ਮੁਕੇਸ਼ ਰਾਮ ਦਿਵਾਲੀ ਤੋਂ 10 ਦਿਨ ਪਹਿਲਾਂ ਆਪਣੇ ਪਿੰਡ ਮੁਹੰਮਦਪੁਰ ਪਰਤ ਆਏ ਸਨ। ਉਹ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਵਿਖੇ ਨਿਰਮਾਣ-ਮਜ਼ਦੂਰ ਵਜੋਂ ਕੰਮ ਕਰਦੇ ਸਨ।
40 ਸਾਲਾ ਮੁਕੇਸ਼ ਹਰ ਸਾਲ ਛਠ ਪੂਜਾ ਮੌਕੇ ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਵਿਖੇ ਪੈਂਦੇ ਆਪਣੇ ਘਰ ਮੁੜ ਹੀ ਆਉਂਦੇ ਸਨ। ਇਹ ਤਿਓਹਾਰ ਦੀਵਾਲੀ ਦੇ ਛੇਵੇਂ ਦਿਨ ਚੜ੍ਹਦੇ ਸੂਰਜ ਨਾਲ਼ ਮਨਾਇਆ ਜਾਂਦਾ ਹੈ। ਉਨ੍ਹਾਂ ਦੀ ਪਤਨੀ ਪ੍ਰਭਾਵਤੀ ਦੇਵੀ ਆਪਣੇ ਪਤੀ ਅਤੇ ਉਨ੍ਹਾਂ ਦੇ ਚਾਰੇ ਬੱਚੇ ਪਿਤਾ ਦੇ ਘਰ ਮੁੜਨ 'ਤੇ ਬੜੇ ਖ਼ੁਸ਼ ਸਨ।
ਪਿੰਡ ਮੁੜਨ ਤੋਂ ਬਾਅਦ, ਉਹ ਘਰੋਂ ਕਰੀਬ ਛੇ ਕਿਲੋਮੀਟਰ ਦੂਰ ਪੈਂਦੇ ਮੰਗਲਪੁਰ ਪੁਰਾਣੇ ਬਜ਼ਾਰ ਵਿੱਚ ਇੱਕ ਉਸਾਰੀ ਵਾਲ਼ੀ ਥਾਂ 'ਤੇ ਮਜ਼ਦੂਰੀ ਕਰਨ ਲੱਗੇ ਸਨ। ਉਹ ਸਵੇਰੇ 8 ਵਜੇ ਘਰੋਂ ਨਿਕਲ਼ਦੇ ਸਨ ਤੇ ਸ਼ਾਮੀਂ 6 ਵਜੇ ਘਰ ਮੁੜਦੇ।
ਪਰ 2 ਨਵੰਬਰ, 2021 ਨੂੰ ਉਹ ਦੇਰੀ ਨਾਲ਼ ਘਰ ਮੁੜੇ ਤੇ ਥੋੜ੍ਹੀ ਹੀ ਦੇਰ ਬਾਅਦ ਪੀੜ੍ਹ ਨਾਲ਼ ਫੱਟਦੇ ਜਾਂਦੇ ਸਿਰ ਦੀ ਸ਼ਿਕਾਇਤ ਕਰਨ ਲੱਗੇ।
ਉਹ ਸਵੇਰ ਤੱਕ ਪੀੜ੍ਹ ਨਾਲ਼ ਵਿਲ਼ਕਦੇ ਰਹੇ ਤੇ ਉਹ ਆਪਣੀ ਅੱਖਾਂ ਵੀ ਖੁੱਲ੍ਹੀਆਂ ਨਾ ਰੱਖ ਸਕੇ।
ਹਾਲਾਂਕਿ, ਸਵੇਰ ਦੇ ਵੇਲ਼ੇ ਮੁਕੇਸ਼ ਇੱਕ ਵਾਰ ਕੰਮ 'ਤੇ ਜਾਣ ਲਈ ਤਿਆਰ ਵੀ ਹੋਏ, ਪਰ ਪੀੜ੍ਹ ਕਾਰਨ ਜਾ ਨਾ ਸਕੇ।
ਉਨ੍ਹਾਂ ਦੀ ਹਾਲਤ ਦੇਖਦੇ ਹੋਏ, ਪ੍ਰਭਾਵਤੀ ਨੇ ਕਿਰਾਏ 'ਤੇ ਨਿੱਜੀ ਵਾਹਨ ਬੁੱਕ ਕੀਤਾ ਤੇ ਉਨ੍ਹਾਂ ਨੂੰ 35 ਕਿਲੋਮੀਟਰ ਦੂਰ ਗੋਪਾਲਗੰਜ ਸ਼ਹਿਰ ਦੇ ਨਿੱਜੀ ਹਸਪਤਾਲ ਲੈ ਗਈ। '' ਸੁਬੇਰੇ ਲੇ ਜਾਤ, ਲੇ ਜਾਤ, 11 ਬਜੇ ਮਊਗਤ ਲੇ ਗਇਲ (ਸਵੇਰੇ ਹਸਪਤਾਲ ਲਿਜਾਂਦਿਆਂ 11 ਵਜੇ ਉਨ੍ਹਾਂ ਦੀ ਮੌਤ ਹੋ ਗਈ)''।
ਪਤੀ ਦੀ ਮੌਤ ਨਾਲ਼ ਟੁੱਟ ਚੁੱਕੀ ਪ੍ਰਭਾਵਤੀ (35 ਸਾਲ) ਸ਼ਾਮ ਨੂੰ ਜਦੋਂ ਆਪਣੇ ਮ੍ਰਿਤਕ ਪਤੀ ਦੇ ਨਾਲ਼ ਘਰ ਮੁੜੀ ਤਾਂ ਉਨ੍ਹਾਂ ਦੇ ਪੱਕੇ ਮਕਾਨ ਨੂੰ ਸੀਲ ਕੀਤਾ ਜਾ ਚੁੱਕਿਆ ਸੀ। ਮੁਹੰਮਦਪੁਰ ਥਾਣੇ ਦੀ ਪੁਲਿਸ ਨੇ ਉਨ੍ਹਾਂ ਦੇ ਘਰੇ ਛਾਪੇਮਾਰੀ ਕੀਤੀ ਸੀ।
ਉਹ ਦੱਸਦੀ ਹੈ,''ਅਸੀਂ ਘਰੇ ਮੁੜੇ ਤਾਂ ਦੇਖਿਆ ਕਿ ਘਰ ਤਾਂ ਸੀਲ ਪਿਆ ਹੈ। ਲੋਥ ਨੂੰ ਪੂਰੀ ਰਾਤ ਬਾਹਰ ਹੀ ਰੱਖਣਾ ਪਿਆ ਤੇ ਬੱਚਿਆਂ ਦੇ ਨਾਲ਼ ਪੁਅਰਾ (ਪਰਾਲ਼ੀ) ਬਾਲ਼ ਕੇ ਰਾਤ ਕੱਟਣੀ ਪਈ।''
'' ਘਰਬੋ ਸੇ ਗਇਨੀ, ਆ ਮਰਦੋ ਸੀ ਗਇਨੀ ? ਆਈ ਤਾ ਕੋਨੋ ਬਾਤ ਨਇਖੇ ਭਇਲ ਨਾ। ਕੋਨੋ ਤਾ ਅਧਾਰ ਕਰੇ ਕੇ ਚਾਹੀ (ਘਰ ਵੀ ਖੁੱਸ ਗਿਆ ਤੇ ਪਤੀ ਵੀ। ਇਹ ਤਾਂ ਸਹੀ ਨਾ ਹੋਇਆ। ਕੋਈ ਤਾਂ ਅਧਾਰ ਹੋਣਾ ਚਾਹੀਦਾ ਕਿਸੇ ਵੀ ਗੱਲ ਦਾ)।''
*****
ਜਿਸ ਦਿਨ ਸਟੋਰੀ ਪ੍ਰਕਾਸ਼ਤ ਹੋਈ, ਬਿਹਾਰ ਪੁਲਿਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ, 14 ਅਪ੍ਰੈਲ 2023 ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ਼ ਪੂਰਬੀ ਚੰਪਾਰਣ ਦੇ ਵੱਖ-ਵੱਖ ਪਿੰਡਾਂ ਵਿੱਚ 26 ਮੌਤਾਂ ਦਰਜ਼ ਕੀਤੀਆਂ ਗਈਆਂ ਹਨ ਤੇ ਹਾਲੇ ਵੀ ਕੋਈ ਲੋਕੀਂ ਬੀਮਾਰ ਪਏ ਹਨ।
ਰਾਜ ਵਿੱਚ ਲਾਗੂ ਬਿਹਾਰ ਮਨਾਹੀ ਤੇ ਆਬਕਾਰੀ ਐਕਟ, 2016 ਤਹਿਤ ਦੇਸੀ ਤੇ ਵਿਦੇਸ਼ੀ ਸ਼ਰਾਬ ਸਣੇ ਤਾੜੀ ਦੇ ਉਤਪਾਦਨ, ਖਰੀਦੋ-ਫ਼ਰੋਖਤ ਤੇ ਸੇਵਨ 'ਤੇ ਪਾਬੰਦੀ ਹੈ।
ਜ਼ਹਿਰੀਲੀ ਸ਼ਰਾਬ ਨੇ ਪ੍ਰਭਾਵਤੀ ਕੋਲ਼ੋਂ ਉਨ੍ਹਾਂ ਦਾ ਪਤੀ ਖੋਹ ਲਿਆ ਤੇ ਸ਼ਰਾਬਬੰਦੀ ਕਨੂੰਨ ਨੇ ਉਨ੍ਹਾਂ ਦਾ ਘਰ।
ਮੁਹੰਮਦਪੁਰ ਥਾਣੇ ਦੀ ਪੁਲਿਸ ਨੇ ਸਥਾਨਕ ਲੋਕਾਂ ਦੇ ਬਿਆਨਾਂ ਦੇ ਅਧਾਰ 'ਤੇ ਦਰਜ ਕੀਤੀ ਗਈ ਆਪਣੀ ਐੱਫ਼ਆਈਆਰ ਵਿੱਚ ਲਿਖਿਆ ਹੈ ਕਿ ਮੁਕੇਸ਼ ਸ਼ਰਾਬ ਵੇਚਿਆ ਕਰਦਾ ਸੀ ਤੇ ਉਹਦੇ ਘਰੋਂ 1.2 ਲੀਟਰ ਦੇਸੀ ਸ਼ਰਾਬ ਬਰਾਮਦ ਹੋਈ ਹੈ। ਐੱਫ਼ਆਈਆਰ ਮੁਤਾਬਕ, ਸੂਚਨਾ ਮਿਲ਼ਣ ਤੋਂ ਬਾਅਦ ਪੁਲਿਸ ਮੁਕੇਸ਼ ਰਾਮ ਦੇ ਘਰ ਪਹੁੰਚੀ ਤੇ ਉੱਥੋਂ ਪਾਲੀਥੀਨ ਦੇ 200-200 ਮਿਲੀਲੀਟ ਦੇ 6 ਪਾਊਚ ਬਰਾਮਦ ਕੀਤੇ। ਇਸ ਤੋਂ ਇਲਾਵਾ, ਪਾਲੀਥੀਨ ਦੀਆਂ ਤਿੰਨ ਖਾਲੀ ਥੈਲੀਆਂ ਵੀ ਬਰਾਮਦ ਕੀਤੀਆਂ ਗਈਆਂ।
ਪਾਰੀ ਨਾਲ਼ ਗੱਲਬਾਤ ਕਰਦਿਆਂ ਪ੍ਰਭਾਵਤੀ ਇਨ੍ਹਾਂ ਦੋਸ਼ਾਂ ਨੂੰ ਨਕਾਰਦੀ ਹਨ ਤੇ ਏਸਬੈਸਟਸ ਦੀ ਛੱਤ ਵਾਲ਼ੇ ਆਪਣੇ ਸੀਲ ਪਏ ਪੱਕੇ ਮਕਾਨ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ,''ਜੋ ਦਾਰੂ ਵੇਚਦਾ ਹੈ ਜ਼ਰਾ ਜਾ ਕੇ ਉਹਦਾ ਘਰ ਦੇਖੋ। ਜੇ ਅਸੀਂ ਦਾਰੂ ਵੇਚਣ ਵਾਲ਼ੇ ਹੁੰਦੇ ਤਾਂ ਕੀ ਸਾਡਾ ਘਰ ਅਜਿਹਾ ਹੋਣਾ ਸੀ?''
ਉਹ ਐੱਫ਼ਆਈਆਰ ਵਿੱਚ ਕੀਤੇ ਪੁਲਿਸ ਦੇ ਦਾਅਵਿਆਂ ਨੂੰ ਸਿਰੇ ਤੋਂ ਰੱਦ ਕਰ ਦਿੰਦੀ ਹਨ ਕਿ ਉਨ੍ਹਾਂ ਦੇ ਘਰ ਵਿੱਚ ਸ਼ਰਾਬ ਦਾ ਧੰਦਾ ਹੁੰਦਾ ਹੈ। ਉਹ ਕਹਿਣ ਲੱਗਦੀ ਹੈ,'' ਹਮਰੇ ਮਾਲਿਕ ਸਾਹੇਬ (ਪਤੀ) ਕੇ ਦਾਰੂ ਬੇਚਤੇ ਦੇਖਤੀ ਤਾ ਹਮ ਖੁਦ ਕਹਤੀ ਕਿ ਹਮਰਾ ਕੇ ਲੇ ਚਲੀ (ਮੇਰੇ ਪਤੀ ਦਾਰੂ ਦਾ ਧੰਦਾ ਕਰਦੇ ਹੁੰਦੇ ਤਾਂ ਮੈਂ ਖ਼ੁਦ ਪੁਲਿਸ ਨੂੰ ਕਹਿੰਦੀ ਕਿ ਸਾਨੂੰ ਲੈ ਚੱਲੋ)।''
''ਤੁਸੀੰ ਪਿੰਡ ਵਾਲ਼ਿਆਂ ਤੋਂ ਪੁੱਛ ਲਓ। ਲੋਕੀਂ ਆਪੇ ਤੁਹਾਨੂੰ ਦੱਸਣਗੇ ਕਿ ਮਾਲਿਕ ਸਾਹੇਬ (ਪਤੀ) ਮਿਸਤਰੀ ਦਾ ਕੰਮ ਕਰਦੇ ਸਨ।'' ਹਾਲਾਂਕਿ, ਉਹ ਮੁਕੇਸ਼ ਦੇ ਸ਼ਰਾਬ ਪੀਣ ਤੋਂ ਇਨਕਾਰੀ ਨਹੀਂ ਹਨ, ਪਰ ਕਹਿੰਦੀ ਹਨ ਕਿ ਉਹ ਸ਼ਰਾਬੀ ਨਹੀਂ ਸਨ। ''ਉਹ ਸਿਰਫ਼ ਓਦੋਂ ਹੀ ਪੀਂਦੇ ਜਦੋਂ ਕੋਈ ਪਿਆ ਦਿਆ ਕਰਦਾ। ਜਿਸ ਦਿਨ ਉਨ੍ਹਾਂ ਦੇ ਸਿਰ ਵਿੱਚ ਪੀੜ੍ਹ ਹੋਈ ਸੀ, ਉਸ ਦਿਨ ਉਨ੍ਹਾਂ ਸਾਨੂੰ ਦੱਸਿਆ ਹੀ ਨਹੀਂ ਸੀ ਕਿ ਉਹ ਸ਼ਰਾਬ ਪੀ ਕੇ ਆਏ ਹਨ।''
ਉਨ੍ਹਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਨਾਲ਼ ਹੋਈ ਸੀ ਜਾਂ ਨਹੀਂ, ਇਹਦੀ ਪੁਸ਼ਟੀ ਪੋਸਟਮਾਰਟਮ ਰਾਹੀਂ ਹੀ ਹੋ ਸਕਦੀ ਸੀ, ਪਰ ਮੁਕੇਸ਼ ਦੀ ਲਾਸ਼ ਨੂੰ ਇਸ ਜਾਂਚ ਵਾਸਤੇ ਭੇਜਿਆ ਹੀ ਨਹੀਂ ਗਿਆ।
*****
ਉੱਤਰ ਪ੍ਰਦੇਸ਼-ਬਿਹਾਰ ਦੀ ਸੀਮਾ ਨਾਲ਼ ਲੱਗਦੇ, ਗੋਪਾਲਗੰਜ ਦੇ ਸਿਧਵਲਿਆ ਬਲਾਕ ਵਿੱਚ ਸਥਿਤ, 7,273 ਅਬਾਦੀ (ਮਰਦਮਸ਼ੁਮਾਰੀ 2011) ਵਾਲ਼ੇ ਮੁਹੰਮਦਪੁਰ ਪਿੰਡ ਵਿੱਚ 628 ਲੋਕ ਪਿਛੜੀ ਜਾਤੀ ਨਾਲ਼ ਤਾਅਲੁੱਕ ਰੱਖਦੇ ਹਨ। ਇੱਥੋਂ ਦੇ ਬਹੁਤੇਰੇ ਲੋਕੀਂ ਢਿੱਡ ਭਰਨ ਵਾਸਤੇ ਦੂਜੇ ਰਾਜਾਂ ਨੂੰ ਪਲਾਇਨ ਕਰਦੇ ਹਨ; ਜੋ ਨਹੀਂ ਜਾ ਪਾਉਂਦੇ ਉਹ ਪਿੰਡ ਵਿਖੇ ਰਹਿ ਕੇ ਹੀ ਦਿਹਾੜੀ-ਧੱਪਾ ਕਰਦੇ ਹਨ।
ਮੁਕੇਸ਼ ਦੀ ਮੌਤ ਗੋਪਾਲਗੰਜ ਜ਼ਿਲ੍ਹੇ ਦੀ ਜਿਹੜੀ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਿੱਚ ਹੋਈ ਸੀ ਉਸ ਵਿੱਚ ਕੁੱਲ 18 ਲੋਕ ਮਾਰੇ ਗਏ ਸਨ। ਇਨ੍ਹਾਂ ਮਰਨ ਵਾਲ਼ਿਆਂ ਵਿੱਚ, ਮੁਕੇਸ਼ ਸਣੇ 10 ਲੋਕ ਚਮਾਰ ਭਾਈਚਾਰੇ ਤੋਂ ਸਨ, ਜੋ ਬਿਹਾਰ ਵਿਖੇ ਮਹਾਦਲਿਤ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਹਾਸ਼ੀਏ 'ਤੇ ਜਿਊਣ ਵਾਲ਼ਾ ਇਹ ਭਾਈਚਾਰਾ ਪੀੜ੍ਹੀਆਂ ਤੋਂ ਮਰੇ ਡੰਗਰਾਂ ਦੇ ਸਰੀਰ ਤੋਂ ਚਮੜਾ ਲਾਹ ਕੇ ਵੇਚਦਾ ਆਇਆ ਹੈ।
ਬਿਹਾਰ ਵਿੱਚ, ਪਿਛਲੇ ਸਾਲ ਇਕੱਲੇ ਦਸੰਬਰ ਮਹੀਨੇ ਵਿੱਚ ਹੀ ਜ਼ਹਿਰੀਲੀ ਸ਼ਰਾਬ ਪੀਣ ਨਾਲ਼ 72 ਲੋਕਾਂ ਦੀ ਮੌਤ ਹੋ ਗਈ ਸੀ। ਓਧਰ, ਸਾਲ 2016 ਤੋਂ ਹੁਣ ਤੱਕ ਜ਼ਹਿਰੀਲੀ ਸ਼ਰਾਬ ਪੀਣ ਨਾਲ਼ 200 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਾਲੇ ਤੱਕ ਕੋਈ ਮੁਆਵਜਾ ਨਹੀਂ ਮਿਲ਼ਿਆ ਹੈ।
ਅਕਸਰ ਪੁਲਿਸ ਜਾਂ ਸਰਕਾਰ ਜ਼ਹਿਰੀਲੀ ਸ਼ਰਾਬ ਨੂੰ ਇਨ੍ਹਾਂ ਮੌਤਾਂ ਦੇ ਮਗਰਲੇ ਕਾਰਨ ਵਜੋਂ ਦਰਜ ਨਹੀਂ ਕਰਦੀ, ਇਸਲਈ ਇਹ ਅੰਕੜੇ ਗ਼ਲਤ ਵੀ ਹੋ ਸਕਦੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਪੁਲਿਸ ਇਨ੍ਹਾਂ ਮੌਤਾਂ ਦਾ ਕਾਰਨ ਜ਼ਹਿਰੀਲੀ ਸ਼ਰਾਬ ਨੂੰ ਮੰਨਣ ਤੋਂ ਸਾਫ਼ ਮਨ੍ਹਾ ਕਰ ਦਿੰਦੀ ਹੈ।
*****
ਪ੍ਰਭਾਵਤੀ ਦਾ ਘਰ ਅਚਾਨਕ ਸੀਲ ਕਰ ਦਿੱਤਾ ਗਿਆ ਸੀ, ਇਹਦੇ ਕਾਰਨ ਉਹ ਆਪਣੇ ਘਰ ਅੰਦਰਲੇ ਸਮਾਨ- ਕੱਪੜੇ, ਚੌਕੀ (ਮੰਜੀ), ਅਨਾਜ ਜਿਹੀਆਂ ਲੋੜੀਦੀਆਂ ਸ਼ੈਆਂ ਵੀ ਨਾ ਕੱਢ ਸਕੀ। ਉਸ ਸਮੇਂ ਸਥਾਨਕ ਲੋਕਾਂ ਤੇ ਉਨ੍ਹਾਂ ਦੀ ਨਨਾਣ ਨੇ ਉਨ੍ਹਾਂ ਦੀ ਸਹਾਇਤਾ ਕੀਤੀ ਸੀ।
ਮੁਕੇਸ਼ ਜਦੋਂ ਸ਼ਿਮਲਾ ਵਿਖੇ ਕੰਮ ਕਰਦੇ ਸਨ ਤਾਂ ਹਰ ਮਹੀਨੇ 5 ਤੋਂ 10 ਹਜ਼ਾਰਾ ਰੁਪਏ ਘਰ ਭੇਜ ਦਿਆ ਕਰਦੇ। ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ, ਪ੍ਰਭਾਵਤੀ ਆਪਣੇ ਚਾਰੇ ਬੱਚਿਆਂ- ਧੀਆਂ ਸੰਜੂ (15) ਤੇ ਪ੍ਰੀਤੀ (11) ਤੇ ਬੇਟਿਆਂ ਦੀਪਕ (7) ਤੇ ਅੰਸ਼ੂ (5) ਦਾ ਢਿੱਡ ਭਰਨ ਲਈ ਖੇਤ ਮਜ਼ਦੂਰੀ ਤੋਂ ਹੋਣ ਵਾਲ਼ੀ ਕਮਾਈ 'ਤੇ ਨਿਰਭਰ ਕਰਦੀ ਹੈ। ਪਰ ਇਹ ਕੰਮ ਵੀ ਸਾਲ ਵਿੱਚ ਬਾਮੁਸ਼ਕਲ ਹੀ ਦੋ ਮਹੀਨੇ ਮਿਲ਼ ਪਾਉਂਦਾ ਹੈ ਤੇ ਉਨ੍ਹਾਂ ਨੂੰ ਵਿਧਵਾ ਪੈਨਸ਼ਨ ਵਿੱਚ ਮਿਲ਼ਣ ਵਾਲ਼ੇ 400 ਰੁਪਏ ਨਾਲ਼ ਹੀ ਗੁਜ਼ਾਰਾ ਕਰਨਾ ਪੈਂਦਾ ਹੈ।
ਬੀਤੇ ਸਾਲ ਉਨ੍ਹਾਂ ਨੇ 10 ਕੱਠਾ (ਕਰੀਬ 0.1 ਏਕੜ) ਖੇਤ ਠੇਕੇ 'ਤੇ ਲੈ ਕੇ ਝੋਨੇ ਦੀ ਖੇਤੀ ਕੀਤੀ ਸੀ, ਜਿਸ ਤੋਂ ਕਰੀਬ 250 ਕਿਲੋ ਝੋਨਾ ਪ੍ਰਾਪਤ ਹੋਇਆ। ਝੋਨਾ ਦਾ ਬੀਜ ਮਾਲਕ ਨੇ ਦੇ ਦਿੱਤਾ ਸੀ ਤੇ ਖਾਦ ਤੇ ਪਾਣੀ 'ਤੇ ਹੋਣ ਵਾਲ਼ਾ 3,000 ਰੁਪਏ ਦਾ ਖਰਚਾ ਉਨ੍ਹਾਂ ਦੀ ਭੈਣ ਨੇ ਚੁੱਕ ਲਿਆ ਸੀ।
ਮੁਕੇਸ਼ ਤੇ ਪ੍ਰਭਾਵਤੀ ਦੇ ਵੱਡੇ ਬੇਟੇ ਦੀਪਕ ਨੂੰ ਪੜ੍ਹਾਉਣ ਦਾ ਜ਼ਿੰਮਾ ਵੀ ਪ੍ਰਭਾਵਤੀ ਦੀ ਭੈਣ ਨੇ ਹੀ ਚੁੱਕ ਲਿਆ ਤੇ ਫ਼ਿਲਹਾਲ ਉਹ ਉਨ੍ਹਾਂ ਦੇ ਨਾਲ਼ ਹੀ ਰਹਿੰਦਾ ਹੈ। ਪ੍ਰਭਾਵਤੀ ਹੁਣ ਤੱਕ 10,000 ਰੁਪਏ ਦਾ ਕਰਜ਼ਾ ਵੀ ਚੁੱਕ ਚੁੱਕੀ ਹਨ। ਕਿਉਂਕਿ ਵਿਆਜੀ ਇੰਨੀ ਰਕਮ ਚੁੱਕ ਸਕਣਾ ਸੰਭਵ ਨਹੀਂ ਸੀ ਇਸਲਈ ਉਨ੍ਹਾਂ ਨੇ ਕਿਸੇ ਕੋਲ਼ੋਂ 500 ਰੁਪਏ ਤੇ ਕਿਸੇ ਕੋਲ਼ੋਂ 1,000 ਰੁਪਏ ਉਧਾਰ ਲਏ ਹਨ, ਜਿਹਨੂੰ ਉਹ ਕਰਜਾ ਨਹੀਂ ' ਹਾਥ ਉਠਾਈ ' ਕਹਿੰਦੀ ਹਨ। ਉਹ ਦੱਸਦੀ ਹਨ,''ਕਿਸੇ ਤੋਂ 500 ਤਾਂ ਕਿਸੇ ਕੋਲ਼ੋਂ 1,000 ਰੁਪਏ ਲੈਂਦੇ ਹਾਂ ਤੇ ਕੁਝ ਦਿਨਾਂ ਵਿੱਚ ਮੋੜ ਵੀ ਦਿੰਦੇ ਹਾਂ। ਕਿਸੇ ਕੋਲ਼ੋਂ 500 ਜਾਂ 1,000 ਰੁਪਏ ਫੜ੍ਹਨ ਤੇ ਛੇਤੀ ਹੀ ਮੋੜ ਦੇਣ 'ਤੇ ਕੋਈ ਵਿਆਜ਼ ਨਹੀਂ ਲੱਗਦਾ।''
ਮੁਕੇਸ਼ ਦੀ ਮੌਤ ਦੇ ਤਿੰਨ ਮਹੀਨਿਆਂ ਬਾਅਦ, ਬਿਹਾਰ ਸਰਕਾਰ ਦੀ ਇੱਕ ਗ਼ਰੀਬੀ ਹਟਾਓ ਯੋਜਨਾ ਤਹਿਤ ਪ੍ਰਭਾਵਤੀ ਨੂੰ ਇੱਕ ਗੁਮਟੀ (ਲੱਕੜ ਦੀ ਛੋਟੀ ਜਿਹੀ ਦੁਕਾਨ) ਅਤੇ 20,000 ਰੁਪਏ ਦਾ ਸਮਾਨ ਦਿੱਤਾ ਗਿਆ ਸੀ।
ਉਹ ਦੱਸਦੀ ਹਨ,''ਸਰਫ਼, ਸਾਬਣ, ਕੁਰਕੁਰੇ, ਬਿਸਕੁਟ- ਇਹੀ ਸਭ ਚੀਜ਼ਾਂ ਵੇਚਣ ਨੂੰ ਦਿੱਤੀਆਂ ਗਈਆਂ ਸਨ। ਪਰ ਕਮਾਈ ਬਹੁਤ ਹੀ ਘੱਟ ਸੀ, ਸਿਰਫ਼ 10 ਰੁਪਏ ਹੀ ਬੱਚਦੇ ਸਨ। ਮੇਰੇ ਬੱਚੇ ਹੀ 10 ਰੁਪਏ ਦਾ ਸਮਾਨ ਖਰੀਦ ਕੇ ਖਾ ਜਾਂਦੇ ਸਨ ਤਾਂ ਕੋਈ ਫ਼ਾਇਦਾ ਹੋਇਆ ਨਹੀਂ। ਓਪਰੋਂ ਮੇਰੀ ਤਬੀਅਤ ਵਿਗੜ ਗਈ। ਤਾਂ ਦੁਕਾਨ ਦੀ ਪੂੰਜੀ ਇਲਾਜ ਕਰਾਉਣ ਵਿੱਚ ਖਰਚੀ ਗਈ।''
ਪ੍ਰਭਾਵਤੀ ਨੂੰ ਹੁਣ ਭਵਿੱਖ ਦੀ ਚਿੰਤਾ ਸਤਾਉਂਦੀ ਹੈ। ''ਮੈਂ ਬੱਚਿਆਂ ਨੂੰ ਕਿਵੇਂ ਪਾਲ਼ਾਂਗੀ? ਦੋਵਾਂ ਧੀਆਂ ਦਾ ਵਿਆਹ ਕਿਵੇਂ ਹੋਵੇਗਾ? ਇਹ ਸਭ ਸੋਚ-ਸੋਚ ਕੇ ਸਿਰ ਘੁੰਮਣ ਲੱਗਦਾ ਹੈ। ਮੈਂ ਰੋ-ਰੋ ਕੇ ਬੀਮਾਰ ਹੋ ਜਾਂਦੀ ਹਾਂ। ਹਰ ਵੇਲ਼ੇ ਬੱਸ ਇਹੀ ਸੋਚਾਂ ਘੁੰਮਦੀਆਂ ਹਨ ਕਿ ਜਾਵਾਂ ਤਾਂ ਜਾਵਾਂ ਕਿੱਧਰ, ਕੀ ਕਰਾਂ ਕਿ ਦੋ ਪੈਸੇ ਦੀ ਕਮਾਈ ਹੋ ਜਾਵੇ ਤੇ ਬੱਚਿਆਂ ਦਾ ਢਿੱਡ ਭਰਿਆ ਜਾਵੇ... '' ਹਮਰਾ ਖਾਨੀ ਦੁਖ ਆ ਹਮਰਾ ਖਾਨੀ ਬਿਪਦ ਮੁਦਈ ਕੇ ਨਾ ਹੋਖੇ (ਸਾਡੇ ਜਿਹਾ ਦੁੱਖ ਤੇ ਬਿਪਤਾ ਦੁਸ਼ਮਣ ਨੂੰ ਵੀ ਨਾ ਮਿਲ਼ੇ)।''
ਮੁਕੇਸ਼ ਦੀ ਮੌਤ ਤੋਂ ਬਾਅਦ, ਉਨ੍ਹਾਂ ਦਾ ਪਰਿਵਾਰ ਗ਼ਰੀਬੀ ਵਿੱਚ ਜੀਵਨ ਬਸਰ ਕਰਨ ਨੂੰ ਮਜ਼ਬੂਰ ਹੋ ਗਿਆ: ''ਮਾਲਿਕ ਸਾਹਿਬ ਸਨ ਤਾਂ ਮੀਟ-ਮੱਛੀ ਬਣ ਜਾਂਦਾ ਸੀ। ਉਨ੍ਹਾਂ ਦੇ ਜਾਣ ਬਾਅਦ ਤਾਂ ਸਬਜ਼ੀ ਵੀ ਨਸੀਬ ਨਹੀਂ ਹੁੰਦੀ।'' ਪ੍ਰਭਾਵਤੀ ਹਾੜੇ ਕੱਢਦਿਆਂ ਕਹਿੰਦੀ ਹਨ ਕਿ ਕ੍ਰਿਪਾ ਕਰਕੇ ਕੁਝ ਅਜਿਹਾ ਲਿਖੋ ਕਿ ਸਰਕਾਰ ਕੁਝ ਮਦਦ ਦੇ ਦੇਵੇ ਤੇ ਹੱਥ ਵਿੱਚ ਕੁਝ ਪੈਸਾ ਆ ਜਾਵੇ।
ਇਹ ਸਟੋਰੀ ਬਿਹਾਰ ਦੇ ਇੱਕ ਟ੍ਰੇਡ ਯੂਨੀਅਨਿਸਟ ਦੀ ਯਾਦ ਵਿੱਚ ਦਿੱਤੀ ਗਈ ਫ਼ੈਲੋਸ਼ਿਪ ਤਹਿਤ ਲਿਖੀ ਗਈ ਹੈ, ਜਿਨ੍ਹਾਂ ਦਾ ਜੀਵਨ ਰਾਜ ਵਿੱਚ ਹਾਸ਼ੀਏ 'ਤੇ ਧੱਕੇ ਭਾਈਚਾਰਿਆਂ ਲਈ ਸੰਘਰਸ਼ ਕਰਦਿਆਂ ਹੀ ਬੀਤਿਆ।
ਤਰਜਮਾ: ਕਮਲਜੀਤ ਕੌਰ