ਦੇਬਾਸ਼ੀਸ਼ ਮੰਡਲ ਆਪਣੇ ਘਰ ਦੀਆਂ ਢੱਠੀਆਂ ਕੰਧਾਂ ਨੂੰ ਇਕ ਟੱਕ ਦੇਖਦਾ ਰਹਿੰਦਾ। ਪੈਂਤੀ ਸਾਲ ਪਹਿਲਾਂ ਜਿਹੜੇ ਘਰ ਵਿਚ ਉਸ ਦਾ ਜਨਮ ਹੋਇਆ ਸੀ, ਉਹ ਹੁਣ ਮਲਬੇ ਦਾ ਢੇਰ ਬਣ ਕੇ ਰਹਿ ਗਿਆ ਸੀ।
11 ਨਵੰਬਰ ਨੂੰ ਉੱਤਰੀ ਕੋਲਕਾਤਾ ਦੇ ਤੱਲਾਹ ਪੁਲ ਹੇਠ, ਵੱਸੀ ਉਸ ਬਸਤੀ ਨੂੰ ਮਲੀਆਮੇਟ ਕਰ ਦਿੱਤਾ ਗਿਆ ਜਿੱਥੇ ਕਰੀਬ 60 ਪਰਿਵਾਰ ਰਹਿ ਰਹੇ ਸਨ। ਮੁਕਾਮੀ ਨਗਰ ਨਿਗਮ ਅਧਿਕਾਰੀ ਤੇ ਲੋਕ ਨਿਰਮਾਣ ਵਿਭਾਗ (PWD) ਦੇ ਮੁਲਾਜ਼ਮ, ਪੁਲੀਸ ਦਸਤਿਆਂ ਸਹਿਤ ਸਵੇਰੇ 10.30 ਵਜੇ ਆ ਧਮਕੇ। ਢਾਹ-ਢੁਹਾਈ ਲਈ ਮਜ਼ਦੂਰ ਉਹ ਆਪਣੇ ਨਾਲ਼ ਹੀ ਲਿਆਏ ਸਨ ਅਤੇ ਦੋ ਦਿਨ ਬਾਅਦ ਉਨਾਂ ਕੁਝ ਪੱਕੀਆਂ ਉਸਾਰੀਆਂ ਨੂੰ ਡੇਗਣ ਲਈ ਬੁਲਡੋਜ਼ਰ ਮੰਗਵਾ ਲਏ। ਬਸਤੀ ਨੂੰ ਮਲ਼ਬੇ ਦਾ ਢੇਰ ਵਿੱਚ ਬਦਲਣ ਲਈ ਪੂਰਾ ਹਫ਼ਤਾ ਲੱਗ ਗਿਆ। ਅੱਧ-ਪਚੱਧ ਢਹੇ ਦੋ ਘਰ ਅਜੇ ਵੀ ਉਂਝ ਹੀ ਖੜੇ ਹਨ ਜਦਕਿ ਦਿਹਾੜੀਦਾਰ ਮਜ਼ਦੂਰ (ਦਸੰਬਰ ਮਹੀਨੇ ਤੋਂ ਹੀ) ਮਲਬਾ ਚੁੱਕ ਕੇ ਜ਼ਮੀਨ ਪੱਧਰ ਕਰਨ ਲੱਗੇ ਹੋਏ ਸਨ।
ਤੱਲਾਹ ਪੁਲ ਨਜ਼ਰੁਲ ਪੱਲੀ ਲੇਨ ਵਾਲੀ ਬੀਟੀ ਰੋਡ ’ਤੇ ਸਥਿਤ ਹੈ। ਬਸਤੀ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਕਲੋਨੀ ਕਰੀਬ ਸੱਤਰ ਸਾਲਾਂ ਤੋਂ ਲੋਕ ਨਿਰਮਾਣ ਵਿਭਾਗ ਦੀ ਜ਼ਮੀਨ ’ਤੇ ਹੀ ਵੱਸੀ ਹੋਈ ਸੀ।
ਦੇਬਾਸ਼ੀਸ਼ ਇਕ ਐਂਬੁਲੈਂਸ ਚਾਲਕ ਹੈ ਤੇ 9000 ਰੁਪਏ ਮਾਹਵਾਰ ਕਮਾਉਂਦਾ ਹੈ। ਉਨਾਂ ਕਿਹਾ,‘‘ਇਹ (ਕਾਰਵਾਈ) ਆਸਮਾਨੀ ਬਿਜਲੀ ਵਾਂਗ ਡਿਗੀ ਸੀ।’’ ਉਸ ਦੇ ਪਿਤਾ ਦਾ ਜਨਮ ਜਿਹੜੀ ਝੋਂਪੜੀ ਹੇਠ ਹੋਇਆ ਸੀ ਉੱਥੇ ਪੱਕਾ ਘਰ ਪਾਉਣ ਲਈ ਉਸ ਨੇ ਇਕ ਸ਼ਾਹੂਕਾਰ ਤੇ ਕੁਝ ਦੋਸਤਾਂ ਤੋਂ ਡੇਢ ਲੱਖ ਰੁਪਏ ਉਧਾਰ ਲਏ ਸਨ। ਉਸ ਦੇ ਦਾਦੇ ਹੁਰੀਂ ਕਈ ਦਹਾਕੇ ਪਹਿਲਾਂ ਕੰਮ ਦੀ ਤਲਾਸ਼ ਵਿਚ ਸੁੰਦਰਬਨ ਖੇਤਰ ਦੇ ਉੱਤਰੀ 24 ਪਰਗਨਾ ਜ਼ਿਲੇ ਦੇ ਸੰਦੇਸ਼ਖਲੀ II (2) ਬਲਾਕ ਦੇ ਪਿੰਡ ਦਾਊਦਪੁਰ ਤੋਂ ਉੱਠ ਕੇ ਇੱਥੇ ਆਏ ਸਨ।
ਦੇਬਾਸ਼ੀਸ਼ ਨੇ ਜਿਹੜਾ ਘਰ ਬਣਾਇਆ ਸੀ, ਉਹ ਹੁਣ ਢਹਿ ਢੇਰੀ ਕਰ ਦਿੱਤਾ ਗਿਆ ਹੈ ਪਰ ਉੱਚੀ ਵਿਆਜ਼ ਦਰ ’ਤੇ ਲਏ ਕਰਜ਼ੇ ਦਾ ਕਾਫ਼ੀ ਹਿੱਸਾ ਅਜੇ ਤਾਈਂ ਸਿਰ ਤਾਣੀ ਖੜਾ ਹੈ।
ਤੱਲਾਹ ਕਲੋਨੀ ਦੇ ਵਸਨੀਕਾ ਲਈ ਮੁਸੀਬਤ ਲੰਘੀ 24 ਸਤੰਬਰ ਨੂੰ ਸ਼ੁਰੂ ਹੋਈ ਸੀ ਜਦੋਂ ਲੋਕ ਨਿਰਮਾਣ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਉਨਾਂ ਨੂੰ ਮੂੰਹ-ਜ਼ੁਬਾਨੀ ਦੱਸਿਆ ਸੀ ਕਿ ਪੁਲ ਦੀ ਮੁਰੰਮਤ ਕੀਤੀ ਜਾਣੀ ਹੈ। ਉਨ੍ਹਾਂ ਨੂੰ ਆਪਣਾ ਕੁਝ ਸਾਜ਼ੋ ਸਾਮਾਨ ਇੱਥੋਂ ਲਿਜਾਣਾ ਪੈਣਾ ਹੈ, ਹਾਂ ਪਰ ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਹੀ ਉਹ ਵਾਪਸ ਆ ਸਕਣਗੇ। 25 ਸਤੰਬਰ ਦੀ ਸ਼ਾਮ ਨੂੰ 60 ਪਰਿਵਾਰ ਨਹਿਰ ਦੇ ਲਾਗੇ ਸੂਬਾਈ ਸਿੰਜਾਈ ਮਹਿਕਮੇ ਦੀ ਮਾਲਕੀ ਵਾਲੀ ਜ਼ਮੀਨ ’ਤੇ ਬਣਾਏ ਆਰਜ਼ੀ ਕੈਂਪਾਂ ਵਿਚ ਚਲੇ ਗਏ।
ਪਤਲੀ ਸੜਕ ਦੇ ਦੂਜੇ ਬੰਨੇ ਤੱਲਾਹ ਬਸਤੀ ਦੇ ਬਾਹਰਵਾਰ ਵਸੇ 10 ਹੋਰ ਪਰਿਵਾਰਾਂ ਨੂੰ ਅਜੇ ਤਬਦੀਲ ਕੀਤਾ ਜਾਣਾ ਹੈ। ਇਨਾਂ ਵਿਚ ਪਾਰੁਲ ਕਰਨ ਦਾ ਪਰਿਵਾਰ ਵੀ ਹੈ। 70 ਸਾਲ ਨੂੰ ਢੁਕੀ ਪਾਰੁਲ ਘਰਾਂ ਵਿਚ ਕੰਮ ਕਰਦੀ ਹੈ। ਉਹਨੇ ਪੁਲ ਵੱਲ ਇਸ਼ਾਰਾ ਕਰ ਕੇ ਦੱਸਿਆ,‘‘ਸ਼ੁਰੂ ਵਿਚ ਇਹ ਪੁਲ ਲੱਕੜ ਦਾ ਬਣਿਆ ਹੋਇਆ ਸੀ। ਬਹੁਤ ਸਾਲ ਪਹਿਲਾਂ ਇਕ ਡਬਲ ਡੈਕਰ ਬੱਸ ਇਸ ਤੋਂ ਡਿਗਣ ਮਗਰੋਂ ਇਸ ਨੂੰ ਕੰਕਰੀਟ ਦਾ ਬਣਾ ਦਿੱਤਾ ਗਿਆ ਤੇ ਉਦੋਂ ਕਿਸੇ ਪਰਿਵਾਰ ਨੂੰ ਉਠਾਇਆ ਨਹੀਂ ਗਿਆ ਸੀ।’’ ਪਾਰੁਲ ਕਰਨ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਹ ਸ਼ੂਗਰ ਦੀ ਮਰੀਜ਼ ਹੈ। ਉਸ ਦੀ ਬੇਟੀ ਵੀ ਘਰਾਂ ਵਿਚ ਕੰਮ ਕਰ ਕੇ ਹੁੰਦੀ ਕਮਾਈ ਨਾਲ਼ ਉਸ ਦੀ ਮਦਦ ਕਰਦੀ ਹੈ।
ਪਾਰੁਲ ਦਾ ਪਰਿਵਾਰ ਵੀ ਕਰੀਬ 50 ਸਾਲ ਪਹਿਲਾਂ ਦਾਊਦਪੁਰ ਪਿੰਡ ਤੋਂ ਕੋਲਕਾਤਾ ਆਇਆ ਸੀ। ਉਹਨੇ ਦੱਸਿਆ,‘‘ਸੁੰਦਰਬਨ ਇਲਾਕੇ ਦੇ ਚਿੱਕੜ ਤੇ ਪਾਣੀ ਵਿਚ ਸੱਪਾਂ ਤੇ ਡੱਡੂਆਂ ਨਾਲ਼ ਰਹਿਣਾ ਬਹੁਤ ਮੁਸ਼ਕਲ ਸੀ। ਅਸੀਂ ਜਦੋਂ ਪਿੰਡ ਤੋਂ ਆਏ ਸੀ ਤਾਂ ਇਸ ਜਗਾ ’ਤੇ ਝਾੜੀਆਂ ਤੇ ਘਾਹ ਖੜਾ ਸੀ ਅਤੇ ਇੱਥੇ ਗੁੰਡੇ-ਬਦਮਾਸ਼ ਅਕਸਰ ਆਉਂਦੇ ਰਹਿੰਦੇ ਸਨ। ਬਾਬੂ (ਮਾਲਕ ਲੋਕ) ਦੇ ਘਰਾਂ ਵਿੱਚ ਕੰਮ ਤੋਂ ਤੁਰੰਤ ਬਾਅਦ ਸਾਨੂੰ ਦੁਪਹਿਰੇ ਸਿੱਧਿਆਂ ਘਰ ਪਰਤਣਾ ਪੈਂਦਾ ਸੀ।’’
ਪਾਰੁਲ ਦੇ ਜਿਹੜੇ ਗੁਆਂਢੀ ਪਰਿਵਾਰ ਆਰਜ਼ੀ ਕੈਂਪ ਵਿਚ ਬਣੇ ਘਰਾਂ ਵਿੱਚ ਰਹਿਣ ਚਲੇ ਗਏ ਹਨ, ਉਹ ਨਗਰ ਨਿਗਮ ਵਲੋਂ ਬਾਂਸ ਨਾਲ਼ ਖੜ੍ਹੇ ਕੀਤੇ ਢਾਂਚੇ ਹੀ ਹਨ ਜਿਨ੍ਹਾਂ ਨੂੰ ਕਾਲੀ ਤਰਪਾਲ ਨਾਲ਼ ਢਕਿਆ ਹੋਇਆ ਹੈ। ਹਰੇਕ ਢਾਂਚੇ (ਘਰ) ਅੰਦਰ 100 ਵਰਗ ਫੁੱਟ ਦੇ ਕਮਰੇ ਬਣੇ ਹੋਏ ਹਨ। ਸ਼ਾਮੀਂ 5 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਿਜਲੀ ਰਹਿੰਦੀ ਹੈ ਤੇ ਕਾਲੀ ਤਰਪਾਲ ਹੋਣ ਕਾਰਨ ਦਿਨ ਵੇਲ਼ੇ ਵੀ ਅੰਦਰ ਹਨ੍ਹੇਰਾ ਹੀ ਰਹਿੰਦਾ ਹੈ। ਰੇਲਵੇ ਯਾਰਡ ਵਿਚਲਾ ਇਹ ਕੈਂਪ ਨੀਵੇਂ ਇਲਾਕੇ ਵਿਚ ਬਣਿਆ ਹੈ ਜਿੱਥੇ 9 ਨਵੰਬਰ ਨੂੰ ਆਏ ਚੱਕਰਵਾਤੀ ਤੂਫ਼ਾਨ, ਬੁਲਬੁਲ ਕਾਰਨ ਹੜ੍ਹ ਆ ਗਿਆ ਸੀ।
ਦਸ ਸਾਲਾ ਸ਼੍ਰੇਆ ਮੰਡਲ ਲਾਗਲੇ ਸਰਕਾਰੀ ਸਕੂਲ ਵਿਚ ਪੰਜਵੀਂ ਜਮਾਤ ਵਿਚ ਪੜ੍ਹਦੀ ਹੈ। ਉਸ ਨੇ ਕਿਹਾ,‘‘ਜਿਸ ਦਿਨ ਤੂਫ਼ਾਨ ਆਇਆ, ਇਸ ਜਗ੍ਹਾ ਪਾਣੀ ਭਰ ਗਿਆ।’’ ਜਦੋਂ ਮੈਂ ਇਸ ਕੈਂਪ ਵਿਚ ਪੁੱਜੀ ਤਾਂ ਸ਼੍ਰੇਆ ਤੇ ਬਸਤੀ ਦੇ ਕੁਝ ਹੋਰ ਬੱਚੇ ਰੇਲਵੇ ਯਾਰਡ ਦੇ ਨੇੜਲੇ ਮੈਦਾਨ ਵਿਚ ਖੇਡ ਰਹੇ ਸਨ। ਸ਼੍ਰੇਆ ਨੇ ਦੱਸਿਆ,‘‘ਸਾਡੇ ਕਮਰੇ ਵਿਚ ਗੋਡੇ-ਗੋਡੇ ਪਾਣੀ ਭਰ ਗਿਆ ਸੀ। ਬੜੀ ਮੁਸ਼ਕਲ ਨਾਲ਼ ਅਸੀਂ ਆਪਣੀਆਂ ਕਿਤਾਬਾਂ ਕਾਪੀਆਂ ਬਚਾ ਸਕੇ। ਢਾਹ ਢੁਹਾਈ ਵੇਲੇ ਸਾਡੇ ਬਹੁਤ ਸਾਰੇ ਖਿਡੌਣੇ, ਕੁੱਦਣ ਵਾਲੀਆਂ ਰੱਸੀਆਂ ਅਤੇ ਗੁੱਡੀਆਂ ਬਰਬਾਦ ਹੋ ਗਈਆਂ ਸਨ...’’
ਦੋਵੇਂ ਕੈਂਪਾਂ ਦੇ ਵਸਨੀਕ ਅਜੇ ਤਾਈਂ ਪੁਲ ਵਾਲੀ ਬਸਤੀ ਵਿਚ ਬਣਿਆ ਟਾਇਲਟ ਵਰਤ ਰਹੇ ਹਨ। ਨਹਿਰ ਲਾਗੇ ਬਣਿਆ ਆਰਜ਼ੀ ਕੈਂਪ ਰੇਲਵੇ ਯਾਰਡ ਦੇ ਤੱਲਾਹ ਪੁਲ ਤੋਂ ਦੂਰ ਪੈਂਦਾ ਹੈ ਜਿੱਥੋਂ ਦੇ ਵਸਨੀਕਾਂ ਨੂੰ ਪੈਸੇ ਖਰਚ ਕੇ ਟਾਇਲਟ ਜਾਣਾ ਪੈਂਦਾ ਹੈ ਜੋ ਕਿ ਰਾਤੀਂ ਅੱਠ ਵਜੇ ਬੰਦ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਉਨਾਂ ਨੂੰ ਢਾਹੀ ਗਈ ਬਸਤੀ ਵਾਲੇ ਟਾਇਲਟ ਤੱਕ ਪੈਦਲ ਜਾਣਾ ਪੈਂਦਾ ਹੈ ਅਤੇ ਔਰਤਾਂ ਸ਼ਿਕਾਇਤ ਕਰਦੀਆਂ ਹਨ ਕਿ ਉਨਾਂ ਲਈ ਰਾਤ ਨੂੰ ਆਉਣ ਜਾਣ ਵਿਚ ਡਰ ਲਗਦਾ ਹੈ।
ਨਹਿਰ ਦੇ ਲਾਗੇ ਮੈਂ 32 ਸਾਲਾ ਨੀਲਮ ਮਹਿਤਾ ਨੂੰ ਮਿਲੀ। ਉਸ ਦਾ ਪਤੀ ਬਿਹਾਰ ਦੇ ਜਾਮੂਈ ਜ਼ਿਲੇ ਦੇ ਇਕ ਪਿੰਡ ਤੋਂ ਇੱਥੇ ਆ ਕੇ ਵਸਿਆ ਸੀ ਅਤੇ ਉਹ ਸੱਤੂ ਦੀ ਰੇਹੜੀ ਲਾਉਂਦਾ ਹੈ। ਨੀਲਮ ਘਰਾਂ ਵਿਚ ਕੰਮ ਕਰਦੀ ਹੈ। ਉਸ ਨੇ ਪੁੱਛਿਆ,‘‘ਅਸੀਂ ਕਿੱਥੇ ਜਾਵਾਂਗੇ? ਅਸੀਂ ਕਿਸੇ ਤਰ੍ਹਾਂ ਬਚੇ ਹੋਏ ਹਾਂ। ਅਸੀਂ ਇੰਨੇ ਸਾਲਾਂ ਤੋਂ ਇੱਥੇ ਹਾਂ। ਮੈਂ ਚਾਹੁੰਦੀ ਹਾਂ ਕਿ ਮੇਰੀ ਧੀ ਦਾ ਭਵਿੱਖ ਬਿਹਤਰ ਹੋਵੇ। ਮੈਂ ਨਹੀਂ ਚਾਹੁੰਦੀ ਕਿ ਉਹ ਵੀ ਲੋਕਾਂ ਦੇ ਘਰਾਂ ਵਿਚ ਕੰਮ ਕਰੇ। ਮੇਰਾ ਪੁੱਤਰ ਵੀ ਪੜ੍ਹ ਰਿਹਾ ਹੈ। ਮੈਨੂੰ ਦੱਸੋ ਇਸ ਹਾਲਤ ਵਿਚ ਅਸੀਂ ਕਿਵੇਂ ਜ਼ਿੰਦਾ ਰਹਾਂਗੇ?’’
ਉਸ ਨੇ ਦੱਸਿਆ ਕਿ ਉਨਾਂ ਨਾਲ਼ ਵਾਅਦਾ ਕੀਤਾ ਗਿਆ ਸੀ ਕਿ ਨਹਿਰ ਵਾਲੇ ਕੈਂਪ ਵਿਚ ਇਕ ਗੁਸਲਖ਼ਾਨਾ ਬਣਾਇਆ ਜਾਵੇਗਾ। ਉਦੋਂ ਤਕ ਨੀਲਮ ਤੇ ਹੋਰਨਾਂ ਨੂੰ ਹਰ ਰੋਜ਼ ਜਨਤਕ ਟਾਇਲਟ ਜਾਣ ਲਈ ਦੋ ਰੁਪਏ ਖਰਚ ਕਰਨੇ ਪੈਣਗੇ। ਉਸ ਨੇ ਪੁੱਛਿਆ,‘‘ਅਸੀਂ ਟਾਇਲਟ ਜਾਣ ਲਈ ਪੈਸੇ ਕਿੱਥੋਂ ਦੇ ਸਕਦੇ ਹਾਂ? ਔਰਤਾਂ ਤੇ ਜਵਾਨ ਕੁੜੀਆਂ ਰਾਤ ਨੂੰ ਕਿੱਥੇ ਜਾਣ? ਜੇ ਕੁਝ ਹੋ ਗਿਆ ਤਾਂ ਕੌਣ ਜ਼ਿੰਮੇਵਾਰੀ ਲਵੇਗਾ?’’
ਉਸ ਦੀ 15 ਸਾਲਾ ਧੀ ਨੇਹਾ ਆਪਣੀ ਮਾਂ ਦੇ ਨਾਲ਼ ਹੀ ਕੈਂਪ ਦੇ ਫਰਸ਼ ’ਤੇ ਬੈਠੀ ਸੀ ਤੇ ਉਸ ਨੇ ਆਖਿਆ,‘‘ਇੱਥੇ ਪੜ੍ਹਾਈ ਕਰਨੀ ਬਹੁਤ ਔਖੀ ਹੈ। ਸਾਰਾ ਸਾਰਾ ਦਿਨ ਬਿਜਲੀ ਨਹੀਂ ਆਉਂਦੀ। ਅਸੀਂ ਆਪਣਾ ਸਕੂਲ ਦਾ ਕੰਮ ਕਿਵੇਂ ਕਰਾਂਗੇ?’’
ਕੈਂਪ ਦੇ ਰਸਤੇ ਵਿਚ ਮਾਂ ਦੁਰਗਾ ਦਾ ਮੰਦਰ ਬਣਿਆ ਹੋਇਆ ਹੈ। ਇੱਥੇ ਸ਼ਾਮ ਨੂੰ 80 ਸਾਲਾ ਧੀਰੇਨ ਮੰਡਲ ਵਲੋਂ ਪ੍ਰਾਰਥਨਾ ਕੀਤੀ ਜਾਂਦੀ ਹੈ। ਰੇਲਵੇ ਯਾਰਡ ਵਿਚਲੇ ਆਰਜ਼ੀ ਕੈਂਪ ਵਾਲੇ ਆਪਣੇ ਕਮਰੇ ਵਿਚ ਧੀਰੇਨ ਨੇ ਦੱਸਿਆ,‘‘ਮੈਂ 50 ਤੋਂ ਵੱਧ ਸਾਲ ਇੱਥੇ ਬਿਤਾਏ ਹਨ। ਮੈਂ ਸੁੰਦਰਬਨ ਦੇ ਸੰਦੇਸ਼ਖਲੀ ਇਲਾਕੇ ਤੋਂ ਹਾਂ। ਸਾਨੂੰ ਕੰਮ ਦੀ ਤਲਾਸ਼ ਇੱਥੇ ਧੂਹ ਲਿਆਈ। ਸਾਡੇ ਪਿੰਡ ਦੀ ਜ਼ਮੀਨ ਦਰਿਆ ਦੀ ਮਾਰ ਹੇਠ ਆ ਗਈ ਸੀ। ਧੀਰੇਨ ਨੇ ਦਿਨ ਵੇਲ਼ੇ ਰੇਹੜੀ ’ਤੇ ਸਾਮਾਨ ਢੋਅ ਕੇ ਆਪਣੇ ਤਿੰਨ ਬੱਚੇ ਪਾਲ਼ੇ ਸਨ ਤੇ ਤੱਲਾਹ ਬਸਤੀ ਵਿਚ ਪਹਿਲਾਂ ਬਾਂਸ ਨਾਲ਼ ਤੇ ਫਿਰ ਕੰਕਰੀਟ ਦਾ ਘਰ ਬਣਾਇਆ ਸੀ।
ਉਨਾਂ ਕਿਹਾ,‘‘ਮਿਉਂਸਿਪਲ ਕੌਂਸਲਰ ਪੁੱਛਦਾ ਹੈ ਕਿ ਕੀ ਅਸੀਂ ਆਪਣੇ ਘਰ ਬਣਾਉਣ ਤੋਂ ਪਹਿਲਾਂ ਉਸ ਦੀ ਆਗਿਆ ਲਈ ਸੀ!’’ ਮੈਂ ਉਸ ਨੂੰ ਦੱਸਿਆ ਸੀ ਕਿ ਅਸੀਂ 50 ਸਾਲਾਂ ਤੋਂ ਵੀ ਵੱਧ ਅਰਸੇ ਤੋਂ ਇੱਥੇ ਰਹਿ ਰਹੇ ਹਾਂ, ਉਹ ਕੋਈ ਢੁਕਵਾਂ ਬੰਦੋਬਸਤ ਕੀਤੇ ਬਗ਼ੈਰ ਕਿਵੇਂ ਸਾਨੂੰ ਇੱਥੋਂ ਚਲੇ ਜਾਣ ਲਈ ਕਹਿ ਸਕਦੇ ਹਨ? ਉਹ ਲੋਕਾਂ ਨੂੰ ਇੰਝ ਕਿਵੇਂ ਉਜਾੜ ਸਕਦੇ ਹਨ? ਦੱਸੋ, ਅਸੀਂ ਕਿੱਥੇ ਜਾਵਾਂਗੇ?’’
22 ਸਾਲਾ ਤੁੰਪਾ ਮੰਡਲ ਨੇ ਦੋਸ਼ ਲਾਇਆ ਕਿ 25 ਸਤੰਬਰ ਦੀ ਸ਼ਾਮ ਨੂੰ ਜਦੋਂ ਪੁਲੀਸ ਕਰਮੀ ਆਏ ਤਾਂ ਉਹ ਬਸਤੀ ਵਾਲਿਆਂ ਨੂੰ ਬਸਤੀ ਖਾਲੀ ਕਰਨ ਲਈ ਕਹਿਣ ਲੱਗੇ। ਤੰਪਾ ਨੇ ਆਖਿਆ,‘‘ਉਨਾਂ ਮੇਰੀ ਸੱਸ ਨਾਲ਼ ਬਦਕਲਾਮੀ ਕੀਤੀ ਤੇ ਮੇਰੇ ਦਿਓਰ ਨੂੰ ਕਾਲਰ ਤੋਂ ਫੜ ਕੇ ਕੈਂਪ ਵੱਲ ਲੈ ਗਏ। ਜਦੋਂ ਮੈਂ ਉਸ ਨੂੰ ਛੁਡਾਉਣ ਲਈ ਅੱਗੇ ਆਈ ਤਾਂ ਉਨਾਂ ਮੈਨੂੰ ਧੱਕ ਦੇ ਕੇ ਪਿਛਾਂਹ ਕਰ ਦਿੱਤਾ। ਮੇਰੇ ਪੇਟ ਵਿਚ ਬੱਚਾ ਸੀ ਪਰ ਉਨਾਂ ਇਸ ਦੀ ਕੋਈ ਪ੍ਰਵਾਹ ਨਾ ਕੀਤੀ। ਉਹ ਔਰਤਾਂ ਨੂੰ ਵਾਲਾਂ ਤੋਂ ਫੜ ਕੇ ਧੂੰਹਦੇ ਸਨ। ਉਨ੍ਹਾਂ ’ਚ ਇਕ ਵੀ ਮਹਿਲਾ ਪੁਲੀਸ ਕਰਮੀ ਨਹੀਂ ਸੀ। ਉਹ ਗਾਲ੍ਹਾਂ ਵੀ ਕੱਢ ਰਹੇ ਸਨ।''
(ਉਂਝ, ਤੱਲਾਹ ਬਸਤੀ ਤੋਂ ਢਾਈ ਕੁ ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਚਿਤਪੁਰ ਪੁਲੀਸ ਸਟੇਸ਼ਨ ਦੇ ਇੰਚਾਰਜ ਅਫ਼ਸਰ ਅਯਾਨ ਗੋਸਵਾਮੀ ਨੇ ਇਸ ਪੱਤਰਕਾਰ ਨਾਲ਼ ਗੱਲਬਾਤ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਬਦਸਲੂਕੀ ਜਾਂ ਧੱਕਾ ਕੀਤੇ ਗਏ ਹੋਣ ਤੋਂ ਇਨਕਾਰ ਕੀਤਾ। ਉਨਾਂ ਆਖਿਆ ਕਿ ਉਹ ਇਨ੍ਹਾਂ ਪਰਿਵਾਰਾਂ ਨਾਲ਼ ਹਮਦਰਦੀ ਰੱਖਦੇ ਹਨ ਪਰ ਪ੍ਰਵਾਨਤ ਆਰਕੀਟੈਕਟਾਂ ਵਲੋਂ ਪੁਲ ਨੂੰ ਅਸੁਰੱਖਿਅਤ ਕਰਾਰ ਦਿੱਤੇ ਜਾਣ ਕਰ ਕੇ ਤੱਲਾਹ ਬਸਤੀ ਖਾਲੀ ਕਰਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਜੇ ਪੁਲ ਦਾ ਕੋਈ ਹਿੱਸਾ ਡਿੱਗ ਪੈਂਦਾ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਬਸਤੀ ਦੇ ਲੋਕਾਂ ਦਾ ਹੀ ਹੋਣਾ ਸੀ।)
ਤਿ੍ਰਣਮੂਲ ਕਾਂਗਰਸ ਨਾਲ਼ ਸੰਬੰਧਤ ਮੁਕਾਮੀ ਕੌਂਸਲਰ ਤਰੁਣ ਸਾਹਾ ਨੇ ਫੋਨ ’ਤੇ ਆਖਿਆ ਕਿ ਉਨਾਂ ਲੋਕਾਂ ਨੇ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਸੀ। ਉਨਾਂ ਕੋਲ ਉੱਥੇ ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਉਹ ਝੁੱਗੀਆਂ ਵਿਚ ਰਹਿੰਦੇ ਸਨ। ਅਸੀਂ ਮਾਨਵੀ ਆਧਾਰ ’ਤੇ ਉਨਾਂ (ਤੱਲਾਹ ਬਸਤੀ) ਨੂੰ ਪਾਣੀ ਤੇ ਸਾਫ਼ ਸਫ਼ਾਈ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਸਨ। ਅਖੀਰ ਉਨਾਂ ਝੁੱਗੀਆਂ ਦੀ ਥਾਂ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ।’’ ਉਨਾਂ ਇਹ ਵੀ ਆਖਿਆ ਕਿ ਪੁਲ ਦੀ ਹਾਲਤ ਖਸਤਾ ਹੋਣ ਕਰ ਕੇ ਇਸ ਦਾ ਮੁੜ ਨਿਰਮਾਣ ਕਰਨਾ ਜ਼ਰੂਰੀ ਸੀ। ਜੇ ਇਸ ਦੀ ਮੁਰੰਮਤ ਨਾ ਕੀਤੀ ਜਾਂਦੀ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਇਸ ਲਈ ਉਨਾਂ ਨੂੰ ਇੱਥੋਂ ਤਬਦੀਲ ਕਰਨਾ ਪਿਆ।’’
ਸਾਹਾ ਨੇ ਆਖਿਆ ਕਿ ਸਰਕਾਰ ਨੇ ਅਜੇ ਤਾਈਂ ਤੱਲਾਹ ਬਸਤੀ ਦੇ ਸਥਾਈ ਮੁੜ ਵਸੇਬੇ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ। ਉਨਾਂ ਆਖਿਆ,‘‘ਫਿਲਹਾਲ ਅਸੀਂ ਉਨਾਂ ਨੂੰ ਆਰਜ਼ੀ ਠਿਕਾਣਿਆਂ ਵਿਚ ਠਹਿਰਨ ਦੇ ਰਹੇ ਹਾਂ। ਭਵਿੱਖ ਵਿਚ ਇਨ੍ਹਾਂ ਆਰਜੀ ਘਰਾਂ ਨੂੰ ਟੀਨ ਦੀਆਂ ਛੱਤਾਂ ਨਾਲ਼ ਢਕਿਆ ਜਾਵੇਗਾ ਪਰ ਅਸੀਂ ਕੋਈ ਪੱਕੇ ਮਕਾਨ ਬਣਾਉਣ ਦੀ ਆਗਿਆ ਨਹੀਂ ਦੇਵਾਂਗੇ।’’ ਉਨ੍ਹਾਂ ਕੁਝ ਕੁ ਪਰਿਵਾਰਾਂ ਵਲੋਂ ਆਪਣੀ ਪਿੰਡੀਂ ਥਾਈਂ ਜ਼ਮੀਨ ਖਰੀਦਣ ਦੇ ਮਾਮਲਿਆਂ ਦਾ ਵੀ ਹਵਾਲਾ ਦਿੱਤਾ। ‘‘ਉਨਾਂ ਆਪਣੇ ਕੰਮ ਦੀ ਖ਼ਾਤਰ ਇਸ ਜ਼ਮੀਨ ’ਤੇ ਕਬਜ਼ਾ ਕੀਤਾ ਸੀ। ਉਹ ਪਿਛਲੇ ਲੰਮੇ ਅਰਸੇ ਤੋਂ ਇੱਥੇ ਰਹਿੰਦੇ ਆ ਰਹੇ ਸਨ। ਉਹ ਆਪਣੇ ਪਰਿਵਾਰ ਇੱਥੇ ਲੈ ਕੇ ਆਉਂਦੇ ਰਹੇ। ਇਨ੍ਹਾਂ ’ਚੋਂ ਕਈ ਲੋਕ ਤਾਂ ਚੰਗਾ ਖਾਂਦੇ ਪੀਂਦੇ ਵੀ ਹਨ।’’
ਲੱਖੀ ਦਾਸ ਦੀ ਉਮਰ 23 ਸਾਲ ਹੈ ਤੇ ਉਸ ਦਾ ਪਤੀ ਦਫ਼ਤਰੀ ਸਹਾਇਕ ਵਜੋਂ ਕੰਮ ਕਰਦਾ ਹੈ ਤੇ ਉਨਾਂ ਦੀਆਂ ਦੋ ਬੇਟੀਆਂ ਹਨ। ਉਨਾਂ ਨੂੰ ਵੀ ਤੱਲਾਹ ਬਸਤੀ ’ਚੋਂ ਹਟਾ ਦਿੱਤਾ ਗਿਆ ਹੈ। ਲੱਖੀ ਨੇ ਪੁੱਛਿਆ ‘‘ ਗ਼ਰੀਬ ਲੋਕ ਸਦਾ ਸਰਕਾਰੀ ਜ਼ਮੀਨ ’ਤੇ ਰਹਿੰਦੇ ਆ ਰਹੇ ਹਨ, ਨਹੀਂ ਤਾਂ ਅਸੀਂ ਕਿੱਥੇ ਵਸਾਗੇ?’’ ਉਨਾਂ ਅੱਗੇ ਕਿਹਾ,‘‘ਅਸੀਂ ਗ਼ਰੀਬ ਹਾਂ। ਅਸੀਂ ਮਜ਼ਦੂਰੀ ਕਰ ਕੇ ਕਮਾਉਂਦੇ ਹਾਂ। ਮੈਨੂੰ ਆਪਣੀਆਂ ਬੇਟੀਆਂ ਦੀ ਖ਼ਾਤਰ ਹੀ ਸਭ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’
ਢਾਹੇ ਗਏ ਪੁਲ ਦੀ ਬਸਤੀ ਦੇ ਲੋਕ ਕੌਂਸਲਰ ਤੋਂ ਇਹ ਲਿਖਤੀ ਭਰੋਸਾ ਚਾਹੁੰਦੇ ਹਨ ਕਿ ਪੁਲ ਦੀ ਮੁਰੰਮਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਵਾਪਸ ਆਉਣ ਦੇਣ ਦੀ ਆਗਿਆ ਹੋਵੇਗੀ। ਹਾਲੇ ਤੱਕ ਇਹੋ ਜਿਹਾ ਕੋਈ ਭਰੋਸਾ ਨਹੀਂ ਦਿੱਤਾ ਗਿਆ।
25 ਸਤੰਬਰ ਨੂੰ ਜਦੋਂ ਲੋਕਾਂ ਨੂੰ ਤੱਲਾਹ ਬਸਤੀ ਖਾਲੀ ਕਰਨੀ ਪਈ ਸੀ ਤਾਂ ਉਨ੍ਹਾਂ ਨਾਂਹ-ਨੁੱਕਰ ਤੇ ਹਲਕਾ ਜਿਹਾ ਵਿਰੋਧ ਕੀਤਾ ਸੀ ਤੇ ਸਵੇਰੇ ਦਸ ਵਜੇ ਉਨ੍ਹਾਂ ਇਕ ਘੰਟੇ ਲਈ ਪੁਲ ਦੀ ਆਵਾਜਾਈ ਬੰਦ ਕਰ ਦਿੱਤੀ ਸੀ। 11 ਨਵੰਬਰ ਨੂੰ ਉਨ੍ਹਾਂ ਰੋਸ ਮਾਰਚ ਕੀਤਾ ਸੀ। 18 ਨਵੰਬਰ ਨੂੰ ਆਪਣੀਆਂ ਮੰਗਾਂ ਦੇ ਹੱਕ ਵਿਚ ਇਕ ਜਨਤਕ ਮੀਟਿੰਗ ਕੀਤੀ। ਉਹ ਬਸਤੀਵਾਸੀ ਸ਼੍ਰਮਜੀਵੀ ਅਧਿਕਾਰ ਰਕਸ਼ਾ ਕਮੇਟੀ ਕਾਇਮ ਕਰ ਕੇ ਟਾਇਲਟ ਅਤੇ ਨਿਯਮਤ ਬਿਜਲੀ ਮੁਹੱਈਆ ਕਰਨ ’ਤੇ ਜ਼ੋਰ ਦੇ ਰਹੇ ਹਨ ਅਤੇ ਇਕ ਸਾਂਝਾ ਲੰਗਰ ਚਲਾਉਣ ਦੀ ਯੋਜਨਾ ਬਣਾ ਰਹੇ ਹਨ ਜਿਸ ਨਾਲ਼ ਸਾਰੇ ਪਰਿਵਾਰਾਂ ਦੇ ਖਰਚੇ ਵਿਚ ਕਮੀ ਆ ਜਾਵੇਗੀ।
ਫੜੀ ਵਾਲੇ ਰਾਜਾ ਹਜ਼ਰਾ ਜਿਸ ਦੇ ਪਰਿਵਾਰ ਨੂੰ ਬਸਤੀ ਖਾਲੀ ਕਰਨੀ ਪਈ ਸੀ, ਨੇ 25 ਨਵੰਬਰ ਨੂੰ ਸਮੂਹ ਪਰਿਵਾਰਾਂ ਦੀ ਤਰਫ਼ੋਂ ਕੋਲਕਾਤਾ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ। ਉਨਾਂ ਦੀ ਮੁੱਖ ਮੰਗ ਢੁਕਵੇਂ ਵਸੇਬੇ ਅਤੇ ਇਕ ਸਥਾਈ ਜਗਾ ਦੇਣ ਦੀ ਹੈ ਜਿੱਥੋਂ ਉਨਾਂ ਦਾ ਉਜਾੜਾ ਨਾ ਕੀਤਾ ਜਾਵੇ ਅਤੇ ਇਹ ਜਗਾ ਢਾਹੀ ਗਈ ਬਸਤੀ ਦੇ ਆਸ-ਪਾਸ ਹੋਵੇ ਜਿੱਥੋਂ ਉਨਾਂ ਦੇ ਬੱਚੇ ਸਕੂਲ ਜਾ ਸਕਣ ਤੇ ਉਹ ਵੀ ਕੰਮ ’ਤੇ ਜਾ ਸਕਣ ਅਤੇ ਬਿਜਲੀ, ਪਾਣੀ ਤੇ ਸਾਫ਼ ਸਫ਼ਾਈ ਜਿਹੀਆਂ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ।
ਆਰਜ਼ੀ ਕੈਂਪ ਵਿਚ ਵਾਪਸ ਆ ਕੇ ਸੁਲੇਖਾ ਮੰਡਲ ਚੁੱਲ੍ਹਾ ਬਾਲਦੀ ਹੈ। ਬਾਅਦ ਦੁਪਹਿਰ ਢਾਈ ਵਜੇ ਦਾ ਸਮਾਂ ਹੈ -ਉਹ ਆਸ ਪਾਸ ਦੇ ਘਰਾਂ ਦਾ ਕੰਮ ਮੁਕਾ ਕੇ ਹੁਣੇ ਮੁੜੀ ਹੈ ਤੇ ਸ਼ਾਮ ਨੂੰ ਫਿਰ ਕੰਮ ਕਰਨ ਲਈ ਉਨ੍ਹਾਂ ਨੂੰ ਦੋਬਾਰਾ ਜਾਣਾ ਪਵੇਗਾ। ਸੁਲੇਖਾ ਨੇ ਪਤੀਲੇ ਵਿੱਚ ਰਿਝਦੀ ਬਤਾਊਂ, ਆਲੂ ਤੇ ਗੋਭੀ ਦੀ ਸਬਜ਼ੀ ਵਿੱਚ ਕੜਛੀ ਮਾਰਦਿਆਂ ਕਿਹਾ,‘‘ਕੌਂਸਲਰ ਸਾਨੂੰ ਵਾਪਸ ਪਿੰਡ ਜਾਣ ਲਈ ਕਹਿ ਰਿਹਾ ਹੈ। ਚਾਰ ਪੀੜੀਆਂ ਪਹਿਲਾਂ ਅਸੀਂ ਦਾਊਦਪੁਰ ਛੱਡਿਆ ਸੀ। ਹੁਣ ਸਾਨੂੰ ਮੁੜ ਪਿੰਡ ਵਾਪਸ ਜਾਣ ਲਈ ਕਿਹਾ ਜਾ ਰਿਹਾ ਹੈ? ਸੁੰਦਰਬਨ ਦੇ ਹਾਲਾਤ ਬਾਰੇ ਹਰ ਕੋਈ ਜਾਣਦਾ ਹੈ। ਲੋਕਾਂ ਕੋਲ ਜੋ ਥੋੜਾ ਬਹੁਤ ਸਾਮਾਨ ਸੀ ਉਹ ਆਇਲਾ (ਤੂਫਾਨ) ਨੇ ਬਰਬਾਦ ਕਰ ਦਿੱਤਾ। ਅਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੇ। ਅਸੀਂ ਵੀ ਚਾਹੁੰਦੇ ਹਾਂ ਕਿ ਪੁਲ ਦੀ ਮੁਰੰਮਤ ਹੋਵੇ ਪਰ ਸਰਕਾਰ ਸਾਡਾ ਮੁੜ ਵਸੇਬਾ ਵੀ ਕਰੇ।’’
ਰਿਪੋਰਟਰ ਇਸ ਮੁਤੱਲਕ ਸੌਮਿਆ , ਰਾਇਆ ਅਤੇ ਔਰਕੋ ਵਲੋਂ ਕੀਤੀ ਗਈ ਮਦਦ ਲਈ ਉਨਾਂ ਦੀ ਧੰਨਵਾਦੀ ਹੈ।
ਤਰਜਮਾ: ਬਿਕਰਮਜੀਤ ਸਿੰਘ