ਸੁਰੇਸ਼ ਮੇਹੰਦਲੇ ਆਪਣੇ ਪਿਆਰੇ ਬੱਸ ਸਟੈਂਡ ਨੂੰ ਲੈ ਕੇ ਫ਼ਿਕਰਮੰਦ ਹਨ। ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਕਿਤੇ ਵੀ ਕੋਈ ਸਫ਼ਾਈ ਹੋਈ ਨਹੀਂ ਜਾਪਦੀ ਅਤੇ ਜਿਨ੍ਹਾਂ ਕਤੂਰਿਆਂ ਨੂੰ ਉਹ ਇੰਨੇ ਪਿਆਰ ਨਾਲ਼ ਬਿਸਕੁਟ ਖੁਆਇਆ ਕਰਦੇ, ਉਹ ਵੀ ਭੁੱਖੇ ਹੋਣਗੇ। ਪੂਨੇ ਜ਼ਿਲ੍ਹੇ ਦੇ ਮੁਲਸ਼ੀ ਤਾਲੁਕਾ ਦੇ ਪੌਡ ਬੱਸ ਸਟੈਂਡ ਦੇ ਜਿਹੜੇ ਪੁੱਛਗਿੱਛ ਬੂਥ ਵਿਖੇ ਉਹ ਬੈਠਿਆ ਕਰਦੇ ਉਹ ਵੀ ਪਿਛਲੇ ਇੱਕ ਮਹੀਨੇ ਤੋਂ ਬੰਦ ਪਿਆ ਹੈ। ਇਹੀ ਉਹ ਥਾਂ ਹੈ ਜਿੱਥੇ ਬੈਠ ਕੇ ਉਹ ਰਾਜ ਟ੍ਰਾਂਸਪੋਰਟ ਦੀ ਹਰ ਆਉਂਦੀ ਜਾਂਦੀ ਬੱਸ 'ਤੇ ਨਿਗਾਹਬਾਨੀ ਕਰਦੇ ਹਨ।
''ਮੈਂ ਪਿਛਲੇ 28 ਦਿਨਾਂ ਤੋਂ ਪੌਡ ਗਿਆ ਹੀ ਨਹੀਂ। ਮੈਨੂੰ ਉਮੀਦ ਹੈ ਕਿ ਉੱਥੇ ਸਭ ਠੀਕ-ਠਾਕ ਹੋਣਾ,'' 54 ਸਾਲਾ ਮੇਹੰਦਲੇ ਨੇ ਮੈਨੂੰ ਉਸ ਵੇਲ਼ੇ ਦੱਸਿਆ ਜਦੋਂ ਮੈਂ 26 ਨਵੰਬਰ ਨੂੰ ਪੂਨੇ ਸਵਾਰਗੇਟ ਬੱਸ ਡਿਪੂ ਵਿੱਚ ਉਨ੍ਹਾਂ ਨੂੰ ਮਿਲ਼ੀ ਸਾਂ। ਉਸ ਵੇਲ਼ੇ ਉਹ ਆਪਣੇ ਬੱਸ ਸਟੈਂਡ ਤੋਂ 35 ਕਿਲੋਮੀਟਰ ਦੂਰ ਸਨ। ਮੇਹੰਦਲੇ, ਮਹਾਂਰਾਸ਼ਟਰ ਰਾਜ ਸੜਕ ਟ੍ਰਾਂਸਪੋਰਟ ਕਾਰਪੋਰੇਸ਼ਨ (ਐੱਮਐੱਸਆਰਟੀਸੀ) ਦੇ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ਼ ਬੱਸ ਸਟੈਂਡ ਦੇ ਪ੍ਰਵੇਸ਼ ਦੁਆਰ 'ਤੇ ਟੈਂਟ ਗੱਡ ਕੇ ਹੜਤਾਲ਼ 'ਤੇ ਬੈਠੇ ਹਨ। ਪੂਰੇ ਰਾਜ ਦੇ ਕਰਮਚਾਰੀ ਇਸ ਸਾਲ 28 ਅਕਤੂਬਰ ਤੋਂ ਅਣ-ਮਿੱਥੇ ਸਮੇਂ ਲਈ ਹੜਤਾਲ਼ 'ਤੇ ਹਨ। ਦਰਅਸਲ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਚਾਹੁੰਦੇ ਹਨ।
ਪੂਨੇ ਵਿਖੇ, ਰਾਜ ਟ੍ਰਾਂਸਪੋਰਟ (ਐੱਸਟੀ) ਦੀਆਂ ਬੱਸਾਂ ਦੇ ਕਰੀਬ 250 ਕੰਡਕਟਰ ਅਤੇ 200 ਬੱਸ ਡਰਾਈਵਰ ਹੜਤਾਲ਼ 'ਤੇ ਹਨ। ਮੇਹੰਦਲੇ ਨੇ ਦੱਸਿਆ,''ਇਹ ਸਾਰਾ ਕੁਝ ਰਾਜ ਟ੍ਰਾਂਸਪੋਰਟ ਕਰਮਚਾਰੀਆਂ ਦੀਆਂ ਮੌਤਾਂ (ਆਤਮਹੱਤਿਆਵਾਂ) ਦੇ ਵਿਰੋਧ ਨਾਲ਼ ਸ਼ੁਰੂ ਹੋਇਆ। ਪਿਛਲੇ ਸਾਲ ਘੱਟੋਘੱਟ 31 ਕਰਮਚਾਰੀਆਂ ਨੇ ਆਤਮਹੱਤਿਆ ਕਰ ਲਈ ਸੀ।'' ਮੈਨੂੰ ਮੇਹੰਦਲੇ ਨਾਲ਼ ਮਿਲ਼ਿਆਂ ਅਜੇ ਤਿੰਨ ਕੁ ਦਿਨ ਹੋਏ ਸਨ ਕਿ ਦੋ ਹੋਰ ਕਰਮਚਾਰੀਆਂ ਨੇ ਆਤਮਹੱਤਿਆ ਕਰ ਲਈ। ਤਨਖ਼ਾਹ ਮਿਲ਼ਣ ਵਿੱਚ ਦੇਰੀ ਹੋਣ ਕਾਰਨ ਐੱਸਟੀ ਕਰਮਚਾਰੀਆਂ ਨੂੰ ਬੜੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਕੋਵਿਡ-19 ਮਹਾਂਮਾਰੀ ਫ਼ੈਲਣ ਕਾਰਨ ਹਾਲਤ ਹੋਰ ਜ਼ਿਆਦਾ ਖ਼ਰਾਬ ਹੋ ਗਏ ਅਤੇ ਮਾਲ਼ ਟ੍ਰਾਂਸਪੋਰਟ ਤੋਂ ਇਲਾਵਾ ਬਾਕੀ ਦੀ ਆਮਦਨੀ ਵੀ ਬੰਦ ਹੋ ਗਈ।








