ਇੱਥੇ ਸਭ ਤੋਂ ਜ਼ਿਆਦਾ ਪਲਾਸਟਿਕ ਹੈ । ਲਗਭਗ ਹਰ ਕਲਪਨਾਯੋਗ ਕੋਨੇ ਵਿੱਚ ਇਹ ਦਿਖਾਈ ਦਿੰਦਾ ਹੈ — ਸੜਕਾਂ ’ਤੇ ਪਿਆ, ਪਾਣੀ ’ਚ ਤਰਦਾ, ਬੋਰੀਆਂ ’ਚ ਤੁੰਨਿਆ ਹੋਇਆ, ਕੂੜੇਦਾਨਾਂ ਵਿੱਚ ਅਤੇ ਛੱਤਾਂ ਤੇ ਲੱਗੇ ਹੋਏ ਢੇਰ । ਜਦੋਂ 13ਵੇਂ ਕੰਪਾਂਉਂਡ ਦੇ ਨਾਲ ਲੱਗਦੇ ਨਾਲ਼ੇ ਕੋਲ ਉੱਚ-ਮੁੱਲ ਵਾਲੇ ਧਾਤ ਦੇ ਕਣ ਇੱਕਠੇ ਕਰਨ ਲਈ ਪਲਾਸਟਿਕ ਦੀਆਂ ਚੀਜ਼ਾਂ ਨੂੰ ਸਾੜਿਆ ਜਾਂਦਾ ਹੈ ਤਾਂ ਉੱਠਣ ਵਾਲਾ ਕੌੜਾ ਧੂੰਆਂ ਹਵਾ ਨੂੰ ਸੰਘਣਾ ਕਰ ਦਿੰਦਾ ਹੈ ।
ਮੁੰਬਈ ਦੇ ਸਾਰੇ ਹਿੱਸਿਆਂ ਤੋਂ ਇਸ ਪਲਾਸਟਿਕ ਅਤੇ ਹੋਰ ਰਹਿੰਦ-ਖੁਹੰਦ ਦੀ ਨਾ ਮੁੱਕਣ ਵਾਲੀ ਲੜੀ ਧਾਰਾਵੀ ਦੇ ਰੀਸਾਈਕਲਿੰਗ (ਨਵਿਆਉਣਯੋਗ) ਸੈਕਟਰ ਦੇ ਇਸ ਕੰਪਲੈਕਸ ਵਿੱਚ ਨਿਯਮਿਤ ਤੌਰ ’ਤੇ ਪਹੁੰਚਦੀ ਹੈ । ਸ਼ਹਿਰ ਵਿੱਚ ਰੋਜ਼ਾਨਾ 10,000 ਟਨ ਤੋਂ ਵੱਧ ਪੈਦਾ ਹੋਣ ਵਾਲੇ ਕਬਾੜ ਦਾ ਇੱਕ ਵੱਡਾ ਹਿੱਸਾ ਰੇੜ੍ਹੀਆਂ, ਟਰੱਕਾਂ ਅਤੇ ਟੈਂਪੂਆਂ ਸਹਾਰੇ ਇੱਥੇ ਲਿਆਂਦਾ ਜਾਂਦਾ ਹੈ । ਇੱਥੇ ਮਜ਼ੂਦਰ, ਜਿੰਨ੍ਹਾਂ ਵਿੱਚੋਂ ਬਹੁਤੇ ਵੱਖ-ਵੱਖ ਰਾਜਾਂ ਦੇ ਪ੍ਰਵਾਸੀ ਨੌਜਵਾਨ ਹਨ, ਇਸ ਇਲਾਕੇ ਦੀਆਂ ਨਜਾਇਜ਼ ਤੰਗ ਗਲੀਆਂ ਵਿੱਚੋਂ ਦੀ ਇਸ ਸਮੱਗਰੀ ਨੂੰ ਲੋਡ ਅਤੇ ਅਨਲੋਡ ਕਰਦੇ ਹਨ ।
ਇੱਥੇ ਟੁੱਟੇ-ਫੁੱਟੇ, ਕੁਝ ਚਾਰ-ਪੱਧਰੀ ਸ਼ੈੱਡਾਂ ਹੇਠਾਂ ਰੀਸਾਈਕਲਿੰਗ ਦੀ ਬਹੁ-ਪੱਧਰੀ ਪ੍ਰਕਿਰਿਆ ਵਾਰ-ਵਾਰ ਦੁਹਰਾਈ ਜਾਂਦੀ ਹੈ। ਹਰੇਕ ਚੀਜ਼ ਇੱਕ ਨਵੇਂ ਕੱਚੇ ਮਾਲ ਜਾਂ ਕਿਸੇ ਹੋਰ ਤਿਆਰ ਉਤਪਾਦ ਵਿੱਚ ਬਦਲਣ ਤੋਂ ਪਹਿਲਾਂ ਇੱਕ ਅਸੈਂਬਲੀ ਲਾਈਨ ਰਾਂਹੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਅਤੇ ਇੱਕ ਪ੍ਰਕਿਰਿਆ ਤੋਂ ਦੂਜੀ ਪ੍ਰਕਿਰਿਆ ਵਿੱਚੋਂ ਗੁਜ਼ਰਦੀ ਹੈ ।
ਟੈਰਾ ਕੰਪਾਉਂਡ ਵਿਚ ਰੀਸਾਇਕਲਿੰਗ ਦੇ ਈਕੋ ਸਿਸਟਮ ਵਿੱਚ ਇੱਕ ਸੁਚਾਰੂ ਅੰਦਰੂਨੀ ਢਾਂਚਾ ਕੰਮ ਕਰਦਾ ਹੈ : ਖ਼ਰੀਦਣ ਤੇ ਵੇਚਣ ਦੇ ਪ੍ਰਬੰਧਾਂ ਦਾ ਇਕ ਜਾਲ ਮੌਜੂਦ ਹੈ, ਲੋਕ ਕਿੱਤਾ-ਵਿਸ਼ੇਸ਼ ਸ਼ਬਦਾਬਲੀ ਦੀ ਵਰਤੋਂ ਕਰਦੇ ਹਨ; ਪ੍ਰਕਿਰਿਆ ਦੇ ਲਗਾਤਾਰ ਪੜਾਅ ਚੰਗੀ ਤਰ੍ਹਾਂ ਸਥਾਪਿਤ ਹਨ ਅਤੇ ਹਰੇਕ ਵਿਅਕਤੀ ਇੱਕ ਜਾਂ ਇੱਕ ਤੋਂ ਵੱਧ ਕੰਮਾਂ ਵਿੱਚ ਮਾਹਿਰ ਹੁੰਦਾ ਹੈ: ਰੇੜੀਵਾਲੇ (ਕਬਾੜ ਇਕੱਠਾ ਕਰਨ ਵਾਲੇ) ਬੇਕਾਰ ਹੋਈਆਂ ਚੀਜ਼ਾਂ ਇਕੱਠੀਆਂ ਕਰਦੇ ਹਨ, ਕੂੜਾ ਚੁੱਕਣ ਵਾਲੇ ਅਤੇ ਫੇਰੀਵਾਲੇ ਇਨ੍ਹਾਂ ਕਾਰਖਾਨਿਆਂ ’ਚ ਰੋਜ਼ਾਨਾਂ ਦਾ ਭੰਡਾਰ ਜਮ੍ਹਾ ਕਰਦੇ ਹਨ । ਗੱਡੀ-ਚਾਲਕ ਅਤੇ ਸਹਾਇਕ ਕਰਮਚਾਰੀ ਕਾਂਟੇਵਾਲੇ (ਜਿਹੜੇ ਸਮਾਨ ਤੋਲਦੇ ਹਨ) ਕੋਲ ਸਮਾਨ ਉਤਾਰਦੇ ਹਨ । ਫਿਰ ਇਸ ਤੋਂ ਅੱਗੇ ਗੋਦਾਮਾਂ ਦੇ ਮਾਲਕ ਸੇਠ, ਸੁਪਰਵਾਈਜ਼ਰ ਜਿੰਨ੍ਹਾਂ ਨੂੰ ਉਹ ਕੰਮ ਦਿੰਦੇ ਹਨ ਅਤੇ ਆਦਮੀ ਤੇ ਔਰਤ ਕਰਮਚਾਰੀ ਆਉਂਦੇ ਹਨ ਜੋ ਹੋਰਨਾਂ ਹਜ਼ਾਰਾਂ ਕੰਮਾਂ ਵਿੱਚ ਲੱਗੇ ਹੋਏ ਹਨ ।




