵੀ। ਪਰ ਦਰਭੰਗੀਆ ਬੋਲਦੇ ਵੇਲ਼ੇ ਸਾਨੂੰ ਵੱਧ ਸੌਖ ਹੁੰਦੀ ਹੈ।''
ਬਹੁ-ਭਾਸ਼ਾਈ ਹੋਣ ਦੇ ਬਾਵਜੂਦ ਇੰਨੀ ਅਸਾਨੀ ਨਾਲ਼ ਗੱਲਬਾਤ ਕਰਦਿਆਂ ਮੀਨਾ ਕਹਿੰਦੀ ਹਨ,''ਅਸੀਂ ਆਰਾਹ ਤੇ ਛਪਰਾ ਬੋਲੀ ਵੀ ਬੋਲਦੇ ਹਾਂ। ਕੋਈ ਦਿੱਕਤ ਨਹੀਂ, ਅਸੀਂ ਜਿਹੜੀ ਭਾਸ਼ਾ ਚਾਹੀਏ ਬੋਲ ਸਕਦੇ ਹਾਂ।'' ਇੰਨਾ ਹੀ ਨਹੀਂ ਇੰਨੀਆਂ ਭਾਸ਼ਾਵਾਂ ਦੀ ਜਾਣਕਾਰ ਹੋਣ ਦੇ ਬਾਵਜੂਦ ਵੀ ਉਹ ਇਸ ਗੱਲੋਂ ਖ਼ੁਦ ਨੂੰ ਇਸ ਧੋਖੇ ਵਿੱਚ ਨਹੀਂ ਰੱਖਣਾ ਚਾਹੁੰਦੀ ਕਿ ਇਸ ਗਿਆਨ ਦਾ ਉਨ੍ਹਾਂ ਦੇ ਬੇਮਿਸਾਲ ਹੁਨਰਾਂ ਨਾਲ਼ ਕੋਈ ਲੈਣਾ-ਦੇਣਾ ਹੈ।


















