ਨੁਸਰਤ ਬਾਨੋ ਨੇ ਔਰਤਾਂ ਨੂੰ ਅੱਲ੍ਹੜ ਉਮਰੇ ਬੱਚੇ ਨਾ ਪੈਦਾ ਕਰਨ ਵਾਸਤੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਰਾਜੀ ਕਰ ਲਿਆ ਹੈ ਪਰ ਉਨ੍ਹਾਂ ਨੂੰ ਉਨ੍ਹਾਂ ਔਰਤਾਂ ਦੇ ਸਹੁਰੇ ਪਰਿਵਾਰ ਨਾਲ਼ ਇਸ ਗੱਲ ਨੂੰ ਲੈ ਕੇ ਲੜਾਈ ਲੜਨੀ ਪਈ ਹੈ ਕਿ ਉਹ ਉਨ੍ਹਾਂ ਨੂੰ ਗਰਭਨਿਰੋਧਕਾਂ ਦੀ ਵਰਤੋਂ ਕਰਨ ਦੀ ਆਗਿਆ ਦੇਣ ਅਤੇ ਸਿਰਫ਼ ਇੰਨਾ ਹੀ ਨਹੀਂ ਉਹ (ਨੁਸਰਤ) ਇਨ੍ਹਾਂ ਔਰਤਾਂ ਨੂੰ ਪ੍ਰਸਵ ਲਈ ਹਸਪਤਾਲ ਵੀ ਲੈ ਕੇ ਗਈ। ਪਰ ਬਿਹਾਰ ਦੇ ਅਰਰਿਆ ਜ਼ਿਲ੍ਹੇ ਦੇ ਰਾਮਪੁਰ ਪਿੰਡ ਦੀ ਰਹਿਣ ਵਾਲ਼ੀ 35 ਸਾਲਾ ਆਸ਼ਾ ਵਰਕਰ ਨੁਸਰਤ ਦਾ ਮੰਨਣਾ ਹੈ ਕਿ ਕੰਮ ਦੌਰਾਨ ਉਨ੍ਹਾਂ ਲਈ ਸਭ ਤੋਂ ਵੱਧ ਮੁਸ਼ਕਲਾਂ ਪੁਰਸ਼ਾਂ ਨੂੰ ਨਸਬੰਦੀ ਕਰਾਉਣ ਲਈ ਰਾਜ਼ੀ ਕਰਨ ਵਿੱਚ ਪੇਸ਼ ਆਈਆਂ ਹਨ।
ਉਨ੍ਹਾਂ ਨੇ ਫ਼ਾਰਬਿਗੰਜ ਬਲਾਕ ਸਥਿਤ ਪਿੰਡ ਵਿੱਚ ਸਾਡੇ ਨਾਲ਼ ਗੱਲ ਕੀਤੀ ਜਿਸ ਪਿੰਡ ਦੀ ਅਬਾਦੀ ਕਰੀਬ 3,400 ਹੈ, ਉਨ੍ਹਾਂ ਨੇ ਸਾਨੂੰ ਦੱਸਿਆ,''ਪਿਛਲੇ ਸਾਲ (2018) ਸਿਰਫ਼ ਇੱਕੋ ਹੀ ਪੁਰਸ਼ ਇਹਦੇ ਵਾਸਤੇ ਸਹਿਮਤ ਹੋਇਆ ਅਤੇ ਜਦੋਂ ਨਸਬੰਦੀ ਪੂਰੀ ਹੋ ਗਈ ਤਾਂ ਉਨ੍ਹਾਂ ਦੀ ਪਤਨੀ ਮੈਨੂੰ ਚੱਪਲ ਨਾਲ਼ ਮਾਰਨ ਆ ਗਈ,'' ਹੱਸਦਿਆਂ ਨੁਸਰਤ ਬਾਨੋ ਦੱਸਦੀ ਹਨ, ਜੋ ਖ਼ੁਦ ਚਾਰ ਬੱਚਿਆਂ ਦੀ ਮਾਂ ਹਨ।
ਨਸਬੰਦੀ ਨੂੰ ਲੈ ਕੇ ਰਾਮਪੁਰ ਦੇ ਪੁਰਸ਼ਾਂ ਅੰਦਰ ਜੋ ਝਿਜਕ ਹੈ ਉਹੀ ਝਿਜਕ ਬਿਹਾਰ ਦੇ ਹੋਰਨਾਂ ਪਿੰਡਾਂ ਅੰਦਰ ਵੀ ਦਿਖਾਈ ਦਿੰਦੀ ਹੈ। ਵਿਨੈ ਕੁਮਾਰ ਨੇ ਪਿਛਲੇ ਸਾਲ, ਠੀਕ ਉਸ ਸਮੇਂ ਜਦੋਂ ਉਹ ਬਿਹਾਰ ਸਰਕਾਰ ਦੁਆਰਾ ਹਰ ਸਾਲ ਨਵੰਬਰ ਵਿੱਚ ਪੂਰੇ ਰਾਜ ਵਿੱਚ ਅਯੋਜਿਤ ਕੀਤੇ ਜਾਣ ਵਾਲ਼ੇ ਅਗਾਮੀ ਪੁਰਸ਼ ਨਸਬੰਦੀ ਹਫ਼ਤੇ ਲਈ, ਦੂਸਰੇ ਪੜਾਅ ਦਾ ਪ੍ਰਚਾਰ ਸ਼ੁਰੂ ਕਰਨ ਵਾਲ਼ੇ ਸਨ, ਸਾਨੂੰ ਦੱਸਿਆ,''ਉਨ੍ਹਾਂ ਦਾ ਸਭ ਤੋਂ ਵੱਡਾ ਡਰ ਇਹ ਹੁੰਦਾ ਹੈ ਕਿ ਉਨ੍ਹਾਂ ਦੀ ਖਿੱਲੀ ਉਡਾਈ ਜਾਵੇਗੀ ਅਤੇ ਦੂਸਰੇ ਪੁਰਸ਼ ਉਨ੍ਹਾਂ ਦਾ ਮਜ਼ਾਕ ਉਡਾਉਣਗੇ। ਉਹ ਇਹ ਵੀ ਸੋਚਦੇ ਹਨ ਕਿ ਉਹ ਕਮਜ਼ੋਰ ਹੋ ਜਾਣਗੇ ਅਤੇ ਦੋਬਾਰਾ ਸੰਭੋਗ ਕਰਨ ਯੋਗ ਨਹੀਂ ਰਹਿਣਗੇ, ਜੋ ਕਿ ਇੱਕ ਮਿੱਥ ਹੈ।''
38 ਸਾਲਾ ਕੁਮਾਰ ਨੇ ਪਿਛਲਾ ਪੂਰਾ ਸਾਲ ਜਹਾਨਾਬਾਦ ਦੇ ਮਖ਼ਦੂਮਪੁਰ ਬਲਾਕ ਸਥਿਤ ਤਕਰੀਬਨ 3,400 ਲੋਕਾਂ ਦੀ ਅਬਾਦੀ ਵਾਲ਼ੇ ਪਿੰਡ ਬਿੱਰਾ ਵਿੱਚ, ਬਤੌਰ ਵਿਕਾਸ ਮਿੱਤਰ ਸਰਕਾਰੀ ਨੌਕਰੀ ਦਾ ਕੰਮ ਸੰਭਾਲ਼ਦਿਆਂ ਬਿਤਾਇਆ ਹੈ। ਉਨ੍ਹਾਂ ਦੇ ਕਾਰਜਾਂ ਵਿੱਚ ਰਾਜ ਦੁਆਰਾ ਸੰਚਾਲਤ ਵੱਖ-ਵੱਖ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਲਾਗੂ ਕਰਨਾ ਸ਼ਾਮਲ ਹੈ। ਉਨ੍ਹਾਂ ਦੇ ਕਾਰਜਾਂ ਵਿੱਚ ਪੁਰਸ਼ਾਂ ਨੂੰ ਨਸਬੰਦੀ ਲਈ ਰਾਜ਼ੀ ਕਰਨ ਜਿਹਾ ਅਸੰਭਵ ਕੰਮ ਵੀ ਸ਼ਾਮਲ ਹੈ- ਜੋ ਮਹਿਜ ਇੱਕ ਛੋਟੀ ਜਿਹੀ ਸਰਜਰੀ ਹੈ ਜਿਹਦੇ ਦੌਰਾਨ ਪੁਰਸ਼ ਵੈਸ ਡੇਫੇਰਨ (ਸ਼ੁਕਰਾਣੂ ਲਿਜਾਣ ਵਾਲ਼ੀ ਛੋਟੀ ਟਿਊਬ) ਨੂੰ ਬੰਨ੍ਹ/ਸੀਲ ਕਰ ਦਿੱਤਾ ਜਾਂਦਾ ਹੈ।
ਇਹ ਗੱਲ ਉਸ ਰਾਜ ਦੇ ਮਾਮਲੇ ਵਿੱਚ ਵਿਸ਼ੇਸ਼ ਰੂਪ ਨਾਲ਼ ਮਹੱਤਵਪੂਰਨ ਹੈ, ਜਿੱਥੇ ਪੁਰਸ਼ ਨਸਬੰਦੀ ਦੀ ਦਰ ਘਟਦੇ ਘਟਦੇ 0.6 ਫੀਸਦ ਤੋਂ 0 ਫੀਸਦ ਤੱਕ ਰਹਿ ਗਈ ਹੈ। ਇਹ ਅੰਕੜੇ ਐੱਨਐੱਫ਼ਐੱਚਐੱਸ-3 (2005-06) ਤੋਂ ਐੱਨਐੱਫ਼ਐੱਚਐੱਸ-4 (2015-16) ਤੱਕ ਦੇ ਵਕਫ਼ੇ ਦੇ ਹਨ। ਬਿਹਾਰ ਵਿੱਚ ਇਸੇ ਵਕਫ਼ੇ ਦੌਰਾਨ ਮਹਿਲਾ ਨਸਬੰਦੀ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ; ਵਰਤਮਾਨ ਵਿੱਚ 15 ਤੋਂ 49 ਸਾਲ ਦੀਆਂ ਵਿਆਹੁਤਾ ਔਰਤਾਂ ਦੇ ਮਾਮਲੇ ਵਿੱਚ ਇਹ ਅੰਕੜਾ 23.8 ਫੀਸਦ ਤੋਂ ਘਟ ਕੇ 20.7 ਫੀਸਦ ਤੱਕ ਪਹੁੰਚ ਗਿਆ ਹੈ; ਪਰ ਫਿਰ ਵੀ ਇਹ ਪੁਰਸ਼ ਨਸਬੰਦੀ ਦੇ ਅੰਕੜਿਆਂ ਦੇ ਮੁਕਾਬਲੇ ਵਿੱਚ ਕਾਫ਼ੀ ਵੱਧ ਹੈ।
ਬਿਹਾਰ ਦੇ ਅੰਕੜੇ ਰਾਸ਼ਟਰ-ਵਿਆਪੀ ਨਸਬੰਦੀ ਨੂੰ ਲੈ ਕੇ ਇੱਚ ਚਲਨ ਦਿਖਾਉਂਦੇ ਹਨ: ਐੱਨਐੱਫਐੱਚਐੱਸ-4 ਵਿੱਚ ਦਰਜ ਅੰਕੜਿਆਂ ਮੁਤਾਬਕ, ਵਰਤਮਾਨ ਸਮੇਂ ਵਿੱਚ 36 ਫੀਸਦ ਵਿਆਹੁਤਾ ਔਰਤਾਂ (15-49 ਸਾਲ ਦੇ ਉਮਰ ਵਰਗ) ਨੇ ਨਸਬੰਦੀ ਕਰਾਈ ਹੈ, ਜਦੋਂਕਿ ਵਿਆਹੁਤਾ ਪੁਰਸ਼ਾਂ ਵਿੱਚ ਸਿਰਫ਼ 0.3 ਫੀਸਦ ਪੁਰਸ਼ ਹੀ ਇਸ ਪ੍ਰਕਿਰਿਆ ਵਿੱਚੋਂ ਦੀ ਗੁਜ਼ਰੇ ਹਨ।
ਦੇਸ਼ ਅੰਦਰ ਕੰਡੋਮ ਦੀ ਵਰਤੋਂ ਵੀ ਬਹੁਤ ਘੱਟ ਹੁੰਦੀ ਹੈ। ਵਰਤਮਾਨ ਸਮੇਂ ਵਿੱਚ 15-49 ਸਾਲ ਦੀ ਉਮਰ ਦੀਆਂ ਵਿਆਹੁਤਾ ਔਰਤਾਂ ਵਿੱਚ ਸਿਰਫ਼ 5.6 ਫੀਸਦ ਔਰਤਾਂ ਗਰਭਨਿਰੋਧਕ ਦੇ ਉਪਾਅ ਵਜੋਂ ਕੰਡੋਮ ਦੀ ਵਰਤੋਂ ਕੀਤੇ ਜਾਣ ਦੀ ਰਿਪੋਰਟ ਕਰਦੀਆਂ ਹਨ।








