''ਕਲਫ਼ ਲਾਉਣ ਨਾਲ਼ ਹੋਰ ਵੱਧ ਧੌਲ਼ੇ ਆ ਜਾਣਗੇ,'' ਪੁਸ਼ਪਵੇਣੀ ਪਿੱਲਾਈ ਐਲਾਨ ਕਰਨ ਦੇ ਅੰਦਾਜ ਵਿੱਚ ਕਹਿੰਦੀ ਹਨ। ''ਬਿਲਕੁਲ ਇਵੇਂ ਦੇ'' ਉਹ ਚਿੱਟੇ-ਨੀਲੇ ਚੈੱਕ ਨਾਲ਼ ਭਰੇ ਫ਼ਰਸ਼ ਦੀ ਇੱਕ ਟਾਈਲ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ। ਇਸ ਵਾਰ ਉਹ ਆਪਣੀ ਗੱਲ ਨੂੰ ਵਜ਼ਨ ਦਿੰਦੀ ਹਨ। ਉਨ੍ਹਾਂ ਦੀ ਉਮਰ ਹੁਣ ਕਰੀਬ 70 ਸਾਲ ਹੈ, ਪਰ ਫਿਰ ਵੀ ਉਨ੍ਹਾਂ ਦੇ ਟਾਂਵੇਂ-ਟਾਂਵੇਂ ਹੀ ਧੌਲ਼ੇ ਆਏ ਹਨ। ਉਹ ਅੱਗੇ ਕਹਿੰਦੀ ਹਨ,''ਨਾਰੀਅਲ ਦਾ ਤੇਲ ਅਤੇ ਲਾਈਫ਼ਬੁਆਏ ਸਾਬਣ 'ਓਨਲੀ' (only)।'' ਉਹ ਅੰਗਰੇਜ਼ੀ ਦੇ 'ਓਨਲੀ' ਸ਼ਬਦ 'ਤੇ ਜ਼ੋਰ ਦਿੰਦਿਆਂ ਕਹਿੰਦੀ ਹਨ ਕਿ ਇਹੀ ਮੇਰੇ ਵਾਲ਼ਾਂ ਦੀ ਸੁੰਦਰਤਾ ਦਾ ਰਾਜ ਹੈ।
ਇੱਕ ਦੁਪਹਿਰੇ ਉਹ ਟਾਈਲਾਂ ਲੱਗੇ ਫ਼ਰਸ਼ 'ਤੇ ਭੁੰਜੇ ਬੈਠਿਆਂ ਬੀਤੇ ਸਮੇਂ ਦੀਆਂ ਗੱਲਾਂ ਵਿੱਚ ਮਸ਼ਰੂਫ਼ ਹੋ ਜਾਂਦੀ ਹਨ। ''ਮੇਰੀ ਮਾਂ ਨੂੰ ਉਨ੍ਹਾਂ ਦੀ ਸੱਸ, ਨਾਰੀਅਲ ਦਾ ਇੱਕ ਟੁਕੜਾ ਦਿੰਦੀ ਅਤੇ ਮਾਂ ਨਹਾਉਣ ਵੇਲ਼ੇ ਉਹਨੂੰ ਚਬਾ ਕੇ ਕੁਤਰਦੀ ਅਤੇ ਆਪਣੇ ਵਾਲ਼ਾਂ 'ਤੇ ਮਲ਼ ਲੈਂਦੀ। ਉਨ੍ਹਾਂ ਲਈ ਉਹੀ ਨਾਰੀਅਲ ਤੇਲ਼ ਹੁੰਦਾ।''
ਉਨ੍ਹਾਂ ਦੇ ਨਾਲ਼ ਬੈਠੀ ਵਾਸੰਤੀ ਪਿੱਲਾਈ ਉਨ੍ਹਾਂ ਦੀ ਇਸ ਗੱਲ ਨਾਲ਼ ਸਹਿਮਤ ਹਨ। ਦੋਵਾਂ (ਦੂਰ ਦੀਆਂ ਰਿਸ਼ਤੇਦਾਰ) ਔਰਤਾਂ ਨੇ ਧਾਰਾਵੀ ਦੀ ਇੱਕੋ ਗਲ਼ੀ ਵਿੱਚ, ਆਪਣੇ ਇੱਕ ਇੱਕ ਕਮਰੇ ਦੇ ਘਰ ਵਿੱਚ ਰਹਿੰਦਿਆਂ 50 ਵਰ੍ਹੇ ਬਿਤਾਏ ਹਨ। ਦੋਵੇਂ ਹੀ ਆਪਣੇ ਜੀਵਨ ਦੀਆਂ ਹੱਡ-ਬੀਤੀਆਂ ਬਾਰੇ ਬੋਲਦੀਆਂ ਹਨ, ਦੋਵੇਂ ਕਈ ਦਹਾਕਿਆਂ ਤੋਂ ਇੱਕ-ਦੂਜੇ ਦੀਆਂ ਸਾਥੀ ਰਹੀਆਂ ਹਨ ਅਤੇ ਦੋਵਾਂ ਦੇ ਕੋਲ਼ ਇਸ ਬਦਲਦੀ ਦੁਨੀਆ ਦੀਆਂ ਬੇਸ਼ੁਮਾਰ ਯਾਦਾਂ ਹਨ।
ਪੁਸ਼ਪਵੇਣੀ 14-15 ਸਾਲ ਦੀ ਉਮਰੇ ਦੁਲਹਨ ਬਣੀ ਅਤੇ ਧਾਰਾਵੀ ਵਿਖੇ ਰਹਿਣ ਲਈ ਆ ਗਈ। ਵਿਆਹ ਦੀਆਂ ਰਸਮਾਂ ਉਸੇ ਗਲ਼ੀ ਦੇ ਇੱਕ ਮੈਦਾਨ ਵਿੱਚ ਸੱਜੇ ਮੰਡਪ ਵਿੱਚ ਹੋਈਆਂ ਸਨ; ਦੁਲਹਾ ਧਾਰਾਵੀ ਦਾ ਵਾਸੀ ਸੀ। ਉਨ੍ਹਾਂ ਨੇ ਦੱਸਿਆ,''ਉਹ ਵਿਆਹ ਵੇਲ਼ੇ ਹੀ 40 ਸਾਲ ਦਾ ਸੀ।'' ਇੰਨਾ ਵੱਡਾ? ''ਹਾਂ, ਉਹ ਮੱਧਰੇ ਕੱਦ ਦਾ ਸੀ (ਇਸਲਈ ਸਾਨੂੰ ਪਤਾ ਹੀ ਨਾ ਲੱਗਾ) ਅਤੇ ਉਨ੍ਹੀਂ ਦਿਨੀਂ ਕੋਈ ਵੀ ਇਨ੍ਹਾਂ ਚੀਜ਼ਾਂ ਦੀ ਜਾਂਚ-ਪੜਤਾਲ਼ ਨਹੀਂ ਸੀ ਕਰਦਾ ਹੁੰਦਾ,'' ਉਹ ਚੇਤੇ ਕਰਦੀ ਹਨ। ''ਵਿਆਹ ਦੇ ਸਮਾਰੋਹ ਦੇ ਖਾਣੇ ਵਿੱਚ ਸਾਂਭਰ-ਚੌਲ਼ ਸਨ। ਖਾਣਾ ਸਿਰਫ਼ 'ਸ਼ਾਕਾਹਾਰੀ' ਸੀ।''
ਵਿਆਹ ਤੋਂ ਬਾਅਦ ਉਹ ਉਸੇ ਕਮਰੇ ਵਿੱਚ ਰਹਿਣ ਚਲੀ ਗਈ ਜੋ ਉਨ੍ਹਾਂ ਦੇ ਪਤੀ, ਚਿੰਨਾਸਾਮੀ ਨੇ ਕਾਫ਼ੀ ਪਹਿਲਾਂ 500 ਰੁਪਏ ਵਿੱਚ ਖਰੀਦਿਆ ਸੀ। ਇਹ ਉਸ ਵੇਲ਼ੇ ਇੱਕ ਵੱਡੀ ਰਕਮ ਸੀ। ਉਹ ਇੱਕ ਸਥਾਨਕ ਵਰਕਸ਼ਾਪ ਵਿਖੇ ਨੌਕਰੀ ਕਰਦੇ ਸਨ, ਜਿੱਥੇ ਸਰਜੀਕਲ ਧਾਗੇ ਅਤੇ ਤਾਰਾਂ ਬਣਾਈਆਂ ਜਾਂਦੀਆਂ ਸਨ, ਜਿੱਥੇ ਸ਼ੁਰੂ-ਸ਼ੁਰੂ ਵਿੱਚ ਉਨ੍ਹਾਂ ਨੂੰ 60 ਰੁਪਏ ਮਹੀਨਾ ਤਨਖ਼ਾਹ ਮਿਲ਼ਦੀ ਸੀ ਅਤੇ 1990ਵਿਆਂ ਦੇ ਅੱਧ ਵਿੱਚ ਜਦੋਂ ਉਹ ਸੇਵਾਮੁਕਤ ਹੋਏ ਤਾਂ ਉਨ੍ਹਾਂ ਦੀ ਤਨਖਾਹ 25,000 ਰੁਪਏ ਸੀ।







